ਕਹਾਣੀ 40
ਚਟਾਨ ਵਿੱਚੋਂ ਪਾਣੀ ਨਿਕਲਿਆ
ਉਜਾੜ ਵਿਚ ਸਮਾਂ ਗੁਜ਼ਰਦਾ ਗਿਆ। 10 ਸਾਲ ਪਿੱਛੋਂ 20, 20 ਪਿੱਛੋਂ 30 ਤੇ ਇੱਦਾਂ ਹੀ ਦੇਖਦੇ-ਦੇਖਦੇ ਪੂਰੇ 39 ਸਾਲ ਬੀਤ ਗਏ। ਇਨ੍ਹਾਂ ਸਾਲਾਂ ਦੌਰਾਨ ਯਹੋਵਾਹ ਪਰਮੇਸ਼ੁਰ ਨੇ ਆਪਣੇ ਲੋਕਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕੀਤੀ। ਉਸ ਨੇ ਉਨ੍ਹਾਂ ਨੂੰ ਖਾਣ ਲਈ ਮੰਨ ਦਿੱਤਾ। ਦਿਨ ਵੇਲੇ ਬੱਦਲ ਦੇ ਇਕ ਥੰਮ੍ਹ ਨਾਲ ਅਤੇ ਰਾਤ ਵੇਲੇ ਅੱਗ ਦੇ ਇਕ ਥੰਮ੍ਹ ਨਾਲ ਯਹੋਵਾਹ ਨੇ ਉਨ੍ਹਾਂ ਦੀ ਅਗਵਾਈ ਕੀਤੀ। ਇਨ੍ਹਾਂ ਸਾਰੇ ਸਾਲਾਂ ਦੌਰਾਨ ਇਸਰਾਏਲੀ ਲੋਕਾਂ ਦੀਆਂ ਨਾ ਜੁੱਤੀਆਂ ਘਸੀਆਂ ਤੇ ਨਾ ਹੀ ਕੱਪੜੇ ਫਟੇ।
ਇਸਰਾਏਲੀਆਂ ਨੂੰ ਹੁਣ ਮਿਸਰ ਛੱਡਿਆਂ ਪੂਰੇ 39 ਸਾਲ ਹੋ ਚੁੱਕੇ ਸਨ। 40ਵੇਂ ਸਾਲ ਦੇ ਪਹਿਲੇ ਮਹੀਨੇ ਵਿਚ ਇਸਰਾਏਲੀ ਇਕ ਵਾਰ ਫਿਰ ਕਾਦੇਸ਼ ਵਿਚ ਆਏ ਅਤੇ ਇੱਥੇ ਮੂਸਾ ਦੀ ਭੈਣ ਮਿਰਯਮ ਦੀ ਮੌਤ ਹੋ ਗਈ। ਉਨ੍ਹਾਂ ਨੇ ਪਹਿਲਾਂ ਵੀ ਕਾਦੇਸ਼ ਡੇਹਰਾ ਲਾਇਆ ਸੀ ਜਦ ਮੂਸਾ ਨੇ 12 ਜਾਸੂਸਾਂ ਨੂੰ ਕਨਾਨ ਭੇਜਿਆ ਸੀ। ਉਨ੍ਹਾਂ ਨੂੰ ਉਦੋਂ ਵੀ ਮੁਸ਼ਕਲ ਦਾ ਸਾਮ੍ਹਣਾ ਕਰਨਾ ਪਿਆ ਅਤੇ ਉਨ੍ਹਾਂ ਸਾਮ੍ਹਣੇ ਹੁਣ ਵੀ ਇਕ ਮੁਸ਼ਕਲ ਖੜ੍ਹੀ ਸੀ।
ਲੋਕਾਂ ਕੋਲ ਪੀਣ ਲਈ ਪਾਣੀ ਨਹੀਂ ਸੀ। ਉਹ ਫਿਰ ਮੂਸਾ ਅੱਗੇ ਬੁੜਬੁੜਾਉਣ ਲੱਗੇ। ਉਨ੍ਹਾਂ ਨੇ ਕਿਹਾ: ‘ਚੰਗਾ ਹੁੰਦਾ ਜੇ ਅਸੀਂ ਮਰ ਚੁੱਕੇ ਹੁੰਦੇ। ਤੂੰ ਸਾਨੂੰ ਮਿਸਰ ਵਿੱਚੋਂ ਕੱਢ ਕੇ ਇਸ ਉਜਾੜ ਵਿਚ ਲਿਆਇਆ ਹੀ ਕਿਉਂ? ਇਸ ਬੰਜਰ ਜ਼ਮੀਨ ਤੇ ਨਾ ਅਨਾਜ ਉੱਗਦਾ, ਨਾ ਅੰਗੂਰ, ਨਾ ਅੰਜੀਰ ਤੇ ਨਾ ਹੀ ਅਨਾਰ। ਇੱਥੇ ਤਾਂ ਪੀਣ ਨੂੰ ਪਾਣੀ ਤਕ ਨਹੀਂ ਹੈ।’
ਮੂਸਾ ਤੇ ਹਾਰੂਨ ਜਦ ਡੇਹਰੇ ਤੇ ਯਹੋਵਾਹ ਅੱਗੇ ਪ੍ਰਾਰਥਨਾ ਕਰਨ ਗਏ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਕਿਹਾ: ‘ਲੋਕਾਂ ਨੂੰ ਇਕੱਠਾ ਕਰੋ। ਫਿਰ ਉਨ੍ਹਾਂ ਦੇ ਸਾਮ੍ਹਣੇ ਉਸ ਚਟਾਨ ਨਾਲ ਗੱਲ ਕਰਿਓ। ਉਸ ਵਿੱਚੋਂ ਲੋਕਾਂ ਅਤੇ ਸਾਰੇ ਜਾਨਵਰਾਂ ਲਈ ਬਹੁਤ ਪਾਣੀ ਨਿਕਲੇਗਾ।’
ਮੂਸਾ ਨੇ ਲੋਕਾਂ ਨੂੰ ਇਕੱਠਾ ਕੀਤਾ ਤੇ ਕਿਹਾ: ‘ਯਹੋਵਾਹ ਤੇ ਭਰੋਸਾ ਨਾ ਰੱਖਣ ਵਾਲਿਓ, ਮੇਰੀ ਗੱਲ ਸੁਣੋ। ਮੈਂ ਤੇ ਹਾਰੂਨ ਤੁਹਾਡੇ ਲਈ ਇਸ ਪੱਥਰ ਤੋਂ ਪਾਣੀ ਕੱਢਾਂਗੇ।’ ਫਿਰ ਮੂਸਾ ਨੇ ਪੱਥਰ ਤੇ ਦੋ ਵਾਰ ਆਪਣੀ ਲਾਠੀ ਮਾਰੀ ਤੇ ਉਸ ਵਿੱਚੋਂ ਪਾਣੀ ਨਿਕਲ ਆਇਆ। ਇੰਨਾ ਪਾਣੀ ਨਿਕਲਿਆ ਕਿ ਸਾਰੇ ਲੋਕ ਅਤੇ ਜਾਨਵਰ ਆਪਣੀ ਪਿਆਸ ਬੁਝਾ ਸਕਦੇ ਸਨ।
ਪਰ ਯਹੋਵਾਹ ਮੂਸਾ ਅਤੇ ਹਾਰੂਨ ਨਾਲ ਨਾਰਾਜ਼ ਸੀ। ਤੁਹਾਨੂੰ ਪਤਾ ਕਿਉਂ? ਕਿਉਂਕਿ ਮੂਸਾ ਅਤੇ ਹਾਰੂਨ ਨੇ ਘਮੰਡ ਨਾਲ ਲੋਕਾਂ ਨੂੰ ਕਿਹਾ ਕਿ ਚਟਾਨ ਵਿੱਚੋਂ ਪਾਣੀ ਉਹ ਕੱਢਣਗੇ। ਪਰ ਸੱਚ ਤਾਂ ਇਹ ਸੀ ਕਿ ਪਾਣੀ ਯਹੋਵਾਹ ਨੇ ਕੱਢਿਆ ਸੀ। ਯਹੋਵਾਹ ਦੀ ਮਹਿਮਾ ਕਰਨ ਦੀ ਬਜਾਇ ਮੂਸਾ ਤੇ ਹਾਰੂਨ ਨੇ ਆਪਣੇ ਆਪ ਨੂੰ ਉੱਚਾ ਚੁੱਕਿਆ। ਇਸ ਦੀ ਉਨ੍ਹਾਂ ਨੂੰ ਹੁਣ ਸਜ਼ਾ ਭੁਗਤਣੀ ਪੈਣੀ ਸੀ। ਯਹੋਵਾਹ ਨੇ ਉਨ੍ਹਾਂ ਨੂੰ ਸਜ਼ਾ ਸੁਣਾਈ ਕਿ ਉਹ ਹੁਣ ਉਸ ਦੇ ਲੋਕਾਂ ਨੂੰ ਕਨਾਨ ਦੇਸ਼ ਵਿਚ ਨਹੀਂ ਲੈ ਕੇ ਜਾਣਗੇ।
ਥੋੜ੍ਹੀ ਦੇਰ ਬਾਅਦ ਇਸਰਾਏਲੀ ਕਾਦੇਸ਼ ਨੂੰ ਛੱਡ ਕੇ ਹੋਰ ਨਾਂ ਦੇ ਪਹਾੜ ਕੋਲ ਆਏ। ਇਸ ਪਹਾੜ ਉੱਤੇ ਹਾਰੂਨ ਮਰ ਗਿਆ। ਆਪਣੀ ਮੌਤ ਵੇਲੇ ਹਾਰੂਨ 123 ਸਾਲਾਂ ਦਾ ਸੀ। ਕਈ ਦਿਨਾਂ ਤਕ ਇਸਰਾਏਲੀਆਂ ਨੇ ਹਾਰੂਨ ਦੀ ਮੌਤ ਦਾ ਸੋਗ ਮਨਾਇਆ। ਉਹ ਪੂਰੇ 30 ਦਿਨ ਰੋਂਦੇ ਰਹੇ। ਹਾਰੂਨ ਦਾ ਮੁੰਡਾ ਅਲਆਜ਼ਾਰ ਉਸ ਦੀ ਥਾਂ ਇਸਰਾਏਲ ਕੌਮ ਦਾ ਪ੍ਰਧਾਨ ਜਾਜਕ ਬਣ ਗਿਆ।