ਵਧੇਰੇ ਜਾਣਕਾਰੀ
ਸ਼ੀਓਲ ਅਤੇ ਹੇਡੀਜ਼ ਕੀ ਹਨ?
ਇਬਰਾਨੀ ਅਤੇ ਯੂਨਾਨੀ ਭਾਸ਼ਾਵਾਂ ਵਿਚ ਲਿਖੀ ਮੁਢਲੀ ਬਾਈਬਲ ਵਿਚ ਸ਼ੀਓਲ ਅਤੇ ਹੇਡੀਜ਼ ਸ਼ਬਦ ਲਗਭਗ 70 ਵਾਰ ਪਾਏ ਜਾਂਦੇ ਹਨ। ਇਹ ਦੋਨੋਂ ਸ਼ਬਦ ਮੌਤ ਦੇ ਸੰਬੰਧ ਵਿਚ ਵਰਤੇ ਜਾਂਦੇ ਹਨ। ਜ਼ਿਆਦਾਤਰ ਭਾਸ਼ਾਵਾਂ ਵਿਚ ਇਨ੍ਹਾਂ ਇਬਰਾਨੀ ਅਤੇ ਯੂਨਾਨੀ ਸ਼ਬਦਾਂ ਦਾ ਕੋਈ ਬਰਾਬਰ ਦਾ ਸ਼ਬਦ ਨਹੀਂ ਹੈ। ਇਸ ਲਈ ਕੁਝ ਬਾਈਬਲਾਂ ਵਿਚ ਇਨ੍ਹਾਂ ਦਾ ਤਰਜਮਾ “ਕਬਰ” ਕੀਤਾ ਗਿਆ ਹੈ ਜਾਂ ਗ਼ਲਤੀ ਨਾਲ “ਨਰਕ” ਜਾਂ “ਪਤਾਲ” ਕੀਤਾ ਗਿਆ ਹੈ। ਪੰਜਾਬੀ ਬਾਈਬਲ ਵਿਚ ਵੀ ਕਈ ਥਾਵਾਂ ਤੇ ਇਨ੍ਹਾਂ ਸ਼ਬਦਾਂ ਦਾ ਗ਼ਲਤ ਤਰਜਮਾ ਕੀਤਾ ਗਿਆ ਹੈ। ਤਾਂ ਫਿਰ, ਇਨ੍ਹਾਂ ਇਬਰਾਨੀ ਅਤੇ ਯੂਨਾਨੀ ਸ਼ਬਦਾਂ ਦਾ ਮਤਲਬ ਕੀ ਹੈ? ਆਓ ਆਪਾਂ ਦੇਖੀਏ ਕਿ ਬਾਈਬਲ ਦੇ ਕੁਝ ਹਵਾਲਿਆਂ ਵਿਚ ਇਨ੍ਹਾਂ ਨੂੰ ਕਿਸ ਤਰ੍ਹਾਂ ਵਰਤਿਆ ਗਿਆ ਹੈ।
ਉਪਦੇਸ਼ਕ ਦੀ ਪੋਥੀ 9:10 ਵਿਚ ਲਿਖਿਆ ਹੈ: “ਪਤਾਲ [ਜੋ ਕਿ ਸ਼ੀਓਲ ਦਾ ਗ਼ਲਤ ਤਰਜਮਾ ਹੈ] ਵਿੱਚ ਜਿੱਥੇ ਤੂੰ ਜਾਂਦਾ ਹੈਂ ਕੋਈ ਕੰਮ, ਨਾ ਖਿਆਲ, ਨਾ ਗਿਆਨ, ਨਾ ਬੁੱਧ ਹੈ।” ਤਾਂ ਫਿਰ, ਕੀ ਸ਼ੀਓਲ ਕਿਸੇ ਦੀ ਕਬਰ ਨੂੰ ਸੰਕੇਤ ਕਰਦਾ ਹੈ? ਨਹੀਂ। ਕਿਉਂਕਿ ਜਦ ਬਾਈਬਲ ਵਿਚ ਕਿਸੇ ਦੀ ਕਬਰ ਦੀ ਗੱਲ ਕੀਤੀ ਜਾਂਦੀ ਹੈ, ਤਦ ਉੱਥੇ ਸ਼ੀਓਲ ਅਤੇ ਹੇਡੀਜ਼ ਦੀ ਬਜਾਇ ਦੂਸਰੇ ਸ਼ਬਦ ਵਰਤੇ ਜਾਂਦੇ ਹਨ। (ਉਤਪਤ 23:7-9; ਮੱਤੀ 28:1) ਕਦੀ-ਕਦੀ ਕਿਸੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਇੱਕੋ ਕਬਰ ਵਿਚ ਦੱਬਿਆ ਜਾਂਦਾ ਸੀ, ਪਰ ਅਜਿਹੀ ਕਬਰ ਲਈ ਵੀ ਬਾਈਬਲ ਵਿਚ ਸ਼ੀਓਲ ਸ਼ਬਦ ਨਹੀਂ ਵਰਤਿਆ ਜਾਂਦਾ।—ਉਤਪਤ 49:30, 31.
ਯਸਾਯਾਹ 5:14 ਵਿਚ ਲਿਖਿਆ ਹੈ ਕਿ ਸ਼ੀਓਲ ਨੇ “ਆਪਣਾ ਮੂੰਹ ਬੇਅੰਤ ਅੱਡਿਆ ਹੈ।” ਭਾਵੇਂ ਕਿ ਸ਼ੀਓਲ ਨੇ ਬੇਸ਼ੁਮਾਰ ਲੋਕਾਂ ਨੂੰ ਨਿਗਲ ਲਿਆ ਹੈ, ਪਰ ਉਹ ਫਿਰ ਵੀ ਰੱਜਦਾ ਨਹੀਂ। (ਕਹਾਉਤਾਂ 30:15, 16) ਸ਼ੀਓਲ ‘ਕਦੀ ਤ੍ਰਿਪਤ ਨਹੀਂ ਹੁੰਦਾ।’ (ਕਹਾਉਤਾਂ 27:20) ਇਸ ਦਾ ਮਤਲਬ ਹੈ ਕਿ ਸ਼ੀਓਲ ਜਾਂ ਹੇਡੀਜ਼ ਕੋਈ ਅਸਲੀ ਕਬਰ ਜਾਂ ਅਸਲੀ ਜਗ੍ਹਾ ਨਹੀਂ ਹੈ।
ਤਾਂ ਫਿਰ ਸ਼ੀਓਲ ਜਾਂ ਹੇਡੀਜ਼ ਕੀ ਹੈ? ਆਓ ਆਪਾਂ ਦੇਖੀਏ ਕਿ ਬਾਈਬਲ ਕੀ ਦੱਸਦੀ ਹੈ।ਬਾਈਬਲ ਵਿਚ ਮੁਰਦਿਆਂ ਦੇ ਜੀ ਉੱਠਣ ਦੀ ਗੱਲ ਕੀਤੀ ਗਈ ਹੈ ਅਤੇ ਇਸ ਸਿੱਖਿਆ ਤੋਂ ਅਸੀਂ ਇਬਰਾਨੀ ਸ਼ਬਦ ਸ਼ੀਓਲ ਅਤੇ ਯੂਨਾਨੀ ਸ਼ਬਦ ਹੇਡੀਜ਼ ਦੇ ਸਹੀ ਮਤਲਬ ਬਾਰੇ ਜਾਣ ਸਕਦੇ ਹਾਂ। ਬਾਈਬਲ ਵਿਚ ਜਿੱਥੇ ਲੋਕਾਂ ਦੇ ਜੀ ਉੱਠਣ ਬਾਰੇ ਗੱਲ ਕੀਤੀ ਗਈ ਹੈ, ਉੱਥੇ ਇਹੀ ਦੋ ਸ਼ਬਦ ਵਰਤੇ ਗਏ ਹਨ। * (ਅੱਯੂਬ 14:13; ਰਸੂਲਾਂ ਦੇ ਕੰਮ 2:31; ਪ੍ਰਕਾਸ਼ ਦੀ ਕਿਤਾਬ 20:13) ਇਸ ਦਾ ਮਤਲਬ ਹੈ ਕਿ ਇਹ ਸ਼ਬਦ ਅਜਿਹੀ ਮੌਤ ਨੂੰ ਸੰਕੇਤ ਕਰਦੇ ਹਨ ਜਿਸ ਤੋਂ ਲੋਕ ਜੀ ਉਠਾਏ ਜਾਣਗੇ। ਬਾਈਬਲ ਇਹ ਵੀ ਦੱਸਦੀ ਹੈ ਕਿ ਸ਼ੀਓਲ ਅਤੇ ਹੇਡੀਜ਼ ਵਿਚ ਸਿਰਫ਼ ਪਰਮੇਸ਼ੁਰ ਦੇ ਸੇਵਕ ਹੀ ਨਹੀਂ, ਪਰ ਉਹ ਲੋਕ ਵੀ ਹਨ ਜਿਨ੍ਹਾਂ ਨੇ ਉਸ ਦੀ ਸੇਵਾ ਨਹੀਂ ਕੀਤੀ। (ਉਤਪਤ 37:35; ਜ਼ਬੂਰਾਂ ਦੀ ਪੋਥੀ 55:15) ਇਸ ਲਈ ਬਾਈਬਲ ਇਹ ਸਿਖਾਉਂਦੀ ਹੈ ਕਿ “ਪਰਮੇਸ਼ੁਰ ਮਰ ਚੁੱਕੇ ਧਰਮੀ ਅਤੇ ਕੁਧਰਮੀ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ।”—ਰਸੂਲਾਂ ਦੇ ਕੰਮ 24:15.
^ ਪੈਰਾ 2 ਇਸ ਦੇ ਉਲਟ ਜਿਨ੍ਹਾਂ ਲੋਕਾਂ ਨੂੰ ਨਹੀਂ ਜੀ ਉਠਾਇਆ ਜਾਵੇਗਾ, ਬਾਈਬਲ ਕਹਿੰਦੀ ਹੈ ਕਿ ਉਹ ਸ਼ੀਓਲ ਜਾਂ ਹੇਡੀਜ਼ ਵਿਚ ਹੋਣ ਦੀ ਬਜਾਇ ਗ਼ਹੈਨਾ ਵਿਚ ਹਨ [ਪੰਜਾਬੀ ਬਾਈਬਲ (OV) ਵਿਚ “ਨਰਕ” ਲਿਖਿਆ ਹੈ ਜੋ ਕਿ ਗ਼ਹੈਨਾ ਦਾ ਗ਼ਲਤ ਤਰਜਮਾ ਹੈ]। (ਮੱਤੀ 5:30; 10:28; 23:33) ਠੀਕ ਸ਼ੀਓਲ ਤੇ ਹੇਡੀਜ਼ ਵਾਂਗ ਗ਼ਹੈਨਾ ਵੀ ਕੋਈ ਅਸਲੀ ਜਗ੍ਹਾ ਨਹੀਂ ਹੈ।