ਕਹਾਣੀ 12
ਲੋਕ ਉੱਚਾ ਬੁਰਜ ਬਣਾਉਣ ਲੱਗੇ
ਜਲ-ਪਰਲੋ ਆਈ ਨੂੰ ਕਾਫ਼ੀ ਸਮਾਂ ਹੋ ਚੁੱਕਾ ਸੀ। ਨੂਹ ਦੇ ਪੁੱਤਰਾਂ ਦੇ ਕਈ ਬੱਚੇ ਪੈਦਾ ਹੋਏ ਤੇ ਅੱਗੋਂ ਉਨ੍ਹਾਂ ਦੇ ਵੀ ਬਹੁਤ ਸਾਰੇ ਬੱਚੇ ਹੋਏ। ਇਸ ਤਰ੍ਹਾਂ ਧਰਤੀ ਉੱਤੇ ਬਹੁਤ ਸਾਰੇ ਲੋਕ ਰਹਿਣ ਲੱਗੇ।
ਉਨ੍ਹਾਂ ਵਿੱਚੋਂ ਇਕ ਸੀ ਨੂਹ ਦਾ ਪੜਪੋਤਾ ਨਿਮਰੋਦ। ਨਿਮਰੋਦ ਬਹੁਤ ਹੀ ਭੈੜਾ ਬੰਦਾ ਸੀ। ਉਹ ਜਾਨਵਰਾਂ ਦਾ ਹੀ ਨਹੀਂ ਬਲਕਿ ਲੋਕਾਂ ਦਾ ਵੀ ਸ਼ਿਕਾਰ ਕਰਦਾ ਸੀ। ਉਸ ਨੇ ਆਪਣੇ ਆਪ ਨੂੰ ਰਾਜਾ ਬਣਾ ਲਿਆ ਸੀ। ਇਸ ਲਈ ਪਰਮੇਸ਼ੁਰ ਨਿਮਰੋਦ ਨੂੰ ਪਸੰਦ ਨਹੀਂ ਕਰਦਾ ਸੀ।
ਉਸ ਜ਼ਮਾਨੇ ਵਿਚ ਲੋਕ ਸਿਰਫ਼ ਇੱਕੋ ਹੀ ਭਾਸ਼ਾ ਬੋਲਦੇ ਸਨ। ਨਿਮਰੋਦ ਲੋਕਾਂ ਨੂੰ ਇੱਕੋ ਹੀ ਥਾਂ ਰੱਖਣਾ ਚਾਹੁੰਦਾ ਸੀ ਤਾਂਕਿ ਉਹ ਉਨ੍ਹਾਂ ਤੇ ਰਾਜ ਕਰਦਾ ਰਹਿ ਸਕੇ। ਇਸ ਵਾਸਤੇ ਤੁਹਾਨੂੰ ਪਤਾ ਉਸ ਨੇ ਕੀ ਕੀਤਾ? ਉਸ ਨੇ ਲੋਕਾਂ ਨੂੰ ਇਕ ਸ਼ਹਿਰ ਅਤੇ ਉਸ ਸ਼ਹਿਰ ਵਿਚ ਇਕ ਉੱਚਾ ਬੁਰਜ ਬਣਾਉਣ ਲਈ ਕਿਹਾ। ਤਸਵੀਰ ਵਿਚ ਦੇਖੋ ਲੋਕ ਇੱਟਾਂ ਬਣਾ ਰਹੇ ਹਨ।
ਨਿਮਰੋਦ ਜੋ ਕਰ ਰਿਹਾ ਸੀ ਉਹ ਯਹੋਵਾਹ ਪਰਮੇਸ਼ੁਰ ਨੂੰ ਬਿਲਕੁਲ ਪਸੰਦ ਨਹੀਂ ਸੀ ਕਿਉਂਕਿ ਯਹੋਵਾਹ ਚਾਹੁੰਦਾ ਸੀ ਕਿ ਲੋਕ ਸਾਰੀ ਧਰਤੀ ਤੇ ਫੈਲ ਜਾਣ। ਪਰ ਲੋਕਾਂ ਨੇ ਕਿਹਾ: ‘ਆਓ ਆਪਾਂ ਇਕ ਵੱਡਾ ਸ਼ਹਿਰ ਤੇ ਉੱਚਾ ਬੁਰਜ ਬਣਾਈਏ। ਇੰਨਾ ਉੱਚਾ ਬੁਰਜ ਕਿ ਇਹ ਆਸਮਾਨ ਨੂੰ ਚੁੰਮੇ। ਇੱਦਾਂ ਅਸੀਂ ਮਸ਼ਹੂਰ ਹੋ ਜਾਵਾਂਗੇ।’ ਇਸ ਤੋਂ ਅਸੀਂ ਸਾਫ਼ ਦੇਖ ਸਕਦੇ ਹਾਂ ਕਿ ਲੋਕ ਪਰਮੇਸ਼ੁਰ ਨੂੰ ਨਹੀਂ, ਸਗੋਂ ਆਪਣੇ ਆਪ ਨੂੰ ਉੱਚਾ ਚੁੱਕਣਾ ਚਾਹੁੰਦੇ ਸਨ।
ਪਰਮੇਸ਼ੁਰ ਉਨ੍ਹਾਂ ਦੇ ਕੰਮ ਤੋਂ ਰਤਾ ਵੀ ਖ਼ੁਸ਼ ਨਹੀਂ ਸੀ। ਤੁਹਾਨੂੰ ਪਤਾ ਉਸ ਨੇ ਉਨ੍ਹਾਂ ਨੂੰ ਰੋਕਣ ਲਈ ਕੀ ਕੀਤਾ? ਉਸ ਜ਼ਮਾਨੇ ਵਿਚ ਲੋਕ ਇੱਕੋ ਭਾਸ਼ਾ ਬੋਲਦੇ ਸਨ। ਯਹੋਵਾਹ ਨੇ ਉਨ੍ਹਾਂ ਦੀ ਬੋਲੀ ਬਦਲ ਦਿੱਤੀ ਤੇ ਉਹ ਸਾਰੇ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਣ ਲੱਗ ਪਏ। ਹੁਣ ਉਨ੍ਹਾਂ ਲਈ ਇਹ ਬੁਰਜ ਬਣਾਉਣਾ ਔਖਾ ਸੀ ਕਿਉਂਕਿ ਉਹ ਇਕ-ਦੂਜੇ ਦੀ ਗੱਲ ਸਮਝ ਨਹੀਂ ਸਕਦੇ ਸਨ। ਸੋ ਇਸ ਸ਼ਹਿਰ ਦਾ ਨਾਂ ਬਾਬਲ ਪੈ ਗਿਆ ਜਿਸ ਦਾ ਮਤਲਬ ਹੈ ‘ਗੜਬੜੀ।’
ਲੋਕ ਹੁਣ ਬਾਬਲ ਸ਼ਹਿਰ ਤੋਂ ਹੋਰ ਥਾਵਾਂ ਤੇ ਜਾਣ ਲੱਗੇ। ਇੱਕੋ ਜਿਹੀ ਭਾਸ਼ਾ ਬੋਲਣ ਵਾਲੇ ਲੋਕਾਂ ਦੇ ਛੋਟੇ-ਛੋਟੇ ਟੋਲੇ ਬਣ ਗਏ ਤੇ ਉਹ ਧਰਤੀ ਦੇ ਵੱਖ-ਵੱਖ ਹਿੱਸਿਆਂ ਵਿਚ ਜਾ ਕੇ ਰਹਿਣ ਲੱਗ ਪਏ।