ਕਹਾਣੀ 17
ਵੱਖੋ-ਵੱਖਰੇ ਸੁਭਾਅ ਦੇ ਜੁੜਵਾਂ ਭਰਾ
ਤਸਵੀਰ ਵਿਚਲੇ ਦੋਵੇਂ ਮੁੰਡੇ ਦੇਖੋ ਇਕ-ਦੂਜੇ ਤੋਂ ਕਿੰਨੇ ਵੱਖਰੇ ਹਨ। ਕੀ ਤੁਸੀਂ ਇਨ੍ਹਾਂ ਦੇ ਨਾਂ ਜਾਣਦੇ ਹੋ? ਇਕ ਦਾ ਨਾਮ ਏਸਾਓ ਹੈ ਤੇ ਉਹ ਸ਼ਿਕਾਰੀ ਹੈ। ਦੂਜੇ ਦਾ ਨਾਂ ਯਾਕੂਬ ਹੈ ਜੋ ਭੇਡਾਂ ਦੀ ਦੇਖ-ਭਾਲ ਕਰਦਾ ਹੈ।
ਇਹ ਦੋਵੇਂ ਇਸਹਾਕ ਅਤੇ ਰਿਬਕਾਹ ਦੇ ਜੁੜਵਾਂ ਪੁੱਤਰ ਸਨ। ਇਸਹਾਕ ਏਸਾਓ ਨਾਲ ਬਹੁਤ ਤੇਹ ਕਰਦਾ ਸੀ ਕਿਉਂਕਿ ਉਹ ਸ਼ਿਕਾਰੀ ਸੀ ਅਤੇ ਪਰਿਵਾਰ ਦੇ ਖਾਣ ਲਈ ਸ਼ਿਕਾਰ ਕਰ ਕੇ ਲਿਆਉਂਦਾ ਸੀ। ਪਰ ਰਿਬਕਾਹ ਯਾਕੂਬ ਨੂੰ ਜ਼ਿਆਦਾ ਪਿਆਰ ਕਰਦੀ ਸੀ ਕਿਉਂਕਿ ਉਹ ਸ਼ਾਂਤ ਸੁਭਾਅ ਦਾ ਸੀ।
ਜਦ ਇਸਹਾਕ ਦੇ ਬੱਚੇ ਹੋਏ, ਤਾਂ ਉਸ ਦਾ ਪਿਤਾ ਅਬਰਾਹਾਮ ਅਜੇ ਜੀਉਂਦਾ ਸੀ। ਜ਼ਰਾ ਸੋਚੋ, ਯਾਕੂਬ ਨੇ ਆਪਣੇ ਦਾਦੇ ਕੋਲੋਂ ਯਹੋਵਾਹ ਬਾਰੇ ਕਿੰਨਾ ਕੁਝ ਸਿੱਖਿਆ ਹੋਣਾ! ਇਸਹਾਕ ਦੇ ਮੁੰਡਿਆਂ ਦੀ ਉਮਰ 15 ਸਾਲਾਂ ਦੀ ਸੀ ਜਦ ਅਬਰਾਹਾਮ 175 ਵਰ੍ਹਿਆਂ ਦਾ ਹੋ ਕੇ ਮਰ ਗਿਆ।
ਚਾਲੀਆਂ ਸਾਲਾਂ ਦੀ ਉਮਰ ਤੇ ਏਸਾਓ ਨੇ ਕਨਾਨ ਦੀਆਂ ਦੋ ਤੀਵੀਆਂ ਨਾਲ ਵਿਆਹ ਕਰਵਾ ਲਿਆ। ਪਰ ਉਸ ਦੇ ਮਾਪੇ ਇਸ ਵਿਆਹ ਤੋਂ ਬਹੁਤ ਦੁਖੀ ਸਨ ਕਿਉਂਕਿ ਇਹ ਤੀਵੀਆਂ ਯਹੋਵਾਹ ਦੀ ਭਗਤੀ ਨਹੀਂ ਕਰਦੀਆਂ ਸਨ।
ਇਕ ਦਿਨ ਏਸਾਓ ਆਪਣੇ ਭਰਾ ਯਾਕੂਬ ਨਾਲ ਬਹੁਤ ਨਾਰਾਜ਼ ਸੀ ਕਿਉਂਕਿ ਜੇਠਾ ਹੋਣ ਕਰਕੇ ਜੋ ਬਰਕਤਾਂ ਉਸ ਨੂੰ ਆਪਣੇ ਪਿਤਾ ਕੋਲੋਂ ਮਿਲਣੀਆਂ ਸਨ ਉਹ ਯਾਕੂਬ ਨੂੰ ਮਿਲ ਗਈਆਂ। ਏਸਾਓ ਨੂੰ ਬਰਕਤਾਂ ਇਸ ਲਈ ਨਹੀਂ ਮਿਲੀਆਂ ਕਿਉਂਕਿ ਉਸ ਨੇ ਆਪਣੇ ਜੇਠੇ ਹੋਣ ਦਾ ਹੱਕ ਆਪਣੇ ਭਰਾ ਯਾਕੂਬ ਨੂੰ ਪਹਿਲਾਂ ਹੀ ਵੇਚ ਦਿੱਤਾ ਸੀ। ਇਹੀ ਗੱਲ ਯਹੋਵਾਹ ਨੇ ਮੁੰਡਿਆਂ ਦੇ ਜਨਮ ਹੋਣ ਤੇ ਕਹੀ ਸੀ ਕਿ ਬਰਕਤਾਂ ਵੱਡੇ ਦੀ ਬਜਾਇ ਛੋਟੇ ਮੁੰਡੇ ਨੂੰ ਮਿਲਣਗੀਆਂ।
ਏਸਾਓ ਆਪਣੇ ਭਰਾ ਨਾਲ ਇੰਨਾ ਨਾਰਾਜ਼ ਸੀ ਕਿ ਉਹ ਉਸ ਨੂੰ ਜਾਨੋਂ ਮਾਰਨਾ ਚਾਹੁੰਦਾ ਸੀ। ਜਦ ਇਸ ਗੱਲ ਦਾ ਪਤਾ ਉਸ ਦੀ ਮਾਂ ਨੂੰ ਲੱਗਾ, ਤਾਂ ਉਹ ਯਾਕੂਬ ਨੂੰ ਦੂਰ ਭੇਜਣਾ ਚਾਹੁੰਦੀ ਸੀ। ਇਸ ਲਈ ਉਸ ਨੇ ਜਾ ਕੇ ਇਸਹਾਕ ਨੂੰ ਕਿਹਾ: ‘ਜੇਕਰ ਸਾਡਾ ਪੁੱਤ ਯਾਕੂਬ ਵੀ ਕਨਾਨ ਦੀ ਕੋਈ ਤੀਵੀਂ ਵਿਆਹ ਕੇ ਲੈ ਆਇਆ, ਤਾਂ ਅਸੀਂ ਕੀ ਕਰਾਂਗੇ?’
ਇਸਹਾਕ ਨੇ ਯਾਕੂਬ ਨੂੰ ਕਿਹਾ: ‘ਮੈਂ ਨਹੀਂ ਚਾਹੁੰਦਾ ਕਿ ਤੂੰ ਕਨਾਨ ਦੀ ਕਿਸੇ ਔਰਤ ਨਾਲ ਵਿਆਹ ਕਰਵਾਏ। ਇਸ ਲਈ ਤੂੰ ਹਾਰਾਨ ਆਪਣੇ ਨਾਨਾ ਜੀ, ਬਥੂਏਲ ਦੇ ਘਰ ਨੂੰ ਜਾ ਅਤੇ ਉਸ ਦੇ ਪੁੱਤਰ ਲਾਬਾਨ ਦੀ ਕਿਸੇ ਇਕ ਧੀ ਨਾਲ ਵਿਆਹ ਕਰਵਾ ਲੈ।’
ਯਾਕੂਬ ਨੇ ਬਿਲਕੁਲ ਉਹੀ ਕੀਤਾ ਜੋ ਉਸ ਦੇ ਪਿਤਾ ਨੇ ਕਿਹਾ ਸੀ। ਉਹ ਹਾਰਾਨ ਨੂੰ ਤੁਰ ਪਿਆ।