ਕਹਾਣੀ 13
ਪਰਮੇਸ਼ੁਰ ਦਾ ਦੋਸਤ ਅਬਰਾਹਾਮ
ਜਲ-ਪਰਲੋ ਤੋਂ ਬਾਅਦ ਕੁਝ ਲੋਕ ਊਰ ਸ਼ਹਿਰ ਵਿਚ ਜਾ ਵਸੇ। ਊਰ ਇਕ ਵੱਡਾ ਤੇ ਸੋਹਣਾ ਸ਼ਹਿਰ ਸੀ ਅਤੇ ਇੱਥੇ ਰਹਿਣ ਵਾਲਿਆਂ ਕੋਲ ਵੱਡੇ-ਵੱਡੇ ਘਰ ਸਨ। ਪਰ ਇਸ ਸ਼ਹਿਰ ਦੇ ਲੋਕ ਯਹੋਵਾਹ ਦੀ ਭਗਤੀ ਨਹੀਂ ਕਰਦੇ ਸਨ। ਉਹ ਬਾਬਲ ਦੇ ਲੋਕਾਂ ਦੀ ਤਰ੍ਹਾਂ ਦੇਵੀ-ਦੇਵਤਿਆਂ ਨੂੰ ਪੂਜਦੇ ਸਨ। ਉਹ ਨੂਹ ਤੇ ਉਸ ਦੇ ਪੁੱਤਰ ਸ਼ੇਮ ਵਾਂਗ ਨਹੀਂ ਸਨ ਜੋ ਯਹੋਵਾਹ ਦੀ ਸੇਵਾ ਕਰਦੇ ਰਹੇ।
ਜਲ-ਪਰਲੋ ਤੋਂ 350 ਸਾਲ ਬਾਅਦ ਨੂਹ ਦੀ ਮੌਤ ਹੋ ਗਈ। ਉਸ ਦੀ ਮੌਤ ਤੋਂ ਦੋ ਸਾਲ ਬਾਅਦ ਅਬਰਾਹਾਮ ਦਾ ਜਨਮ ਹੋਇਆ ਜਿਸ ਨੂੰ ਤੁਸੀਂ ਤਸਵੀਰ ਵਿਚ ਦੇਖ ਸਕਦੇ ਹੋ। ਅਬਰਾਹਾਮ ਆਪਣੇ ਪਰਿਵਾਰ ਨਾਲ ਊਰ ਵਿਚ ਹੀ ਰਹਿੰਦਾ ਸੀ। ਅਬਰਾਹਾਮ ਪਰਮੇਸ਼ੁਰ ਨੂੰ ਬਹੁਤ ਪਿਆਰ ਕਰਦਾ ਸੀ।
ਇਕ ਦਿਨ ਪਰਮੇਸ਼ੁਰ ਨੇ ਉਸ ਨੂੰ ਕਿਹਾ: ‘ਊਰ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਛੱਡ ਕੇ ਤੂੰ ਉਸ ਦੇਸ਼ ਜਾ ਜੋ ਮੈਂ ਤੈਨੂੰ ਦਿਖਾਵਾਂਗਾ।’ ਕੀ ਅਬਰਾਹਾਮ ਨੇ ਪਰਮੇਸ਼ੁਰ ਦੀ ਗੱਲ ਮੰਨੀ? ਹਾਂ। ਊਰ ਨੂੰ ਛੱਡਣ ਦਾ ਮਤਲਬ ਸੀ ਆਪਣਾ ਘਰ-ਬਾਰ ਅਤੇ ਸਾਰੇ ਰਿਸ਼ਤੇਦਾਰਾਂ ਨੂੰ ਛੱਡਣਾ। ਪਰ ਅਬਰਾਹਾਮ ਪਰਮੇਸ਼ੁਰ ਨਾਲ ਬਹੁਤ ਪਿਆਰ ਕਰਦਾ ਸੀ। ਇਸ ਲਈ ਉਸ ਨੇ ਉਹੀ ਕੀਤਾ ਜੋ ਪਰਮੇਸ਼ੁਰ ਨੇ ਉਸ ਨੂੰ ਕਰਨ ਲਈ ਕਿਹਾ ਸੀ। ਉਹ ਹਮੇਸ਼ਾ ਪਰਮੇਸ਼ੁਰ ਦਾ ਕਹਿਣਾ ਮੰਨਦਾ ਸੀ, ਇਸ ਲਈ ਬਾਈਬਲ ਵਿਚ ਉਸ ਨੂੰ ਪਰਮੇਸ਼ੁਰ ਦਾ ਦੋਸਤ ਕਿਹਾ ਗਿਆ ਹੈ।
ਅਬਰਾਹਾਮ ਦੇ ਨਾਲ ਉਸ ਦੀ ਪਤਨੀ ਸਾਰਾਹ, ਉਸ ਦਾ ਪਿਤਾ ਤਾਰਹ ਅਤੇ ਭਤੀਜਾ ਲੂਤ ਵੀ ਗਏ। ਉਹ ਹਾਰਾਨ ਨਾਂ ਦੇ ਸ਼ਹਿਰ ਪਹੁੰਚੇ ਜੋ ਊਰ ਤੋਂ ਕਾਫ਼ੀ ਦੂਰ ਸੀ। ਇੱਥੇ ਅਬਰਾਹਾਮ ਦੇ ਪਿਤਾ ਦੀ ਮੌਤ ਹੋ ਗਈ।
ਅਬਰਾਹਾਮ ਤੇ ਉਸ ਦਾ ਪਰਿਵਾਰ ਕੁਝ ਸਮਾਂ ਹਾਰਾਨ ਵਿਚ ਰਹੇ। ਫਿਰ ਉਹ ਇਹ ਜਗ੍ਹਾ ਛੱਡ ਕੇ ਕਨਾਨ ਦੇਸ਼ ਚਲੇ ਗਏ। ਕਨਾਨ ਪਹੁੰਚਣ ਤੇ ਯਹੋਵਾਹ ਨੇ ਅਬਰਾਹਾਮ ਨੂੰ ਕਿਹਾ: ‘ਇਹ ਉਹ ਦੇਸ਼ ਹੈ ਜੋ ਮੈਂ ਤੇਰੇ ਬੱਚਿਆਂ ਨੂੰ ਦਿਆਂਗਾ।’ ਅਬਰਾਹਾਮ ਉੱਥੇ ਤੰਬੂਆਂ ਵਿਚ ਰਹਿਣ ਲੱਗ ਪਿਆ।
ਅਬਰਾਹਾਮ ਉੱਤੇ ਯਹੋਵਾਹ ਦੀ ਮਿਹਰ ਸੀ। ਉਸ ਕੋਲ ਬਹੁਤ ਸਾਰੀਆਂ ਭੇਡਾਂ-ਬੱਕਰੀਆਂ ਅਤੇ ਹੋਰ ਪਸ਼ੂ ਤੇ ਨੌਕਰ-ਚਾਕਰ ਵੀ ਸਨ। ਪਰ ਅਬਰਾਹਾਮ ਅਤੇ ਸਾਰਾਹ ਦੀ ਆਪਣੀ ਕੋਈ ਔਲਾਦ ਨਹੀਂ ਸੀ।
ਅਬਰਾਹਾਮ ਜਦ ਨੜਿਨਵੇਂ ਸਾਲਾਂ ਦਾ ਹੋਇਆ, ਤਾਂ ਯਹੋਵਾਹ ਨੇ ਉਸ ਨੂੰ ਇਕ ਅਜੀਬ ਗੱਲ ਕਹੀ: ‘ਮੈਂ ਵਾਅਦਾ ਕਰਦਾ ਹਾਂ ਕਿ ਤੂੰ ਬਹੁਤੀਆਂ ਕੌਮਾਂ ਦਾ ਪਿਤਾ ਬਣੇਗਾ।’ ਪਰ ਇਹ ਕਿਵੇਂ ਹੋ ਸਕਦਾ ਸੀ ਜਦ ਕਿ ਅਬਰਾਹਾਮ ਤੇ ਸਾਰਾਹ ਬੱਚੇ ਪੈਦਾ ਕਰਨ ਦੀ ਉਮਰ ਲੰਘ ਚੁੱਕੇ ਸਨ?