ਕਹਾਣੀ 90
ਖੂਹ ਤੇ ਔਰਤ ਨਾਲ ਮੁਲਾਕਾਤ
ਯਿਸੂ ਥੋੜ੍ਹਾ ਆਰਾਮ ਕਰਨ ਲਈ ਸਾਮਰਿਯਾ ਵਿਚ ਇਕ ਖੂਹ ਤੇ ਰੁਕਿਆ। ਉਸ ਦੇ ਚੇਲੇ ਖਾਣਾ ਖ਼ਰੀਦਣ ਗਏ ਹੋਏ ਸਨ। ਤਸਵੀਰ ਵਿਚ ਯਿਸੂ ਜਿਸ ਔਰਤ ਨਾਲ ਗੱਲ ਕਰ ਰਿਹਾ ਹੈ, ਉਹ ਖੂਹ ਤੋਂ ਪਾਣੀ ਲੈਣ ਆਈ ਸੀ। ਯਿਸੂ ਨੇ ਉਸ ਨੂੰ ਕਿਹਾ: ‘ਮੈਨੂੰ ਪਾਣੀ ਪਿਆ।’
ਇਹ ਸੁਣ ਕੇ ਔਰਤ ਬੜੀ ਹੈਰਾਨ ਹੋਈ। ਤੁਹਾਨੂੰ ਪਤਾ ਉਹ ਕਿਉਂ ਹੈਰਾਨ ਹੋਈ ਸੀ? ਕਿਉਂਕਿ ਯਿਸੂ ਯਹੂਦੀ ਸੀ ਅਤੇ ਇਹ ਔਰਤ ਸਾਮਰੀ ਸੀ। ਆਮ ਕਰਕੇ ਯਹੂਦੀ ਲੋਕ ਸਾਮਰੀ ਲੋਕਾਂ ਨੂੰ ਪਸੰਦ ਨਹੀਂ ਕਰਦੇ ਸਨ। ਉਹ ਉਨ੍ਹਾਂ ਨਾਲ ਗੱਲ ਤਕ ਵੀ ਨਹੀਂ ਕਰਦੇ ਸਨ। ਪਰ ਯਿਸੂ ਇਸ ਤਰ੍ਹਾਂ ਦਾ ਨਹੀਂ ਸੀ। ਉਹ ਸਾਰੇ ਲੋਕਾਂ ਨੂੰ ਪਿਆਰ ਕਰਦਾ ਸੀ। ਉਸ ਨੇ ਔਰਤ ਨੂੰ ਕਿਹਾ: ‘ਜੇ ਤੂੰ ਜਾਣਦੀ ਕਿ ਤੇਰੇ ਕੋਲੋਂ ਕੌਣ ਪਾਣੀ ਮੰਗ ਰਿਹਾ ਹੈਂ, ਤਾਂ ਤੂੰ ਉਸ ਤੋਂ ਮੰਗਦੀ ਅਤੇ ਉਹ ਤੈਨੂੰ ਜੀਵਨ ਦਾ ਪਾਣੀ ਦਿੰਦਾ।’
ਉਸ ਔਰਤ ਨੇ ਯਿਸੂ ਨੂੰ ਕਿਹਾ: ‘ਮਹਾਰਾਜ, ਖੂਹ ਇੰਨਾ ਡੂੰਘਾ ਹੈ ਅਤੇ ਤੁਹਾਡੇ ਕੋਲ ਤਾਂ ਕੋਈ ਡੋਲ ਵੀ ਨਹੀਂ। ਫਿਰ ਤੁਸੀਂ ਇਹ ਜੀਵਨ ਦਾ ਪਾਣੀ ਕਿੱਧਰੋਂ ਲਿਆਓਗੇ?’
ਯਿਸੂ ਨੇ ਉਸ ਨੂੰ ਜਵਾਬ ਦਿੱਤਾ: ‘ਜੇ ਤੂੰ ਇਸ ਖੂਹ ਤੋਂ ਪਾਣੀ ਪੀਵੇਂਗੀ ਤਾਂ ਤੈਨੂੰ ਫਿਰ ਤੋਂ ਪਿਆਸ ਲੱਗੇਗੀ। ਪਰ ਜੋ ਪਾਣੀ ਮੈਂ ਪਿਲਾਵਾਂਗਾ ਉਹ ਇਨਸਾਨ ਨੂੰ ਸਦਾ ਲਈ ਜੀਉਂਦਾ ਰੱਖ ਸਕਦਾ ਹੈ।’
ਔਰਤ ਨੇ ਕਿਹਾ: ‘ਮਹਾਰਾਜ, ਮੈਨੂੰ ਇਹ ਪਾਣੀ ਪਿਲਾਓ ਤਾਂਕਿ ਮੈਂ ਫਿਰ ਕਦੇ ਵੀ ਪਿਆਸੀ ਨਾ ਹੋਵਾਂ! ਅਤੇ ਫਿਰ ਮੈਨੂੰ ਕਦੇ ਵੀ ਇੱਥੇ ਪਾਣੀ ਲੈਣ ਵਾਸਤੇ ਨਾ ਆਉਣਾ ਪਵੇ।’
ਇਸ ਔਰਤ ਨੇ ਸੋਚਿਆ ਕਿ ਯਿਸੂ ਸੱਚੀ-ਮੁੱਚੀ ਦੇ ਪਾਣੀ ਦੀ ਗੱਲ ਕਰ ਰਿਹਾ ਸੀ। ਪਰ ਅਸਲ ਵਿਚ ਉਹ ਤਾਂ ਪਰਮੇਸ਼ੁਰ ਬਾਰੇ ਅਤੇ ਉਸ ਦੇ ਰਾਜ ਬਾਰੇ ਸੱਚਾਈ ਦੀ ਗੱਲ ਕਰ ਰਿਹਾ ਸੀ। ਇਹ ਸੱਚਾਈ ਉਸ ਪਾਣੀ ਵਰਗੀ ਹੈ ਜੋ ਇਨਸਾਨ ਨੂੰ ਹਮੇਸ਼ਾ ਲਈ ਜੀਉਂਦਾ ਰੱਖ ਸਕਦੀ ਹੈ।
ਯਿਸੂ ਨੇ ਔਰਤ ਨੂੰ ਕਿਹਾ: ‘ਜਾ, ਜਾ ਕੇ ਆਪਣੇ ਪਤੀ ਨੂੰ ਸੱਦ ਲਿਆ।’
ਔਰਤ ਨੇ ਜਵਾਬ ਦਿੱਤਾ: ‘ਮੇਰਾ ਕੋਈ ਪਤੀ ਨਹੀਂ ਹੈ।’
ਯਿਸੂ ਨੇ ਉਸ ਨੂੰ ਉੱਤਰ ਦਿੱਤਾ: ‘ਤੂੰ ਠੀਕ ਕਿਹਾ। ਤੇਰੇ ਪੰਜ ਪਤੀ ਰਹਿ ਚੁੱਕੇ ਹਨ ਅਤੇ ਜਿਸ ਆਦਮੀ ਨਾਲ ਤੂੰ ਹੁਣ ਰਹਿ ਰਹੀ ਹੈਂ ਉਹ ਤੇਰਾ ਪਤੀ ਨਹੀਂ ਹੈ।’
ਯਿਸੂ ਦੀ ਗੱਲ ਸੁਣ ਕੇ ਔਰਤ ਹੈਰਾਨ ਰਹਿ ਗਈ ਕਿਉਂਕਿ ਜੋ ਕੁਝ ਉਸ ਨੇ ਕਿਹਾ ਸੀ ਉਹ ਸਭ ਸੱਚ ਸੀ। ਪਰ ਯਿਸੂ ਨੂੰ ਇਹ ਸਭ ਗੱਲਾਂ ਕਿਵੇਂ ਪਤਾ ਲੱਗੀਆਂ? ਉਹ ਪਰਮੇਸ਼ੁਰ ਦਾ ਪੁੱਤਰ ਸੀ ਤੇ ਉਸ ਨੇ ਹੀ ਇਹ ਜਾਣਕਾਰੀ ਉਸ ਨੂੰ ਦਿੱਤੀ ਸੀ। ਯਿਸੂ ਜਦ ਅਜੇ ਸਾਮਰੀ ਔਰਤ ਨਾਲ ਗੱਲ ਕਰ ਹੀ ਰਿਹਾ ਸੀ, ਤਾਂ ਉਸ ਦੇ ਚੇਲੇ ਉੱਥੇ ਆ ਪਹੁੰਚੇ। ਯਿਸੂ ਨੂੰ ਇਸ ਔਰਤ ਨਾਲ ਗੱਲ ਕਰਦੇ ਦੇਖ ਕੇ ਉਹ ਬਹੁਤ ਹੈਰਾਨ ਹੋਏ।
ਇਸ ਕਹਾਣੀ ਤੋਂ ਅਸੀਂ ਕਿਹੜਾ ਸਬਕ ਸਿੱਖਦੇ ਹਾਂ? ਇਹ ਕਿ ਜਿਵੇਂ ਯਿਸੂ ਸਾਰੇ ਲੋਕਾਂ ਨੂੰ ਪਿਆਰ ਕਰਦਾ ਸੀ, ਸਾਨੂੰ ਵੀ ਉਸੇ ਤਰ੍ਹਾਂ ਕਰਨਾ ਚਾਹੀਦਾ ਹੈ। ਸਾਨੂੰ ਕਦੇ ਵੀ ਕਿਸੇ ਨਾਲ ਇਸ ਕਰਕੇ ਨਫ਼ਰਤ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਕਿਸੇ ਹੋਰ ਜਾਤ ਦਾ ਹੈ। ਯਿਸੂ ਦੀ ਤਰ੍ਹਾਂ ਸਾਨੂੰ ਵੀ ਸਾਰੇ ਲੋਕਾਂ ਨੂੰ ਪਰਮੇਸ਼ੁਰ ਬਾਰੇ ਸੱਚਾਈ ਸਿਖਾਉਣੀ ਚਾਹੀਦੀ ਹੈ ਤਾਂਕਿ ਉਹ ਵੀ ਹਮੇਸ਼ਾ ਦੀ ਜ਼ਿੰਦਗੀ ਪਾ ਸਕਣ।