Skip to content

Skip to table of contents

ਝੂਠੇ ਧਰਮ ਦਾ ਅੰਤ

ਝੂਠੇ ਧਰਮ ਦਾ ਅੰਤ

ਅੱਠਵਾਂ ਅਧਿਆਇ

ਝੂਠੇ ਧਰਮ ਦਾ ਅੰਤ

ਯਸਾਯਾਹ 47:1-15

1, 2. (ੳ) ਕਈਆਂ ਨੂੰ ਇਹ ਗੱਲ ਅਣਹੋਣੀ ਕਿਉਂ ਲੱਗਦੀ ਹੈ ਕਿ ਦੁਨੀਆਂ ਦੇ ਧਰਮਾਂ ਵਿਚ ਇਕ ਵੱਡੀ ਤਬਦੀਲੀ ਆਉਣ ਵਾਲੀ ਹੈ? (ਅ) ਸਾਨੂੰ ਕਿਵੇਂ ਪਤਾ ਹੈ ਕਿ ਯਸਾਯਾਹ ਦੇ 47ਵੇਂ ਅਧਿਆਇ ਦੇ ਸ਼ਬਦਾਂ ਦੀ ਪੂਰਤੀ ਭਵਿੱਖ ਵਿਚ ਵੀ ਹੋਵੇਗੀ? (ੲ) ਸਾਰੇ ਧਰਮਾਂ ਨੂੰ ‘ਵੱਡੀ ਬਾਬੁਲ’ ਸੱਦਣਾ ਢੁਕਵਾਂ ਕਿਉਂ ਹੈ?

‘ਕਈ ਲੋਕ ਫਿਰ ਤੋਂ ਧਰਮ ਬਾਰੇ ਸੋਚ ਰਹੇ ਹਨ।’ ਦ ਨਿਊਯਾਰਕ ਟਾਈਮਜ਼ ਮੈਗਜ਼ੀਨ ਦੇ ਇਕ ਲੇਖ ਵਿਚ ਇਹ ਗੱਲ ਲਿਖੀ ਗਈ ਸੀ। ਇਸ ਲੇਖ ਨੇ ਕਿਹਾ ਕਿ ਮਜ਼ਹਬ ਅਜੇ ਵੀ ਲੱਖਾਂ ਹੀ ਲੋਕਾਂ ਦੇ ਦਿਲਾਂ ਅਤੇ ਮਨਾਂ ਉੱਤੇ ਅਸਰ ਪਾ ਰਹੇ ਹਨ। ਇਸ ਲਈ ਇਹ ਮੰਨਣਾ ਸ਼ਾਇਦ ਔਖਾ ਲੱਗੇ ਕਿ ਦੁਨੀਆਂ ਦੇ ਸਾਰੇ ਧਰਮਾਂ ਵਿਚ ਇਕ ਵੱਡੀ ਤਬਦੀਲੀ ਆਉਣ ਵਾਲੀ ਹੈ। ਪਰ ਸਾਨੂੰ ਅਜਿਹੀ ਤਬਦੀਲੀ ਦਾ ਸੰਕੇਤ ਯਸਾਯਾਹ ਦੇ 47ਵੇਂ ਅਧਿਆਇ ਤੋਂ ਮਿਲਦਾ ਹੈ।

2 ਯਸਾਯਾਹ ਦੇ ਸ਼ਬਦ 2,500 ਸਾਲ ਪਹਿਲਾਂ ਪੂਰੇ ਹੋਏ ਸਨ। ਪਰ ਯਸਾਯਾਹ 47:8 ਦੇ ਸ਼ਬਦ ਪਰਕਾਸ਼ ਦੀ ਪੋਥੀ ਵਿਚ ਦੁਹਰਾਏ ਗਏ ਹਨ। ਇਸ ਦਾ ਮਤਲਬ ਹੈ ਕਿ ਇਨ੍ਹਾਂ ਦੀ ਪੂਰਤੀ ਭਵਿੱਖ ਵਿਚ ਵੀ ਹੋਵੇਗੀ। ਪਰਕਾਸ਼ ਦੀ ਪੋਥੀ ਵਿਚ ਭਵਿੱਖਬਾਣੀ ਕੀਤੀ ਗਈ ਹੈ ਕਿ ‘ਵੱਡੀ ਬਾਬੁਲ,’ ਯਾਨੀ ਝੂਠੇ ਧਰਮ ਦੇ ਵਿਸ਼ਵ ਸਾਮਰਾਜ ਦਾ ਅੰਤ ਹੋਵੇਗਾ। (ਪਰਕਾਸ਼ ਦੀ ਪੋਥੀ 16:19) ਦੁਨੀਆਂ ਦੇ ਸਾਰੇ ਝੂਠੇ ਧਰਮਾਂ ਨੂੰ “ਬਾਬੁਲ” ਸੱਦਣਾ ਢੁਕਵਾਂ ਹੈ, ਕਿਉਂਕਿ ਝੂਠੇ ਧਰਮਾਂ ਦੀ ਸ਼ੁਰੂਆਤ ਪ੍ਰਾਚੀਨ ਬਾਬਲ ਵਿਚ ਹੀ ਹੋਈ ਸੀ। ਉੱਥੋਂ ਇਹ ਸਾਰੀ ਦੁਨੀਆਂ ਵਿਚ ਫੈਲ ਗਏ। (ਉਤਪਤ 11:1-9) ਅਮਰ ਆਤਮਾ, ਨਰਕ ਦੀ ਅੱਗ, ਅਤੇ ਤ੍ਰਿਮੂਰਤੀਆਂ ਦੀ ਪੂਜਾ ਵਰਗੀਆਂ ਸਿੱਖਿਆਵਾਂ ਬਾਬਲ ਤੋਂ ਹੀ ਸ਼ੁਰੂ ਹੋਈਆਂ ਸਨ। ਇਹ ਸਿੱਖਿਆਵਾਂ ਈਸਾਈ-ਜਗਤ ਅਤੇ ਤਕਰੀਬਨ ਸਾਰੇ ਧਰਮਾਂ ਵਿਚ ਸਿਖਾਈਆਂ ਜਾਂਦੀਆਂ ਹਨ। * ਕੀ ਯਸਾਯਾਹ ਦੀ ਭਵਿੱਖਬਾਣੀ ਧਰਮਾਂ ਦੇ ਭਵਿੱਖ ਬਾਰੇ ਸਾਨੂੰ ਕੁਝ ਦੱਸਦੀ ਹੈ?

ਬਾਬਲ ਨੂੰ ਨੀਵਾਂ ਕੀਤਾ ਗਿਆ

3. ਬਾਬਲੀ ਵਿਸ਼ਵ ਸ਼ਕਤੀ ਦੀ ਮਹਾਨਤਾ ਬਾਰੇ ਦੱਸੋ।

3 ਧਿਆਨ ਦਿਓ ਕਿ ਪਰਮੇਸ਼ੁਰ ਨੇ ਕੀ ਕਿਹਾ: “ਹੇ ਬਾਬਲ ਦੀਏ ਕੁਆਰੀਏ ਧੀਏ, ਹੇਠਾਂ ਆ ਅਤੇ ਖ਼ਾਕ ਵਿੱਚ ਬੈਠ! ਹੇ ਕਸਦੀਆਂ ਦੀਏ ਧੀਏ, ਸਿੰਘਾਸਣ ਬਿਨਾ ਭੁਞੇਂ ਬੈਠ, ਕਿਉਂ ਜੋ ਤੂੰ ਅੱਗੇ ਨੂੰ ਸੋਹਲ ਅਤੇ ਕੋਮਲ ਨਾ ਸਦਾਵੇਂਗੀ!” (ਯਸਾਯਾਹ 47:1) ਬਾਬਲ ਨੇ ਕਈਆਂ ਸਾਲਾਂ ਲਈ ਵਿਸ਼ਵ ਸ਼ਕਤੀ ਵਜੋਂ ਰਾਜ ਕੀਤਾ ਸੀ। ਉਹ “ਪਾਤਸ਼ਾਹੀਆਂ ਦੀ ਸਜਾਵਟ” ਸੀ, ਯਾਨੀ ਕਿ ਉਹ ਇਕ ਵੱਧ ਰਿਹਾ ਧਾਰਮਿਕ, ਵਪਾਰਕ, ਅਤੇ ਸੈਨਿਕ ਕੇਂਦਰ ਸੀ। (ਯਸਾਯਾਹ 13:19) ਜਦੋਂ ਬਾਬਲ ਆਪਣੀ ਤਾਕਤ ਦੇ ਸਿਖਰ ਤੇ ਸੀ, ਤਾਂ ਉਹ ਦੱਖਣ ਵੱਲ ਮਿਸਰ ਦੇ ਬੰਨੇ ਤਕ ਰਾਜ ਕਰਦਾ ਸੀ। ਅਤੇ ਜਦੋਂ ਉਸ ਨੇ 607 ਸਾ.ਯੁ.ਪੂ. ਵਿਚ ਯਰੂਸ਼ਲਮ ਨੂੰ ਹਰਾਇਆ, ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਪਰਮੇਸ਼ੁਰ ਵੀ ਉਸ ਦੀਆਂ ਜਿੱਤਾਂ ਨੂੰ ਨਹੀਂ ਰੋਕ ਸਕਦਾ ਸੀ! ਇਸ ਕਰਕੇ ਬਾਬਲ ਆਪਣੇ ਆਪ ਨੂੰ ‘ਕੁਆਰੀ ਧੀ’ ਸਮਝਦਾ ਸੀ, ਜਿਸ ਉੱਤੇ ਵਿਦੇਸ਼ੀ ਲੋਕ ਕਦੀ ਚੜ੍ਹਾਈ ਨਹੀਂ ਕਰ ਸਕੇ ਸਨ। *

4. ਬਾਬਲ ਨਾਲ ਕੀ ਹੋਇਆ ਸੀ?

4 ਪਰ, ਇਸ ਘਮੰਡੀ ‘ਕੁਆਰੀ’ ਨੂੰ ਵਿਸ਼ਵ ਸ਼ਕਤੀ ਦੀ ਪਦਵੀ ਤੋਂ ਲਾਹ ਕੇ ‘ਖ਼ਾਕ ਵਿਚ ਬਿਠਾਇਆ’ ਗਿਆ ਸੀ। (ਯਸਾਯਾਹ 26:5) ਉਸ ਨੂੰ ਇਕ ਲਾਡਲੀ ਰਾਣੀ ਵਾਂਗ “ਸੋਹਲ ਅਤੇ ਕੋਮਲ” ਨਹੀਂ ਸੱਦਿਆ ਗਿਆ ਸੀ। ਇਸ ਲਈ ਯਹੋਵਾਹ ਨੇ ਹੁਕਮ ਦਿੱਤਾ: “ਚੱਕੀ ਲੈ ਅਤੇ ਆਟਾ ਪੀਹ, ਆਪਣਾ ਬੁਰਕਾ ਲਾਹ, ਘੱਗਰਾ ਉਤਾਰ, ਲੱਤਾਂ ਨੰਗੀਆਂ ਕਰ, ਨਦੀਆਂ ਤੋਂ ਲੰਘ!” (ਯਸਾਯਾਹ 47:2) ਪਹਿਲਾਂ ਉਸ ਨੇ ਯਹੂਦਾਹ ਦੀ ਕੌਮ ਨੂੰ ਗ਼ੁਲਾਮੀ ਵਿਚ ਲਿਆਂਦਾ ਸੀ, ਪਰ ਫਿਰ ਉਸ ਨੂੰ ਖ਼ੁਦ ਗ਼ੁਲਾਮ ਬਣਾਇਆ ਗਿਆ ਸੀ। ਉਸ ਉੱਤੇ ਮਾਦੀਆਂ ਅਤੇ ਫ਼ਾਰਸੀਆਂ ਨੇ ਕਬਜ਼ਾ ਕਰ ਕੇ ਉਸ ਤੋਂ ਮਜ਼ਦੂਰੀ ਕਰਾਈ ਸੀ।

5. (ੳ) ਬਾਬਲ ਦਾ ‘ਬੁਰਕਾ ਅਤੇ ਘੱਗਰਾ’ ਕਿਵੇਂ ਉਤਾਰਿਆ ਗਿਆ ਸੀ? (ਅ) “ਨਦੀਆਂ ਤੋਂ ਲੰਘ” ਹੁਕਮ ਦਾ ਸ਼ਾਇਦ ਕੀ ਮਤਲਬ ਸੀ?

5 ਇਸ ਤਰ੍ਹਾਂ ਬਾਬਲ ਯਾਨੀ ਉਸ ਕੁਆਰੀ ਧੀ ਦਾ ‘ਬੁਰਕਾ ਅਤੇ ਘੱਗਰਾ’ ਉਤਾਰਿਆ ਗਿਆ ਸੀ ਅਤੇ ਉਸ ਨੇ ਆਪਣੀ ਮਹਾਨਤਾ ਅਤੇ ਲਾਜ ਗੁਆਈ। “ਨਦੀਆਂ ਤੋਂ ਲੰਘ” ਉਸ ਦੇ ਮਾਲਕਾਂ ਨੇ ਕਿਹਾ। ਸ਼ਾਇਦ ਕੁਝ ਬਾਬਲੀਆਂ ਨੂੰ ਗ਼ੁਲਾਮਾਂ ਵਾਂਗ ਬਾਹਰ ਮਜ਼ਦੂਰੀ ਕਰਨੀ ਪਈ ਸੀ। ਜਾਂ ਭਵਿੱਖਬਾਣੀ ਦਾ ਮਤਲਬ ਇਹ ਹੋ ਸਕਦਾ ਹੈ ਕਿ ਮਾਦੀ-ਫ਼ਾਰਸੀ ਉਨ੍ਹਾਂ ਨੂੰ ਸੱਚ-ਮੁੱਚ ਘੜੀਸ ਕੇ ਨਦੀਓਂ ਪਾਰ ਗ਼ੁਲਾਮ ਬਣਾ ਕੇ ਲੈ ਗਏ ਸਨ। ਮਤਲਬ ਜੋ ਵੀ ਹੋਇਆ, ਸੱਚ ਇਹ ਹੈ ਕਿ ਬਾਬਲ ਨੂੰ ਇਕ ਰਾਣੀ ਦੀ ਤਰ੍ਹਾਂ ਸ਼ਾਨਦਾਰ ਤਰੀਕੇ ਵਿਚ ਇਕ ਪਾਲਕੀ ਜਾਂ ਰਥ ਵਿਚ ਬਿਠਾ ਕੇ ਨਦੀਆਂ ਪਾਰ ਨਹੀਂ ਕਰਾਈਆਂ ਗਈਆਂ ਸਨ। ਸਗੋਂ ਉਸ ਨੂੰ ਇਕ ਬੇਸ਼ਰਮ ਗ਼ੁਲਾਮ ਔਰਤ ਵਾਂਗ, ਆਪਣਾ ਘੱਗਰਾ ਚੁੱਕ ਕੇ ਅਤੇ ਆਪਣੀਆਂ ਲੱਤਾਂ ਨੰਗੀਆਂ ਕਰ ਕੇ ਨਦੀਆਂ ਪਾਰ ਕਰਨੀਆਂ ਪਈਆਂ ਸਨ। ਉਸ ਦਾ ਕਿੰਨਾ ਅਪਮਾਨ ਹੋਇਆ!

6. (ੳ) ਬਾਬਲ ਨੂੰ ਨੰਗਾ ਕਿਵੇਂ ਕੀਤਾ ਜਾਣਾ ਸੀ? (ਅ) ਇਸ ਦਾ ਮਤਲਬ ਕੀ ਹੈ ਕਿ ਪਰਮੇਸ਼ੁਰ ‘ਕਿਸੇ ਆਦਮੀ ਦਾ ਪੱਖ ਨਹੀਂ ਕਰੇਗਾ’? (ਫੁਟਨੋਟ ਦੇਖੋ।)

6 ਯਹੋਵਾਹ ਨੇ ਹੋਰ ਤਾਅਨਾ ਮਾਰਿਆ: “ਤੇਰਾ ਨੰਗੇਜ ਉਘਾੜਿਆ ਜਾਵੇਗਾ, ਸਗੋਂ ਤੇਰੀ ਲਾਜ ਦਿੱਸੇਗੀ, ਮੈਂ ਬਦਲਾ ਲਵਾਂਗਾ, ਮੈਂ ਕਿਸੇ ਆਦਮੀ ਦਾ ਪੱਖ ਨਹੀਂ ਕਰਾਂਗਾ।” (ਯਸਾਯਾਹ 47:3) * ਜੀ ਹਾਂ ਬਾਬਲ ਦੀ ਬੇਇੱਜ਼ਤੀ ਅਤੇ ਬਦਨਾਮੀ ਹੋਈ। ਪਰਮੇਸ਼ੁਰ ਦੇ ਲੋਕਾਂ ਨਾਲ ਉਸ ਦੇ ਬੇਰਹਿਮ ਸਲੂਕ ਬਾਰੇ ਸਾਰਿਆਂ ਨੂੰ ਪਤਾ ਲੱਗ ਗਿਆ ਸੀ। ਕੋਈ ਵੀ ਮਨੁੱਖ ਪਰਮੇਸ਼ੁਰ ਨੂੰ ਬਦਲਾ ਲੈਣ ਤੋਂ ਨਹੀਂ ਰੋਕ ਸਕਦਾ ਸੀ!

7. (ੳ) ਯਹੂਦੀ ਗ਼ੁਲਾਮਾਂ ਨੇ ਬਾਬਲ ਦੇ ਡਿੱਗਣ ਦੀ ਖ਼ਬਰ ਸੁਣ ਕੇ ਕੀ ਕੀਤਾ ਸੀ? (ਅ) ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਵੇਂ ਛੁਡਾਇਆ ਸੀ?

7 ਪਰਮੇਸ਼ੁਰ ਦੇ ਲੋਕ ਸ਼ਕਤੀਸ਼ਾਲੀ ਬਾਬਲ ਵਿਚ 70 ਸਾਲਾਂ ਲਈ ਗ਼ੁਲਾਮ ਸਨ। ਉਨ੍ਹਾਂ ਨੇ ਉਸ ਦੇ ਡਿੱਗਣ ਤੇ ਬਹੁਤੀ ਖ਼ੁਸ਼ੀ ਮਨਾ ਕੇ ਪੁਕਾਰਿਆ: “ਸਾਡੇ ਛੁਟਕਾਰਾ ਦੇਣ ਵਾਲੇ ਦਾ ਨਾਮ ਸੈਨਾਂ ਦਾ ਯਹੋਵਾਹ ਅਤੇ ਇਸਰਾਏਲ ਦਾ ਪਵਿੱਤਰ ਪੁਰਖ ਹੈ।” (ਯਸਾਯਾਹ 47:4) ਮੂਸਾ ਦੀ ਬਿਵਸਥਾ ਦੇ ਅਧੀਨ ਜੇ ਕੋਈ ਇਸਰਾਏਲੀ ਆਪਣਾ ਕਰਜ਼ਾ ਚੁਕਾਉਣ ਲਈ ਆਪਣੇ ਆਪ ਨੂੰ ਗ਼ੁਲਾਮੀ ਵਿਚ ਵੇਚ ਦਿੰਦਾ ਸੀ, ਤਾਂ ਛੁਡਾਉਣ ਵਾਲਾ (ਉਸ ਦਾ ਕੋਈ ਸਾਕ-ਸੰਬੰਧੀ) ਉਸ ਨੂੰ ਗ਼ੁਲਾਮੀ ਵਿੱਚੋਂ ਖ਼ਰੀਦ ਸਕਦਾ ਸੀ, ਯਾਨੀ ਛੁਟਕਾਰਾ ਦਿਵਾ ਸਕਦਾ ਸੀ। (ਲੇਵੀਆਂ 25:47-54) ਯਹੂਦੀ ਲੋਕ ਬਾਬਲ ਦੀ ਗ਼ੁਲਾਮੀ ਵਿਚ ਵੇਚੇ ਗਏ ਸਨ ਅਤੇ ਇਸ ਲਈ ਉਨ੍ਹਾਂ ਨੂੰ ਛੁਟਕਾਰੇ ਦੀ ਜ਼ਰੂਰਤ ਸੀ। ਆਮ ਤੌਰ ਤੇ ਭਾਵੇਂ ਕੋਈ ਜਿੱਤੇ ਜਾਂ ਹਾਰੇ ਗ਼ੁਲਾਮ ਤਾਂ ਗ਼ੁਲਾਮ ਹੀ ਰਹਿੰਦੇ ਸਨ, ਪਰ ਉਨ੍ਹਾਂ ਦੇ ਮਾਲਕ ਬਦਲ ਜਾਂਦੇ ਸਨ। ਪਰ ਯਹੋਵਾਹ ਨੇ ਵਿਜੇਤੇ ਰਾਜਾ ਖੋਰਸ ਨੂੰ ਉਕਸਾਇਆ ਸੀ ਤਾਂਕਿ ਉਹ ਯਹੂਦੀਆਂ ਨੂੰ ਗ਼ੁਲਾਮੀ ਤੋਂ ਆਜ਼ਾਦ ਕਰ ਦੇਵੇ। ਯਹੂਦੀਆਂ ਦੇ ਬਦਲੇ ਯਹੋਵਾਹ ਨੇ ਖੋਰਸ ਨੂੰ ਮਿਸਰ, ਈਥੀਓਪੀਆ, ਅਤੇ ਸਬਾ ਦੇਸ਼ ਦਿੱਤੇ ਸਨ। (ਯਸਾਯਾਹ 43:3) ਇਹ ਢੁਕਵਾਂ ਸੀ ਕਿ ਇਸਰਾਏਲ ਦੇ ਛੁਡਾਉਣ ਵਾਲੇ ਨੂੰ “ਸੈਨਾਂ ਦਾ ਯਹੋਵਾਹ” ਸੱਦਿਆ ਗਿਆ ਸੀ। ਯਹੋਵਾਹ ਦੇ ਲੱਖਾਂ ਹੀ ਦੂਤਾਂ ਅੱਗੇ ਬਾਬਲ ਦੀ ਸ਼ਕਤੀਸ਼ਾਲੀ ਫ਼ੌਜ ਤਾਂ ਕੁਝ ਵੀ ਨਹੀਂ ਸੀ।

ਬੇਰਹਿਮੀ ਦੀ ਕੀਮਤ ਚੁਕਾਉਣੀ

8. ਬਾਬਲ ਕਿਸ ਭਾਵ ਵਿਚ ‘ਅਨ੍ਹੇਰੇ ਵਿੱਚ ਜਾ ਪਿਆ’ ਸੀ?

8 ਭਵਿੱਖਬਾਣੀ ਵਿਚ ਯਹੋਵਾਹ ਨੇ ਬਾਬਲ ਨੂੰ ਹੋਰ ਵੀ ਨਿੰਦਿਆ: “ਹੇ ਕਸਦੀਆਂ ਦੀਏ ਧੀਏ, ਚੁੱਪ ਕਰ ਕੇ ਬੈਠ! ਅਤੇ ਅਨ੍ਹੇਰੇ ਵਿੱਚ ਜਾ ਪਓ, ਕਿਉਂ ਜੋ ਤੂੰ ਅੱਗੇ ਨੂੰ ਪਾਤਸ਼ਾਹੀਆਂ ਦੀ ਮਲਕਾ ਨਾ ਸਦਾਵੇਂਗੀ!” (ਯਸਾਯਾਹ 47:5) ਬਾਬਲ ਲਈ ਹਨੇਰੇ ਅਤੇ ਉਦਾਸੀ ਤੋਂ ਸਿਵਾਇ ਹੋਰ ਕੁਝ ਨਹੀਂ ਸੀ। ਉਸ ਨੇ ਇਕ ਬੇਰਹਿਮ ਮਲਕਾ ਵਾਂਗ ਦੂਸਰੀਆਂ ਪਾਤਸ਼ਾਹੀਆਂ ਉੱਤੇ ਫਿਰ ਤੋਂ ਰਾਜ ਨਹੀਂ ਕੀਤਾ ਸੀ।​—ਯਸਾਯਾਹ 14:4.

9. ਯਹੋਵਾਹ ਯਹੂਦੀਆਂ ਨਾਲ ਗੁੱਸੇ ਕਿਉਂ ਹੋਇਆ ਸੀ?

9 ਬਾਬਲ ਨੂੰ ਪਰਮੇਸ਼ੁਰ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਇਜਾਜ਼ਤ ਕਿਉਂ ਦਿੱਤੀ ਗਈ ਸੀ? ਯਹੋਵਾਹ ਨੇ ਦੱਸਿਆ: “ਮੈਂ ਆਪਣੀ ਪਰਜਾ ਉੱਤੇ ਗੁੱਸੇ ਹੋਇਆ, ਮੈਂ ਆਪਣੀ ਮੀਰਾਸ ਨੂੰ ਭਰਿਸ਼ਟ ਕਰ ਕੇ ਤੇਰੇ ਹੱਥ ਦੇ ਦਿੱਤਾ।” (ਯਸਾਯਾਹ 47:6ੳ) ਯਹੋਵਾਹ ਕੋਲ ਯਹੂਦੀਆਂ ਨਾਲ ਗੁੱਸੇ ਹੋਣ ਦਾ ਚੰਗਾ ਕਾਰਨ ਸੀ। ਉਹ ਉਨ੍ਹਾਂ ਨੂੰ ਪਹਿਲਾਂ ਹੀ ਚੇਤਾਵਨੀ ਦੇ ਚੁੱਕਾ ਸੀ ਕਿ ਜੇ ਉਹ ਉਸ ਦੀ ਬਿਵਸਥਾ ਦੇ ਨਿਯਮ ਤੋੜਨਗੇ ਤਾਂ ਉਹ ਆਪਣੇ ਦੇਸ਼ ਵਿੱਚੋਂ ਕੱਢੇ ਜਾਣਗੇ। (ਬਿਵਸਥਾ ਸਾਰ 28:64) ਜਦੋਂ ਉਹ ਮੂਰਤੀ-ਪੂਜਾ ਅਤੇ ਬਦਚਲਣੀਆਂ ਕਰਨ ਲੱਗ ਪਏ ਸਨ, ਤਾਂ ਯਹੋਵਾਹ ਨੇ ਉਨ੍ਹਾਂ ਦੀ ਮਦਦ ਕਰਨ ਲਈ ਪਿਆਰ ਨਾਲ ਉਨ੍ਹਾਂ ਕੋਲ ਆਪਣੇ ਨਬੀ ਭੇਜੇ ਤਾਂਕਿ ਉਹ ਸ਼ੁੱਧ ਉਪਾਸਨਾ ਵੱਲ ਮੁੜ ਪੈਣ। ਪਰ “ਉਨ੍ਹਾਂ ਨੇ ਪਰਮੇਸ਼ੁਰ ਦੇ ਦੂਤਾਂ ਨੂੰ ਠੱਠੇ ਕੀਤੇ ਅਤੇ ਉਨ੍ਹਾਂ ਦੀਆ ਗੱਲਾਂ ਦੀ ਨਿੰਦਿਆ ਕੀਤੀ ਅਤੇ ਉਹ ਦੇ ਨਬੀਆਂ ਦਾ ਮਖੌਲ ਉਡਾਇਆ, ਐਥੋਂ ਤੀਕ ਕਿ ਯਹੋਵਾਹ ਦਾ ਗੁੱਸਾ ਆਪਣੇ ਲੋਕਾਂ ਉੱਤੇ ਅਜਿਹਾ ਭੜਕਿਆ ਕਿ ਕੋਈ ਚਾਰਾ ਨਾ ਰਿਹਾ।” (2 ਇਤਹਾਸ 36:16) ਇਸ ਲਈ ਪਰਮੇਸ਼ੁਰ ਨੇ ਆਪਣੀ ਮਿਰਾਸ ਯਹੂਦਾਹ ਨੂੰ ਭ੍ਰਿਸ਼ਟ ਹੋ ਲੈਣ ਦਿੱਤਾ ਜਦੋਂ ਬਾਬਲ ਨੇ ਦੇਸ਼ ਉੱਤੇ ਹਮਲਾ ਕਰ ਕੇ ਉਸ ਦੀ ਪਵਿੱਤਰ ਹੈਕਲ ਨੂੰ ਵੀ ਪਲੀਤ ਕਰ ਦਿੱਤਾ ਸੀ।​—ਜ਼ਬੂਰ 79:1; ਹਿਜ਼ਕੀਏਲ 24:21.

10, 11. ਯਹੋਵਾਹ ਬਾਬਲ ਨਾਲ ਗੁੱਸੇ ਕਿਉਂ ਸੀ, ਭਾਵੇਂ ਕਿ ਇਹ ਉਸ ਦੀ ਮਰਜ਼ੀ ਸੀ ਕਿ ਉਹ ਉਸ ਦੇ ਲੋਕਾਂ ਉੱਤੇ ਜਿੱਤ ਪ੍ਰਾਪਤ ਕਰੇ?

10 ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਕੀ ਬਾਬਲ ਨੇ ਸਿਰਫ਼ ਪਰਮੇਸ਼ੁਰ ਦੀ ਹੀ ਮਰਜ਼ੀ ਨਹੀਂ ਪੂਰੀ ਕੀਤੀ ਸੀ ਜਦੋਂ ਉਸ ਨੇ ਯਹੂਦੀਆਂ ਨੂੰ ਗ਼ੁਲਾਮ ਬਣਾਇਆ ਸੀ? ਨਹੀਂ, ਕਿਉਂਕਿ ਪਰਮੇਸ਼ੁਰ ਨੇ ਕਿਹਾ: “ਤੈਂ ਓਹਨਾਂ ਉੱਤੇ ਰਹਮ ਨਹੀਂ ਕੀਤਾ, ਤੈਂ ਬੁੱਢਿਆਂ ਉੱਤੇ ਆਪਣਾ ਜੂਲਾ ਬਹੁਤ ਭਾਰੀ ਕੀਤਾ। ਤੈਂ ਆਖਿਆ, ਮੈਂ ਸਦਾ ਲਈ ਮਲਕਾ ਰਹਾਂਗੀ! ਐਥੋਂ ਤੀਕ ਕਿ ਤੈਂ ਇਨ੍ਹਾਂ ਗੱਲਾਂ ਨੂੰ ਮਨ ਉੱਤੇ ਨਹੀਂ ਰੱਖਿਆ, ਨਾ ਇਨ੍ਹਾਂ ਦੇ ਓੜਕ ਦਾ ਚੇਤਾ ਰੱਖਿਆ।” (ਯਸਾਯਾਹ 47:6ਅ, 7) ਪਰਮੇਸ਼ੁਰ ਨੇ ਇਹ ਹੁਕਮ ਨਹੀਂ ਦਿੱਤਾ ਸੀ ਕਿ ਬਾਬਲ ਬੇਹੱਦ ਬੇਰਹਿਮ ਬਣੇ ਅਤੇ “ਬਜੁਰਗਾਂ ਉੱਤੇ” ਵੀ ਕਿਰਪਾ ਨਾ ਕਰੇ। (ਵਿਰਲਾਪ 4:16; 5:12) ਅਤੇ ਨਾ ਹੀ ਉਸ ਨੇ ਇਹ ਕਿਹਾ ਸੀ ਕਿ ਉਹ ਯਹੂਦੀ ਗ਼ੁਲਾਮਾਂ ਦਾ ਹਾਸਾ-ਮਖੌਲ ਉਡਾ ਕੇ ਖ਼ੁਸ਼ ਹੋਵੇ।​—ਜ਼ਬੂਰ 137:3.

11 ਬਾਬਲ ਨੇ ਇਹ ਗੱਲ ਨਹੀਂ ਸਮਝੀ ਕਿ ਯਹੂਦੀਆਂ ਉੱਤੇ ਉਸ ਦਾ ਕਬਜ਼ਾ ਸਿਰਫ਼ ਥੋੜ੍ਹੇ ਸਮੇਂ ਲਈ ਹੀ ਸੀ। ਉਸ ਨੇ ਯਸਾਯਾਹ ਦੀਆਂ ਚੇਤਾਵਨੀਆਂ ਵੱਲ ਧਿਆਨ ਨਹੀਂ ਦਿੱਤਾ ਕਿ ਯਹੋਵਾਹ ਆਪਣੇ ਲੋਕਾਂ ਨੂੰ ਆਜ਼ਾਦ ਕਰੇਗਾ। ਉਸ ਨੇ ਇਸ ਤਰ੍ਹਾਂ ਦਾ ਵਰਤਾਉ ਕੀਤਾ ਜਿਵੇਂ ਕਿ ਉਹ ਹਮੇਸ਼ਾ ਲਈ ਯਹੂਦੀਆਂ ਉੱਤੇ ਰਾਜ ਕਰੇਗੀ ਅਤੇ ਦੂਸਰੀਆਂ ਕੌਮਾਂ ਉੱਤੇ ਹਮੇਸ਼ਾ ਲਈ ਮਲਕਾ ਬਣੀ ਰਹੇਗੀ। ਉਸ ਨੇ ਇਸ ਸੁਨੇਹੇ ਵੱਲ ਧਿਆਨ ਨਹੀਂ ਦਿੱਤਾ ਕਿ ਉਸ ਦੇ ਬੇਰਹਿਮ ਰਾਜ ਦਾ “ਓੜਕ” ਜਾਂ ਅੰਤ ਹੋਵੇਗਾ!

ਬਾਬਲ ਦੇ ਡਿੱਗਣ ਦੀ ਭਵਿੱਖਬਾਣੀ

12. ਬਾਬਲ ਨੂੰ ‘ਮੌਜਣ’ ਕਿਉਂ ਸੱਦਿਆ ਗਿਆ ਸੀ?

12 ਯਹੋਵਾਹ ਨੇ ਐਲਾਨ ਕੀਤਾ: “ਹੁਣ ਤੂੰ ਏਹ ਸੁਣ ਲੈ, ਹੇ ਮੌਜਣੇ! ਜਿਹੜੀ ਨਿਚਿੰਤ ਬਹਿੰਦੀ ਹੈਂ, ਅਤੇ ਆਪਣੇ ਦਿਲ ਵਿੱਚ ਆਖਦੀ ਹੈਂ, ਮੈਂ ਹੀ ਹਾਂ ਅਤੇ ਮੈਥੋਂ ਬਿਨਾ ਹੋਰ ਕੋਈ ਨਹੀਂ! ਮੈਂ ਵਿਧਵਾ ਹੋ ਕੇ ਨਾ ਬੈਠਾਂਗੀ, ਮੈਂ ਬੱਚਿਆਂ ਦਾ ਸੱਲ ਨਾ ਜਾਣਾਂਗੀ।” (ਯਸਾਯਾਹ 47:8) ਬਾਬਲੀ ਲੋਕ ਮਨ-ਮੌਜਾਂ ਲਈ ਮਸ਼ਹੂਰ ਸਨ। ਪੰਜਵੀਂ ਸਦੀ ਸਾ.ਯੁ.ਪੂ. ਦੇ ਇਤਿਹਾਸਕਾਰ ਹੈਰੋਡੋਟਸ ਨੇ ਬਾਬਲੀਆਂ ਦੇ ਇਕ “ਸ਼ਰਮਨਾਕ ਰਿਵਾਜ” ਬਾਰੇ ਦੱਸਿਆ ਕਿ ਉੱਥੇ ਦੀਆਂ ਸਾਰੀਆਂ ਔਰਤਾਂ ਨੂੰ ਪ੍ਰੇਮ ਦੀ ਦੇਵੀ ਲਈ ਸ਼ਰਧਾ ਦਿਖਾਉਣ ਵਾਸਤੇ ਵੇਸਵਾ ਬਣਨਾ ਪੈਂਦਾ ਸੀ। ਇਕ ਹੋਰ ਪ੍ਰਾਚੀਨ ਇਤਿਹਾਸਕਾਰ ਨੇ ਦੱਸਿਆ ਕਿ ‘ਸ਼ਹਿਰ ਵਿਚ ਲੋਕਾਂ ਦਾ ਚਾਲ-ਚਲਣ ਬਹੁਤ ਖ਼ਰਾਬ ਸੀ। ਲੋਕ ਹਮੇਸ਼ਾ ਬਦਮਸਤੀਆਂ ਕਰਨ ਲਈ ਖਿੱਚੇ ਜਾਂਦੇ ਸਨ।’

13. ਬਾਬਲ ਦੀ ਮੌਜ-ਮਸਤੀ ਉਸ ਦੇ ਜਲਦੀ ਡਿੱਗਣ ਦਾ ਕਾਰਨ ਕਿਵੇਂ ਬਣੀ ਸੀ?

13 ਬਾਬਲ ਦੀ ਮੌਜ-ਮਸਤੀ ਉਸ ਦੇ ਜਲਦੀ ਡਿੱਗਣ ਦਾ ਕਾਰਨ ਸੀ। ਉਸ ਦੇ ਡਿੱਗਣ ਦੀ ਰਾਤ ਨੂੰ ਉਸ ਦਾ ਰਾਜਾ ਅਤੇ ਰਾਜੇ ਦੇ ਪ੍ਰਧਾਨ ਦਾਅਵਤ ਵਿਚ ਸਨ ਅਤੇ ਪੀ-ਪੀ ਕੇ ਮਸਤ ਹੋਏ ਸਨ। ਉਨ੍ਹਾਂ ਨੇ ਸ਼ਹਿਰ ਉੱਤੇ ਹਮਲਾ ਕਰ ਰਹੇ ਮਾਦੀ-ਫ਼ਾਰਸੀ ਫ਼ੌਜੀਆਂ ਵੱਲ ਕੋਈ ਧਿਆਨ ਨਹੀਂ ਦਿੱਤਾ। (ਦਾਨੀਏਲ 5:1-4) ‘ਨਿਚਿੰਤ ਬੈਠੀ’ ਬਾਬਲ ਨੇ ਸੋਚਿਆ ਕਿ ਉਸ ਦੀਆਂ ਵੱਡੀਆਂ-ਵੱਡੀਆਂ ਕੰਧਾਂ ਅਤੇ ਆਲੇ-ਦੁਆਲੇ ਦੀ ਖਾਈ ਉਸ ਨੂੰ ਹਮਲੇ ਤੋਂ ਬਚਾਉਣਗੀਆਂ। ਉਸ ਨੇ ਆਪਣੇ ਆਪ ਨੂੰ ਵਿਸ਼ਵਾਸ ਦਿਲਾਇਆ ਕਿ “ਹੋਰ ਕੋਈ ਨਹੀਂ” ਉਸ ਦੀ ਉੱਚੀ ਪਦਵੀ ਲੈ ਸਕਦਾ ਸੀ। ਉਸ ਨੇ ਸੋਚਿਆ ਕਿ ਉਹ “ਵਿਧਵਾ” ਨਹੀਂ ਬਣ ਸਕਦੀ ਸੀ, ਯਾਨੀ ਕਿ ਉਹ ਆਪਣਾ ਰਾਜਾ ਅਤੇ ਆਪਣੇ “ਬੱਚਿਆਂ” ਜਾਂ ਜਨਤਾ ਨੂੰ ਨਹੀਂ ਖੋਹ ਸਕਦੀ ਸੀ। ਪਰ ਕੋਈ ਵੀ ਕੰਧ ਉਸ ਨੂੰ ਯਹੋਵਾਹ ਪਰਮੇਸ਼ੁਰ ਦੀ ਬਦਲਾ ਲੈਣ ਦੀ ਸ਼ਕਤੀ ਤੋਂ ਨਹੀਂ ਬਚਾ ਸਕਦੀ ਸੀ! ਬਾਅਦ ਵਿਚ ਯੋਹਵਾਹ ਨੇ ਕਿਹਾ: “ਭਾਵੇਂ ਬਾਬਲ ਅਕਾਸ਼ ਉੱਤੇ ਚੜ੍ਹ ਜਾਵੇ, ਭਾਵੇਂ ਉਹ ਆਪਣੀ ਬਲਵੰਤ ਉੱਚਿਆਈ ਨੂੰ ਪੱਕਾ ਕਰੇ, ਤਦ ਵੀ ਮੇਰੀ ਵੱਲੋਂ ਬਰਬਾਦ ਕਰਨ ਵਾਲੇ ਉਸ ਦੇ ਉੱਤੇ ਆਉਣਗੇ।”​—ਯਿਰਮਿਯਾਹ 51:53.

14. ਬਾਬਲ ਉੱਤੇ “ਬੱਚਿਆਂ ਦਾ ਸੱਲ ਤੇ ਰੰਡੇਪਾ” ਕਿਵੇਂ ਆਇਆ ਸੀ?

14 ਬਾਬਲ ਲਈ ਕੀ ਸਿੱਟਾ ਨਿਕਲਿਆ ਸੀ? ਯਹੋਵਾਹ ਨੇ ਅੱਗੇ ਦੱਸਿਆ: “ਪਰ ਏਹ ਦੋਵੇਂ ਗੱਲਾਂ ਤੇਰੇ ਉੱਤੇ ਆ ਪੈਣਗੀਆਂ, ਇੱਕੇ ਦਿਨ ਇੱਕ ਪਲ ਵਿੱਚ ਬੱਚਿਆਂ ਦਾ ਸੱਲ ਤੇ ਰੰਡੇਪਾ! ਓਹ ਪੂਰੇ ਮਾਪ ਦੇ ਅਨੁਸਾਰ ਤੇਰੇ ਉੱਤੇ ਆ ਪੈਣਗੇ, ਭਾਵੇਂ ਤੇਰੀ ਜਾਦੂਗਰੀ ਵੱਧ ਅਤੇ ਤੇਰੀ ਝਾੜਾ ਫੂੰਕੀ ਬਹੁਤ ਵਾਫਰ ਹੋਵੇ।” (ਯਸਾਯਾਹ 47:9) ਜੀ ਹਾਂ, ਬਾਬਲ ਵਿਸ਼ਵ ਸ਼ਕਤੀ ਵਜੋਂ ਅਚਾਨਕ ਡਿੱਗ ਪਿਆ ਸੀ। ਪੁਰਾਣੇ ਜ਼ਮਾਨੇ ਦੇ ਪੂਰਬੀ ਦੇਸ਼ਾਂ ਵਿਚ, ਇਕ ਔਰਤ ਲਈ ਵਿਧਵਾ ਬਣਨਾ ਅਤੇ ਆਪਣੇ ਬੱਚੇ ਖੋਹਣੇ ਸਭ ਤੋਂ ਬਿਪਤਾ ਭਰੀਆਂ ਗੱਲਾਂ ਸਨ। ਅਸੀਂ ਇਹ ਨਹੀਂ ਜਾਣਦੇ ਕਿ ਜਿਸ ਰਾਤ ਬਾਬਲ ਡਿੱਗਿਆ ਉਸ ਨੇ ਕਿੰਨਿਆਂ “ਬੱਚਿਆਂ” ਨੂੰ ਖੋਹਿਆ ਸੀ। * ਪਰ ਸਮਾਂ ਆਉਣ ਤੇ ਉਹ ਸ਼ਹਿਰ ਵਿਰਾਨ ਹੋ ਗਿਆ ਸੀ। (ਯਿਰਮਿਯਾਹ 51:29) ਉਹ ਵਿਧਵਾ ਵੀ ਬਣੀ ਜਦੋਂ ਉਸ ਦੇ ਰਾਜੇ ਗੱਦੀਓਂ ਲਾਹੇ ਗਏ ਸਨ।

15. ਬਾਬਲੀਆਂ ਦੀ ਬੇਰਹਿਮੀ ਤੋਂ ਇਲਾਵਾ, ਯਹੋਵਾਹ ਹੋਰ ਕਿਸ ਕਾਰਨ ਲਈ ਉਨ੍ਹਾਂ ਨਾਲ ਗੁੱਸੇ ਸੀ?

15 ਪਰ, ਯਹੂਦੀਆਂ ਨਾਲ ਬਾਬਲੀਆਂ ਦੀ ਬਦਸਲੂਕੀ ਹੀ ਯਹੋਵਾਹ ਦੇ ਗੁੱਸੇ ਦਾ ਕਾਰਨ ਨਹੀਂ ਸੀ। ਬਾਬਲ ਦੀ “ਜਾਦੂਗਰੀ” ਨੇ ਵੀ ਯਹੋਵਾਹ ਦੇ ਗੁੱਸੇ ਨੂੰ ਭੜਕਾਇਆ ਸੀ। ਇਸਰਾਏਲ ਨੂੰ ਦਿੱਤੀ ਗਈ ਪਰਮੇਸ਼ੁਰ ਦੀ ਬਿਵਸਥਾ ਵਿਚ ਜਾਦੂ-ਟੂਣਾ ਮਨ੍ਹਾ ਸੀ। ਪਰ ਬਾਬਲ ਵਿਚ ਜਾਦੂਗਰੀ ਬੜੀ ਮਸ਼ਹੂਰ ਸੀ। (ਬਿਵਸਥਾ ਸਾਰ 18:10-12; ਹਿਜ਼ਕੀਏਲ 21:21) ਅੰਗ੍ਰੇਜ਼ੀ ਵਿਚ ਅੱਸ਼ੂਰੀਆਂ ਅਤੇ ਬਾਬਲੀਆਂ ਦੀ ਜ਼ਿੰਦਗੀ ਨਾਂ ਦੀ ਪੁਸਤਕ ਕਹਿੰਦੀ ਹੈ ਕਿ ਬਾਬਲੀ ਲੋਕ “ਮੰਨਦੇ ਸਨ ਕਿ ਉਨ੍ਹਾਂ ਦੇ ਆਲੇ-ਦੁਆਲੇ ਕਈ ਭੂਤ ਰਹਿੰਦੇ ਸਨ, ਜਿਨ੍ਹਾਂ ਤੋਂ ਉਹ ਬਹੁਤ ਡਰਦੇ ਸਨ।”

ਬਦੀ ਉੱਤੇ ਭਰੋਸਾ ਰੱਖਣਾ

16, 17. (ੳ) ਬਾਬਲ ਨੇ “ਆਪਣੀ ਬਦੀ ਉੱਤੇ ਭਰੋਸਾ” ਕਿਵੇਂ ਰੱਖਿਆ ਸੀ? (ਅ) ਬਾਬਲ ਦੀ ਬਿਪਤਾ ਰੋਕੀ ਕਿਉਂ ਨਹੀਂ ਜਾ ਸਕਦੀ ਸੀ?

16 ਕੀ ਬਾਬਲ ਦੇ ਜੋਤਸ਼ੀ ਉਸ ਨੂੰ ਬਚਾ ਸਕਦੇ ਸਨ? ਯਹੋਵਾਹ ਨੇ ਇਸ ਸਵਾਲ ਦਾ ਜਵਾਬ ਦਿੱਤਾ: “ਤੈਂ ਆਪਣੀ ਬਦੀ ਉੱਤੇ ਭਰੋਸਾ ਰੱਖਿਆ, ਤੈਂ ਆਖਿਆ, ਕੋਈ ਮੈਨੂੰ ਵੇਖਦਾ ਨਹੀਂ, ਤੇਰੀ ਬੁੱਧ ਅਤੇ ਤੇਰੇ ਗਿਆਨ ਨੇ ਤੈਨੂੰ ਕੁਰਾਹੇ ਪਾਇਆ, ਤੈਂ ਆਪਣੇ ਮਨ ਵਿੱਚ ਆਖਿਆ ਸੀ, ਮੈਂ ਹੀ ਹਾਂ ਅਰ ਮੈਥੋਂ ਬਿਨਾ ਹੋਰ ਕੋਈ ਨਹੀਂ!” (ਯਸਾਯਾਹ 47:10) ਬਾਬਲ ਦੇ ਭਾਣੇ ਉਸ ਦੀ ਦੁਨੀਆਵੀ ਅਤੇ ਮਜ਼ਹਬੀ ਬੁੱਧ, ਉਸ ਦੀ ਸੈਨਿਕ ਤਾਕਤ, ਅਤੇ ਉਸ ਦੀ ਚਲਾਕੀ ਅਤੇ ਬੇਰਹਿਮੀ ਕਰਕੇ ਉਹ ਵਿਸ਼ਵ ਸ਼ਕਤੀ ਬਣਿਆ ਰਹੇਗਾ। ਉਸ ਨੇ ਸੋਚਿਆ ਕਿ ਉਸ ਨੂੰ ਕੋਈ “ਵੇਖਦਾ” ਨਹੀਂ ਸੀ, ਮਤਲਬ ਕਿ ਉਸ ਦੇ ਬੁਰੇ ਕੰਮਾਂ ਲਈ ਉਸ ਨੂੰ ਕਿਸੇ ਨੂੰ ਲੇਖਾ ਨਹੀਂ ਦੇਣਾ ਪੈਣਾ। ਨਾ ਹੀ ਉਹ ਇਹ ਦੇਖ ਸਕਦਾ ਸੀ ਕਿ ਇਕ ਦੁਸ਼ਮਣ ਆ ਰਿਹਾ ਸੀ। ਉਸ ਨੇ ਕਿਹਾ “ਮੈਂ ਹੀ ਹਾਂ ਅਰ ਮੈਥੋਂ ਬਿਨਾ ਹੋਰ ਕੋਈ ਨਹੀਂ!”

17 ਪਰ ਯਹੋਵਾਹ ਨੇ ਆਪਣੇ ਇਕ ਹੋਰ ਨਬੀ ਰਾਹੀਂ ਇਹ ਚੇਤਾਵਨੀ ਦਿੱਤੀ ਸੀ: “ਕੀ ਕੋਈ ਮਨੁੱਖ ਆਪਣੇ ਆਪ ਨੂੰ ਪੜਦੇ ਵਿੱਚ ਲੁਕਾ ਲਵੇਗਾ ਕਿ ਮੈਂ ਉਹ ਨੂੰ ਨਾ ਵੇਖਾਂ?” (ਯਿਰਮਿਯਾਹ 23:24; ਇਬਰਾਨੀਆਂ 4:13) ਇਸ ਲਈ ਯਹੋਵਾਹ ਨੇ ਐਲਾਨ ਕੀਤਾ: “ਬਿਪਤਾ ਤੇਰੇ ਉੱਤੇ ਆ ਪਵੇਗੀ, ਤੂੰ ਉਹ ਦੇ ਜੰਤਰ ਮੰਤਰ ਨੂੰ ਨਹੀਂ ਜਾਣੇਂਗੀ, ਬਰਬਾਦੀ ਤੇਰੇ ਉੱਤੇ ਡਿੱਗੇਗੀ, ਤੂੰ ਉਹ ਨੂੰ ਹਟਾ ਨਹੀਂ ਸੱਕੇਂਗੀ, ਤਬਾਹੀ ਅਚਾਣਕ ਤੇਰੇ ਉੱਤੇ ਆਵੇਗੀ, ਜਿਹ ਨੂੰ ਤੂੰ ਨਹੀਂ ਜਾਣਦੀ।” (ਯਸਾਯਾਹ 47:11) ਬਾਬਲ ਦੇ ਦੇਵਤੇ ਅਤੇ ਜਾਦੂਗਰਾਂ ਦੇ “ਜੰਤਰ ਮੰਤਰ” ਬਿਪਤਾ ਨੂੰ ਨਹੀਂ ਰੋਕ ਸਕੇ ਸਨ। ਅਤੇ ਬਾਬਲ ਉੱਤੇ ਅਜਿਹੀ ਬਿਪਤਾ ਆਈ ਜੋ ਉਸ ਨੇ ਪਹਿਲਾਂ ਕਦੀ ਨਹੀਂ ਦੇਖੀ ਸੀ!

ਬਾਬਲ ਦੇ ਸਲਾਹਕਾਰ ਅਸਫ਼ਲ ਹੋਏ

18, 19. ਸਲਾਹਕਾਰਾਂ ਉੱਤੇ ਬਾਬਲ ਦਾ ਭਰੋਸਾ ਵਿਅਰਥ ਕਿਵੇਂ ਸਾਬਤ ਹੋਇਆ ਸੀ?

18 ਯਹੋਵਾਹ ਨੇ ਚੁਭਵੀਂ ਗੱਲ ਕਹਿ ਕੇ ਹੁਕਮ ਕੀਤਾ: “ਤੂੰ ਆਪਣੀਆਂ ਝਾੜਾ ਫੂੰਕੀਆਂ ਵਿੱਚ, ਅਤੇ ਆਪਣੀਆਂ ਜਾਦੂਗਰੀਆਂ ਦੇ ਵਾਧੇ ਵਿੱਚ ਕਾਇਮ ਰਹੁ, ਜਿਨ੍ਹਾਂ ਵਿੱਚ ਤੈਂ ਆਪਣੀ ਜੁਆਨੀ ਤੋਂ ਮਿਹਨਤ ਕੀਤੀ, ਸ਼ਾਇਤ ਤੈਨੂੰ ਲਾਭ ਹੋ ਸੱਕੇ, ਸ਼ਾਇਤ ਤੂੰ ਭਿਆਣਕ ਹੋ ਜਾਵੇਂ!” (ਯਸਾਯਾਹ 47:12) ਬਾਬਲ ਨੂੰ ਜਾਦੂਗਰੀ ਵਿਚ ‘ਕਾਇਮ ਰਹਿਣ’ ਲਈ ਕਿਉਂ ਕਿਹਾ ਗਿਆ ਸੀ? ਕਿਉਂਕਿ ਬਾਬਲ ਦੀ ਕੌਮ ਆਪਣੀ “ਜੁਆਨੀ” ਤੋਂ ਜਾਦੂਗਰੀ ਵਿਚ ਲੱਗੀ ਰਹੀ ਸੀ।

19 ਪਰ ਯਹੋਵਾਹ ਨੇ ਤਾਅਨਾ ਮਾਰਿਆ: “ਤੂੰ ਆਪਣੀਆਂ ਬਹੁਤੀਆਂ ਸਲਾਹਾਂ ਨਾਲ ਥੱਕ ਗਈ, ਅਕਾਸ਼ ਦੇ ਵੰਡਣ ਵਾਲੇ, ਤਾਰਿਆਂ ਦੇ ਵੇਖਣ ਵਾਲੇ, ਨਵੇਂ ਚੰਦ ਦੇ ਟੇਵੇ ਲਾਉਣ ਵਾਲੇ, ਓਹ ਖਲੋ ਜਾਣ ਅਤੇ ਤੈਨੂੰ ਬਚਾਉਣ, ਉਨ੍ਹਾਂ ਗੱਲਾਂ ਤੋਂ ਜਿਹੜੀਆਂ ਤੇਰੇ ਉੱਤੇ ਬੀਤਣਗੀਆਂ!” (ਯਸਾਯਾਹ 47:13) * ਬਾਬਲ ਦੇ ਸਲਾਹਕਾਰ ਬਿਲਕੁਲ ਅਸਫ਼ਲ ਹੋਏ। ਇਹ ਸੱਚ ਹੈ ਕਿ ਸਦੀਆਂ ਤੋਂ ਬਾਬਲ ਨੇ ਆਕਾਸ਼ੀ ਪਿੰਡਾਂ ਅਤੇ ਤਾਰਿਆਂ ਦਾ ਅਧਿਐਨ ਕਰ ਕੇ ਜੋਤਸ਼-ਵਿਦਿਆ ਪ੍ਰਾਪਤ ਕੀਤੀ ਸੀ। ਪਰ ਉਸ ਦੇ ਡਿੱਗਣ ਦੀ ਰਾਤ ਨੂੰ ਉਸ ਦੇ ਜੋਤਸ਼ੀਆਂ ਦੀ ਅਸਫ਼ਲਤਾ ਨੇ ਦਿਖਾਇਆ ਕਿ ਉਨ੍ਹਾਂ ਦੀ ਵਿਦਿਆ ਵਿਅਰਥ ਸੀ।​—ਦਾਨੀਏਲ 5:7, 8.

20. ਬਾਬਲ ਦੇ ਸਲਾਹਕਾਰਾਂ ਨੂੰ ਕਿਹੜੀ ਸਜ਼ਾ ਮਿਲੀ ਸੀ?

20 ਯਹੋਵਾਹ ਨੇ ਭਵਿੱਖਬਾਣੀ ਦੇ ਇਸ ਹਿੱਸੇ ਨੂੰ ਸਮਾਪਤ ਕਰਦੇ ਹੋਏ ਕਿਹਾ: “ਵੇਖੋ, ਓਹ ਭੋਹ ਵਾਂਙੁ ਹੋਣਗੇ, ਅੱਗ ਓਹਨਾਂ ਨੂੰ ਸਾੜੇਗੀ, ਓਹ ਆਪਣੇ ਆਪ ਨੂੰ ਲੰਬ ਦੇ ਜ਼ੋਰ ਤੋਂ ਨਹੀਂ ਛੁਡਾ ਸੱਕਣਗੇ, ਏਹ ਸੇਕਣ ਲਈ ਕੋਲੇ ਨਹੀਂ ਹੋਣਗੇ, ਨਾ ਨੇੜੇ ਬੈਠਣ ਲਈ ਅੱਗ! ਓਹ ਤੇਰੇ ਲਈ ਐਉਂ ਹੋਣਗੇ, ਜਿਨ੍ਹਾਂ ਨਾਲ ਤੈਂ ਮਿਹਨਤ ਕੀਤੀ, ਜਿਹੜੇ ਤੇਰੇ ਨਾਲ ਤੇਰੀ ਜੁਆਨੀ ਤੋਂ ਬੁਪਾਰ ਕਰਦੇ ਸਨ, ਓਹ ਸਭ ਆਪਣੇ ਆਪਣੇ ਥਾਵਾਂ ਨੂੰ ਖਿਸਕ ਜਾਣਗੇ, ਤੈਨੂੰ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ।” (ਯਸਾਯਾਹ 47:14, 15) ਜੀ ਹਾਂ, ਇਨ੍ਹਾਂ ਝੂਠੇ ਸਲਾਹਕਾਰਾਂ ਨੂੰ ਅੱਗ ਵਰਗੀ ਸਜ਼ਾ ਮਿਲੀ। ਇਹ ਅਜਿਹੀ ਅੱਗ ਨਹੀਂ ਸੀ ਜਿਸ ਦੁਆਲੇ ਲੋਕ ਬੈਠ ਕੇ ਆਪਣੇ ਆਪ ਨੂੰ ਸੇਕ ਸਕਦੇ ਸਨ। ਨਹੀਂ, ਇਹ ਭਸਮ ਕਰਨ ਵਾਲੀ ਅੱਗ ਸੀ ਜਿਸ ਨੇ ਦਿਖਾਇਆ ਕਿ ਸਲਾਹਕਾਰ ਭੋਹ ਵਾਂਗ ਵਿਅਰਥ ਸਨ। ਤਾਂ ਫਿਰ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਸੀ ਕਿ ਬਾਬਲ ਦੇ ਸਲਾਹਕਾਰ ਡਰ ਦੇ ਮਾਰੇ ਭੱਜ ਗਏ ਸਨ! ਬਾਬਲ ਲਈ ਕੋਈ ਸਹਾਰਾ ਨਾ ਰਿਹਾ, ਅਤੇ ਉਸ ਨੂੰ ਬਚਾਉਣ ਵਾਲਾ ਕੋਈ ਨਹੀਂ ਸੀ। ਉਸ ਨੂੰ ਉਹੀ ਸਜ਼ਾ ਮਿਲੀ ਜੋ ਉਸ ਨੇ ਯਰੂਸ਼ਲਮ ਨੂੰ ਦਿੱਤੀ ਸੀ।​—ਯਿਰਮਿਯਾਹ 11:12.

21. ਯਸਾਯਾਹ ਦੀ ਭਵਿੱਖਬਾਣੀ ਕਿਵੇਂ ਅਤੇ ਕਦੋਂ ਪੂਰੀ ਹੋਈ ਸੀ?

21 ਸੰਨ 539 ਸਾ.ਯੁ.ਪੂ. ਵਿਚ ਪਰਮੇਸ਼ੁਰ ਵੱਲੋਂ ਇਹ ਸ਼ਬਦ ਪੂਰੇ ਹੋਣ ਲੱਗੇ। ਖੋਰਸ ਦੇ ਅਧੀਨ ਮਾਦੀ-ਫ਼ਾਰਸੀ ਫ਼ੌਜਾਂ ਨੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਅਤੇ ਉਸ ਦੇ ਰਾਜੇ, ਬੇਲਸ਼ੱਸਰ ਨੂੰ ਮਾਰ ਸੁੱਟਿਆ। (ਦਾਨੀਏਲ 5:1-4, 30) ਇੱਕੋ ਰਾਤ ਵਿਚ ਬਾਬਲ ਇਕ ਵਿਸ਼ਵ ਸ਼ਕਤੀ ਵਜੋਂ ਆਪਣੀ ਸ਼ਾਨਦਾਰ ਪਦਵੀ ਤੋਂ ਲਾਹਿਆ ਗਿਆ ਸੀ। ਇਸ ਤਰ੍ਹਾਂ ਸਦੀਆਂ ਦਾ ਸਾਮੀ ਰਾਜ ਖ਼ਤਮ ਹੋ ਗਿਆ ਅਤੇ ਦੁਨੀਆਂ ਆਰੀਆਈ ਲੋਕਾਂ ਦੇ ਇਖ਼ਤਿਆਰ ਅਧੀਨ ਹੋ ਗਈ। ਇਸ ਤੋਂ ਬਾਅਦ ਬਾਬਲ ਦੀ ਸ਼ਕਤੀ ਸਦੀਆਂ ਲਈ ਘੱਟਦੀ ਰਹੀ। ਚੌਥੀ ਸਦੀ ਸਾ.ਯੁ. ਤਕ ਉਹ “ਥੇਹ” ਹੋ ਚੁੱਕਾ ਸੀ। (ਯਿਰਮਿਯਾਹ 51:37) ਇਸ ਤਰ੍ਹਾਂ ਯਸਾਯਾਹ ਦੀ ਭਵਿੱਖਬਾਣੀ ਐੱਨ ਪੂਰੀ ਹੋਈ।

ਸਾਡੇ ਜ਼ਮਾਨੇ ਦੀ ਬਾਬੁਲ

22. ਬਾਬਲ ਦਾ ਡਿੱਗਣਾ ਸਾਨੂੰ ਘਮੰਡ ਕਰਨ ਬਾਰੇ ਕਿਹੜਾ ਸਬਕ ਸਿਖਾਉਂਦਾ ਹੈ?

22 ਯਸਾਯਾਹ ਦੀ ਭਵਿੱਖਬਾਣੀ ਵਿਚ ਬਹੁਤ ਸਾਰੀਆਂ ਗੱਲਾਂ ਹਨ ਜਿਨ੍ਹਾਂ ਬਾਰੇ ਸਾਨੂੰ ਸੋਚਣਾ ਚਾਹੀਦਾ ਹੈ। ਇਕ ਗੱਲ ਇਹ ਹੈ ਕਿ ਇਹ ਘਮੰਡ ਅਤੇ ਹੰਕਾਰ ਦੇ ਖ਼ਤਰੇ ਜ਼ਾਹਰ ਕਰਦੀ ਹੈ। ਘਮੰਡੀ ਬਾਬਲ ਦੇ ਡਿੱਗਣ ਨੇ ਬਾਈਬਲ ਦੀ ਇਸ ਕਹਾਵਤ ਨੂੰ ਸੱਚਾ ਸਾਬਤ ਕੀਤਾ: “ਨਾਸ ਤੋਂ ਪਹਿਲਾਂ ਹੰਕਾਰ ਅਤੇ ਡਿੱਗਣ ਤੋਂ ਪਹਿਲਾਂ ਘੁਮੰਡੀ ਰੂਹ ਹੁੰਦੀ ਹੈ।” (ਕਹਾਉਤਾਂ 16:18) ਅਪੂਰਣ ਹੋਣ ਕਰਕੇ ਅਸੀਂ ਕਦੇ-ਕਦੇ ਬਹੁਤ ਘਮੰਡ ਕਰਦੇ ਹਾਂ, ਪਰ ਘਮੰਡ ਨਾਲ “ਫੁੱਲ ਕੇ” ਅਸੀਂ ‘ਸ਼ਤਾਨ ਦੀ ਫਾਹੀ ਵਿੱਚ ਫਸ’ ਸਕਦੇ ਹਾਂ। (1 ਤਿਮੋਥਿਉਸ 3:6, 7) ਇਸ ਲਈ ਸਾਨੂੰ ਯਾਕੂਬ ਦੀ ਸਲਾਹ ਵੱਲ ਧਿਆਨ ਦੇਣਾ ਚਾਹੀਦਾ ਹੈ: “ਪ੍ਰਭੁ ਦੇ ਅੱਗੇ ਨੀਵੇਂ ਬਣੋ ਤਾਂ ਉਹ ਤੁਹਾਨੂੰ ਉੱਚਿਆਂ ਕਰੇਗਾ।”​—ਯਾਕੂਬ 4:10.

23. ਯਸਾਯਾਹ ਦੀ ਭਵਿੱਖਬਾਣੀ ਸਾਨੂੰ ਕਿਸ ਉੱਤੇ ਭਰੋਸਾ ਰੱਖਣ ਵਿਚ ਮਦਦ ਦਿੰਦੀ ਹੈ?

23 ਇਹ ਭਵਿੱਖਬਾਣੀ ਸਾਨੂੰ ਯਹੋਵਾਹ ਉੱਤੇ ਭਰੋਸਾ ਰੱਖਣ ਵਿਚ ਵੀ ਮਦਦ ਦਿੰਦੀ ਹੈ ਕਿਉਂਕਿ ਯਹੋਵਾਹ ਆਪਣੇ ਸਾਰਿਆਂ ਵਿਰੋਧੀਆਂ ਨਾਲੋਂ ਸ਼ਕਤੀਸ਼ਾਲੀ ਹੈ। (ਜ਼ਬੂਰ 24:8; 34:7; 50:15; 91:14, 15) ਇਹ ਗੱਲ ਸਾਨੂੰ ਇਨ੍ਹਾਂ ਔਖਿਆਂ ਸਮਿਆਂ ਵਿਚ ਦਿਲਾਸਾ ਦਿੰਦੀ ਹੈ। ਯਹੋਵਾਹ ਉੱਤੇ ਸਾਡਾ ਭਰੋਸਾ ਸਾਨੂੰ ਉਸ ਦੀ ਨਜ਼ਰ ਵਿਚ ਨਿਰਦੋਸ਼ ਰਹਿਣ ਲਈ ਦ੍ਰਿੜ੍ਹ ਬਣਾਉਂਦਾ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਚੰਗੇ ਬੰਦੇ ਦਾ ਭਵਿੱਖ ਚੰਗਾ ਹੋਵੇਗਾ। (ਜ਼ਬੂਰ 37:37, 38) ਸ਼ਤਾਨ ਦੇ “ਛਲ ਛਿੱਦ੍ਰਾਂ” ਦਾ ਸਾਮ੍ਹਣਾ ਕਰਦੇ ਹੋਏ, ਆਪਣੇ ਆਪ ਉੱਤੇ ਭਰੋਸਾ ਰੱਖਣ ਦੀ ਬਜਾਇ ਯਹੋਵਾਹ ਉੱਤੇ ਭਰੋਸਾ ਰੱਖਣਾ ਹਮੇਸ਼ਾ ਬੁੱਧੀਮਤਾ ਦੀ ਗੱਲ ਹੁੰਦੀ ਹੈ।​—ਅਫ਼ਸੀਆਂ 6:10-13.

24, 25. (ੳ) ਜੋਤਸ਼-ਵਿਦਿਆ ਫ਼ਜ਼ੂਲ ਕਿਉਂ ਹੈ, ਲੇਕਿਨ ਫਿਰ ਵੀ ਇੰਨੇ ਸਾਰੇ ਲੋਕ ਉਸ ਵਿਚ ਭਰੋਸਾ ਕਿਉਂ ਰੱਖਦੇ ਹਨ? (ਅ) ਮਸੀਹੀ ਵਹਿਮ ਕਿਉਂ ਨਹੀਂ ਕਰਦੇ?

24 ਸਾਨੂੰ ਜਾਦੂ-ਟੂਣੇ ਅਤੇ ਖ਼ਾਸ ਕਰਕੇ ਜੋਤਸ਼-ਵਿਦਿਆ ਬਾਰੇ ਚੇਤਾਵਨੀ ਦਿੱਤੀ ਜਾਂਦੀ ਹੈ। (ਗਲਾਤੀਆਂ 5:20, 21) ਬਾਬਲ ਦੇ ਡਿੱਗਣ ਤੋਂ ਬਾਅਦ ਵੀ ਲੋਕ ਜੋਤਸ਼-ਵਿਦਿਆ ਨੂੰ ਮੰਨਦੇ ਰਹੇ। ਦਿਲਚਸਪੀ ਦੀ ਗੱਲ ਹੈ ਕਿ ਪੁਰਾਣੇ ਜ਼ਮਾਨੇ ਦੇ ਵੱਡੇ-ਵੱਡੇ ਸ਼ਹਿਰ (ਅੰਗ੍ਰੇਜ਼ੀ) ਨਾਂ ਦੀ ਪੁਸਤਕ ਦੱਸਦੀ ਹੈ ਕਿ ਬਾਬਲੀਆਂ ਨੇ ਜਿਨ੍ਹਾਂ ਤਾਰਿਆਂ ਦੇ ਸਮੂਹਾਂ ਦੇ ਨਕਸ਼ੇ ਬਣਾਏ ਸਨ, ਉਹ ਆਪਣੇ ਪੁਰਾਣੇ ਥਾਵਾਂ ਤੋਂ “ਹਿਲ ਗਏ” ਹਨ। ਇਸ ਲਈ “[ਜੋਤਸ਼-ਵਿਦਿਆ ਦੀ] ਸਾਰੀ ਗੱਲ-ਬਾਤ ਫ਼ਜ਼ੂਲ ਹੈ।” ਪਰ ਅਜੇ ਵੀ ਜੋਤਸ਼-ਵਿਦਿਆ ਪ੍ਰਚਲਿਤ ਹੈ, ਅਤੇ ਕਈਆਂ ਅਖ਼ਬਾਰਾਂ ਦੇ ਕਾਲਮਾਂ ਵਿਚ ਪਾਠਕਾਂ ਦੀ ਜੋਤਸ਼ ਲਾਈ ਜਾਂਦੀ ਹੈ।

25 ਪੜ੍ਹੇ-ਲਿਖੇ ਲੋਕ ਵੀ ਤਾਰਿਆਂ ਵੱਲ ਸਲਾਹ ਲਈ ਕਿਉਂ ਦੇਖਦੇ ਹਨ ਜਾਂ ਹੋਰ ਵਹਿਮ ਕਿਉਂ ਕਰਦੇ ਹਨ? ਦ ਵਰਲਡ ਬੁੱਕ ਐਨਸਾਈਕਲੋਪੀਡਿਆ ਕਹਿੰਦਾ ਹੈ: “ਜਿੰਨਾ ਚਿਰ ਲੋਕ ਇਕ ਦੂਜੇ ਤੋਂ ਡਰਦੇ ਅਤੇ ਭਵਿੱਖ ਬਾਰੇ ਚਿੰਤਾ ਕਰਦੇ ਹਨ, ਉਹ ਸ਼ਾਇਦ ਉੱਨਾ ਚਿਰ ਵਹਿਮ ਕਰਦੇ ਰਹਿਣਗੇ।” ਡਰ ਅਤੇ ਚਿੰਤਾ ਲੋਕਾਂ ਨੂੰ ਵਹਿਮੀ ਬਣਾਉਂਦੇ ਹਨ। ਪਰ ਮਸੀਹੀ ਵਹਿਮ ਨਹੀਂ ਕਰਦੇ। ਉਹ ਦੂਸਰੇ ਇਨਸਾਨਾਂ ਤੋਂ ਨਹੀਂ ਡਰਦੇ ਕਿਉਂਕਿ ਯਹੋਵਾਹ ਉਨ੍ਹਾਂ ਦਾ ਸਹਾਰਾ ਹੈ। (ਜ਼ਬੂਰ 6:4-10) ਉਹ ਭਵਿੱਖ ਬਾਰੇ ਵੀ ਚਿੰਤਾ ਨਹੀਂ ਕਰਦੇ ਕਿਉਂਕਿ ਉਹ ਯਹੋਵਾਹ ਦੇ ਦੱਸੇ ਗਏ ਮਕਸਦਾਂ ਨੂੰ ਜਾਣਦੇ ਹਨ। ਉਨ੍ਹਾਂ ਨੂੰ ਕੋਈ ਸ਼ੱਕ ਨਹੀਂ ਕਿ “ਯਹੋਵਾਹ ਦੀ ਸਲਾਹ ਸਦਾ ਅਟੱਲ ਰਹਿੰਦੀ ਹੈ।” (ਜ਼ਬੂਰ 33:11) ਯਹੋਵਾਹ ਦੀ ਸਲਾਹ ਅਨੁਸਾਰ ਆਪਣੀ ਜ਼ਿੰਦਗੀ ਬਿਤਾਉਣ ਨਾਲ ਸਾਡਾ ਭਵਿੱਖ ਲੰਬਾ ਅਤੇ ਖ਼ੁਸ਼ ਹੋ ਸਕਦਾ ਹੈ।

26. ‘ਗਿਆਨੀਆਂ ਦੀਆਂ ਸੋਚਾਂ ਅਵਿਰਥੀਆਂ’ ਕਿਵੇਂ ਸਾਬਤ ਹੋਈਆਂ ਹਨ?

26 ਹਾਲ ਹੀ ਦੇ ਸਾਲਾਂ ਵਿਚ ਕਈਆਂ ਲੋਕਾਂ ਨੇ “ਵਿਗਿਆਨਕ” ਤੌਰ ਤੇ ਭਵਿੱਖ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਜਿਹੀ ਵੀ ਇਕ ਸਿੱਖਿਆ ਹੈ ਜਿਸ ਵਿਚ ਲੋਕ “ਹੁਣ ਵਾਪਰ ਰਹੀਆਂ ਘਟਨਾਵਾਂ ਦੀ ਜਾਂਚ ਕਰ ਕੇ ਭਵਿੱਖ ਦਾ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰਦੇ ਹਨ।” ਮਿਸਾਲ ਲਈ, ਕਲੱਬ ਆਫ਼ ਰੋਮ ਨਾਮਕ ਵਿਦਿਅਕ ਅਤੇ ਬਿਜ਼ਨਿਸ ਆਦਮੀਆਂ ਦੇ ਇਕ ਸਮੂਹ ਨੇ 1972 ਵਿਚ ਅਨੁਮਾਨ ਲਾਇਆ ਕਿ 1992 ਤਕ ਦੁਨੀਆਂ ਦਾ ਸਾਰਾ ਸੋਨਾ, ਮਰਕਰੀ, ਜ਼ਿੰਕ, ਅਤੇ ਪਟਰੋਲ ਖ਼ਤਮ ਹੋ ਜਾਵੇਗਾ। ਸੰਨ 1972 ਤੋਂ ਲੈ ਕੇ ਦੁਨੀਆਂ ਵਿਚ ਕਾਫ਼ੀ ਭੈੜੀਆਂ ਮੁਸ਼ਕਲਾਂ ਆਈਆਂ ਹਨ, ਪਰ ਇਹ ਭਵਿੱਖਬਾਣੀ ਬਿਲਕੁਲ ਗ਼ਲਤ ਸਾਬਤ ਹੋਈ ਹੈ। ਧਰਤੀ ਤੋਂ ਅਜੇ ਵੀ ਸੋਨਾ, ਮਰਕਰੀ, ਜ਼ਿੰਕ, ਅਤੇ ਪਟਰੋਲ ਮਿਲਦਾ ਹੈ। ਸੱਚ-ਮੁੱਚ ਮਨੁੱਖ ਭਵਿੱਖ ਬਾਰੇ ਦੱਸਣ ਦੇ ਜਤਨ ਕਰ-ਕਰ ਕੇ ਥੱਕ ਗਏ ਹਨ, ਪਰ ਉਨ੍ਹਾਂ ਦੇ ਅੰਦਾਜ਼ੇ ਹਮੇਸ਼ਾ ਅਵਿਸ਼ਵਾਸਯੋਗ ਰਹੇ ਹਨ। ਵਾਕਈ, ‘ਗਿਆਨੀਆਂ ਦੀਆਂ ਸੋਚਾਂ ਅਵਿਰਥੀਆਂ ਹਨ’!​—1 ਕੁਰਿੰਥੀਆਂ 3:20.

ਵੱਡੀ ਬਾਬੁਲ ਦਾ ਅੰਤ

27. ਵੱਡੀ ਬਾਬੁਲ ਪ੍ਰਾਚੀਨ ਬਾਬਲ ਦੀ ਤਰ੍ਹਾਂ ਪਹਿਲਾਂ ਹੀ ਕਿਵੇਂ ਅਤੇ ਕਦੋਂ ਡਿੱਗ ਚੁੱਕੀ ਹੈ?

27 ਅੱਜ-ਕੱਲ੍ਹ ਦੇ ਧਰਮਾਂ ਦੀਆਂ ਬਹੁਤ ਸਾਰੀਆਂ ਸਿੱਖਿਆਵਾਂ ਪ੍ਰਾਚੀਨ ਬਾਬਲ ਵਿਚ ਹੁੰਦੀਆਂ ਸਨ। ਇਸ ਲਈ ਝੂਠੇ ਧਰਮ ਦੇ ਵਿਸ਼ਵ ਸਾਮਰਾਜ ਨੂੰ ਵੱਡੀ ਬਾਬੁਲ ਸੱਦਿਆ ਜਾਂਦਾ ਹੈ। (ਪਰਕਾਸ਼ ਦੀ ਪੋਥੀ 17:5) ਜਿਸ ਤਰ੍ਹਾਂ 539 ਸਾ.ਯੁ.ਪੂ. ਵਿਚ ਪ੍ਰਾਚੀਨ ਬਾਬਲ ਡਿੱਗ ਗਿਆ ਸੀ ਉਸੇ ਤਰ੍ਹਾਂ ਧਰਮਾਂ ਦਾ ਇਹ ਅੰਤਰਰਾਸ਼ਟਰੀ ਇਕੱਠ ਵੀ ਡਿੱਗ ਚੁੱਕਾ ਹੈ। (ਪਰਕਾਸ਼ ਦੀ ਪੋਥੀ 14:8; 18:2) ਸੰਨ 1919 ਵਿਚ ਮਸੀਹ ਦੇ ਭਰਾਵਾਂ ਦਾ ਬਕੀਆ ਰੂਹਾਨੀ ਗ਼ੁਲਾਮੀ ਵਿੱਚੋਂ ਨਿਕਲ ਕੇ ਵੱਡੀ ਬਾਬੁਲ ਦੇ ਮੁੱਖ ਹਿੱਸੇ, ਈਸਾਈ-ਜਗਤ ਦੇ ਪ੍ਰਭਾਵ ਤੋਂ ਦੂਰ ਹੋ ਗਿਆ। ਉਸ ਸਮੇਂ ਤੋਂ ਈਸਾਈ-ਜਗਤ ਦਾ ਪ੍ਰਭਾਵ ਉਨ੍ਹਾਂ ਕਈਆਂ ਦੇਸ਼ਾਂ ਵਿਚ ਘੱਟ ਗਿਆ ਹੈ ਜਿੱਥੇ ਪਹਿਲਾਂ ਉਸ ਦਾ ਕਾਫ਼ੀ ਅਸਰ ਹੁੰਦਾ ਸੀ।

28. ਵੱਡੀ ਬਾਬੁਲ ਕਿਹੜੀ ਸ਼ੇਖ਼ੀ ਮਾਰਦੀ ਹੈ, ਪਰ ਉਸ ਨਾਲ ਕੀ ਹੋਵੇਗਾ?

28 ਲੇਕਿਨ ਇਹ ਡਿੱਗਣਾ ਝੂਠੇ ਧਰਮ ਦੇ ਆਖ਼ਰੀ ਨਾਸ਼ ਦਾ ਸੰਕੇਤ ਹੈ। ਦਿਲਚਸਪੀ ਦੀ ਗੱਲ ਹੈ ਕਿ ਪਰਕਾਸ਼ ਦੀ ਪੋਥੀ ਵਿਚ ਵੱਡੀ ਬਾਬੁਲ ਦੇ ਨਾਸ਼ ਦੀ ਭਵਿੱਖਬਾਣੀ ਉਨ੍ਹਾਂ ਸ਼ਬਦਾਂ ਨਾਲ ਮੇਲ ਖਾਂਦੀ ਹੈ ਜੋ ਯਸਾਯਾਹ 47:8, 9 ਵਿਚ ਲਿਖੇ ਹੋਏ ਹਨ। ਪ੍ਰਾਚੀਨ ਬਾਬਲ ਦੀ ਤਰ੍ਹਾਂ, ਅੱਜ ਦੀ ਵੱਡੀ ਬਾਬੁਲ ਵੀ ਕਹਿੰਦੀ ਹੈ: “ਮੈਂ ਰਾਣੀ ਹੋ ਬੈਠੀ ਹਾਂ, ਮੈਂ ਵਿਧਵਾ ਨਹੀਂ, ਨਾ ਕਦੇ ਸੋਗ ਵੇਖਾਂਗੀ!” ਪਰ “ਉਹ ਦੀਆਂ ਬਵਾਂ ਇੱਕੋ ਦਿਨ ਵਿੱਚ ਆ ਪੈਣਗੀਆਂ, ਮੌਤ ਅਤੇ ਸੋਗ ਅਤੇ ਕਾਲ, ਅਤੇ ਉਹ ਅੱਗ ਨਾਲ ਭਸਮ ਕੀਤੀ ਜਾਵੇਗੀ, ਕਿਉਂ ਜੋ ਬਲਵੰਤ ਹੈ ਪ੍ਰਭੁ ਪਰਮੇਸ਼ੁਰ ਜੋ ਉਹ ਦਾ ਨਿਆਉਂ ਕਰਦਾ!” ਇਸ ਲਈ ਯਸਾਯਾਹ ਦੇ 47ਵੇਂ ਅਧਿਆਇ ਦੀ ਭਵਿੱਖਬਾਣੀ ਉਨ੍ਹਾਂ ਲੋਕਾਂ ਲਈ ਚੇਤਾਵਨੀ ਹੈ ਜੋ ਅਜੇ ਵੀ ਝੂਠੇ ਧਰਮ ਨਾਲ ਵਾਸਤਾ ਰੱਖਦੇ ਹਨ। ਜੇਕਰ ਉਹ ਉਸ ਦੇ ਨਾਸ਼ ਦੇ ਸਮੇਂ ਤਬਾਹੀ ਤੋਂ ਬਚਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਇਸ ਹੁਕਮ ਵੱਲ ਧਿਆਨ ਦੇਣਾ ਚਾਹੀਦਾ ਹੈ: “ਉਹ ਦੇ ਵਿੱਚੋਂ ਨਿੱਕਲ ਆਓ!”​—ਪਰਕਾਸ਼ ਦੀ ਪੋਥੀ 18:4, 7, 8.

[ਫੁਟਨੋਟ]

^ ਪੈਰਾ 2 ਝੂਠੇ ਧਰਮਾਂ ਦੀਆਂ ਸਿੱਖਿਆਵਾਂ ਦੀ ਸ਼ੁਰੂਆਤ ਬਾਰੇ ਚੰਗੀ ਤਰ੍ਹਾਂ ਜਾਣਨ ਲਈ, ਮਨੁੱਖਜਾਤੀ ਦੀ ਪਰਮੇਸ਼ੁਰ ਲਈ ਖੋਜ (ਅੰਗ੍ਰੇਜ਼ੀ) ਪੁਸਤਕ ਦੇਖੋ। ਇਹ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਹੈ।

^ ਪੈਰਾ 3 ਇਬਰਾਨੀ ਭਾਸ਼ਾ ਵਿਚ ‘ਬਾਬਲ ਦੀ ਕੁਆਰੀ ਧੀ’ ਸ਼ਬਦ ਬਾਬਲ ਜਾਂ ਉਸ ਦੇ ਵਾਸੀਆਂ ਲਈ ਵਰਤੇ ਜਾਂਦੇ ਸਨ। ਉਹ ਇਸ ਲਈ ‘ਕੁਆਰੀ’ ਸੀ ਕਿਉਂਕਿ ਵਿਸ਼ਵ ਸ਼ਕਤੀ ਬਣਨ ਤੋਂ ਬਾਅਦ ਕਿਸੇ ਵਿਜੇਤੇ ਨੇ ਉਸ ਦੇਸ਼ ਨੂੰ ਕਦੀ ਲੁੱਟਿਆ ਨਹੀਂ ਸੀ।

^ ਪੈਰਾ 6 ਵਿਦਵਾਨ ਕਹਿੰਦੇ ਹਨ ਕਿ ਇਬਰਾਨੀ ਵਾਕ “ਮੈਂ ਕਿਸੇ ਆਦਮੀ ਦਾ ਪੱਖ ਨਹੀਂ ਕਰਾਂਗਾ” ਦਾ ਤਰਜਮਾ ਕਰਨਾ ‘ਬਹੁਤ ਮੁਸ਼ਕਲ ਹੈ।’ ਇਸ ਵਾਕ ਦਾ ਅਰਥ ਇਹ ਹੈ ਕਿ ਕੋਈ ਵੀ ਮਨੁੱਖ ਬਾਹਰੋਂ ਆ ਕੇ ਬਾਬਲ ਨੂੰ ਬਚਾ ਨਹੀਂ ਸਕਦਾ ਸੀ। ਪਵਿੱਤਰ ਬਾਈਬਲ ਨਵਾਂ ਅਨੁਵਾਦ ਵਿਚ ਇਸ ਦਾ ਤਰਜਮਾ ਇਸ ਤਰ੍ਹਾਂ ਕੀਤਾ ਗਿਆ ਹੈ: “ਮੈਨੂੰ ਕੋਈ ਰੋਕ ਨਹੀਂ ਸਕੇਗਾ।”

^ ਪੈਰਾ 14 ਨਬੋਨਾਈਡਸ ਅਤੇ ਬੇਲਸ਼ੱਸਰ ਨਾਂ ਦੀ ਅੰਗ੍ਰੇਜ਼ੀ ਪੁਸਤਕ ਵਿਚ ਲੇਖਕ ਦੱਸਦਾ ਹੈ ਕਿ ਨਬੋਨਾਈਡਸ ਕਰੌਨਿਕਲ ਦੇ ਅਨੁਸਾਰ ਬਾਬਲ ਉੱਤੇ ਹਮਲਾ ਕਰਨ ਵਾਲੇ “ਬਿਨਾਂ ਜੰਗ ਕੀਤੇ” ਸ਼ਹਿਰ ਦੇ ਅੰਦਰ ਦਾਖ਼ਲ ਹੋਏ ਸਨ, ਪਰ ਜ਼ੈਨੋਫ਼ਨ ਨਾਂ ਦਾ ਯੂਨਾਨੀ ਇਤਿਹਾਸਕਾਰ ਕਹਿੰਦਾ ਹੈ ਕਿ ਹੋ ਸਕਦਾ ਹੈ ਕਿ ਕਾਫ਼ੀ ਖ਼ੂਨ-ਖ਼ਰਾਬਾ ਹੋਇਆ ਸੀ।

^ ਪੈਰਾ 19 ਬਾਬਲੀਆਂ ਨੂੰ “ਅਕਾਸ਼ ਦੇ ਵੰਡਣ ਵਾਲੇ” ਇਸ ਲਈ ਸੱਦਿਆ ਗਿਆ ਸੀ ਕਿਉਂਕਿ ਉਨ੍ਹਾਂ ਨੇ ਜੋਤਸ਼ ਲਾਉਣ ਲਈ ਆਕਾਸ਼ ਨੂੰ ਅਲੱਗ-ਅਲੱਗ ਹਿੱਸਿਆਂ ਵਿਚ ਵੰਡਿਆ ਸੀ।

[ਸਵਾਲ]

[ਸਫ਼ਾ 111 ਉੱਤੇ ਤਸਵੀਰਾਂ]

ਮਨ-ਮੌਜੀ ਬਾਬਲ ਨੀਵਾਂ ਕੀਤਾ ਗਿਆ

[ਸਫ਼ਾ 114 ਉੱਤੇ ਤਸਵੀਰ]

ਬਾਬਲ ਦੇ ਜੋਤਸ਼ੀ ਉਸ ਦੇ ਡਿੱਗਣ ਦੀ ਭਵਿੱਖਬਾਣੀ ਨਹੀਂ ਕਰ ਸਕੇ ਸਨ

[ਸਫ਼ਾ 116 ਉੱਤੇ ਤਸਵੀਰ]

1000 ਸਾ.ਯੁ.ਪੂ. ਤੋਂ ਕੁਝ ਸਮੇਂ ਬਾਅਦ ਜੋਤਸ਼-ਸੰਬੰਧੀ ਬਾਬਲੀ ਕਲੰਡਰ

[ਸਫ਼ਾ 119 ਉੱਤੇ ਤਸਵੀਰਾਂ]

ਅੱਜ ਦੀ ਬਾਬੁਲ ਖ਼ਤਮ ਕੀਤੀ ਜਾਵੇਗੀ