ਕਹਾਣੀ 78
ਕੰਧ ਉੱਤੇ ਲਿਖਾਈ
ਤਸਵੀਰ ਵਿਚ ਦੇਖੋ ਕੀ ਹੋ ਰਿਹਾ ਹੈ। ਲੋਕ ਕੋਈ ਵੱਡਾ ਜਸ਼ਨ ਮਨਾ ਰਹੇ ਹਨ। ਬਾਬਲ ਦੇ ਰਾਜੇ ਨੇ ਹਜ਼ਾਰ ਖ਼ਾਸ-ਖ਼ਾਸ ਮਹਿਮਾਨਾਂ ਨੂੰ ਇਸ ਜਸ਼ਨ ਵਿਚ ਸੱਦਿਆ ਸੀ। ਉਹ ਯਰੂਸ਼ਲਮ ਵਿਚ ਯਹੋਵਾਹ ਦੀ ਹੈਕਲ ਤੋਂ ਲਿਆਂਦੇ ਹੋਏ ਸੋਨੇ-ਚਾਂਦੀ ਦੇ ਭਾਂਡਿਆਂ ਵਿਚ ਖਾ-ਪੀ ਰਹੇ ਸਨ। ਅਚਾਨਕ ਹੀ ਕਿਤਿਓਂ ਇਕ ਹੱਥ ਆਇਆ ਅਤੇ ਉਸ ਨੇ ਕੰਧ ਤੇ ਲਿਖਣਾ ਸ਼ੁਰੂ ਕਰ ਦਿੱਤਾ। ਇਹ ਦੇਖ ਕੇ ਸਾਰੇ ਲੋਕ ਡਰ ਗਏ।
ਇਸ ਸਮੇਂ ਨਬੂਕਦਨੱਸਰ ਦਾ ਦੋਹਤਾ ਬੇਲਸ਼ੱਸਰ ਬਾਬਲ ਤੇ ਰਾਜ ਕਰ ਰਿਹਾ ਸੀ। ਉਸ ਨੇ ਹੁਕਮ ਦਿੱਤਾ ਕਿ ਉਸ ਦੇ ਗਿਆਨੀਆਂ ਨੂੰ ਬੁਲਾਇਆ ਜਾਵੇ। ਉਸ ਨੇ ਅੱਗੇ ਐਲਾਨ ਕੀਤਾ ਕਿ ‘ਜੋ ਕੋਈ ਵੀ ਕੰਧ ਤੇ ਲਿਖੀ ਲਿਖਾਈ ਨੂੰ ਪੜ੍ਹ ਕੇ ਸੁਣਾਵੇ ਅਤੇ ਇਸ ਦਾ ਅਰਥ ਦੱਸੇ, ਉਸ ਨੂੰ ਇਨਾਮ ਦਿੱਤਾ ਜਾਵੇਗਾ। ਇਸ ਦੇ ਨਾਲ-ਨਾਲ ਉਸ ਨੂੰ ਰਾਜ ਵਿਚ ਤੀਜਾ ਦਰਜਾ ਵੀ ਦਿੱਤਾ ਜਾਵੇਗਾ।’ ਪਰ ਉਸ ਦੇ ਸਾਰੇ ਗਿਆਨੀ ਕੰਧ ਉੱਤੇ ਲਿਖੇ ਸ਼ਬਦਾਂ ਨੂੰ ਨਾ ਪੜ੍ਹ ਸਕੇ ਅਤੇ ਨਾ ਹੀ ਇਨ੍ਹਾਂ ਦਾ ਅਰਥ ਦੱਸ ਸਕੇ।
ਰੌਲੇ-ਰੱਪੇ ਦੀ ਆਵਾਜ਼ ਸੁਣ ਕੇ ਰਾਜੇ ਦੀ ਮਾਂ ਵੀ ਜਸ਼ਨ ਵਾਲੇ ਕਮਰੇ ਵਿਚ ਆ ਗਈ। ਉਸ ਨੇ ਰਾਜੇ ਨੂੰ ਕਿਹਾ: ‘ਤੂੰ ਇੰਨਾ ਨਾ ਘਬਰਾ। ਤੇਰੇ ਰਾਜ ਵਿਚ ਇਕ ਆਦਮੀ ਹੈ ਜੋ ਸੱਚੇ ਪਰਮੇਸ਼ੁਰ ਦੀ ਭਗਤੀ ਕਰਦਾ ਹੈ। ਤੇਰੇ ਨਾਨੇ ਨਬੂਕਦਨੱਸਰ ਨੇ ਆਪਣੇ ਰਾਜ ਵਿਚ ਉਸ ਨੂੰ ਆਪਣੇ ਸਾਰੇ ਗਿਆਨੀਆਂ ਉੱਤੇ ਸਰਦਾਰ ਠਹਿਰਾਇਆ ਸੀ। ਉਸ ਦਾ ਨਾਂ ਦਾਨੀਏਲ ਹੈ। ਉਸ ਨੂੰ ਬੁਲਾ ਲੈ ਉਹ ਤੈਨੂੰ ਇਨ੍ਹਾਂ ਸਾਰੀਆਂ ਗੱਲਾਂ ਦਾ ਅਰਥ ਦੱਸ ਦੇਵੇਗਾ।’
ਦਾਨੀਏਲ ਨੂੰ ਉਸੇ ਵੇਲੇ ਉੱਥੇ ਬੁਲਾ ਲਿਆ ਗਿਆ। ਦਾਨੀਏਲ ਨੇ ਰਾਜੇ ਦਾ ਕੋਈ ਵੀ ਤੋਹਫ਼ਾ ਲੈਣ ਤੋਂ ਇਨਕਾਰ ਕਰ ਦਿੱਤਾ। ਫਿਰ ਉਸ ਨੇ ਰਾਜੇ ਨੂੰ ਦੱਸਿਆ ਕਿ ਯਹੋਵਾਹ ਨੇ ਉਸ ਦੇ ਨਾਨੇ ਨਬੂਕਦਨੱਸਰ ਦਾ ਰਾਜ ਉਸ ਕੋਲੋਂ ਕਿਉਂ ਖੋਹ ਲਿਆ ਸੀ। ਦਾਨੀਏਲ ਨੇ ਰਾਜੇ ਨੂੰ ਕਿਹਾ: ‘ਕਿਉਂਕਿ ਉਹ ਬਹੁਤ ਘਮੰਡੀ ਸੀ, ਇਸ ਲਈ ਯਹੋਵਾਹ ਨੇ ਉਸ ਨੂੰ ਸਜ਼ਾ ਦਿੱਤੀ।’
ਫਿਰ ਦਾਨੀਏਲ ਅੱਗੇ ਕਹਿਣ ਲੱਗਾ: ‘ਪਰ ਤੂੰ ਤਾਂ ਇਹ ਸਭ ਕੁਝ ਜਾਣਨ ਦੇ ਬਾਵਜੂਦ ਵੀ ਉੱਨਾ ਹੀ ਘਮੰਡੀ ਹੈ ਜਿੰਨਾ ਨਬੂਕਦਨੱਸਰ ਸੀ। ਤੂੰ ਯਹੋਵਾਹ ਦੀ ਹੈਕਲ ਦੇ ਪਿਆਲਿਆਂ ਅਤੇ ਕਟੋਰਿਆਂ ਨੂੰ ਅੰਦਰ ਲਿਆ ਕੇ ਉਨ੍ਹਾਂ ਵਿੱਚੋਂ ਪੀਤਾ ਹੈ। ਤੂੰ ਜੀਉਂਦੇ ਪਰਮੇਸ਼ੁਰ ਦੀ ਵਡਿਆਈ ਕਰਨ ਦੀ ਬਜਾਇ ਲੱਕੜੀ ਅਤੇ ਪੱਥਰ ਦੇ ਬਣੇ ਦੇਵਤਿਆਂ ਦੀ ਵਡਿਆਈ ਕੀਤੀ ਹੈ। ਇਸੇ ਲਈ ਪਰਮੇਸ਼ੁਰ ਨੇ ਇਹ ਸ਼ਬਦ ਕੰਧ ਤੇ ਲਿਖਾਏ ਹਨ।’
ਦਾਨੀਏਲ ਨੇ ਕਿਹਾ ਕਿ ਕੰਧ ਤੇ ‘ਇਹ ਲਿਖਿਆ ਹੋਇਆ ਹੈ, ਮਨੇ, ਮਨੇ, ਤਕੇਲ ਅਤੇ ਊਫਰਸੀਨ।’
‘ਮਨੇ ਦਾ ਅਰਥ ਹੈ ਕਿ ਪਰਮੇਸ਼ੁਰ ਨੇ ਤੇਰੇ ਰਾਜ ਦਾ ਲੇਖਾ ਕੀਤਾ ਹੈ ਅਤੇ ਉਸ ਨੇ ਇਸ ਨੂੰ ਨਾਸ਼ ਕਰਨ ਦਾ ਫ਼ੈਸਲਾ ਕੀਤਾ ਹੈ। ਤਕੇਲ ਦਾ ਅਰਥ ਹੈ ਕਿ ਤੈਨੂੰ ਤਕੜੀ ਵਿਚ ਤੋਲਿਆ ਗਿਆ ਹੈ ਅਤੇ ਤੂੰ ਬੇਕਾਰ ਨਿਕਲਿਆ ਹੈ। ਊਫਰਸੀਨ ਦਾ ਅਰਥ ਹੈ ਕਿ ਤੇਰਾ ਰਾਜ ਮਾਦੀਆਂ ਅਤੇ ਫ਼ਾਰਸੀਆਂ ਨੂੰ ਦਿੱਤਾ ਗਿਆ ਹੈ।’
ਦਾਨੀਏਲ ਅਜੇ ਰਾਜੇ ਨਾਲ ਗੱਲਾਂ ਕਰ ਹੀ ਰਿਹਾ ਸੀ ਕਿ ਮਾਦੀਆਂ ਨੇ ਆ ਕੇ ਬਾਬਲ ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਸ਼ਹਿਰ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ ਅਤੇ ਬੇਲਸ਼ੱਸਰ ਨੂੰ ਮਾਰ ਸੁੱਟਿਆ। ਕੰਧ ਤੇ ਲਿਖੀ ਇਕ-ਇਕ ਗੱਲ ਉਸੇ ਰਾਤ ਪੂਰੀ ਹੋ ਗਈ! ਪਰ ਹੁਣ ਇਸਰਾਏਲੀਆਂ ਨਾਲ ਕੀ ਹੋਵੇਗਾ? ਇਹ ਦੇਖਣ ਤੋਂ ਪਹਿਲਾਂ ਆਓ ਦੇਖੀਏ ਕਿ ਦਾਨੀਏਲ ਨਾਲ ਕੀ ਹੋਇਆ।