ਭਾਗ 23
ਖ਼ੁਸ਼ ਖ਼ਬਰੀ ਦਾ ਪ੍ਰਚਾਰ ਦੂਰ-ਦੂਰ ਤਕ ਕੀਤਾ ਗਿਆ
ਪੌਲੁਸ ਰਸੂਲ ਸਮੁੰਦਰੋਂ ਪਾਰ ਦੂਰ-ਦੂਰ ਤਕ ਪ੍ਰਚਾਰ ਕਰਨ ਗਿਆ
ਮਸੀਹੀ ਬਣਨ ਤੋਂ ਬਾਅਦ ਪੌਲੁਸ ਜੋਸ਼ ਨਾਲ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਲੱਗਾ। ਪਹਿਲਾਂ ਉਹ ਮਸੀਹੀਆਂ ਨੂੰ ਸਤਾਉਂਦਾ ਹੁੰਦਾ ਸੀ, ਪਰ ਹੁਣ ਲੋਕ ਉਸ ਨੂੰ ਸਤਾਉਣ ਲੱਗੇ। ਪ੍ਰਚਾਰ ਦੇ ਦੌਰੇ ਕਰਦਿਆਂ ਪੌਲੁਸ ਥੱਕਿਆ ਨਹੀਂ, ਸਗੋਂ ਦੂਰ-ਦੂਰ ਤਕ ਖ਼ੁਸ਼ ਖ਼ਬਰੀ ਸੁਣਾਉਂਦਾ ਗਿਆ ਕਿ ਪਰਮੇਸ਼ੁਰ ਆਪਣੇ ਰਾਜ ਰਾਹੀਂ ਇਨਸਾਨਾਂ ਲਈ ਆਪਣਾ ਮਕਸਦ ਪੂਰਾ ਕਰੇਗਾ।
ਆਪਣੇ ਪਹਿਲੇ ਦੌਰੇ ਦੌਰਾਨ, ਲੁਸਤ੍ਰਾ ਸ਼ਹਿਰ ਵਿਚ ਪੌਲੁਸ ਨੇ ਜਨਮ ਤੋਂ ਇਕ ਲੰਗੜੇ ਨੂੰ ਠੀਕ ਕੀਤਾ। ਇਹ ਚਮਤਕਾਰ ਦੇਖ ਕੇ ਭੀੜ ਨੇ ਪੌਲੁਸ ਅਤੇ ਉਸ ਦੇ ਸਾਥੀ ਬਰਨਬਾਸ ਨੂੰ ਦੇਵਤਿਆਂ ਦਾ ਦਰਜਾ ਦਿੱਤਾ ਅਤੇ ਲੋਕ ਉਨ੍ਹਾਂ ਸਾਮ੍ਹਣੇ ਬਲੀਆਂ ਚੜ੍ਹਾਉਣ ਦੀ ਤਿਆਰੀ ਕਰਨ ਲੱਗੇ। ਪਰ ਉਨ੍ਹਾਂ ਦੋਵਾਂ ਨੇ ਮਸਾਂ ਹੀ ਲੋਕਾਂ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਿਆ। ਫਿਰ ਪੌਲੁਸ ਦੇ ਦੁਸ਼ਮਣਾਂ ਦੀ ਚੁੱਕ ਵਿਚ ਆ ਕੇ ਇਸੇ ਭੀੜ ਨੇ ਉਸ ਦੇ ਪੱਥਰ ਮਾਰੇ ਅਤੇ ਉਸ ਨੂੰ ਮਰਿਆ ਸਮਝ ਕੇ ਛੱਡ ਗਈ। ਪਰ ਪੌਲੁਸ ਬਚ ਗਿਆ ਅਤੇ ਕੁਝ ਸਮੇਂ ਬਾਅਦ ਉਹ ਉਸੇ ਸ਼ਹਿਰ ਵਿਚ ਭਰਾਵਾਂ ਨੂੰ ਹੌਸਲਾ ਦੇਣ ਅਤੇ ਤਕੜਾ ਕਰਨ ਲਈ ਵਾਪਸ ਗਿਆ।
ਮਸੀਹੀ ਬਣੇ ਕੁਝ ਯਹੂਦੀ ਬਹਿਸ ਕਰਨ ਲੱਗੇ ਕਿ ਗ਼ੈਰ-ਯਹੂਦੀ ਮਸੀਹੀਆਂ ਨੂੰ ਮੂਸਾ ਦੁਆਰਾ ਦਿੱਤੇ ਕਾਨੂੰਨ ਦੀਆਂ ਕੁਝ ਗੱਲਾਂ ਨੂੰ ਮੰਨਣਾ ਚਾਹੀਦਾ ਸੀ। ਪੌਲੁਸ ਇਸ ਬਾਰੇ ਯਰੂਸ਼ਲਮ ਵਿਚ ਰਸੂਲਾਂ ਤੇ ਬਜ਼ੁਰਗਾਂ ਨੂੰ ਪੁੱਛਣ ਗਿਆ। ਪਰਮੇਸ਼ੁਰ ਦੇ ਬਚਨ ਉੱਤੇ ਚੰਗੀ ਤਰ੍ਹਾਂ ਗੌਰ ਕਰਨ ਤੋਂ ਬਾਅਦ ਅਤੇ ਪਵਿੱਤਰ ਸ਼ਕਤੀ ਦੀ ਸੇਧ ਵਿਚ ਚੱਲ ਕੇ ਭਰਾਵਾਂ ਨੇ ਕਲੀਸਿਯਾਵਾਂ ਨੂੰ ਚਿੱਠੀਆਂ ਵਿਚ “ਜਰੂਰੀ ਗੱਲਾਂ” ਦੱਸੀਆਂ ਜਿਨ੍ਹਾਂ ’ਤੇ ਉਨ੍ਹਾਂ ਨੂੰ ਚੱਲਣ ਦੀ ਲੋੜ ਸੀ। ਉਨ੍ਹਾਂ ਨੇ ਦੱਸਿਆ ਕਿ ਮਸੀਹੀ ਮੂਰਤੀ-ਪੂਜਾ ਤੋਂ ਦੂਰ ਰਹਿਣ, ਲਹੂ ਨਾ ਖਾਣ ਅਤੇ ਉਸ ਜਾਨਵਰ ਦਾ ਮਾਸ ਨਾ ਖਾਣ ਜਿਸ ਦਾ ਲਹੂ ਨਾ ਵਹਾਇਆ ਗਿਆ ਹੋਵੇ ਅਤੇ ਹਰਾਮਕਾਰੀ ਨਾ ਕਰਨ। ਹੁਣ ਉਨ੍ਹਾਂ ਨੂੰ ਸਿਰਫ਼ ਇਨ੍ਹਾਂ ਹੁਕਮਾਂ ’ਤੇ ਚੱਲਣ ਦੀ ਲੋੜ ਸੀ, ਨਾ ਕਿ ਮੂਸਾ ਦੁਆਰਾ ਦਿੱਤੇ ਕਾਨੂੰਨ ’ਤੇ।
ਪ੍ਰਚਾਰ ਦੇ ਆਪਣੇ ਦੂਜੇ ਦੌਰੇ ’ਤੇ ਪੌਲੁਸ ਬਰਿਯਾ ਸ਼ਹਿਰ ਨੂੰ ਗਿਆ ਜੋ ਅੱਜ ਯੂਨਾਨ ਵਿਚ ਪੈਂਦਾ ਹੈ। ਉੱਥੇ ਰਹਿਣ ਵਾਲੇ ਯਹੂਦੀਆਂ ਨੇ ਖ਼ੁਸ਼ੀ ਨਾਲ ਪੌਲੁਸ ਦਾ ਸੰਦੇਸ਼ ਸੁਣਿਆ ਅਤੇ ਉਹ ਰੋਜ਼ ਪਰਮੇਸ਼ੁਰ ਦੇ ਬਚਨ ਵਿਚ ਦੇਖਦੇ ਸਨ ਕਿ ਉਨ੍ਹਾਂ ਨੂੰ ਦੱਸੀਆਂ ਗਈਆਂ ਗੱਲਾਂ ਸਹੀ ਸਨ ਜਾਂ ਨਹੀਂ। ਪਰ ਵਿਰੋਧ ਹੋਣ ਕਰਕੇ ਪੌਲੁਸ ਨੂੰ ਉਹ ਸ਼ਹਿਰ ਵੀ ਛੱਡ ਕੇ ਜਾਣਾ ਪਿਆ। ਉੱਥੋਂ ਉਹ ਐਥਿਨਜ਼ ਸ਼ਹਿਰ ਨੂੰ ਗਿਆ। ਐਥਿਨਜ਼ ਦੇ ਗਿਆਨੀਆਂ ਸਾਮ੍ਹਣੇ ਪੌਲੁਸ ਨੇ ਸਮਝਦਾਰੀ ਅਤੇ ਵਧੀਆ ਸ਼ਬਦ ਵਰਤ ਕੇ ਇਕ ਜ਼ੋਰਦਾਰ ਭਾਸ਼ਣ ਦਿੱਤਾ ਜੋ ਸਿੱਖਿਆ ਦੇਣ ਦੀ ਕਲਾ ਦਾ ਵਧੀਆ ਨਮੂਨਾ ਹੈ।
ਪ੍ਰਚਾਰ ਦੇ ਆਪਣੇ ਤੀਜੇ ਦੌਰੇ ਦੌਰਾਨ ਪੌਲੁਸ ਯਰੂਸ਼ਲਮ ਗਿਆ। ਜਦ ਉਹ ਉੱਥੇ ਮੰਦਰ ਨੂੰ ਗਿਆ, ਤਾਂ ਕੁਝ ਯਹੂਦੀਆਂ ਨੇ, ਜੋ ਪੌਲੁਸ ਨੂੰ ਮਾਰਨਾ ਚਾਹੁੰਦੇ ਸਨ, ਹੰਗਾਮਾ ਮਚਾ ਦਿੱਤਾ। ਉਸ ਵੇਲੇ ਰੋਮੀ ਸਿਪਾਹੀ ਪੌਲੁਸ ਨੂੰ ਲੈ ਗਏ ਅਤੇ ਉਸ ਤੋਂ ਪੁੱਛ-ਗਿੱਛ ਕੀਤੀ। ਰੋਮੀ ਨਾਗਰਿਕ ਹੋਣ ਕਰਕੇ ਉਸ ਨੇ ਰੋਮੀ ਗਵਰਨਰ ਫ਼ੇਲਿਕਸ ਸਾਮ੍ਹਣੇ ਆਪਣੀ ਸਫ਼ਾਈ ਪੇਸ਼ ਕੀਤੀ। ਯਹੂਦੀ ਪੌਲੁਸ ਉੱਤੇ ਲਾਏ ਇਲਜ਼ਾਮਾਂ ਨੂੰ ਸਹੀ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਪੇਸ਼ ਕਰ ਸਕੇ। ਜਦ ਪੌਲੁਸ ਨੂੰ ਫ਼ੇਸਤੁਸ ਨਾਂ ਦੇ ਇਕ ਹੋਰ ਰੋਮੀ ਗਵਰਨਰ ਦੇ ਸਾਮ੍ਹਣੇ ਪੇਸ਼ ਕੀਤਾ ਗਿਆ, ਤਾਂ ਪੌਲੁਸ ਇਹ ਨਹੀਂ ਚਾਹੁੰਦਾ ਸੀ ਕਿ ਉਹ ਉਸ ਨੂੰ ਯਹੂਦੀਆਂ ਦੇ ਹਵਾਲੇ ਕਰੇ। ਇਸ ਲਈ ਉਸ ਨੇ ਕਿਹਾ: “ਮੈਂ ਕੈਸਰ ਦੀ ਦੁਹਾਈ ਦਿੰਦਾ ਹਾਂ!” ਅਤੇ ਫ਼ੇਸਤੁਸ ਨੇ ਜਵਾਬ ਦਿੱਤਾ: “ਤੂੰ ਕੈਸਰ ਹੀ ਦੇ ਕੋਲ ਜਾਏਂਗਾ!”
ਪੌਲੁਸ ਨੂੰ ਮੁਕੱਦਮੇ ਵਾਸਤੇ ਸਮੁੰਦਰੀ ਜਹਾਜ਼ ਰਾਹੀਂ ਇਤਾਲਿਯਾ ਲਿਜਾਇਆ ਗਿਆ। ਰਾਹ ਵਿਚ ਉਸ ਦਾ ਜਹਾਜ਼ ਡੁੱਬ ਗਿਆ ਅਤੇ ਉਸ ਨੂੰ ਸਾਰਾ ਸਿਆਲ ਮਾਲਟਾ ਟਾਪੂ ’ਤੇ ਰਹਿਣਾ ਪਿਆ। ਰੋਮ ਪਹੁੰਚ ਕੇ ਉਹ ਦੋ ਸਾਲ ਕਿਰਾਏ ਦੇ ਮਕਾਨ ਵਿਚ ਰਿਹਾ। ਭਾਵੇਂ ਕਿ ਹਰ ਵੇਲੇ ਇਕ ਸਿਪਾਹੀ ਉਸ ’ਤੇ ਨਿਗਰਾਨੀ ਰੱਖਦਾ ਸੀ, ਫਿਰ ਵੀ ਉਹ ਉਨ੍ਹਾਂ ਸਾਰਿਆਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਜੋਸ਼ ਨਾਲ ਪ੍ਰਚਾਰ ਕਰਦਾ ਰਿਹਾ ਜੋ ਉਸ ਨੂੰ ਮਿਲਣ ਆਉਂਦੇ ਸਨ।