ਕਹਾਣੀ 47
ਇਸਰਾਏਲ ਵਿਚ ਇਕ ਚੋਰ
ਦੇਖੋ ਇਹ ਬੰਦਾ ਆਪਣੇ ਤੰਬੂ ਵਿਚ ਕੁਝ ਲੁਕੋ ਰਿਹਾ ਹੈ। ਇਹ ਇਕ ਸੋਹਣਾ ਚੋਗਾ, ਸੋਨੇ ਦੀ ਇੱਟ ਅਤੇ ਚਾਂਦੀ ਦੇ ਸਿੱਕਿਆਂ ਨੂੰ ਜ਼ਮੀਨ ਵਿਚ ਲੁਕੋ ਰਿਹਾ ਹੈ। ਉਸ ਨੇ ਇਹ ਚੀਜ਼ਾਂ ਯਰੀਹੋ ਤੋਂ ਚੁਰਾਈਆਂ ਹਨ। ਪਰ ਤੁਹਾਨੂੰ ਯਾਦ ਹੈ ਯਰੀਹੋ ਦੀਆਂ ਚੀਜ਼ਾਂ ਨਾਲ ਕੀ ਕੀਤਾ ਜਾਣਾ ਚਾਹੀਦਾ ਸੀ?
ਸੋਨਾ-ਚਾਂਦੀ ਯਹੋਵਾਹ ਦੇ ਡੇਹਰੇ ਦੇ ਖ਼ਜ਼ਾਨੇ ਵਿਚ ਦਿੱਤਾ ਜਾਣਾ ਚਾਹੀਦਾ ਸੀ। ਪਰ ਬਾਕੀ ਸਾਰੀਆਂ ਚੀਜ਼ਾਂ ਨੂੰ ਸਾੜ ਦਿੱਤਾ ਜਾਣਾ ਚਾਹੀਦਾ ਸੀ। ਪਰ ਇਨ੍ਹਾਂ ਲੋਕਾਂ ਨੇ ਯਹੋਵਾਹ ਦੀ ਗੱਲ ਨਹੀਂ ਮੰਨੀ। ਇਕ ਤਰ੍ਹਾਂ ਦੇਖਿਆ ਜਾਵੇ, ਤਾਂ ਇਨ੍ਹਾਂ ਨੇ ਯਹੋਵਾਹ ਦੀਆਂ ਚੀਜ਼ਾਂ ਚੁਰਾਈਆਂ ਹਨ। ਇਨ੍ਹਾਂ ਚੀਜ਼ਾਂ ਨੂੰ ਛੁਪਾ ਰਿਹਾ ਆਦਮੀ ਆਕਾਨ ਹੈ ਅਤੇ ਬਾਕੀ ਦੇ ਲੋਕ ਉਸ ਦੇ ਘਰ ਦੇ ਜੀਅ ਹਨ। ਆਓ ਦੇਖੀਏ ਅੱਗੇ ਕੀ ਹੋਇਆ।
ਆਕਾਨ ਦੇ ਚੋਰੀ ਕਰਨ ਤੋਂ ਬਾਅਦ ਯਹੋਸ਼ੁਆ ਨੇ ਕੁਝ ਬੰਦਿਆਂ ਨੂੰ ਅਈ ਨਾਂ ਦੇ ਸ਼ਹਿਰ ਨਾਲ ਲੜਾਈ ਕਰਨ ਲਈ ਭੇਜਿਆ। ਪਰ ਉਹ ਬੁਰੀ ਤਰ੍ਹਾਂ ਲੜਾਈ ਹਾਰ ਗਏ। ਕੁਝ ਇਸਰਾਏਲੀ ਮਾਰੇ ਗਏ ਤੇ ਬਾਕੀ ਉੱਥੋਂ ਜਾਨ ਬਚਾ ਕੇ ਭੱਜ ਗਏ। ਯਹੋਸ਼ੁਆ ਬਹੁਤ ਦੁਖੀ ਹੋਇਆ। ਉਹ ਮੂੰਹ ਪਰਨੇ ਪੈ ਕੇ ਯਹੋਵਾਹ ਅੱਗੇ ਫ਼ਰਿਆਦ ਕਰਨ ਲੱਗਾ: ‘ਤੂੰ ਸਾਡੇ ਨਾਲ ਅਜਿਹਾ ਕਿਉਂ ਹੋਣ ਦਿੱਤਾ ਹੈ?’
ਯਹੋਵਾਹ ਨੇ ਕਿਹਾ: ‘ਉੱਠ! ਇਸਰਾਏਲ ਨੇ ਪਾਪ ਕੀਤਾ ਹੈ। ਉਨ੍ਹਾਂ ਨੇ ਉਹ ਚੀਜ਼ਾਂ ਚੋਰੀ ਕੀਤੀਆਂ ਹਨ ਜਿਨ੍ਹਾਂ ਨੂੰ ਨਾਸ਼ ਕੀਤਾ ਜਾਣਾ ਚਾਹੀਦਾ ਸੀ ਜਾਂ ਯਹੋਵਾਹ ਦੇ ਡੇਹਰੇ ਤੇ ਦਿੱਤੀਆਂ ਜਾਣੀਆਂ ਚਾਹੀਦੀਆਂ ਸਨ। ਉਨ੍ਹਾਂ ਨੇ ਇਕ ਸੋਹਣਾ ਚੋਗਾ ਚੁਰਾਇਆ ਹੈ ਅਤੇ ਇਸ ਗੱਲ ਨੂੰ ਲੁਕਾਈ ਰੱਖਿਆ ਹੈ। ਮੈਂ ਤੁਹਾਨੂੰ ਉਦੋਂ ਤਕ ਅਸੀਸ ਨਹੀਂ ਦੇਵਾਂਗਾ ਜਦ ਤਕ ਤੁਸੀਂ ਉਸ ਚੀਜ਼ ਅਤੇ ਉਸ ਬੰਦੇ ਨੂੰ ਨਾਸ਼ ਨਹੀਂ ਕਰ ਦਿੰਦੇ ਜਿਸ ਨੇ ਇਹ ਚੀਜ਼ਾਂ ਚੁਰਾਈਆਂ ਹਨ।’ ਯਹੋਵਾਹ ਨੇ ਯਹੋਸ਼ੁਆ ਨੂੰ ਕਿਹਾ: ‘ਮੈਂ ਤੈਨੂੰ ਦੱਸਾਂਗਾ ਉਹ ਆਦਮੀ ਕੌਣ ਹੈ।’
ਯਹੋਸ਼ੁਆ ਨੇ ਸਾਰੇ ਇਸਰਾਏਲੀਆਂ ਨੂੰ ਇਕੱਠਾ ਕੀਤਾ। ਯਹੋਵਾਹ ਨੇ ਉਨ੍ਹਾਂ ਵਿੱਚੋਂ ਉਸ ਚੋਰ ਆਕਾਨ ਨੂੰ ਯਹੋਸ਼ੁਆ ਮੋਹਰੇ ਕਰ ਦਿੱਤਾ। ਫਿਰ ਅਕਾਨ ਨੇ ਕਿਹਾ: ‘ਹਾਂ, ਮੈਂ ਪਾਪ ਕੀਤਾ ਹੈ। ਮੈਂ ਇਕ ਸੋਹਣਾ ਚੋਗਾ ਅਤੇ ਸੋਨੇ ਦੀ ਇੱਟ ਅਤੇ ਚਾਂਦੀ ਦੇ ਸਿੱਕੇ ਦੇਖੇ। ਮੈਨੂੰ ਇਹ ਇੰਨੇ ਪਸੰਦ ਆਏ ਕਿ ਮੈਂ ਇਨ੍ਹਾਂ ਨੂੰ ਲੈ ਲਿਆ। ਇਹ ਚੀਜ਼ਾਂ ਮੇਰੇ ਤੰਬੂ ਵਿਚ ਦੱਬੀਆਂ ਹੋਈਆਂ ਹਨ।’
ਜਦ ਇਹ ਚੀਜ਼ਾਂ ਲੱਭ ਪਈਆਂ ਅਤੇ ਇਨ੍ਹਾਂ ਨੂੰ ਯਹੋਸ਼ੁਆ ਅੱਗੇ ਲਿਆਂਦਾ ਗਿਆ, ਤਾਂ ਉਸ ਨੇ ਆਕਾਨ ਨੂੰ ਕਿਹਾ: ‘ਤੂੰ ਸਾਡੇ ਉੱਤੇ ਮੁਸੀਬਤ ਕਿਉਂ ਲਿਆਂਦੀ ਹੈ? ਹੁਣ ਯਹੋਵਾਹ ਤੇਰੇ ਉੱਤੇ ਮੁਸੀਬਤ ਲਿਆਵੇਗਾ!’ ਉਸ ਦੀ ਗੱਲ ਮੁੱਕਣ ਦੀ ਦੇਰ ਸੀ ਕਿ ਸਾਰੇ ਇਸਰਾਏਲੀਆਂ ਨੇ ਆਕਾਨ ਅਤੇ ਉਸ ਦੇ ਪਰਿਵਾਰ ਨੂੰ ਪੱਥਰ ਮਾਰ-ਮਾਰ ਕੇ ਮਾਰ ਦਿੱਤਾ। ਕੀ ਅਸੀਂ ਇਸ ਤੋਂ ਸਬਕ ਨਹੀਂ ਸਿੱਖਦੇ ਕਿ ਸਾਨੂੰ ਕਦੇ ਵੀ ਚੋਰੀ ਨਹੀਂ ਕਰਨੀ ਚਾਹੀਦੀ?
ਇਸ ਤੋਂ ਬਾਅਦ ਇਸਰਾਏਲੀਆਂ ਨੇ ਫਿਰ ਅਈ ਸ਼ਹਿਰ ਨਾਲ ਲੜਾਈ ਕੀਤੀ ਅਤੇ ਇਸ ਵਾਰ ਉਹ ਯਹੋਵਾਹ ਦੀ ਮਦਦ ਨਾਲ ਜਿੱਤ ਗਏ।