ਕਹਾਣੀ 76
ਯਰੂਸ਼ਲਮ ਦਾ ਨਾਸ਼
ਦਸ ਸਾਲ ਹੋ ਚੁੱਕੇ ਸਨ ਜਦ ਨਬੂਕਦਨੱਸਰ ਪੜ੍ਹੇ-ਲਿਖੇ ਇਸਰਾਏਲੀਆਂ ਨੂੰ ਬਾਬਲ ਲੈ ਕੇ ਗਿਆ ਸੀ। ਹੁਣ ਜ਼ਰਾ ਤਸਵੀਰ ਵਿਚ ਯਰੂਸ਼ਲਮ ਦੀ ਹਾਲਤ ਦੇਖੋ। ਇਸ ਨੂੰ ਸਾੜਿਆ ਜਾ ਰਿਹਾ ਹੈ। ਜੋ ਲੋਕ ਇਸ ਤਬਾਹੀ ਵਿੱਚੋਂ ਬਚ ਗਏ ਸਨ, ਉਨ੍ਹਾਂ ਨੂੰ ਕੈਦੀ ਬਣਾ ਕੇ ਬਾਬਲ ਲਿਜਾਇਆ ਜਾ ਰਿਹਾ ਹੈ।
ਤੁਹਾਨੂੰ ਯਾਦ ਹੋਵੇਗਾ ਕਿ ਯਹੋਵਾਹ ਦੇ ਨਬੀਆਂ ਨੇ ਇਸਰਾਏਲੀਆਂ ਨੂੰ ਕਿਹਾ ਸੀ ਕਿ ਜੇ ਉਹ ਬੁਰੇ ਕੰਮ ਕਰਨੋਂ ਨਾ ਹਟੇ, ਤਾਂ ਯਰੂਸ਼ਲਮ ਨੂੰ ਨਾਸ਼ ਕੀਤਾ ਜਾਵੇਗਾ। ਇਸਰਾਏਲੀਆਂ ਨੇ ਨਬੀਆਂ ਦੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ। ਉਹ ਯਹੋਵਾਹ ਦੀ ਭਗਤੀ ਛੱਡ ਕੇ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਰਹੇ। ਇਸ ਲਈ ਹੁਣ ਉਨ੍ਹਾਂ ਨੂੰ ਆਪਣੇ ਬੁਰੇ ਕੰਮਾਂ ਦੀ ਸਜ਼ਾ ਮਿਲ ਰਹੀ ਸੀ। ਅਸੀਂ ਇਹ ਗੱਲ ਇਸ ਲਈ ਕਹਿ ਸਕਦੇ ਹਾਂ ਕਿਉਂਕਿ ਯਹੋਵਾਹ ਦੇ ਨਬੀ ਹਿਜ਼ਕੀਏਲ ਨੇ ਵੀ ਉਨ੍ਹਾਂ ਬੁਰੇ ਕੰਮਾਂ ਬਾਰੇ ਲਿਖਿਆ ਸੀ ਜੋ ਇਸਰਾਏਲੀ ਕਰ ਰਹੇ ਸਨ।
ਤੁਹਾਨੂੰ ਪਤਾ ਹਿਜ਼ਕੀਏਲ ਕੌਣ ਸੀ? ਹਿਜ਼ਕੀਏਲ ਉਨ੍ਹਾਂ ਪੜ੍ਹੇ-ਲਿਖੇ ਨੌਜਵਾਨਾਂ ਵਿੱਚੋਂ ਇਕ ਸੀ ਜਿਨ੍ਹਾਂ ਨੂੰ ਨਬੂਕਦਨੱਸਰ ਯਰੂਸ਼ਲਮ ਦੇ ਨਾਸ਼ ਤੋਂ ਦਸ ਸਾਲ ਪਹਿਲਾਂ ਬਾਬਲ ਲੈ ਗਿਆ ਸੀ। ਦਾਨੀਏਲ, ਸ਼ਦਰਕ, ਮੇਸ਼ਕ ਅਤੇ ਅਬੇਦ-ਨਗੋ ਨੂੰ ਵੀ ਉਸੇ ਸਮੇਂ ਬਾਬਲ ਲਿਜਾਇਆ ਗਿਆ ਸੀ।
ਯਹੋਵਾਹ ਨੇ ਇਕ ਚਮਤਕਾਰ ਕਰ ਕੇ ਹਿਜ਼ਕੀਏਲ ਨੂੰ ਯਰੂਸ਼ਲਮ ਦੀ ਹੈਕਲ ਵਿਚ ਹੋ ਰਹੇ ਸਾਰੇ ਬੁਰੇ ਕੰਮ ਦਿਖਾਏ ਸਨ। ਇਹ ਇਸ ਲਈ ਚਮਤਕਾਰ ਸੀ ਕਿਉਂਕਿ ਯਹੋਵਾਹ ਨੇ ਹਿਜ਼ਕੀਏਲ ਨੂੰ ਇਹ ਸਭ ਕੁਝ ਉਦੋਂ ਦਿਖਾਇਆ ਸੀ ਜਦ ਉਹ ਅਜੇ ਬਾਬਲ ਵਿਚ ਹੀ ਸੀ। ਇਹ ਸਭ ਕੁਝ ਦੇਖ ਕੇ ਹਿਜ਼ਕੀਏਲ ਦੰਗ ਰਹਿ ਗਿਆ!
ਯਹੋਵਾਹ ਨੇ ਹਿਜ਼ਕੀਏਲ ਨੂੰ ਕਿਹਾ: ‘ਦੇਖ ਲੋਕ ਹੈਕਲ ਵਿਚ ਕਿੰਨੇ ਭੈੜੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਹੈਕਲ ਦੀਆਂ ਦੀਵਾਰਾਂ ਸੱਪਾਂ ਅਤੇ ਦੂਜੇ ਜਾਨਵਰਾਂ ਦੀਆਂ ਤਸਵੀਰਾਂ ਨਾਲ ਭਰੀਆਂ ਹੋਈਆਂ ਹਨ। ਜ਼ਰਾ ਦੇਖ, ਇਸਰਾਏਲੀ ਇਨ੍ਹਾਂ ਦੀ ਪੂਜਾ ਕਰ ਰਹੇ ਹਨ!’ ਹਿਜ਼ਕੀਏਲ ਨੇ ਇਹ ਸਭ ਗੱਲਾਂ ਦੇਖੀਆਂ ਅਤੇ ਨਾਲੋਂ-ਨਾਲ ਲਿਖ ਵੀ ਲਈਆਂ।
ਯਹੋਵਾਹ ਨੇ ਹਿਜ਼ਕੀਏਲ ਨੂੰ ਕਿਹਾ: ‘ਦੇਖ, ਇਸਰਾਏਲੀ ਆਗੂ ਲੁਕ-ਛਿਪ ਕੇ ਕੀ ਕਰ ਰਹੇ ਹਨ।’ ਹਿਜ਼ਕੀਏਲ ਨੇ 70 ਆਗੂਆਂ ਨੂੰ ਬੁਰੇ ਕੰਮ ਕਰਦਿਆਂ ਦੇਖਿਆ। ਉਹ ਸਭ ਦੇਵੀ-ਦੇਵਤਿਆਂ ਦੀ ਪੂਜਾ ਕਰ ਰਹੇ ਸਨ ਅਤੇ ਇਕ-ਦੂਜੇ ਨੂੰ ਕਹਿ ਰਹੇ ਸਨ: ‘ਯਹੋਵਾਹ ਸਾਨੂੰ ਨਹੀਂ ਦੇਖ ਰਿਹਾ। ਉਸ ਨੇ ਤਾਂ ਸਾਡੇ ਦੇਸ਼ ਨੂੰ ਛੱਡ ਦਿੱਤਾ ਹੈ।’
ਫਿਰ ਯਹੋਵਾਹ ਨੇ ਹਿਜ਼ਕੀਏਲ ਨੂੰ ਹੈਕਲ ਦੇ ਉੱਤਰੀ ਦਰਵਾਜ਼ੇ ਕੋਲ ਬੈਠੀਆਂ ਕੁਝ ਤੀਵੀਆਂ ਦਿਖਾਈਆਂ। ਉਹ ਉੱਥੇ ਬੈਠੀਆਂ ਤੰਮੂਜ਼ ਦੇਵਤੇ ਦੀ ਪੂਜਾ ਕਰ ਰਹੀਆਂ ਸਨ। ਫਿਰ ਯਹੋਵਾਹ ਨੇ ਉਸ ਨੂੰ ਹੈਕਲ ਦੇ ਫਾਟਕ ਕੋਲ ਖੜ੍ਹੇ ਤਕਰੀਬਨ 25 ਆਦਮੀ ਦਿਖਾਏ। ਉਹ ਸਭ ਸੂਰਜ ਦੀ ਪੂਜਾ ਕਰ ਰਹੇ ਸਨ!
ਯਹੋਵਾਹ ਨੇ ਅੱਗੇ ਕਿਹਾ: ‘ਇਹ ਲੋਕ ਮੇਰਾ ਕੋਈ ਆਦਰ ਨਹੀਂ ਕਰਦੇ। ਇਹ ਭੈੜੇ ਕੰਮ ਕਰਦੇ ਹਨ, ਉਹ ਵੀ ਮੇਰੀ ਹੈਕਲ ਵਿਚ ਆ ਕੇ!’ ਇਸ ਲਈ ਯਹੋਵਾਹ ਨੇ ਉਸ ਨੂੰ ਕਿਹਾ ਕਿ ‘ਉਹ ਮੇਰਾ ਕ੍ਰੋਧ ਦੇਖਣਗੇ ਅਤੇ ਮੈਨੂੰ ਕੋਈ ਅਫ਼ਸੋਸ ਨਹੀਂ ਹੋਵੇਗਾ ਜਦੋਂ ਉਨ੍ਹਾਂ ਦਾ ਨਾਸ਼ ਕੀਤਾ ਜਾਵੇਗਾ।’
ਹਿਜ਼ਕੀਏਲ ਦੇ ਇਹ ਸਭ ਕੁਝ ਦੇਖਣ ਤੋਂ ਤਕਰੀਬਨ ਤਿੰਨ ਸਾਲ ਬਾਅਦ ਇਸਰਾਏਲੀਆਂ ਨੇ ਨਬੂਕਦਨੱਸਰ ਖ਼ਿਲਾਫ਼ ਬਗਾਵਤ ਕਰ ਦਿੱਤੀ। ਇਸ ਲਈ ਨਬੂਕਦਨੱਸਰ ਇਸਰਾਏਲੀਆਂ ਨਾਲ ਲੜਾਈ ਕਰਨ ਆਇਆ। ਫਿਰ ਡੇਢ ਸਾਲ ਬਾਅਦ ਬਾਬਲੀ ਫ਼ੌਜਾਂ ਨੇ ਯਰੂਸ਼ਲਮ ਦੀਆਂ ਦੀਵਾਰਾਂ ਨੂੰ ਢਾਹ ਕੇ ਸ਼ਹਿਰ ਨੂੰ ਸਾੜ ਸੁੱਟਿਆ। ਕਈ ਇਸਰਾਏਲੀਆਂ ਨੂੰ ਤਾਂ ਬਾਬਲੀਆਂ ਨੇ ਮਾਰ ਦਿੱਤਾ ਅਤੇ ਬਾਕੀਆਂ ਨੂੰ ਉਨ੍ਹਾਂ ਨੇ ਕੈਦੀ ਬਣਾ ਲਿਆ।
ਯਹੋਵਾਹ ਨੇ ਭਲਾ ਇਸਰਾਏਲੀਆਂ ਨੂੰ ਤਬਾਹ ਕਿਉਂ ਹੋਣ ਦਿੱਤਾ? ਕਿਉਂਕਿ ਉਨ੍ਹਾਂ ਨੇ ਨਾ ਤਾਂ ਯਹੋਵਾਹ ਦਾ ਕਹਿਣਾ ਮੰਨਿਆ ਅਤੇ ਨਾ ਹੀ ਉਹ ਉਸ ਦੇ ਹੁਕਮਾਂ ਤੇ ਚੱਲੇ। ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਯਹੋਵਾਹ ਦਾ ਕਹਿਣਾ ਮੰਨਣਾ ਕਿੰਨਾ ਜ਼ਰੂਰੀ ਹੈ।
ਪਹਿਲਾਂ-ਪਹਿਲ ਨਬੂਕਦਨੱਸਰ ਨੇ ਥੋੜ੍ਹੇ ਜਿਹੇ ਯਹੂਦੀਆਂ ਨੂੰ ਇਸਰਾਏਲ ਦੇਸ਼ ਵਿਚ ਰਹਿਣ ਦਿੱਤਾ। ਇਨ੍ਹਾਂ ਲੋਕਾਂ ਦੀ ਨਿਗਰਾਨੀ ਕਰਨ ਦਾ ਕੰਮ ਉਸ ਨੇ ਗਦਲਯਾਹ ਨਾਮ ਦੇ ਯਹੂਦੀ ਆਦਮੀ ਨੂੰ ਦੇ ਦਿੱਤਾ। ਪਰ ਕੁਝ ਇਸਰਾਏਲੀਆਂ ਨੇ ਗਦਲਯਾਹ ਨੂੰ ਮਾਰ ਸੁੱਟਿਆ। ਹੁਣ ਸਾਰੇ ਇਸਰਾਏਲੀਆਂ ਨੂੰ ਡਰ ਸੀ ਕਿ ਬਾਬਲੀ ਲੋਕ ਆ ਕੇ ਉਨ੍ਹਾਂ ਨੂੰ ਜਾਨੋਂ ਮਾਰ ਦੇਣਗੇ। ਇਸ ਲਈ ਉਹ ਮਿਸਰ ਨੂੰ ਭੱਜ ਗਏ ਅਤੇ ਯਿਰਮਿਯਾਹ ਨੂੰ ਜ਼ਬਰਦਸਤੀ ਨਾਲ ਆਪਣੇ ਨਾਲ ਲੈ ਗਏ।
ਇਸ ਤਰ੍ਹਾਂ ਇਸਰਾਏਲੀਆਂ ਦਾ ਦੇਸ਼ ਖਾਲੀ ਹੋ ਗਿਆ। ਪੂਰੇ 70 ਸਾਲਾਂ ਤਕ ਕੋਈ ਵੀ ਇਸ ਦੇਸ਼ ਵਿਚ ਨਾ ਰਿਹਾ। ਪਰ ਯਹੋਵਾਹ ਨੇ ਵਾਅਦਾ ਕੀਤਾ ਕਿ ਉਹ 70 ਸਾਲਾਂ ਪਿੱਛੋਂ ਆਪਣੇ ਲੋਕਾਂ ਨੂੰ ਜ਼ਰੂਰ ਯਰੂਸ਼ਲਮ ਵਾਪਸ ਲੈ ਕੇ ਆਵੇਗਾ। ਪਰ ਆਓ ਪਹਿਲਾਂ ਆਪਾਂ ਦੇਖੀਏ ਕਿ ਯਹੋਵਾਹ ਦੇ ਉਨ੍ਹਾਂ ਲੋਕਾਂ ਨਾਲ ਕੀ ਹੋਇਆ ਜਿਨ੍ਹਾਂ ਨੂੰ ਕੈਦੀ ਬਣਾ ਕੇ ਬਾਬਲ ਲਿਜਾਇਆ ਗਿਆ ਸੀ।