Skip to content

Skip to table of contents

ਯਹੋਵਾਹ ਨੇ ਆਪਣੇ ਮਸੀਹਾਈ ਦਾਸ ਨੂੰ ਉੱਚਾ ਕੀਤਾ

ਯਹੋਵਾਹ ਨੇ ਆਪਣੇ ਮਸੀਹਾਈ ਦਾਸ ਨੂੰ ਉੱਚਾ ਕੀਤਾ

ਚੌਦ੍ਹਵਾਂ ਅਧਿਆਇ

ਯਹੋਵਾਹ ਨੇ ਆਪਣੇ ਮਸੀਹਾਈ ਦਾਸ ਨੂੰ ਉੱਚਾ ਕੀਤਾ

ਯਸਾਯਾਹ 52:13–53:12

1, 2. (ੳ) ਪਹਿਲੀ ਸਦੀ ਦੇ ਸ਼ੁਰੂ ਵਿਚ ਯਹੂਦੀਆਂ ਨੇ ਕਿਸ ਮੁਸ਼ਕਲ ਦਾ ਸਾਮ੍ਹਣਾ ਕੀਤਾ ਸੀ? (ਅ) ਯਹੋਵਾਹ ਨੇ ਕਿਹੜਾ ਪ੍ਰਬੰਧ ਕੀਤਾ ਸੀ ਜਿਸ ਰਾਹੀਂ ਵਫ਼ਾਦਾਰ ਯਹੂਦੀ ਲੋਕ ਮਸੀਹਾ ਨੂੰ ਪਛਾਣ ਸਕਦੇ ਸਨ?

ਕਲਪਨਾ ਕਰੋ ਕਿ ਤੁਸੀਂ ਕਿਸੇ ਉੱਚੀ ਪਦਵੀ ਵਾਲੇ ਬੰਦੇ ਨਾਲ ਮੁਲਾਕਾਤ ਕਰਨੀ ਹੈ। ਤੁਸੀਂ ਮਿਲਣ ਦਾ ਸਮਾਂ ਅਤੇ ਜਗ੍ਹਾ ਜਾਣਦੇ ਹੋ। ਪਰ ਇਕ ਮੁਸ਼ਕਲ ਗੱਲ ਇਹ ਹੈ ਕਿ ਤੁਸੀਂ ਉਸ ਬੰਦੇ ਦੀ ਸ਼ਕਲ ਨਹੀਂ ਜਾਣਦੇ। ਇਸ ਤੋਂ ਇਲਾਵਾ ਉਹ ਧੂਮ-ਧਾਮ ਨਾਲ ਨਹੀਂ ਪਰ ਚੁੱਪ-ਚਾਪ ਆ ਰਿਹਾ ਹੈ। ਤੁਸੀਂ ਉਸ ਨੂੰ ਕਿਸ ਤਰ੍ਹਾਂ ਪਛਾਣੋਗੇ? ਤੁਹਾਨੂੰ ਉਸ ਬਾਰੇ ਕੁਝ ਪਤਾ ਹੋਣਾ ਚਾਹੀਦਾ ਹੈ ਤਾਂਕਿ ਤੁਸੀਂ ਉਸ ਨੂੰ ਪਛਾਣ ਸਕੋ।

2 ਪਹਿਲੀ ਸਦੀ ਦੇ ਸ਼ੁਰੂ ਵਿਚ ਕਈਆਂ ਯਹੂਦੀਆਂ ਨੇ ਇਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਮ੍ਹਣਾ ਕੀਤਾ ਸੀ। ਉਹ ਸਭ ਤੋਂ ਮਹੱਤਵਪੂਰਣ ਮਨੁੱਖ ਯਾਨੀ ਮਸੀਹਾ ਦੀ ਉਡੀਕ ਕਰ ਰਹੇ ਸਨ। (ਦਾਨੀਏਲ 9:24-27; ਲੂਕਾ 3:15) ਪਰ ਵਫ਼ਾਦਾਰ ਯਹੂਦੀਆਂ ਨੇ ਉਹ ਨੂੰ ਕਿਸ ਤਰ੍ਹਾਂ ਪਛਾਣਨਾ ਸੀ? ਯਹੋਵਾਹ ਨੇ ਇਬਰਾਨੀ ਨਬੀਆਂ ਰਾਹੀਂ ਉਨ੍ਹਾਂ ਘਟਨਾਵਾਂ ਦਾ ਇਕ ਵਧੀਆ ਲਿਖਤੀ ਰੀਕਾਰਡ ਦਰਜ ਕਰਵਾਇਆ ਸੀ ਜੋ ਮਸੀਹਾ ਨਾਲ ਸੰਬੰਧ ਰੱਖਦੀਆਂ ਸਨ। ਜੋ ਲੋਕ ਇਨ੍ਹਾਂ ਭਵਿੱਖਬਾਣੀਆਂ ਨੂੰ ਜਾਣਦੇ ਸਨ ਉਹ ਸੌਖਿਆਂ ਹੀ ਉਹ ਨੂੰ ਪਛਾਣ ਸਕਦੇ ਸਨ।

3. ਯਸਾਯਾਹ 52:13–53:12 ਵਿਚ ਮਸੀਹਾ ਬਾਰੇ ਕਿਹੜੀ ਜਾਣਕਾਰੀ ਪਾਈ ਜਾਂਦੀ ਹੈ?

3 ਮਸੀਹਾ ਬਾਰੇ ਇਬਰਾਨੀ ਭਵਿੱਖਬਾਣੀਆਂ ਵਿਚ ਸਭ ਤੋਂ ਸਾਫ਼ ਜਾਣਕਾਰੀ ਯਸਾਯਾਹ 52:13–53:12 ਵਿਚ ਪਾਈ ਜਾਂਦੀ ਹੈ। ਮਸੀਹਾ ਦੇ ਆਉਣ ਤੋਂ ਕੁਝ 700 ਸਾਲ ਪਹਿਲਾਂ ਯਸਾਯਾਹ ਨੇ ਉਸ ਦੀ ਸ਼ਕਲ-ਸੂਰਤ ਬਾਰੇ ਨਹੀਂ ਸਗੋਂ ਉਸ ਬਾਰੇ ਹੋਰ ਜ਼ਰੂਰੀ ਗੱਲਾਂ ਦੱਸੀਆਂ ਸਨ। ਉਸ ਨੇ ਦੱਸਿਆ ਸੀ ਕਿ ਮਸੀਹਾ ਨੇ ਕਿਹੋ ਜਿਹੇ ਦੁੱਖ ਸਹਿਣੇ ਸਨ ਅਤੇ ਉਨ੍ਹਾਂ ਦਾ ਕੀ ਕਾਰਨ ਹੋਣਾ ਸੀ। ਅਤੇ ਉਸ ਨੇ ਉਸ ਦੇ ਮਰਨ, ਦਫ਼ਨਾਏ ਜਾਣ, ਅਤੇ ਪਰਮੇਸ਼ੁਰ ਦਾ ਅੱਤ ਮਹਾਨ ਹੋਣ ਬਾਰੇ ਜਾਣਕਾਰੀ ਦਿੱਤੀ। ਇਸ ਭਵਿੱਖਬਾਣੀ ਉੱਤੇ ਗੌਰ ਕਰਨ ਨਾਲ ਸਾਡੇ ਦਿਲ ਖ਼ੁਸ਼ ਹੋਣਗੇ ਅਤੇ ਸਾਡੀ ਨਿਹਚਾ ਵਧੇਗੀ।

ਪਰਮੇਸ਼ੁਰ ਦਾ “ਦਾਸ” ਕੌਣ ਸੀ?

4. ਕੁਝ ਯਹੂਦੀ ਵਿਦਵਾਨਾਂ ਨੇ “ਦਾਸ” ਬਾਰੇ ਕਿਹੜੇ ਵਿਚਾਰ ਪੇਸ਼ ਕੀਤੇ ਸਨ, ਪਰ ਇਹ ਯਸਾਯਾਹ ਦੀ ਭਵਿੱਖਬਾਣੀ ਨਾਲ ਕਿਉਂ ਨਹੀਂ ਮੇਲ ਖਾਂਦੇ?

4 ਯਸਾਯਾਹ ਨੇ ਦੱਸਿਆ ਸੀ ਕਿ ਯਹੂਦੀ ਲੋਕ ਬਾਬਲ ਵਿੱਚੋਂ ਆਜ਼ਾਦ ਹੋਣਗੇ। ਅੱਗੇ ਉਸ ਨੇ ਇਸ ਤੋਂ ਵੀ ਵੱਡੀ ਘਟਨਾ ਬਾਰੇ ਯਹੋਵਾਹ ਦੇ ਸ਼ਬਦ ਲਿਖੇ: “ਵੇਖੋ, ਮੇਰਾ ਦਾਸ ਸਫ਼ਲ ਹੋਵੇਗਾ, ਉਹ ਉੱਚਾ ਅਤੇ ਉਤਾਹਾਂ ਕੀਤਾ ਜਾਵੇਗਾ, ਉਹ ਅੱਤ ਮਹਾਨ ਹੋਵੇਗਾ।” (ਯਸਾਯਾਹ 52:13) ਇਹ “ਦਾਸ” ਕੌਣ ਸੀ? ਸਦੀਆਂ ਦੌਰਾਨ ਯਹੂਦੀ ਵਿਦਵਾਨਾਂ ਨੇ ਇਸ ਬਾਰੇ ਤਰ੍ਹਾਂ-ਤਰ੍ਹਾਂ ਦੇ ਵਿਚਾਰ ਪੇਸ਼ ਕੀਤੇ ਹਨ। ਕੁਝ ਵਿਦਵਾਨਾਂ ਅਨੁਸਾਰ ਇਸ ਦਾਸ ਨੇ ਬਾਬਲ ਵਿਚ ਗ਼ੁਲਾਮੀ ਦੌਰਾਨ ਇਸਰਾਏਲ ਦੀ ਪੂਰੀ ਕੌਮ ਨੂੰ ਦਰਸਾਇਆ ਸੀ। ਪਰ ਇਹ ਵਿਚਾਰ ਭਵਿੱਖਬਾਣੀ ਨਾਲ ਮੇਲ ਨਹੀਂ ਖਾਂਦਾ। ਪਰਮੇਸ਼ੁਰ ਦੇ ਦਾਸ ਨੇ ਆਪਣੀ ਮਰਜ਼ੀ ਨਾਲ ਦੁੱਖ ਝੱਲੇ ਸਨ। ਭਾਵੇਂ ਕਿ ਉਹ ਖ਼ੁਦ ਬੇਕਸੂਰ ਸੀ ਉਸ ਨੇ ਦੂਸਰਿਆਂ ਦੇ ਪਾਪਾਂ ਦੀ ਖ਼ਾਤਰ ਦੁੱਖ ਉਠਾਏ ਸਨ। ਇਸ ਲਈ ਇਹ ਯਹੂਦੀ ਕੌਮ ਨੂੰ ਨਹੀਂ ਦਰਸਾਉਂਦਾ ਸੀ ਜੋ ਆਪਣੇ ਪਾਪੀ ਕੰਮਾਂ ਕਰਕੇ ਗ਼ੁਲਾਮੀ ਵਿਚ ਗਈ ਸੀ। (2 ਰਾਜਿਆਂ 21:11-15; ਯਿਰਮਿਯਾਹ 25:8-11) ਦੂਸਰੇ ਵਿਦਵਾਨ ਕਹਿੰਦੇ ਹਨ ਕਿ ਦਾਸ ਨੇ ਇਸਰਾਏਲ ਦੇ ਕਟੱੜ ਧਰਮੀ ਲੋਕਾਂ ਨੂੰ ਦਰਸਾਇਆ ਅਤੇ ਕਿ ਇਨ੍ਹਾਂ ਲੋਕਾਂ ਨੇ ਪਾਪੀ ਇਸਰਾਏਲੀਆਂ ਦੀ ਖ਼ਾਤਰ ਦੁੱਖ ਝੱਲੇ ਸਨ। ਪਰ ਇਸਰਾਏਲ ਦੇ ਦੁੱਖ ਦੇ ਵੇਲੇ ਕਿਸੇ ਖ਼ਾਸ ਸਮੂਹ ਨੇ ਦੂਸਰਿਆਂ ਦੀ ਖ਼ਾਤਰ ਦੁੱਖ ਨਹੀਂ ਝੱਲੇ ਸਨ।

5. (ੳ) ਕੁਝ ਯਹੂਦੀ ਵਿਦਵਾਨਾਂ ਨੇ ਯਸਾਯਾਹ ਦੀ ਭਵਿੱਖਬਾਣੀ ਕਿਸ ਉੱਤੇ ਲਾਗੂ ਕੀਤੀ ਸੀ? (ਫੁਟਨੋਟ ਦੇਖੋ।) (ਅ) ਰਸੂਲਾਂ ਦੇ ਕਰਤੱਬ ਵਿਚ ਇਸ ਦਾਸ ਬਾਰੇ ਕੀ ਦੱਸਿਆ ਗਿਆ ਹੈ?

5 ਮਸੀਹੀ ਧਰਮ ਬਣਨ ਤੋਂ ਪਹਿਲਾਂ ਅਤੇ ਕੁਝ ਹੱਦ ਤਕ ਸਾਧਾਰਣ ਯੁਗ ਦੀਆਂ ਮੁਢਲੀਆਂ ਸਦੀਆਂ ਦੌਰਾਨ, ਕੁਝ ਯਹੂਦੀ ਵਿਦਵਾਨਾਂ ਨੇ ਇਹ ਭਵਿੱਖਬਾਣੀ ਮਸੀਹਾ ਉੱਤੇ ਲਾਗੂ ਕੀਤੀ ਸੀ। ਬਾਈਬਲ ਦੇ ਯੂਨਾਨੀ ਹਿੱਸੇ ਤੋਂ ਸਬੂਤ ਮਿਲਦਾ ਹੈ ਕਿ ਇਹ ਇਸ ਭਵਿੱਖਬਾਣੀ ਦੀ ਸਹੀ ਪੂਰਤੀ ਹੈ। ਰਸੂਲਾਂ ਦੇ ਕਰਤੱਬ ਵਿਚ ਜਦੋਂ ਈਥੀਓਪੀ ਖੋਜੇ ਨੇ ਕਿਹਾ ਕਿ ਉਹ ਜਾਣਦਾ ਨਹੀਂ ਸੀ ਕਿ ਯਸਾਯਾਹ ਦੀ ਭਵਿੱਖਬਾਣੀ ਦਾ ਦਾਸ ਕੌਣ ਹੈ, ਫ਼ਿਲਿੱਪੁਸ ਨੇ “ਯਿਸੂ ਦੀ ਖੁਸ਼ ਖਬਰੀ ਉਸ ਨੂੰ ਸੁਣਾਈ।” (ਰਸੂਲਾਂ ਦੇ ਕਰਤੱਬ 8:26-40; ਯਸਾਯਾਹ 53:7, 8) ਬਾਈਬਲ ਦੀਆਂ ਹੋਰ ਪੁਸਤਕਾਂ ਵੀ ਦੱਸਦੀਆਂ ਹਨ ਕਿ ਯਿਸੂ ਮਸੀਹ ਯਸਾਯਾਹ ਦੀ ਭਵਿੱਖਬਾਣੀ ਦਾ ਮਸੀਹਾਈ ਦਾਸ ਹੈ। * ਅਸੀਂ ਇਸ ਭਵਿੱਖਬਾਣੀ ਦੀ ਚਰਚਾ ਕਰ ਕੇ ਦੇਖਾਂਗੇ ਕਿ ਯਹੋਵਾਹ ਦਾ ਇਹ “ਦਾਸ” ਵਾਕਈ ਯਿਸੂ ਨਾਸਰੀ ਹੀ ਸੀ।

6. ਯਸਾਯਾਹ ਦੀ ਭਵਿੱਖਬਾਣੀ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਮਸੀਹਾ ਨੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਿਚ ਸਫ਼ਲ ਹੋਣਾ ਸੀ?

6 ਇਹ ਭਵਿੱਖਬਾਣੀ ਪਹਿਲਾਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਿਚ ਮਸੀਹਾ ਦੀ ਸਫ਼ਲਤਾ ਬਾਰੇ ਬਿਆਨ ਕਰਦੀ ਹੈ। “ਦਾਸ” ਸ਼ਬਦ ਸੰਕੇਤ ਕਰਦਾ ਹੈ ਕਿ ਉਸ ਨੇ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਉਸ ਤਰ੍ਹਾਂ ਚੱਲਣਾ ਸੀ ਜਿਸ ਤਰ੍ਹਾਂ ਇਕ ਦਾਸ ਆਪਣੇ ਮਾਲਕ ਦੀ ਇੱਛਾ ਪੂਰੀ ਕਰਦਾ ਹੈ। ਇਸ ਤਰ੍ਹਾਂ ਕਰਨ ਵਿਚ ਉਸ ਨੇ “ਸਫ਼ਲ” ਹੋਣਾ ਸੀ। ਉਹ ਕਿਵੇਂ? ਸਫ਼ਲ ਸ਼ਬਦ ਲਈ ਵਰਤੀ ਗਈ ਇਬਰਾਨੀ ਕ੍ਰਿਆ ਬਾਰੇ ਇਕ ਪੁਸਤਕ ਨੇ ਕਿਹਾ ਕਿ “ਇਸ ਦਾ ਮਤਲਬ ਹੈ ਸਮਝਦਾਰ ਹੋਣਾ ਅਤੇ ਬੁੱਧੀਮਤਾ ਨਾਲ ਕੰਮ ਕਰਨਾ। ਜਿਹੜਾ ਬੁੱਧੀਮਾਨ ਹੈ ਉਹ ਜ਼ਰੂਰ ਸਫ਼ਲ ਹੋਵੇਗਾ।” ਤਾਂ ਫਿਰ ਯਿਸੂ ਨੇ ਹਰ ਹਾਲਤ ਵਿਚ ਸੂਝ ਨਾਲ ਕੰਮ ਕਰਨਾ ਸੀ ਅਤੇ ਇਸ ਤਰ੍ਹਾਂ ਉਸ ਨੇ ਸਫ਼ਲ ਹੋਣਾ ਸੀ। ਉਸ ਦੇ ਸਫ਼ਲ ਹੋਣ ਦਾ ਸਬੂਤ ਇਸ ਭਵਿੱਖਬਾਣੀ ਤੋਂ ਮਿਲਦਾ ਹੈ ਕਿਉਂਕਿ ਉਸ ਵਿਚ ਲਿਖਿਆ ਸੀ ਕਿ ਉਹ “ਉਤਾਹਾਂ ਕੀਤਾ ਜਾਵੇਗਾ, ਉਹ ਅੱਤ ਮਹਾਨ ਹੋਵੇਗਾ।”

7. ਯਿਸੂ ਮਸੀਹ ਨੇ ਸਮਝਦਾਰੀ ਕਿਵੇਂ ਦਿਖਾਈ ਸੀ, ਅਤੇ ਉਹ “ਉਤਾਹਾਂ” ਕਿਵੇਂ ਕੀਤਾ ਗਿਆ ਸੀ ਅਤੇ ਉਹ ਪਰਮੇਸ਼ੁਰ ਦਾ “ਅੱਤ ਮਹਾਨ” ਕਿਵੇਂ ਬਣਿਆ ਸੀ?

7 ਯਿਸੂ ਸਮਝਦਾਰ ਜ਼ਰੂਰ ਸੀ। ਉਸ ਨੇ ਬਾਈਬਲ ਦੀਆਂ ਉਹ ਭਵਿੱਖਬਾਣੀਆਂ ਸਮਝੀਆਂ ਸਨ ਜੋ ਉਸ ਉੱਤੇ ਲਾਗੂ ਹੋਣੀਆਂ ਸਨ ਅਤੇ ਉਨ੍ਹਾਂ ਦੇ ਅਨੁਸਾਰ ਪਰਮੇਸ਼ੁਰ ਦੀ ਇੱਛਾ ਪੂਰੀ ਕੀਤੀ ਸੀ। (ਯੂਹੰਨਾ 17:4; 19:30) ਇਸ ਦਾ ਨਤੀਜਾ ਕੀ ਨਿਕਲਿਆ ਸੀ? ਯਿਸੂ ਦੇ ਜੀ ਉੱਠਣ ਅਤੇ ਸਵਰਗ ਨੂੰ ਵਾਪਸ ਜਾਣ ਤੋਂ ਬਾਅਦ ‘ਪਰਮੇਸ਼ੁਰ ਨੇ ਉਸ ਨੂੰ ਅੱਤ ਉੱਚਿਆਂ ਕੀਤਾ ਅਤੇ ਉਸ ਨੂੰ ਉਹ ਨਾਮ ਦਿੱਤਾ ਜਿਹੜਾ ਸਭਨਾਂ ਨਾਮਾਂ ਤੋਂ ਉੱਤਮ ਹੈ।’ (ਫ਼ਿਲਿੱਪੀਆਂ 2:9; ਰਸੂਲਾਂ ਦੇ ਕਰਤੱਬ 2:34-36) ਫਿਰ 1914 ਵਿਚ ਤੇਜਵਾਨ ਯਿਸੂ ਹੋਰ ਵੀ ਉੱਚਾ ਕੀਤਾ ਗਿਆ ਸੀ। ਯਹੋਵਾਹ ਨੇ ਉਸ ਨੂੰ ਮਸੀਹਾਈ ਰਾਜ ਦਾ ਰਾਜਾ ਬਣਾਇਆ। (ਪਰਕਾਸ਼ ਦੀ ਪੋਥੀ 12:1-5) ਜੀ ਹਾਂ, ਉਹ “ਉਤਾਹਾਂ ਕੀਤਾ” ਗਿਆ ਸੀ ਅਤੇ ਉਹ ਪਰਮੇਸ਼ੁਰ ਦਾ “ਅੱਤ ਮਹਾਨ” ਦਾਸ ਬਣਿਆ।

‘ਉਹ ਦੇ ਉੱਤੇ ਅਚਰਜ ਹੋਏ’

8, 9. ਜਦੋਂ ਅੱਤ ਮਹਾਨ ਯਿਸੂ ਸਜ਼ਾ ਦੇਣ ਆਵੇਗਾ, ਤਾਂ ਧਰਤੀ ਦੇ ਹਾਕਮ ਕੀ ਕਰਨਗੇ ਅਤੇ ਕਿਉਂ?

8 ਅਸੀਂ 14ਵੀਂ ਆਇਤ ਦੇ ਦੂਜੇ ਹਿੱਸੇ ਬਾਰੇ ਬਾਅਦ ਵਿਚ ਗੱਲ ਕਰਾਂਗੇ। ਪਰ ਉੱਚੇ ਕੀਤੇ ਗਏ ਮਸੀਹਾ ਬਾਰੇ ਕੌਮਾਂ ਅਤੇ ਉਨ੍ਹਾਂ ਦੇ ਹਾਕਮਾਂ ਨੇ ਭਵਿੱਖਬਾਣੀ ਅਨੁਸਾਰ ਕੀ ਕਰਨਾ ਹੈ? “ਜਿਵੇਂ ਬਹੁਤੇ ਤੇਰੇ ਉੱਤੇ ਅਚਰਜ ਹੋਏ, . . . ਸੋ ਉਹ ਬਹੁਤੀਆਂ ਕੌਮਾਂ ਨੂੰ ਦੰਗ ਕਰ ਦੇਵੇਗਾ, ਉਹ ਦੇ ਕਾਰਨ ਪਾਤਸ਼ਾਹ ਆਪਣਾ ਮੂੰਹ ਬੰਦ ਰੱਖਣਗੇ, ਕਿਉਂਕਿ ਜੋ ਓਹਨਾਂ ਨੂੰ ਦੱਸਿਆ ਨਾ ਗਿਆ, ਓਹ ਵੇਖਣਗੇ, ਅਤੇ ਜੋ ਓਹਨਾਂ ਨੇ ਨਹੀਂ ਸੁਣਿਆ, ਓਹ ਸਮਝਣਗੇ।” (ਯਸਾਯਾਹ 52:14ੳ, 15) ਇੱਥੇ ਯਸਾਯਾਹ ਮਸੀਹਾ ਦੇ ਪਹਿਲੀ ਵਾਰ ਆਉਣ ਬਾਰੇ ਗੱਲ ਨਹੀਂ ਕਰ ਰਿਹਾ, ਪਰ ਧਰਤੀ ਦੇ ਹਾਕਮਾਂ ਨਾਲ ਉਸ ਦੇ ਆਖ਼ਰੀ ਟਾਕਰੇ ਬਾਰੇ ਗੱਲ ਕਰ ਰਿਹਾ ਸੀ।

9 ਜਦੋਂ ਰਾਜਾ ਯਿਸੂ ਇਸ ਅਧਰਮੀ ਦੁਨੀਆਂ ਦਾ ਨਾਸ਼ ਕਰਨ ਆਵੇਗਾ, ਧਰਤੀ ਦੇ ਹਾਕਮ ‘ਉਸ ਉੱਤੇ ਅਚਰਜ ਹੋਣਗੇ।’ ਇਹ ਹਾਕਮ ਯਿਸੂ ਨੂੰ ਆਪਣੀ ਅੱਖੀਂ ਨਹੀਂ ਦੇਖਣਗੇ। ਪਰ ਉਹ ਉਸ ਦੀ ਸ਼ਕਤੀ ਦਾ ਸਬੂਤ ਜ਼ਰੂਰ ਦੇਖਣਗੇ ਜਦੋਂ ਉਹ ਯਹੋਵਾਹ ਲਈ ਸਵਰਗ ਤੋਂ ਲੜਨ ਆਵੇਗਾ। (ਮੱਤੀ 24:30) ਜੀ ਹਾਂ, ਯਿਸੂ ਪਰਮੇਸ਼ੁਰ ਵੱਲੋਂ ਸਜ਼ਾ ਦੇਵੇਗਾ ਅਤੇ ਇਹ ਗੱਲ ਧਾਰਮਿਕ ਆਗੂਆਂ ਨੇ ਲੋਕਾਂ ਨੂੰ ਨਹੀਂ ਸਮਝਾਈ। ਪਰ ਹਾਕਮਾਂ ਨੂੰ ਮਜਬੂਰਨ ਇਹ ਗੱਲ ਸਮਝਣੀ ਪਵੇਗੀ! ਜਦੋਂ ਪਰਮੇਸ਼ੁਰ ਦੇ ਅੱਤ ਮਹਾਨ ਦਾਸ ਨਾਲ ਉਹ ਟਕਰਾਉਣਗੇ ਤਾਂ ਉਹ ਹੱਕੇ-ਬੱਕੇ ਰਹਿ ਜਾਣਗੇ!

10, 11. ਪਹਿਲੀ ਸਦੀ ਵਿਚ ਯਿਸੂ ਬਾਰੇ ਗ਼ਲਤ ਵਿਚਾਰ ਕਿਵੇਂ ਪੇਸ਼ ਕੀਤੇ ਗਏ ਸਨ ਅਤੇ ਇਹ ਅੱਜ ਕਿਵੇਂ ਹੋ ਰਿਹਾ ਹੈ?

10 ਚੌਦ੍ਹਵੀਂ ਆਇਤ ਦੇ ਦੂਜੇ ਹਿੱਸੇ ਵਿਚ ਯਸਾਯਾਹ ਨੇ ਕਿਹਾ: “ਉਹ ਦਾ ਮੁਖੜਾ ਮਨੁੱਖਾਂ ਨਾਲੋਂ, ਅਤੇ ਉਹ ਦਾ ਰੂਪ ਆਦਮ ਵੰਸ ਨਾਲੋਂ ਕਿੰਨਾ ਵਿਗੜਿਆ ਹੋਇਆ ਸੀ!” (ਯਸਾਯਾਹ 52:14ਅ) ਕੀ ਯਿਸੂ ਦਾ ਰੂਪ ਸੱਚ-ਮੁੱਚ ਵਿਗੜਿਆ ਹੋਇਆ ਸੀ? ਨਹੀਂ। ਭਾਵੇਂ ਕਿ ਬਾਈਬਲ ਵਿਚ ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਯਿਸੂ ਦੀ ਸ਼ਕਲ ਕਿਸ ਤਰ੍ਹਾਂ ਦੀ ਸੀ, ਫਿਰ ਵੀ ਅਸੀਂ ਕਹਿ ਸਕਦੇ ਹਾਂ ਕਿ ਪਰਮੇਸ਼ੁਰ ਦਾ ਸੰਪੂਰਣ ਪੁੱਤਰ ਸੋਹਣਾ-ਸੁਣੱਖਾ ਜ਼ਰੂਰ ਸੀ। ਇਸ ਤਰ੍ਹਾਂ ਲੱਗਦਾ ਹੈ ਕਿ ਯਸਾਯਾਹ ਇੱਥੇ ਯਿਸੂ ਦੇ ਅਪਮਾਨ ਬਾਰੇ ਦੱਸ ਰਿਹਾ ਸੀ। ਯਿਸੂ ਨੇ ਦਲੇਰੀ ਨਾਲ ਆਪਣੇ ਜ਼ਮਾਨੇ ਦੇ ਧਾਰਮਿਕ ਆਗੂਆਂ ਦੀ ਨਿੰਦਿਆ ਕਰ ਕੇ ਉਨ੍ਹਾਂ ਨੂੰ ਪਖੰਡੀ, ਝੂਠੇ, ਅਤੇ ਖ਼ੂਨੀ ਸੱਦਿਆ ਸੀ, ਅਤੇ ਜਵਾਬ ਵਿਚ ਇਨ੍ਹਾਂ ਨੇ ਉਸ ਨੂੰ ਗਾਲ੍ਹਾਂ ਕੱਢੀਆਂ ਸਨ। (1 ਪਤਰਸ 2:22, 23) ਉਨ੍ਹਾਂ ਨੇ ਉਸ ਉੱਤੇ ਕਾਨੂੰਨ ਤੋੜਨ, ਕੁਫ਼ਰ ਬਕਣ, ਧੋਖਾ ਦੇਣ, ਅਤੇ ਰੋਮ ਦਾ ਵਿਰੋਧ ਕਰਨ ਦੇ ਝੂਠੇ ਇਲਜ਼ਾਮ ਲਾਏ ਸਨ। ਇਸ ਤਰ੍ਹਾਂ ਇਨ੍ਹਾਂ ਇਲਜ਼ਾਮ ਲਾਉਣ ਵਾਲਿਆਂ ਨੇ ਯਿਸੂ ਬਾਰੇ ਗ਼ਲਤ ਵਿਚਾਰ ਪੇਸ਼ ਕੀਤੇ ਸਨ।

11 ਅੱਜ ਵੀ ਯਿਸੂ ਦਾ ਗ਼ਲਤ ਬਿਆਨ ਕੀਤਾ ਜਾਂਦਾ ਹੈ। ਕਈ ਲੋਕ ਯਿਸੂ ਨੂੰ ਖੁਰਲੀ ਵਿਚ ਪਏ ਬੱਚੇ ਵਜੋਂ ਦੇਖਦੇ ਹਨ ਜਾਂ ਸਲੀਬ ਉੱਤੇ ਟੰਗੇ ਹੋਏ ਦੁਖੀ ਇਨਸਾਨ ਵਜੋਂ ਜਿਸ ਦੇ ਸਿਰ ਉੱਤੇ ਕੰਡਿਆਂ ਦਾ ਤਾਜ ਹੈ। ਈਸਾਈ-ਜਗਤ ਦੇ ਪਾਦਰੀਆਂ ਨੇ ਅਜਿਹੇ ਵਿਚਾਰ ਅੱਗੇ ਵਧਾਏ ਹਨ। ਉਨ੍ਹਾਂ ਨੇ ਯਿਸੂ ਨੂੰ ਇਕ ਸ਼ਕਤੀਸ਼ਾਲੀ ਸਵਰਗੀ ਰਾਜੇ ਵਜੋਂ ਨਹੀਂ ਪੇਸ਼ ਕੀਤਾ ਜਿਸ ਨੇ ਕੌਮਾਂ ਤੋਂ ਲੇਖਾ ਲੈਣਾ ਹੈ। ਭਵਿੱਖ ਵਿਚ ਜਦੋਂ ਇਨਸਾਨੀ ਹਾਕਮ ਅੱਤ ਮਹਾਨ ਯਿਸੂ ਦਾ ਸਾਮ੍ਹਣਾ ਕਰਨਗੇ, ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮਸੀਹਾ ਨੂੰ “ਅਕਾਸ਼ ਅਤੇ ਧਰਤੀ ਦਾ ਸਾਰਾ ਇਖ਼ਤਿਆਰ” ਦਿੱਤਾ ਗਿਆ ਹੈ!​—ਮੱਤੀ 28:18.

ਇਸ ਖ਼ੁਸ਼ ਖ਼ਬਰੀ ਵਿਚ ਕਿਸ ਨੇ ਨਿਹਚਾ ਕੀਤੀ?

12. ਯਸਾਯਾਹ 53:1 ਦੇ ਸ਼ਬਦ ਕਿਹੜੇ ਦਿਲਚਸਪ ਸਵਾਲ ਪੈਦਾ ਕਰਦੇ ਹਨ?

12 ਮਸੀਹਾ ‘ਵਿਗੜੇ ਹੋਏ’ ਤੋਂ “ਅੱਤ ਮਹਾਨ” ਬਣਿਆ ਅਤੇ ਇਸ ਤਬਦੀਲੀ ਬਾਰੇ ਦੱਸਣ ਤੋਂ ਬਾਅਦ ਯਸਾਯਾਹ ਨੇ ਪੁੱਛਿਆ: “ਸਾਡੇ ਪਰਚਾਰ ਦੀ ਕਿਹ ਨੇ ਪਰਤੀਤ ਕੀਤੀ? ਅਤੇ ਯਹੋਵਾਹ ਦੀ ਭੁਜਾ ਕਿਹ ਦੇ ਉੱਤੇ ਪਰਗਟ ਹੋਈ?” (ਯਸਾਯਾਹ 53:1) ਯਸਾਯਾਹ ਦੇ ਇਹ ਸ਼ਬਦ ਦਿਲਚਸਪ ਸਵਾਲ ਪੈਦਾ ਕਰਦੇ ਹਨ: ਕੀ ਇਹ ਭਵਿੱਖਬਾਣੀ ਪੂਰੀ ਹੋਣੀ ਸੀ? ਕੀ “ਯਹੋਵਾਹ ਦੀ ਭੁਜਾ,” ਯਾਨੀ ਉਸ ਦੀ ਸ਼ਕਤੀ ਵਰਤਣ ਦੀ ਯੋਗਤਾ ਨੇ ਇਹ ਸ਼ਬਦ ਪੂਰੇ ਕਰਨੇ ਸਨ?

13. ਪੌਲੁਸ ਨੇ ਕਿਵੇਂ ਦਿਖਾਇਆ ਸੀ ਕਿ ਯਸਾਯਾਹ ਦੀ ਭਵਿੱਖਬਾਣੀ ਯਿਸੂ ਵਿਚ ਪੂਰੀ ਹੋਈ ਸੀ, ਅਤੇ ਕੀ ਸਾਰਿਆਂ ਨੇ ਖ਼ੁਸ਼ੀ ਖ਼ਬਰੀ ਮੰਨੀ ਸੀ?

13 ਇਨ੍ਹਾਂ ਦੋਹਾਂ ਸਵਾਲਾਂ ਦੇ ਜਵਾਬ ਹਾਂ ਹਨ! ਰੋਮੀਆਂ ਨੂੰ ਲਿਖਦੇ ਹੋਏ ਪੌਲੁਸ ਨੇ ਯਸਾਯਾਹ ਦੇ ਸ਼ਬਦਾਂ ਦਾ ਹਵਾਲਾ ਦੇ ਕੇ ਦਿਖਾਇਆ ਕਿ ਯਸਾਯਾਹ ਦੀ ਭਵਿੱਖਬਾਣੀ ਯਿਸੂ ਵਿਚ ਪੂਰੀ ਹੋਈ ਸੀ। ਧਰਤੀ ਉੱਤੇ ਯਿਸੂ ਦੇ ਦੁੱਖ ਝੱਲਣ ਤੋਂ ਬਾਅਦ ਉਸ ਦੀ ਵਡਿਆਈ ਹੋਈ ਸੀ ਅਤੇ ਇਹ ਖ਼ੁਸ਼ ਖ਼ਬਰੀ ਸੀ। “ਪਰ,” ਪੌਲੁਸ ਨੇ ਵਿਸ਼ਵਾਸ ਨਾ ਕਰਨ ਵਾਲੇ ਯਹੂਦੀਆਂ ਬਾਰੇ ਕਿਹਾ “ਸਭਨਾਂ ਨੇ ਇਹ ਖੁਸ਼ ਖਬਰੀ ਨੂੰ ਨਹੀਂ ਮੰਨਿਆ ਕਿਉਂ ਜੋ ਯਸਾਯਾਹ ਕਹਿੰਦਾ ਹੈ ਭਈ ਹੇ ਪ੍ਰਭੁ, ਸਾਡੇ ਸੁਨੇਹੇ ਦੀ ਕਿਨ ਪਰਤੀਤ ਕੀਤੀ? ਸੋ ਪਰਤੀਤ ਸੁਣਨ ਨਾਲ, ਅਤੇ ਸੁਣਨਾ ਮਸੀਹ ਦੇ ਬਚਨ ਤੋਂ ਆਉਂਦਾ ਹੈ।” (ਰੋਮੀਆਂ 10:16, 17) ਅਫ਼ਸੋਸ ਦੀ ਗੱਲ ਹੈ ਕਿ ਪੌਲੁਸ ਦੇ ਜ਼ਮਾਨੇ ਵਿਚ ਬਹੁਤ ਥੋੜ੍ਹਿਆਂ ਲੋਕਾਂ ਨੇ ਪਰਮੇਸ਼ੁਰ ਦੇ ਦਾਸ ਦੀ ਖ਼ੁਸ਼ ਖ਼ਬਰੀ ਵਿਚ ਨਿਹਚਾ ਕੀਤੀ ਸੀ। ਕਿਉਂ?

14, 15. ਜਦੋਂ ਮਸੀਹਾ ਧਰਤੀ ਉੱਤੇ ਆਇਆ ਸੀ ਤਾਂ ਉਹ ਕਿਹੋ ਜਿਹੇ ਪਰਿਵਾਰ ਵਿਚ ਪਲਿਆ ਸੀ?

14 ਅੱਗੇ ਭਵਿੱਖਬਾਣੀ ਨੇ ਇਸਰਾਏਲੀਆਂ ਨੂੰ ਪਹਿਲੀ ਆਇਤ ਦੇ ਸਵਾਲਾਂ ਦਾ ਕਾਰਨ ਦਿੱਤਾ ਅਤੇ ਸਮਝਾਇਆ ਕਿ ਕਈਆਂ ਲੋਕਾਂ ਨੇ ਮਸੀਹਾ ਨੂੰ ਕਿਉਂ ਨਹੀਂ ਸਵੀਕਾਰ ਕਰਨਾ ਸੀ: “ਉਹ ਤਾਂ ਕੂੰਬਲ ਵਾਂਙੁ [ਦੇਖਣ ਵਾਲੇ] ਦੇ ਅੱਗੇ, ਅਤੇ ਸੁੱਕੀ ਧਰਤੀ ਵਿੱਚੋਂ ਜੜ੍ਹ ਵਾਂਙੁ ਫੁੱਟ ਨਿੱਕਲਿਆ, ਉਸ ਦਾ ਨਾ ਕੋਈ ਰੂਪ ਸੀ ਨਾ ਕੋਈ ਸਰੂਪ ਸੀ, ਅਤੇ ਜਦ ਅਸੀਂ ਉਸ ਨੂੰ ਵੇਖੀਏ, ਤਾਂ ਕੋਈ ਸੁਹੱਪਣ ਨਹੀਂ ਭਈ ਅਸੀਂ ਉਹ ਨੂੰ ਪਸੰਦ ਕਰੀਏ।” (ਯਸਾਯਾਹ 53:2) ਇੱਥੇ ਅਸੀਂ ਦੇਖਦੇ ਹਾਂ ਕਿ ਜਦੋਂ ਮਸੀਹਾ ਨੇ ਧਰਤੀ ਉੱਤੇ ਆਉਣਾ ਸੀ ਤਾਂ ਉਸ ਨੇ ਕਿਹੋ ਜਿਹਾ ਹੋਣਾ ਸੀ। ਉਸ ਨੇ ਨਿਮਰ ਹੋਣਾ ਸੀ ਅਤੇ ਦੇਖਣ ਵਾਲਿਆਂ ਲਈ ਉਸ ਨੇ ਸਿਰਫ਼ ਇਕ ਆਮ ਇਨਸਾਨ ਹੀ ਹੋਣਾ ਸੀ। ਇਸ ਤੋਂ ਇਲਾਵਾ ਉਸ ਨੇ ਇਕ ਕੂੰਬਲ ਵਰਗਾ ਹੋਣਾ ਸੀ, ਜੋ ਦਰਖ਼ਤ ਦੇ ਤਣੇ ਜਾਂ ਉਸ ਦੀ ਟਹਿਣੀ ਉੱਤੇ ਨਿਕਲਦਾ ਹੈ। ਉਸ ਨੇ ਸੁੱਕੀ ਅਤੇ ਬੰਜਰ ਧਰਤੀ ਵਿਚ ਜੜ੍ਹ ਵਰਗਾ ਵੀ ਹੋਣਾ ਸੀ ਜਿਸ ਨੂੰ ਪਾਣੀ ਦੀ ਸਖ਼ਤ ਜ਼ਰੂਰਤ ਹੁੰਦੀ ਹੈ। ਉਸ ਨੇ ਰਾਜੇ ਦੀ ਤਰ੍ਹਾਂ ਸ਼ਾਹੀ ਕੱਪੜੇ ਪਹਿਨ ਕੇ ਅਤੇ ਸਿਰ ਤੇ ਤਾਜ ਰੱਖ ਕੇ ਧੂਮ-ਧਾਮ ਨਾਲ ਨਹੀਂ ਆਉਣਾ ਸੀ। ਇਸ ਦੀ ਬਜਾਇ ਉਸ ਦੀ ਸ਼ੁਰੂਆਤ ਮਾਮੂਲੀ ਅਤੇ ਸਾਧਾਰਣ ਹੋਣੀ ਸੀ।

15 ਇਸ ਭਵਿੱਖਬਾਣੀ ਦੀ ਪੂਰਤੀ ਵਿਚ ਯਿਸੂ ਸੱਚ-ਮੁੱਚ ਇਕ ਆਮ ਇਨਸਾਨ ਦੀ ਤਰ੍ਹਾਂ ਆਇਆ ਸੀ। ਕੁਆਰੀ ਯਹੂਦਣ ਮਰਿਯਮ ਨੇ ਬੈਤਲਹਮ ਨਾਂ ਦੇ ਛੋਟੇ ਜਿਹੇ ਨਗਰ ਵਿਚ ਉਸ ਨੂੰ ਇਕ ਤਬੇਲੇ ਵਿਚ ਜਨਮ ਦਿੱਤਾ ਸੀ। * (ਲੂਕਾ 2:7; ਯੂਹੰਨਾ 7:42) ਮਰਿਯਮ ਅਤੇ ਉਸ ਦਾ ਪਤੀ ਯੂਸੁਫ਼ ਗ਼ਰੀਬ ਸਨ। ਯਿਸੂ ਦੇ ਜਨਮ ਤੋਂ ਕੁਝ 40 ਦਿਨ ਬਾਅਦ ਉਨ੍ਹਾਂ ਨੇ ਆਪਣੀ ਗ਼ਰੀਬੀ ਕਰਕੇ ਪਾਪ ਦੀ ਭੇਟ ਵਜੋਂ ਸਿਰਫ਼ “ਖੁਮਰੀਆਂ ਦਾ ਇੱਕ ਜੋੜਾ ਯਾ ਕਬੂਤਰ ਦੇ ਦੋ ਬੱਚੇ” ਬਲੀਦਾਨ ਕੀਤੇ ਸਨ। (ਲੂਕਾ 2:24; ਲੇਵੀਆਂ 12:6-8) ਬਾਅਦ ਵਿਚ ਮਰਿਯਮ ਅਤੇ ਯੂਸੁਫ਼ ਨਾਸਰਤ ਵਿਚ ਰਹਿਣ ਲੱਗ ਪਏ ਸਨ ਜਿੱਥੇ ਯਿਸੂ ਸਾਧਾਰਣ ਹਾਲਾਤਾਂ ਵਿਚ ਇਕ ਵੱਡੇ ਪਰਿਵਾਰ ਵਿਚ ਪਲਿਆ ਸੀ।​—ਮੱਤੀ 13:55, 56.

16. ਇਹ ਕਿਵੇਂ ਸੱਚ ਸੀ ਕਿ ਯਿਸੂ ਦਾ ਕੋਈ “ਰੂਪ” ਜਾਂ “ਸਰੂਪ” ਨਹੀਂ ਸੀ?

16 ਇਸ ਤਰ੍ਹਾਂ ਲੱਗਦਾ ਹੈ ਕਿ ਇਨਸਾਨ ਵਜੋਂ ਯਿਸੂ ਦੀ ਜੜ੍ਹ ਸੁੱਕੀ ਧਰਤੀ ਵਿੱਚੋਂ ਸੀ। (ਯੂਹੰਨਾ 1:46; 7:41, 52) ਭਾਵੇਂ ਕਿ ਉਹ ਇਕ ਸੰਪੂਰਣ ਮਨੁੱਖ ਸੀ ਅਤੇ ਰਾਜਾ ਦਾਊਦ ਦੇ ਘਰਾਣੇ ਵਿੱਚੋਂ ਸੀ, ਉਸ ਦੀ ਗ਼ਰੀਬੀ ਕਰਕੇ ਉਨ੍ਹਾਂ ਲੋਕਾਂ ਦੀਆਂ ਨਜ਼ਰਾਂ ਵਿਚ ਉਸ ਦਾ ਕੋਈ “ਰੂਪ” ਜਾਂ “ਸਰੂਪ” ਨਹੀਂ ਸੀ ਕਿਉਂਕਿ ਉਹ ਸਮਝਦੇ ਸਨ ਕਿ ਮਸੀਹਾ ਦਾ ਜਨਮ ਕਿਸੇ ਅਮੀਰ ਜਾਂ ਸ਼ਾਹੀ ਘਰਾਣੇ ਵਿਚ ਹੋਵੇਗਾ। ਯਹੂਦੀ ਧਾਰਮਿਕ ਆਗੂਆਂ ਨੇ ਲੋਕਾਂ ਨੂੰ ਉਕਸਾਇਆ ਕਿ ਉਹ ਉਸ ਦੀ ਗੱਲ ਨਾ ਸੁਨਣ ਅਤੇ ਉਸ ਨਾਲ ਨਫ਼ਰਤ ਕਰਨ। ਅਖ਼ੀਰ ਵਿਚ ਲੋਕਾਂ ਨੇ ਪਰਮੇਸ਼ੁਰ ਦੇ ਸੰਪੂਰਣ ਪੁੱਤਰ ਨੂੰ ਪਸੰਦ ਨਹੀਂ ਕੀਤਾ।​—ਮੱਤੀ 27:11-26.

“ਤੁੱਛ ਅਤੇ ਮਨੁੱਖਾਂ ਵੱਲੋਂ ਤਿਆਗਿਆ ਹੋਇਆ”

17. (ੳ) ਯਸਾਯਾਹ ਨੇ ਕੀ ਦੱਸਣਾ ਸ਼ੁਰੂ ਕੀਤਾ ਸੀ, ਅਤੇ ਉਸ ਨੇ ਇਸ ਤਰ੍ਹਾਂ ਕਿਉਂ ਲਿਖਿਆ ਸੀ ਜਿਵੇਂ ਇਹ ਸ਼ਬਦ ਪੂਰੇ ਹੋ ਚੁੱਕੇ ਸਨ? (ਅ) ਕਿਨ੍ਹਾਂ ਨੇ ਯਿਸੂ ਨੂੰ “ਤੁੱਛ” ਸਮਝ ਕੇ “ਤਿਆਗਿਆ” ਸੀ ਅਤੇ ਉਨ੍ਹਾਂ ਨੇ ਇਹ ਕਿਸ ਤਰ੍ਹਾਂ ਕੀਤਾ ਸੀ?

17 ਅੱਗੇ ਯਸਾਯਾਹ ਨੇ ਦੱਸਣਾ ਸ਼ੁਰੂ ਕੀਤਾ ਕਿ ਮਸੀਹਾ ਬਾਰੇ ਲੋਕਾਂ ਦਾ ਕੀ ਵਿਚਾਰ ਹੋਣਾ ਸੀ ਅਤੇ ਉਨ੍ਹਾਂ ਨੇ ਉਸ ਨਾਲ ਕਿਹੋ ਜਿਹਾ ਸਲੂਕ ਕਰਨਾ ਸੀ: “ਉਹ ਤੁੱਛ ਅਤੇ ਮਨੁੱਖਾਂ ਵੱਲੋਂ ਤਿਆਗਿਆ ਹੋਇਆ ਸੀ, ਇੱਕ ਦੁਖੀਆ ਮਨੁੱਖ, ਸੋਗ ਦਾ ਜਾਣੂ, ਅਤੇ ਉਸ ਵਾਂਙੁ ਜਿਸ ਤੋਂ ਲੋਕ ਮੂੰਹ ਲੁਕਾਉਂਦੇ, ਉਹ ਤੁੱਛ ਜਾਤਾ ਗਿਆ ਅਤੇ ਅਸਾਂ ਉਸ ਦੀ ਕਦਰ ਨਾ ਕੀਤੀ।” (ਯਸਾਯਾਹ 53:3) ਯਸਾਯਾਹ ਨੂੰ ਪੂਰਾ ਯਕੀਨ ਸੀ ਕਿ ਉਸ ਦੇ ਸ਼ਬਦ ਪੂਰੇ ਹੋ ਕੇ ਰਹਿਣੇ ਸਨ, ਇਸ ਲਈ ਉਸ ਨੇ ਇਸ ਤਰ੍ਹਾਂ ਲਿਖਿਆ ਜਿਵੇਂ ਉਹ ਪੂਰੇ ਹੋ ਚੁੱਕੇ ਸਨ। ਕੀ ਯਿਸੂ ਮਸੀਹ ਸੱਚ-ਮੁੱਚ ਤੁੱਛ ਅਤੇ ਮਨੁੱਖਾਂ ਵੱਲੋਂ ਤਿਆਗਿਆ ਹੋਇਆ ਸੀ? ਜੀ ਹਾਂ! ਆਪਣੇ ਆਪ ਨੂੰ ਬਹੁਤ ਧਰਮੀ ਸਮਝਣ ਵਾਲੇ ਧਾਰਮਿਕ ਆਗੂਆਂ ਅਤੇ ਉਨ੍ਹਾਂ ਦੇ ਚੇਲਿਆਂ ਨੇ ਉਸ ਨੂੰ ਸਭ ਤੋਂ ਨੀਚ ਸਮਝਿਆ ਸੀ। ਉਨ੍ਹਾਂ ਨੇ ਉਸ ਨੂੰ ਮਸੂਲੀਆਂ ਅਤੇ ਪਾਪੀਆਂ ਦਾ ਯਾਰ ਸੱਦਿਆ ਸੀ। (ਲੂਕਾ 7:34, 37-39) ਉਨ੍ਹਾਂ ਨੇ ਉਸ ਦੇ ਮੂੰਹ ਉੱਤੇ ਥੁੱਕਿਆ, ਉਸ ਨੂੰ ਮੁੱਕੇ ਮਾਰੇ, ਗਾਲ੍ਹਾਂ ਕੱਢੀਆਂ, ਅਤੇ ਮੇਹਣੇ ਮਾਰ ਕੇ ਉਸ ਦਾ ਮਖੌਲ ਉਡਾਇਆ। (ਮੱਤੀ 26:67) ਸੱਚਾਈ ਦੇ ਇਨ੍ਹਾਂ ਵੈਰੀਆਂ ਦੇ ਮਗਰ ਲੱਗ ਕੇ ਯਿਸੂ ਦੇ ‘ਆਪਣਿਆਂ ਨੇ ਉਸ ਨੂੰ ਕਬੂਲ ਨਾ ਕੀਤਾ।’​—ਯੂਹੰਨਾ 1:10, 11.

18. ਭਾਵੇਂ ਕਿ ਯਿਸੂ ਕਦੀ ਬੀਮਾਰ ਨਹੀਂ ਹੋਇਆ ਸੀ, ਉਹ ‘ਇੱਕ ਦੁਖੀਆ ਮਨੁੱਖ ਅਤੇ ਸੋਗ ਦਾ ਜਾਣੂ’ ਕਿਵੇਂ ਸੀ?

18 ਯਿਸੂ ਇਕ ਸੰਪੂਰਣ ਮਨੁੱਖ ਸੀ, ਇਸ ਲਈ ਉਹ ਕਦੀ ਬੀਮਾਰ ਨਹੀਂ ਹੋਇਆ ਸੀ। ਫਿਰ ਵੀ ਉਹ ‘ਇੱਕ ਦੁਖੀਆ ਮਨੁੱਖ ਅਤੇ ਸੋਗ ਦਾ ਜਾਣੂ’ ਸੀ। ਇਹ ਦੁੱਖ ਅਤੇ ਬੀਮਾਰੀਆਂ ਉਸ ਨੂੰ ਨਹੀਂ ਲੱਗੀਆਂ ਸਨ ਪਰ ਯਿਸੂ ਸਵਰਗ ਤੋਂ ਇਕ ਰੋਗੀ ਦੁਨੀਆਂ ਵਿਚ ਆਇਆ ਸੀ। ਉਹ ਅਜਿਹੇ ਲੋਕਾਂ ਦੇ ਵਿਚਕਾਰ ਰਿਹਾ ਜਿਨ੍ਹਾਂ ਨੂੰ ਦੁੱਖ ਅਤੇ ਦਰਦ ਸਹਿਣੇ ਪੈਂਦੇ ਸਨ। ਪਰ ਉਹ ਇਨ੍ਹਾਂ ਰੂਹਾਨੀ ਜਾਂ ਸਰੀਰਕ ਤੌਰ ਤੇ ਬੀਮਾਰ ਲੋਕਾਂ ਤੋਂ ਦੂਰ ਨਹੀਂ ਰਿਹਾ ਸੀ। ਇਕ ਡਾਕਟਰ ਦੀ ਤਰ੍ਹਾਂ ਉਸ ਨੇ ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਦਿਲੋਂ ਪਰਵਾਹ ਕੀਤੀ ਅਤੇ ਉਨ੍ਹਾਂ ਦੇ ਦੁੱਖ ਸਮਝੇ। ਇਸ ਤੋਂ ਇਲਾਵਾ ਉਸ ਨੇ ਉਹ ਕੰਮ ਕੀਤੇ ਜੋ ਕੋਈ ਆਮ ਡਾਕਟਰ ਨਹੀਂ ਕਰ ਸਕਦਾ ਸੀ।​—ਲੂਕਾ 5:27-32.

19. ਕਿਨ੍ਹਾਂ ਨੇ ਯਿਸੂ ਤੋਂ ਆਪਣੇ ਮੂੰਹ ਲੁਕਾਏ ਸਨ, ਅਤੇ ਉਸ ਦੇ ਵੈਰੀਆਂ ਨੇ ਕਿਵੇਂ ਦਿਖਾਇਆ ਕਿ ਉਨ੍ਹਾਂ ਨੇ “ਉਸ ਦੀ ਕਦਰ ਨਾ ਕੀਤੀ”?

19 ਫਿਰ ਵੀ ਯਿਸੂ ਦੇ ਵੈਰੀਆਂ ਨੇ ਉਸ ਨੂੰ ਰੋਗੀ ਸਮਝਿਆ ਅਤੇ ਉਸ ਦੀ ਕਦਰ ਨਹੀਂ ਕੀਤੀ। ਜੀ ਹਾਂ, ‘ਲੋਕ ਉਸ ਤੋਂ ਮੂੰਹ ਲੁਕਾਉਂਦੇ ਸਨ।’ ਯਿਸੂ ਦੇ ਵਿਰੋਧੀਆਂ ਦੀਆਂ ਨਜ਼ਰਾਂ ਵਿਚ ਉਹ ਇੰਨਾ ਭੈੜਾ ਸੀ ਕਿ ਉਹ ਉਸ ਵੱਲ ਦੇਖਣਾ ਵੀ ਨਹੀਂ ਚਾਹੁੰਦੇ ਸਨ। ਉਨ੍ਹਾਂ ਨੇ ਉਸ ਦਾ ਮੁੱਲ ਸਿਰਫ਼ ਇਕ ਗ਼ੁਲਾਮ ਦੀ ਕੀਮਤ ਸਮਝਿਆ। (ਕੂਚ 21:32; ਮੱਤੀ 26:14-16) ਉਨ੍ਹਾਂ ਨੇ ਬਰੱਬਾਸ ਨਾਂ ਦੇ ਖ਼ੂਨੀ ਤੋਂ ਵੀ ਘੱਟ ਉਸ ਦੀ ਕਦਰ ਕੀਤੀ। (ਲੂਕਾ 23:18-25) ਉਨ੍ਹਾਂ ਦਿਆਂ ਦਿਲਾਂ ਵਿਚ ਯਿਸੂ ਲਈ ਕਿੰਨੀ ਨਫ਼ਰਤ ਸੀ!

20. ਯਸਾਯਾਹ ਦੇ ਸ਼ਬਦ ਅੱਜ ਯਹੋਵਾਹ ਦੇ ਲੋਕਾਂ ਨੂੰ ਕਿਹੜਾ ਦਿਲਾਸਾ ਦਿੰਦੇ ਹਨ?

20 ਅੱਜ ਯਹੋਵਾਹ ਦੇ ਸੇਵਕ ਯਸਾਯਾਹ ਦੇ ਸ਼ਬਦਾਂ ਤੋਂ ਕਾਫ਼ੀ ਦਿਲਾਸਾ ਪਾ ਸਕਦੇ ਹਨ। ਕਈ ਵਾਰ ਵਿਰੋਧੀ ਲੋਕ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੂੰ ਤੁੱਛ ਸਮਝਦੇ ਹਨ ਜਾਂ ਉਨ੍ਹਾਂ ਦੀ ਕਦਰ ਨਹੀਂ ਕਰਦੇ। ਪਰ ਜਿਵੇਂ ਯਿਸੂ ਬਾਰੇ ਸੱਚ ਸੀ, ਸੱਚ ਤਾਂ ਇਹ ਹੈ ਕਿ ਯਹੋਵਾਹ ਸਾਡੀ ਬਹੁਤ ਹੀ ਕਦਰ ਕਰਦਾ ਹੈ। ਅਖ਼ੀਰ ਵਿਚ ਭਾਵੇਂ ਲੋਕਾਂ ਨੇ ਯਿਸੂ “ਦੀ ਕਦਰ ਨਾ ਕੀਤੀ” ਯਹੋਵਾਹ ਦੀਆਂ ਨਜ਼ਰਾਂ ਵਿਚ ਉਹ ਅਣਮੋਲ ਸੀ!

“ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ”

21, 22. (ੳ) ਮਸੀਹਾ ਨੇ ਦੂਸਰਿਆਂ ਦੀ ਖ਼ਾਤਰ ਕੀ-ਕੀ ਕੀਤਾ ਸੀ? (ਅ) ਕਈਆਂ ਲੋਕਾਂ ਨੇ ਮਸੀਹਾ ਬਾਰੇ ਕੀ ਸੋਚਿਆ ਸੀ, ਅਤੇ ਉਸ ਨੂੰ ਅਖ਼ੀਰ ਵਿਚ ਕਿਹੜੇ ਦੁੱਖ ਸਹਿਣੇ ਪਏ ਸਨ?

21 ਮਸੀਹਾ ਨੂੰ ਦੁੱਖ ਝੱਲਣੇ ਅਤੇ ਮਰਨਾ ਕਿਉਂ ਪਿਆ ਸੀ? ਯਸਾਯਾਹ ਨੇ ਸਮਝਾਇਆ: “ਸੱਚ ਮੁੱਚ ਉਸ ਨੇ ਸਾਡੇ ਗ਼ਮ ਚੁੱਕ ਲਏ, ਅਤੇ ਸਾਡੇ ਦੁਖ ਉਠਾਏ, ਪਰ ਅਸਾਂ ਉਸ ਨੂੰ ਮਾਰਿਆ ਹੋਇਆ, ਪਰਮੇਸ਼ੁਰ ਦਾ ਕੁੱਟਿਆ ਹੋਇਆ ਅਤੇ ਭੰਨਿਆ ਹੋਇਆ ਸਮਝਿਆ। ਪਰ ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ, ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ, ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ। ਅਸੀਂ ਸਾਰੇ ਭੇਡਾਂ ਵਾਂਙੁ ਭੁੱਲੇ ਫਿਰਦੇ ਸਾਂ, ਅਸੀਂ ਆਪਣੇ ਆਪਣੇ ਰਾਹਾਂ ਨੂੰ ਮੁੜੇ, ਅਤੇ ਯਹੋਵਾਹ ਨੇ ਸਾਡੀ ਸਾਰਿਆਂ ਦੀ ਬਦੀ ਉਸ ਉੱਤੇ ਲੱਦੀ।”​—ਯਸਾਯਾਹ 53:4-6.

22 ਬੀਮਾਰੀ ਅਤੇ ਦੁੱਖ ਮਨੁੱਖਜਾਤੀ ਦੀ ਪਾਪੀ ਹਾਲਤ ਦੇ ਨਤੀਜੇ ਹਨ। ਜਦੋਂ ਮਸੀਹਾ ਨੇ ਦੂਸਰਿਆਂ ਦੇ ਰੋਗ ਚੁੱਕੇ ਅਤੇ ਦੁੱਖ ਉਠਾਏ ਇਸ ਦਾ ਮਤਲਬ ਸੀ ਕਿ ਉਸ ਨੇ ਦੂਸਰਿਆਂ ਦੇ ਪਾਪ ਚੁੱਕੇ ਸਨ। ਉਸ ਨੇ ਮਾਨੋ ਉਨ੍ਹਾਂ ਦੇ ਬੋਝ ਆਪਣੇ ਕੰਧਿਆਂ ਉੱਤੇ ਚੁੱਕੇ ਸਨ। ਕਈਆਂ ਲੋਕਾਂ ਨੇ ਉਸ ਦੇ ਦੁੱਖ ਝੱਲਣ ਦਾ ਕਾਰਨ ਨਹੀਂ ਸਮਝਿਆ ਸੀ ਅਤੇ ਉਨ੍ਹਾਂ ਨੇ ਸੋਚਿਆ ਕਿ ਪਰਮੇਸ਼ੁਰ ਉਸ ਨੂੰ ਕੋਈ ਘਿਣਾਉਣਾ ਰੋਗ ਲਗਾ ਕੇ ਉਸ ਨੂੰ ਸਜ਼ਾ ਦੇ ਰਿਹਾ ਸੀ। * ਮਸੀਹਾ ਦੇ ਦੁੱਖਾਂ ਵਿਚ ਉਸ ਦਾ ਘਾਇਲ ਹੋਣਾ, ਕੁਚਲਿਆ ਜਾਣਾ, ਅਤੇ ਮਾਰਿਆ ਜਾਣਾ ਸ਼ਾਮਲ ਸੀ। ਜੀ ਹਾਂ, ਉਸ ਦੀ ਮੌਤ ਬਹੁਤ ਹਿੰਸਕ ਅਤੇ ਤਕਲੀਫ਼ਾਂ ਭਰੀ ਸੀ। ਪਰ ਉਸ ਦੀ ਮੌਤ ਸਾਡਾ ਪ੍ਰਾਸਚਿਤ ਕਰ ਸਕਦੀ ਹੈ; ਇਹ ਮੌਤ ਬਦੀ ਅਤੇ ਪਾਪ ਵਿਚ ਭੁੱਲੇ ਫਿਰਨ ਵਾਲਿਆਂ ਨੂੰ ਸਹੀ ਰਸਤੇ ਤੇ ਪਾਉਂਦੀ ਹੈ, ਜਿਸ ਕਰਕੇ ਉਨ੍ਹਾਂ ਨੂੰ ਪਰਮੇਸ਼ੁਰ ਨਾਲ ਸ਼ਾਂਤੀ ਮਿਲਦੀ ਹੈ।

23. ਯਿਸੂ ਨੇ ਦੂਸਰਿਆਂ ਦੇ ਦੁੱਖ ਕਿਵੇਂ ਉਠਾਏ ਸਨ?

23 ਯਿਸੂ ਨੇ ਦੂਸਰਿਆਂ ਦੇ ਦੁੱਖ ਕਿਵੇਂ ਉਠਾਏ ਸਨ? ਮੱਤੀ ਦੀ ਇੰਜੀਲ ਯਸਾਯਾਹ 53:4 ਦਾ ਹਵਾਲਾ ਦੇ ਕੇ ਕਹਿੰਦੀ ਹੈ: “ਜਾਂ ਸੰਝ ਹੋਈ ਉਸ ਦੇ ਕੋਲ ਬਹੁਤਿਆਂ ਨੂੰ ਲਿਆਏ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਅਤੇ ਉਸ ਨੇ ਬਚਨ ਨਾਲ ਰੂਹਾਂ ਨੂੰ ਕੱਢ ਦਿੱਤਾ ਅਰ ਸਾਰੇ ਰੋਗੀਆਂ ਨੂੰ ਚੰਗਿਆਂ ਕੀਤਾ। ਤਾਂ ਜੋ ਯਸਾਯਾਹ ਨਬੀ ਦਾ ਉਹ ਵਾਕ ਪੂਰਾ ਹੋਵੇ ਭਈ ਉਹ ਨੇ ਆਪੇ ਸਾਡੀਆਂ ਮਾਂਦਗੀਆਂ ਲੈ ਲਈਆਂ ਅਤੇ ਰੋਗਾਂ ਨੂੰ ਚੁੱਕ ਲਿਆ।” (ਮੱਤੀ 8:16, 17) ਜਦੋਂ ਯਿਸੂ ਨੇ ਰੋਗੀ ਲੋਕਾਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਠੀਕ ਕੀਤੀਆਂ, ਤਾਂ ਮਾਨੋ ਉਸ ਨੇ ਉਨ੍ਹਾਂ ਦੇ ਦੁੱਖ ਉਠਾਏ ਸਨ। ਚਮਤਕਾਰੀ ਢੰਗ ਨਾਲ ਲੋਕਾਂ ਨੂੰ ਚੰਗਾ ਕਰਨ ਦੁਆਰਾ ਉਸ ਵਿੱਚੋਂ ਸ਼ਕਤੀ ਖਿੱਚੀ ਜਾਂਦੀ ਸੀ। (ਲੂਕਾ 8:43-48) ਹਰ ਤਰ੍ਹਾਂ ਦਾ ਰੂਹਾਨੀ ਜਾਂ ਸਰੀਰਕ ਰੋਗ ਠੀਕ ਕਰ ਕੇ ਉਸ ਨੇ ਸਾਬਤ ਕੀਤਾ ਕਿ ਉਸ ਨੂੰ ਲੋਕਾਂ ਦੇ ਪਾਪ ਦੂਰ ਕਰਨ ਦੀ ਸ਼ਕਤੀ ਬਖ਼ਸ਼ੀ ਗਈ ਸੀ।​—ਮੱਤੀ 9:2-8.

24. (ੳ) ਕਈਆਂ ਲੋਕਾਂ ਨੂੰ ਇਸ ਤਰ੍ਹਾਂ ਕਿਉਂ ਲੱਗਦਾ ਸੀ ਕਿ ਯਿਸੂ ਪਰਮੇਸ਼ੁਰ ਦਾ “ਮਾਰਿਆ ਹੋਇਆ” ਸੀ? (ਅ) ਯਿਸੂ ਨੇ ਦੁੱਖ ਕਿਉਂ ਝੱਲੇ ਸਨ ਅਤੇ ਉਸ ਨੂੰ ਮਰਨਾ ਕਿਉਂ ਪਿਆ ਸੀ?

24 ਫਿਰ ਵੀ ਕਈਆਂ ਨੂੰ ਲੱਗਦਾ ਸੀ ਕਿ ਯਿਸੂ ਪਰਮੇਸ਼ੁਰ ਦਾ “ਮਾਰਿਆ ਹੋਇਆ” ਸੀ। ਆਖ਼ਰਕਾਰ ਉਸ ਨੇ ਇਹ ਦੁੱਖ ਉਨ੍ਹਾਂ ਧਾਰਮਿਕ ਆਗੂਆਂ ਦੇ ਹੱਥੋਂ ਝੱਲੇ ਸਨ ਜਿਨ੍ਹਾਂ ਦਾ ਲੋਕ ਆਦਰ ਕਰਦੇ ਸਨ। ਪਰ ਯਾਦ ਰੱਖੋ ਕਿ ਉਸ ਨੇ ਖ਼ੁਦ ਕੋਈ ਪਾਪ ਨਹੀਂ ਸੀ ਕੀਤਾ ਜਿਸ ਕਾਰਨ ਉਸ ਨੂੰ ਦੁੱਖ ਝੱਲਣ ਦੀ ਲੋੜ ਸੀ। ਪਤਰਸ ਨੇ ਕਿਹਾ: “ਮਸੀਹ ਵੀ ਤੁਹਾਡੇ ਨਮਿੱਤ ਦੁਖ ਝੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹ ਦੀ ਪੈੜ ਉੱਤੇ ਤੁਰੋ। ਉਹ ਨੇ ਕੋਈ ਪਾਪ ਨਹੀਂ ਕੀਤਾ, ਨਾ ਉਹ ਦੇ ਮੂੰਹ ਵਿੱਚੋਂ ਵਲ ਛਲ ਦੀ ਗੱਲ ਨਿੱਕਲੀ। ਓਸ ਆਪ ਸਾਡਿਆਂ ਪਾਪਾਂ ਨੂੰ ਆਪਣੇ ਸਰੀਰ ਵਿੱਚ ਰੁੱਖ ਉੱਤੇ ਚੁੱਕ ਲਿਆ ਭਈ ਅਸੀਂ ਪਾਪ ਦੀ ਵੱਲੋਂ ਮਰ ਕੇ ਧਰਮ ਦੀ ਵੱਲੋਂ ਜੀਵੀਏ। ਓਸੇ ਦੇ ਮਾਰ ਖਾਣ ਤੋਂ ਤੁਸੀਂ ਨਰੋਏ ਕੀਤੇ ਗਏ।” (1 ਪਤਰਸ 2:21, 22, 24) ਅਜਿਹਾ ਇਕ ਸਮਾਂ ਸੀ ਜਦੋਂ ਅਸੀਂ ਸਾਰੇ ਜਣੇ “ਭੇਡਾਂ ਵਾਂਙੁ” ਪਾਪ ਵਿਚ “ਭਟਕਦੇ ਫਿਰਦੇ” ਸਨ। (1 ਪਤਰਸ 2:25) ਪਰ ਯਹੋਵਾਹ ਨੇ ਯਿਸੂ ਰਾਹੀਂ ਸਾਨੂੰ ਸਾਡੀ ਪਾਪੀ ਹਾਲਤ ਤੋਂ ਰਿਹਾ ਕਰਨ ਦਾ ਪ੍ਰਬੰਧ ਕੀਤਾ। ਉਸ ਨੇ ਸਾਡੀ ਬਦੀ ਯਿਸੂ “ਉੱਤੇ ਲੱਦੀ।” ਯਿਸੂ ਪਾਪੀ ਨਹੀਂ ਸੀ ਪਰ ਉਸ ਨੇ ਆਪਣੀ ਮਰਜ਼ੀ ਨਾਲ ਸਾਡੇ ਪਾਪਾਂ ਦੀ ਸਜ਼ਾ ਭੋਗੀ। ਸੂਲੀ ਉੱਤੇ ਇਕ ਸ਼ਰਮਨਾਕ ਮੌਤ ਦਾ ਦੁੱਖ ਉਠਾ ਕੇ ਉਸ ਨੇ ਸਾਡੇ ਲਈ ਪਰਮੇਸ਼ੁਰ ਨਾਲ ਸੁਲ੍ਹਾ ਕਰਨ ਦਾ ਰਾਹ ਖੋਲ੍ਹਿਆ।

‘ਉਹ ਦੁਖੀ ਹੋਇਆ’

25. ਅਸੀਂ ਕਿਵੇਂ ਜਾਣਦੇ ਹਾਂ ਕਿ ਮਸੀਹਾ ਦੁੱਖ ਝੱਲਣ ਅਤੇ ਮਰਨ ਲਈ ਤਿਆਰ ਸੀ?

25 ਕੀ ਮਸੀਹਾ ਦੁੱਖ ਝੱਲਣ ਅਤੇ ਮਰਨ ਲਈ ਤਿਆਰ ਸੀ? ਯਸਾਯਾਹ ਨੇ ਕਿਹਾ: “ਉਹ ਸਤਾਇਆ ਗਿਆ ਤੇ ਦੁਖੀ ਹੋਇਆ, ਪਰ ਓਸ ਆਪਣਾ ਮੂੰਹ ਨਾ ਖੋਲ੍ਹਿਆ, ਲੇਲੇ ਵਾਂਙੁ ਜਿਹੜਾ ਕੱਟੇ ਜਾਣ ਲਈ ਲੈ ਜਾਇਆ ਜਾਂਦਾ, ਅਤੇ ਭੇਡ ਵਾਂਙੁ ਜਿਹੜੀ ਉੱਨ ਕਤਰਨ ਵਾਲਿਆਂ ਦੇ ਅੱਗੇ ਗੁੰਗੀ ਹੈ, ਸੋ ਓਸ ਆਪਣਾ ਮੂੰਹ ਨਾ ਖੋਲ੍ਹਿਆ।” (ਯਸਾਯਾਹ 53:7) ਜੇ ਯਿਸੂ ਚਾਹੁੰਦਾ ਤਾਂ ਉਹ ਆਪਣੀ ਜ਼ਿੰਦਗੀ ਦੀ ਆਖ਼ਰੀ ਰਾਤ ਨੂੰ ਆਪਣੀ ਮਦਦ ਲਈ “ਦੂਤਾਂ ਦੀਆਂ ਬਾਰਾਂ ਫੌਜਾਂ ਤੋਂ ਵਧੀਕ” ਬੁਲਾ ਸਕਦਾ ਸੀ। ਪਰ ਉਸ ਨੇ ਕਿਹਾ: “ਫੇਰ ਓਹ ਲਿਖਤਾਂ ਭਈ ਅਜਿਹਾ ਹੋਣਾ ਜਰੂਰ ਹੈ ਕਿੱਕੁਰ ਪੂਰੀਆਂ ਹੁੰਦੀਆਂ?” (ਮੱਤੀ 26:53, 54) ਇਸ ਦੀ ਬਜਾਇ “ਪਰਮੇਸ਼ੁਰ ਦਾ ਲੇਲਾ” ਆਪਣੀ ਕੁਰਬਾਨੀ ਦੇਣ ਲਈ ਰਾਜ਼ੀ ਸੀ। (ਯੂਹੰਨਾ 1:29) ਜਦੋਂ ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਨੇ ਪਿਲਾਤੁਸ ਅੱਗੇ ਉਸ ਉੱਤੇ ਝੂਠੇ ਦੋਸ਼ ਲਾਏ ਸਨ, ਤਾਂ ਯਿਸੂ ਨੇ ‘ਕੋਈ ਜਵਾਬ ਨਹੀਂ ਸੀ ਦਿੱਤਾ।’ (ਮੱਤੀ 27:11-14) ਉਹ ਅਜਿਹਾ ਕੁਝ ਨਹੀਂ ਕਹਿਣਾ ਚਾਹੁੰਦਾ ਸੀ ਜੋ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਿਚ ਰੁਕਾਵਟ ਬਣ ਸਕਦਾ ਸੀ। ਯਿਸੂ ਲੇਲੇ ਵਜੋਂ ਕੁਰਬਾਨ ਹੋਣ ਲਈ ਇਸ ਲਈ ਤਿਆਰ ਸੀ ਕਿਉਂਕਿ ਉਹ ਜਾਣਦਾ ਸੀ ਕਿ ਉਸ ਦੀ ਮੌਤ ਆਗਿਆਕਾਰ ਮਨੁੱਖਜਾਤੀ ਨੂੰ ਪਾਪ, ਬੀਮਾਰੀ, ਅਤੇ ਮੌਤ ਤੋਂ ਰਿਹਾ ਕਰ ਦੇਵੇਗੀ।

26. ਯਿਸੂ ਦੇ ਵਿਰੋਧੀਆਂ ਨੇ ਉਸ ਨਾਲ “ਜ਼ੁਲਮ” ਕਿਵੇਂ ਕੀਤਾ ਸੀ?

26 ਯਸਾਯਾਹ ਨੇ ਅੱਗੇ ਮਸੀਹਾ ਦੇ ਦੁੱਖ ਅਤੇ ਅਪਮਾਨ ਬਾਰੇ ਹੋਰ ਦੱਸਿਆ। ਉਸ ਨੇ ਲਿਖਿਆ: “ਜ਼ੁਲਮ ਅਤੇ ਨਿਆਉਂ ਦੇ ਕਾਰਨ ਉਹ ਫੜਿਆ ਗਿਆ, ਉਸ ਦੀ ਪੀੜ੍ਹੀ ਵਿੱਚੋਂ [“ਉਸ ਦੀ ਪੀੜ੍ਹੀ ਬਾਰੇ” “ਨਿ ਵ”] ਕਿਸ ਸੋਚਿਆ ਕਿ ਮੇਰੀ ਪਰਜਾ ਦੇ ਅਪਰਾਧ ਦੇ ਕਾਰਨ ਜਿਹ ਨੂੰ ਮਾਰ ਪੈਣੀ ਸੀ, ਓਹ ਜੀਉਂਦਿਆਂ ਦੀ ਧਰਤੀ ਤੋਂ ਕੱਟਿਆ ਗਿਆ?” (ਯਸਾਯਾਹ 53:8) ਜਦੋਂ ਯਿਸੂ ਦੇ ਵੈਰੀ ਯਾਨੀ ਧਾਰਮਿਕ ਵਿਰੋਧੀ ਉਸ ਨੂੰ ਫੜ ਕੇ ਲੈ ਗਏ ਸਨ, ਉਨ੍ਹਾਂ ਨੇ ਉਸ ਉੱਤੇ ਬਹੁਤ “ਜ਼ੁਲਮ” ਕੀਤਾ ਸੀ। ਉਹ ਉਸ ਨਾਲ ਨਫ਼ਰਤ ਕਰਦੇ ਸਨ ਅਤੇ ਉਨ੍ਹਾਂ ਨੇ ਜਾਣ-ਬੁੱਝ ਕੇ ਉਸ ਨਾਲ ਬੇਇਨਸਾਫ਼ੀ ਕੀਤੀ। ਬਾਈਬਲ ਦੇ ਯੂਨਾਨੀ ਸੈਪਟੁਜਿੰਟ ਤਰਜਮੇ ਵਿਚ ਯਸਾਯਾਹ 53:8 ਦੇ ਅਨੁਵਾਦ ਵਿਚ “ਜ਼ੁਲਮ” ਦੀ ਬਜਾਇ “ਅਪਮਾਨ” ਸ਼ਬਦ ਵਰਤਿਆ ਗਿਆ ਹੈ। ਇਕ ਆਮ ਅਪਰਾਧੀ ਦਾ ਵੀ ਹੱਕ ਬਣਦਾ ਸੀ ਕਿ ਉਸ ਨਾਲ ਜਾਇਜ਼ ਸਲੂਕ ਕੀਤਾ ਜਾਵੇ। ਪਰ ਯਿਸੂ ਦੇ ਵੈਰੀਆਂ ਨੇ ਉਸ ਨਾਲ ਬਦਸਲੂਕੀ ਕਰ ਕੇ ਉਸ ਦਾ ਅਪਮਾਨ ਕੀਤਾ। ਯਿਸੂ ਦੇ ਮੁਕੱਦਮੇ ਨੇ ਇਨਸਾਫ਼ ਦਾ ਮਜ਼ਾਕ ਉਡਾਇਆ। ਇਹ ਕਿਸ ਤਰ੍ਹਾਂ?

27. ਯਹੂਦੀ ਧਾਰਮਿਕ ਆਗੂਆਂ ਨੇ ਯਿਸੂ ਦਾ ਮੁਕੱਦਮਾ ਚਲਾਉਂਦੇ ਹੋਏ ਆਪਣੇ ਕਿਹੜੇ ਨਿਯਮ ਅਤੇ ਪਰਮੇਸ਼ੁਰ ਦੇ ਕਿਹੜੇ ਕਾਨੂੰਨ ਤੋੜੇ ਸਨ?

27 ਯਹੂਦੀ ਧਾਰਮਿਕ ਆਗੂਆਂ ਨੇ ਯਿਸੂ ਨੂੰ ਖ਼ਤਮ ਕਰਨ ਦੇ ਇਰਾਦੇ ਵਿਚ ਆਪਣੇ ਹੀ ਬਣਾਏ ਹੋਏ ਨਿਯਮ ਤੋੜੇ। ਇਹ ਇਕ ਰਿਵਾਜ ਸੀ ਕਿ ਜਿਸ ਦੋਸ਼ ਦੀ ਸਜ਼ਾ ਮੌਤ ਹੋ ਸਕਦੀ ਸੀ ਮਹਾਸਭਾ ਉਸ ਦਾ ਮੁਕੱਦਮਾ ਪ੍ਰਧਾਨ ਜਾਜਕ ਦੇ ਘਰ ਵਿਚ ਨਹੀਂ ਪਰ ਹੈਕਲ ਦੇ ਇਕ ਖ਼ਾਸ ਹਾਲ ਵਿਚ ਹੀ ਚਲਾ ਸਕਦੀ ਸੀ। ਅਜਿਹਾ ਮੁਕੱਦਮਾ ਸੂਰਜ ਡੁੱਬਣ ਤੋਂ ਬਾਅਦ ਨਹੀਂ ਪਰ ਦਿਨ ਵਿਚ ਹੀ ਚਲਾਇਆ ਜਾ ਸਕਦਾ ਸੀ। ਅਤੇ ਜੇ ਅਜਿਹੇ ਮੁਕੱਦਮੇ ਵਿਚ ਫ਼ੈਸਲਾ ਇਹ ਕੀਤਾ ਜਾਂਦਾ ਸੀ ਕਿ ਵਿਅਕਤੀ ਦੋਸ਼ੀ ਹੈ, ਤਾਂ ਮੁਕੱਦਮੇ ਤੋਂ ਇਕ ਦਿਨ ਬਾਅਦ ਫ਼ੈਸਲਾ ਸੁਣਾਇਆ ਜਾਣਾ ਚਾਹੀਦਾ ਸੀ। ਇਸ ਲਈ ਕੋਈ ਵੀ ਮੁਕੱਦਮਾ ਸਬਤ ਜਾਂ ਹੋਰ ਕਿਸੇ ਤਿਉਹਾਰ ਦੀ ਸੰਝ ਨਹੀਂ ਚਲਾਇਆ ਜਾ ਸਕਦਾ ਸੀ। ਯਿਸੂ ਦੇ ਮੁਕੱਦਮੇ ਦੌਰਾਨ ਇਹ ਸਾਰੇ ਨਿਯਮ ਤੋੜੇ ਗਏ ਸਨ। (ਮੱਤੀ 26:57-68) ਇਸ ਤੋਂ ਵੀ ਬੁਰੀ ਗੱਲ ਇਹ ਸੀ ਕਿ ਧਾਰਮਿਕ ਆਗੂਆਂ ਨੇ ਮੁਕੱਦਮਾ ਚਲਾਉਂਦੇ ਹੋਏ ਜਾਣ-ਬੁੱਝ ਕੇ ਪਰਮੇਸ਼ੁਰ ਦੇ ਕਾਨੂੰਨ ਤੋੜੇ ਸਨ। ਮਿਸਾਲ ਲਈ, ਉਨ੍ਹਾਂ ਨੇ ਯਿਸੂ ਨੂੰ ਫਸਾਉਣ ਲਈ ਰਿਸ਼ਵਤ ਦਿੱਤੀ ਸੀ। (ਬਿਵਸਥਾ ਸਾਰ 16:19; ਲੂਕਾ 22:2-6) ਉਨ੍ਹਾਂ ਨੇ ਝੂਠੇ ਗਵਾਹਾਂ ਦੀ ਸਾਖੀ ਸੁਣੀ ਸੀ। (ਕੂਚ 20:16; ਮਰਕੁਸ 14:55, 56) ਅਤੇ ਉਨ੍ਹਾਂ ਨੇ ਇਕ ਖ਼ੂਨੀ ਨੂੰ ਛੁਡਾਉਣ ਦਾ ਮਤਾ ਪਕਾ ਕੇ ਆਪਣੇ ਆਪ ਅਤੇ ਦੇਸ਼ ਉੱਤੇ ਖ਼ੂਨ ਦਾ ਦੋਸ਼ ਲਿਆਂਦਾ ਸੀ। (ਗਿਣਤੀ 35:31-34; ਬਿਵਸਥਾ ਸਾਰ 19:11-13; ਲੂਕਾ 23:16-25) ਇਸ ਤਰ੍ਹਾਂ ਉਨ੍ਹਾਂ ਨੇ “ਨਿਆਉਂ” ਦੀ ਥਾਂ ਬੇਇਨਸਾਫ਼ੀ ਕੀਤੀ।

28. ਯਿਸੂ ਦੇ ਵੈਰੀਆਂ ਨੇ ਕਿਸ ਗੱਲ ਵੱਲ ਧਿਆਨ ਨਹੀਂ ਦਿੱਤਾ ਸੀ?

28 ਕੀ ਯਿਸੂ ਦੇ ਦੁਸ਼ਮਣਾਂ ਨੇ ਜਾਂਚ ਕਰ ਕੇ ਦੇਖਿਆ ਸੀ ਕਿ ਇਹ ਬੰਦਾ ਕੌਣ ਹੈ ਜਿਸ ਦੇ ਖ਼ਿਲਾਫ਼ ਉਹ ਮੁਕੱਦਮਾ ਚਲਾ ਰਹੇ ਸਨ? ਯਸਾਯਾਹ ਨੇ ਵੀ ਇਸ ਦੇ ਸੰਬੰਧ ਵਿਚ ਪੁੱਛਿਆ: ‘ਉਸ ਦੀ ਪੀੜ੍ਹੀ ਬਾਰੇ ਕਿਸ ਨੇ ਸੋਚਿਆ?’ (ਯਸਾਯਾਹ 53:8, ਨਿ ਵ) ਇੱਥੇ “ਪੀੜ੍ਹੀ” ਦਾ ਮਤਲਬ ਸ਼ਾਇਦ ਖ਼ਾਨਦਾਨ ਜਾਂ ਪਿਛੋਕੜ ਹੋ ਸਕਦਾ ਹੈ। ਜਦੋਂ ਯਿਸੂ ਮਹਾਸਭਾ ਦੇ ਸਾਮ੍ਹਣੇ ਖੜ੍ਹਾ ਸੀ, ਤਾਂ ਉਸ ਦੇ ਮੈਂਬਰਾਂ ਨੇ ਉਸ ਦਾ ਪਿਛੋਕੜ ਨਹੀਂ ਦੇਖਿਆ ਸੀ। ਉਨ੍ਹਾਂ ਨੇ ਇਹ ਗੱਲ ਨਹੀਂ ਪਛਾਣੀ ਕਿ ਉਸ ਨੇ ਵਾਅਦਾ ਕੀਤੇ ਹੋਏ ਮਸੀਹਾ ਬਾਰੇ ਸਾਰੀਆਂ ਭਵਿੱਖਬਾਣੀਆਂ ਪੂਰੀਆਂ ਕੀਤੀਆਂ ਸਨ। ਸਗੋਂ ਉਨ੍ਹਾਂ ਨੇ ਉਸ ਉੱਤੇ ਕੁਫ਼ਰ ਬੋਲਣ ਦਾ ਦੋਸ਼ ਲਾਇਆ ਅਤੇ ਉਸ ਨੂੰ ਮੌਤ ਦੇ ਲਾਇਕ ਸਮਝਿਆ। (ਮਰਕੁਸ 14:64) ਬਾਅਦ ਵਿਚ ਰੋਮੀ ਹਾਕਮ ਪੁੰਤਿਯੁਸ ਪਿਲਾਤੁਸ ਨੇ ਦਬਾਅ ਅਧੀਨ ਯਿਸੂ ਨੂੰ ਸਲੀਬ ਉੱਤੇ ਮਰਵਾ ਦਿੱਤਾ। (ਲੂਕਾ 23:13-25) ਇਸ ਤਰ੍ਹਾਂ ਯਿਸੂ ਸਿਰਫ਼ ਸਾਢੇ ਤੇਤੀ ਸਾਲਾਂ ਦੀ ਉਮਰ ਤੇ “ਕੱਟਿਆ,” ਜਾਂ ਜਾਨੋਂ ਮਾਰਿਆ ਗਿਆ।

29. ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਯਿਸੂ ਦੀ ਕਬਰ ‘ਦੁਸ਼ਟ’ ਅਤੇ “ਧਨੀ” ਲੋਕਾਂ ਨਾਲ ਸੀ?

29 ਮਸੀਹਾ ਦੀ ਮੌਤ ਅਤੇ ਦਫ਼ਨਾਏ ਜਾਣ ਬਾਰੇ ਯਸਾਯਾਹ ਨੇ ਅੱਗੇ ਲਿਖਿਆ: “ਉਸ ਦੀ ਕਬਰ ਦੁਸ਼ਟਾਂ ਦੇ ਵਿੱਚ, ਅਤੇ ਉਸ ਦੀ ਮੌਤ ਦੇ ਵੇਲੇ ਧਨੀ ਨਾਲ ਠਹਿਰਾਈ ਗਈ, ਭਾਵੇਂ ਓਸ ਜ਼ੁਲਮ ਨਹੀਂ ਕੀਤਾ, ਨਾ ਉਸ ਦੇ ਮੂੰਹ ਵਿੱਚ ਛਲ ਸੀ।” (ਯਸਾਯਾਹ 53:9) ਯਿਸੂ ਦੁਸ਼ਟ ਅਤੇ ਧਨੀ ਲੋਕਾਂ ਨਾਲ ਕਿਵੇਂ ਮਾਰਿਆ ਅਤੇ ਦਫ਼ਨਾਇਆ ਗਿਆ ਸੀ? ਨੀਸਾਨ 14, 33 ਸਾ.ਯੁ. ਨੂੰ ਉਹ ਯਰੂਸ਼ਲਮ ਦੀਆਂ ਕੰਧਾਂ ਤੋਂ ਬਾਹਰ ਸਲੀਬ ਉੱਤੇ ਮਾਰਿਆ ਗਿਆ ਸੀ। ਉਹ ਦੋ ਅਪਰਾਧੀਆਂ ਦੇ ਵਿਚਕਾਰ ਸਲੀਬ ਉੱਤੇ ਚੜ੍ਹਾਇਆ ਗਿਆ ਸੀ, ਇਸ ਲਈ ਕਿਹਾ ਜਾ ਸਕਦਾ ਹੈ ਕਿ ਉਸ ਦੀ ਕਬਰ ਦੁਸ਼ਟ ਲੋਕਾਂ ਦੇ ਵਿਚ ਸੀ। (ਲੂਕਾ 23:33) ਪਰ ਯਿਸੂ ਦੀ ਮੌਤ ਤੋਂ ਬਾਅਦ ਅਰਿਮਥੈਆ ਤੋਂ ਯੂਸੁਫ਼ ਨਾਂ ਦੇ ਇੱਕ ਧਨੀ ਮਨੁੱਖ ਨੇ ਹਿੰਮਤ ਨਾਲ ਪਿਲਾਤੁਸ ਤੋਂ ਯਿਸੂ ਦੀ ਲਾਸ਼ ਦਫ਼ਨਾਉਣ ਲਈ ਮੰਗੀ। ਨਿਕੁਦੇਮੁਸ ਦੇ ਨਾਲ ਯੂਸੁਫ਼ ਨੇ ਲਾਸ਼ ਨੂੰ ਤਿਆਰ ਕੀਤਾ ਅਤੇ ਫਿਰ ਉਸ ਨੂੰ ਆਪਣੀ ਨਵੀਂ ਖੋਦੀ ਗਈ ਕਬਰ ਵਿਚ ਰੱਖਿਆ। (ਮੱਤੀ 27:57-60; ਯੂਹੰਨਾ 19:38-42) ਇਸ ਤਰ੍ਹਾਂ ਯਿਸੂ ਦੀ ਕਬਰ ਧਨੀ ਲੋਕਾਂ ਨਾਲ ਵੀ ਸੀ।

“ਯਹੋਵਾਹ ਨੂੰ ਭਾਇਆ ਕਿ ਉਸ ਨੂੰ ਕੁਚਲੇ”

30. ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਯਿਸੂ ਨੂੰ ਕੁਚਲਿਆ ਹੋਇਆ ਦੇਖ ਕੇ ਖ਼ੁਸ਼ ਸੀ?

30 ਅੱਗੇ ਯਸਾਯਾਹ ਨੇ ਇਕ ਹੈਰਾਨੀ ਦੀ ਗੱਲ ਕਹੀ: “ਯਹੋਵਾਹ ਨੂੰ ਭਾਇਆ ਕਿ ਉਸ ਨੂੰ ਕੁਚਲੇ ਅਤੇ ਸੋਗ ਵਿੱਚ ਪਾਵੇ। ਜਦ ਤੂੰ ਉਸ ਦੀ ਜਾਨ ਨੂੰ ਦੋਸ਼ ਦੀ ਬਲੀ ਠਹਿਰਾਵੇਂ, ਤਾਂ ਉਹ ਆਪਣੀ ਅੰਸ ਨੂੰ ਵੇਖੇਗਾ, ਉਹ ਆਪਣੇ ਦਿਨ ਲੰਮੇ ਕਰੇਗਾ, ਅਤੇ ਯਹੋਵਾਹ ਦੀ ਭਾਉਣੀ ਉਸ ਦੇ ਹੱਥ ਵਿੱਚ ਸਫ਼ਲ ਹੋਵੇਗੀ। ਉਹ ਆਪਣੀ ਜਾਨ ਦੇ ਕਸ਼ਟ ਤੋਂ ਵੇਖੇਗਾ ਤੇ ਤ੍ਰਿਪਤ ਹੋਵੇਗਾ, ਆਪਣੇ ਗਿਆਨ ਨਾਲ ਮੇਰਾ ਧਰਮੀ ਦਾਸ ਬਹੁਤਿਆਂ ਨੂੰ ਧਰਮੀ ਠਹਿਰਾਵੇਗਾ, ਅਤੇ ਓਹਨਾਂ ਦੀਆਂ ਬਦੀਆਂ ਨੂੰ ਚੁੱਕ ਲਵੇਗਾ।” (ਯਸਾਯਾਹ 53:10, 11) ਯਹੋਵਾਹ ਆਪਣੇ ਵਫ਼ਾਦਾਰ ਸੇਵਕ ਨੂੰ ਕੁਚਲਿਆ ਹੋਇਆ ਦੇਖ ਕੇ ਖ਼ੁਸ਼ ਕਿਵੇਂ ਹੋ ਸਕਦਾ ਸੀ? ਇਸ ਦਾ ਇਹ ਮਤਲਬ ਨਹੀਂ ਕਿ ਯਹੋਵਾਹ ਨੇ ਖ਼ੁਦ ਆਪਣੇ ਪਿਆਰੇ ਪੁੱਤਰ ਨੂੰ ਦੁੱਖ ਦਿੱਤੇ ਸਨ। ਯਿਸੂ ਦੇ ਵੈਰੀ ਉਸ ਦੇ ਦੁੱਖਾਂ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਸਨ। ਹਮਦਰਦ ਅਤੇ ਦਇਆਵਾਨ ਪਰਮੇਸ਼ੁਰ ਨੂੰ ਆਪਣੇ ਬੇਕਸੂਰ ਪੁੱਤਰ ਨੂੰ ਦੁੱਖ ਝੱਲਦੇ ਹੋਏ ਦੇਖ ਕੇ ਬੜਾ ਦੁੱਖ ਹੋਇਆ ਹੋਵੇਗਾ। (ਯਸਾਯਾਹ 63:9; ਲੂਕਾ 1:77, 78) ਤਾਂ ਫਿਰ ਯਹੋਵਾਹ ਨੇ ਉਨ੍ਹਾਂ ਨੂੰ ਜ਼ੁਲਮ ਕਿਉਂ ਕਰਨ ਦਿੱਤੇ ਸਨ? (ਯੂਹੰਨਾ 19:11) ਕੀ ਯਹੋਵਾਹ ਯਿਸੂ ਨਾਲ ਕਿਸੇ ਤਰ੍ਹਾਂ ਨਾਰਾਜ਼ ਸੀ? ਬਿਲਕੁਲ ਨਹੀਂ! ਪਰ ਯਹੋਵਾਹ ਆਪਣੇ ਪੁੱਤਰ ਦੀ ਦੁੱਖ ਝੱਲਣ ਦੀ ਰਜ਼ਾਮੰਦੀ ਤੋਂ ਖ਼ੁਸ਼ ਸੀ ਕਿਉਂਕਿ ਉਹ ਜਾਣਦਾ ਸੀ ਕਿ ਇਸ ਤੋਂ ਮਨੁੱਖਜਾਤੀ ਨੂੰ ਬਹੁਤ ਸਾਰੀਆਂ ਬਰਕਤਾਂ ਮਿਲਣੀਆਂ ਸਨ।

31. (ੳ) ਯਹੋਵਾਹ ਨੇ ਯਿਸੂ ਦੀ ਜਾਨ ਨੂੰ “ਦੋਸ਼ ਦੀ ਬਲੀ” ਕਿਵੇਂ ਠਹਿਰਾਇਆ ਸੀ? (ਅ) ਇਨਸਾਨ ਦੇ ਰੂਪ ਵਿਚ ਯਿਸੂ ਦੇ ਦੁੱਖ ਝੱਲਣ ਤੋਂ ਬਾਅਦ, ਉਸ ਨੂੰ ਖ਼ਾਸ ਕਰਕੇ ਕਿਸ ਗੱਲ ਤੋਂ ਤਸੱਲੀ ਮਿਲੀ ਹੋਵੇਗੀ?

31 ਇਕ ਬਰਕਤ ਇਹ ਹੈ ਕਿ ਯਹੋਵਾਹ ਨੇ ਯਿਸੂ ਦੀ ਜਾਨ ਨੂੰ “ਦੋਸ਼ ਦੀ ਬਲੀ” ਠਹਿਰਾਇਆ ਸੀ। ਇਸ ਲਈ ਜਦੋਂ ਯਿਸੂ ਸਵਰਗ ਨੂੰ ਵਾਪਸ ਗਿਆ ਸੀ ਤਾਂ ਉਹ ਦੋਸ਼ ਦੀ ਬਲੀ ਵਜੋਂ ਆਪਣੀ ਬਲੀਦਾਨ ਕੀਤੀ ਗਈ ਮਨੁੱਖੀ ਜਾਨ ਦੀ ਕੀਮਤ ਯਹੋਵਾਹ ਦੇ ਸਨਮੁੱਖ ਪੇਸ਼ ਕਰ ਸਕਿਆ, ਅਤੇ ਯਹੋਵਾਹ ਇਸ ਨੂੰ ਸਾਰੀ ਮਨੁੱਖਜਾਤੀ ਦੀ ਖ਼ਾਤਰ ਸਵੀਕਾਰ ਕਰਨ ਲਈ ਤਿਆਰ ਸੀ। (ਇਬਰਾਨੀਆਂ 9:24; 10:5-14) ਯਿਸੂ ਨੇ ਆਪਣੀ ਦੋਸ਼ ਦੀ ਬਲੀ ਰਾਹੀਂ “ਅੰਸ” ਪ੍ਰਾਪਤ ਕੀਤੀ ਸੀ। “ਅਨਾਦੀ ਪਿਤਾ” ਹੋਣ ਦੇ ਨਾਤੇ ਉਹ ਉਨ੍ਹਾਂ ਲੋਕਾਂ ਨੂੰ ਸਦਾ ਦਾ ਜੀਵਨ ਦੇ ਸਕਦਾ ਹੈ ਜੋ ਉਸ ਦੇ ਵਹਾਏ ਗਏ ਲਹੂ ਵਿਚ ਨਿਹਚਾ ਕਰਦੇ ਹਨ। (ਯਸਾਯਾਹ 9:6) ਇਕ ਇਨਸਾਨ ਦੇ ਰੂਪ ਵਿਚ ਇੰਨਾ ਸਾਰਾ ਦੁੱਖ ਝੱਲਣ ਤੋਂ ਬਾਅਦ ਉਸ ਨੂੰ ਇਹ ਜਾਣ ਕੇ ਕਿੰਨੀ ਤਸੱਲੀ ਮਿਲੀ ਹੋਵੇਗੀ ਕਿ ਉਹ ਮਨੁੱਖਜਾਤੀ ਨੂੰ ਪਾਪ ਅਤੇ ਮੌਤ ਤੋਂ ਛੁਡਾ ਸਕਦਾ ਹੈ! ਪਰ ਉਸ ਨੂੰ ਇਸ ਤੋਂ ਵੀ ਜ਼ਿਆਦਾ ਤਸੱਲੀ ਇਸ ਗੱਲ ਤੋਂ ਮਿਲੀ ਹੋਵੇਗੀ ਕਿ ਉਸ ਦੀ ਖਰਿਆਈ ਕਾਰਨ ਉਸ ਦਾ ਸਵਰਗੀ ਪਿਤਾ ਸ਼ਤਾਨ ਨੂੰ ਉਸ ਦੇ ਮੇਹਣਿਆਂ ਦਾ ਜਵਾਬ ਦੇ ਸਕਦਾ ਹੈ।​—ਕਹਾਉਤਾਂ 27:11.

32. ਯਿਸੂ ਕਿਹੜੇ “ਗਿਆਨ” ਨਾਲ ‘ਬਹੁਤਿਆਂ ਨੂੰ ਧਰਮੀ ਠਹਿਰਾਉਂਦਾ ਹੈ,’ ਅਤੇ ਇਹ ਕੌਣ ਹਨ?

32 ਯਿਸੂ ਦੀ ਮੌਤ ਤੋਂ ਇਕ ਹੋਰ ਬਰਕਤ ਇਹ ਹੈ ਕਿ ਉਹ ਹੁਣ ਵੀ ‘ਬਹੁਤਿਆਂ ਨੂੰ ਧਰਮੀ ਠਹਿਰਾਉਂਦਾ ਹੈ।’ ਯਸਾਯਾਹ ਨੇ ਕਿਹਾ ਕਿ ਉਸ ਨੇ ਇਹ “ਆਪਣੇ ਗਿਆਨ ਨਾਲ” ਕੀਤਾ ਸੀ। ਯਿਸੂ ਨੇ ਇਨਸਾਨ ਬਣ ਕੇ ਅਤੇ ਆਪਣੀ ਆਗਿਆਕਾਰਤਾ ਲਈ ਦੁੱਖ ਝੱਲ ਕੇ ਇਹ ਗਿਆਨ ਪ੍ਰਾਪਤ ਕੀਤਾ ਸੀ। (ਇਬਰਾਨੀਆਂ 4:15) ਮੌਤ ਤਕ ਦੁੱਖ ਝੱਲ ਕੇ ਯਿਸੂ ਉਹ ਬਲੀਦਾਨ ਦੇ ਸਕਿਆ ਜਿਸ ਰਾਹੀਂ ਦੂਸਰਿਆਂ ਨੂੰ ਧਰਮੀ ਠਹਿਰਾਇਆ ਜਾ ਸਕਦਾ ਸੀ। ਧਰਮੀ ਕੌਣ ਠਹਿਰਾਏ ਜਾਂਦੇ ਹਨ? ਪਹਿਲਾਂ, ਉਸ ਦੇ ਮਸਹ ਕੀਤੇ ਹੋਏ ਚੇਲੇ। ਉਹ ਯਿਸੂ ਦੇ ਬਲੀਦਾਨ ਵਿਚ ਨਿਹਚਾ ਕਰਦੇ ਹਨ, ਇਸ ਲਈ ਯਹੋਵਾਹ ਉਨ੍ਹਾਂ ਨੂੰ ਪੁੱਤਰਾਂ ਵਜੋਂ ਅਪਣਾਉਣ ਲਈ ਅਤੇ ਯਿਸੂ ਨਾਲ ਸੰਗੀ ਰਾਜੇ ਬਣਾਉਣ ਲਈ ਧਰਮੀ ਠਹਿਰਾਉਂਦਾ ਹੈ। (ਰੋਮੀਆਂ 5:19; 8:16, 17) ਫਿਰ, “ਹੋਰ ਭੇਡਾਂ” ਦੀ “ਇੱਕ ਵੱਡੀ ਭੀੜ” ਯਿਸੂ ਦੇ ਵਹਾਏ ਗਏ ਲਹੂ ਵਿਚ ਨਿਹਚਾ ਕਰਦੀ ਹੈ ਅਤੇ ਪਰਮੇਸ਼ੁਰ ਦੇ ਮਿੱਤਰ ਬਣਨ ਅਤੇ ਆਰਮਾਗੇਡਨ ਵਿੱਚੋਂ ਬਚਣ ਲਈ ਧਰਮੀ ਠਹਿਰਾਈ ਜਾਂਦੀ ਹੈ।​—ਪਰਕਾਸ਼ ਦੀ ਪੋਥੀ 7:9; 16:14, 16; ਯੂਹੰਨਾ 10:16; ਯਾਕੂਬ 2:23, 25.

33, 34. (ੳ) ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ ਜੋ ਸਾਡੇ ਦਿਲ ਨੂੰ ਖ਼ੁਸ਼ ਕਰਦਾ ਹੈ? (ਅ) ਉਹ ‘ਵੱਡੇ’ ਕੌਣ ਹਨ ਜਿਨ੍ਹਾਂ ਦੇ ਨਾਲ ਮਸੀਹਾਈ ਦਾਸ ਨੂੰ “ਹਿੱਸਾ” ਮਿਲਦਾ ਹੈ?

33 ਅਖ਼ੀਰ ਵਿਚ ਯਸਾਯਾਹ ਨੇ ਮਸੀਹਾ ਦੀਆਂ ਜਿੱਤਾਂ ਬਾਰੇ ਦੱਸਿਆ: “ਏਸ ਲਈ ਮੈਂ ਉਸ ਨੂੰ ਵੱਡਿਆਂ ਦੇ ਨਾਲ ਹਿੱਸਾ ਵੰਡ ਦਿਆਂਗਾ, ਅਤੇ ਬਲਵੰਤਾਂ ਦੇ ਨਾਲ ਉਹ ਲੁੱਟ ਵੰਡੇਗਾ, ਕਿਉਂ ਜੋ ਓਸ ਆਪਣੀ ਜਾਨ ਮੌਤ ਲਈ ਡੋਹਲ ਦਿੱਤੀ, ਅਤੇ ਅਪਰਾਧੀਆਂ ਨਾਲ ਗਿਣਿਆ ਗਿਆ, ਓਸ ਬਹੁਤਿਆਂ ਦੇ ਪਾਪ ਚੁੱਕੇ, ਅਤੇ ਅਪਰਾਧੀਆਂ ਦੀ ਸਫ਼ਾਰਸ਼ ਕੀਤੀ।”​—ਯਸਾਯਾਹ 53:12.

34 ਯਸਾਯਾਹ ਦੀ ਭਵਿੱਖਬਾਣੀ ਦਾ ਇਹ ਹਿੱਸਾ ਸਾਨੂੰ ਯਹੋਵਾਹ ਬਾਰੇ ਅਜਿਹੀ ਗੱਲ ਦੱਸਦਾ ਹੈ ਜੋ ਦਿਲ ਨੂੰ ਖ਼ੁਸ਼ ਕਰਦੀ ਹੈ: ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਦੀ ਬਹੁਤ ਕਦਰ ਕਰਦਾ ਹੈ। ਸਾਨੂੰ ਇਸ ਗੱਲ ਦਾ ਸਬੂਤ ਇਸ ਵਾਅਦੇ ਤੋਂ ਮਿਲਦਾ ਹੈ ਕਿ ਉਹ ਮਸੀਹਾਈ ਦਾਸ ਨੂੰ ‘ਵੱਡਿਆਂ ਦੇ ਨਾਲ ਹਿੱਸਾ ਵੰਡੇਗਾ।’ ਇਹ ਸ਼ਬਦ ਸਾਨੂੰ ਇਕ ਰਿਵਾਜ ਬਾਰੇ ਯਾਦ ਕਿਰਾਉਂਦੇ ਹਨ ਜਿਸ ਵਿਚ ਲੜਾਈ ਤੋਂ ਬਾਅਦ ਲੁੱਟੇ ਗਏ ਮਾਲ ਨੂੰ ਵੰਡਿਆ ਜਾਂਦਾ ਸੀ। ਯਹੋਵਾਹ ਨੇ ਨੂਹ, ਅਬਰਾਹਾਮ, ਅਤੇ ਅੱਯੂਬ ਵਰਗੇ “ਵੱਡਿਆਂ” ਦੀ ਵਫ਼ਾਦਾਰੀ ਦੀ ਕਦਰ ਕੀਤੀ ਸੀ ਅਤੇ ਉਹ ਉਨ੍ਹਾਂ ਨੂੰ ਆਪਣੇ ਆ ਰਹੇ ਨਵੇਂ ਸੰਸਾਰ ਵਿਚ “ਹਿੱਸਾ” ਦੇਵੇਗਾ। (ਇਬਰਾਨੀਆਂ 11:13-16) ਇਸੇ ਤਰ੍ਹਾਂ ਉਹ ਆਪਣੇ ਮਸੀਹਾਈ ਦਾਸ ਨੂੰ ਵੀ ਹਿੱਸਾ ਦੇਵੇਗਾ। ਵਾਕਈ ਯਹੋਵਾਹ ਉਸ ਦੀ ਖਰਿਆਈ ਦਾ ਇਨਾਮ ਜ਼ਰੂਰ ਦੇਵੇਗਾ। ਅਸੀਂ ਵੀ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ‘ਸਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਨਹੀਂ ਜਾਵੇਗਾ ਜਿਹੜਾ ਅਸਾਂ ਉਹ ਦੇ ਨਾਮ ਨਾਲ ਵਿਖਾਇਆ ਹੈ।’​—ਇਬਰਾਨੀਆਂ 6:10.

35. ‘ਬਲਵੰਤ’ ਕੌਣ ਹਨ ਜਿਨ੍ਹਾਂ ਨਾਲ ਯਿਸੂ ਲੁੱਟ ਦਾ ਮਾਲ ਵੰਡਦਾ ਹੈ, ਅਤੇ ਇਹ ਮਾਲ ਕੀ ਹੈ?

35 ਪਰਮੇਸ਼ੁਰ ਦੇ ਸੇਵਕ ਨੂੰ ਆਪਣੇ ਵੈਰੀਆਂ ਨਾਲ ਲੜਾਈ ਜਿੱਤ ਕੇ ਵੀ ਮਾਲ ਮਿਲੇਗਾ। ਉਹ “ਬਲਵੰਤਾਂ” ਦੇ ਨਾਲ ਲੁੱਟ ਦਾ ਮਾਲ ਵੰਡੇਗਾ। ਇਸ ਦੀ ਪੂਰਤੀ ਵਿਚ ‘ਬਲਵੰਤ’ ਕੌਣ ਹਨ? ਇਹ ਯਿਸੂ ਦੇ ਪਹਿਲੇ ਚੇਲੇ ਹਨ, ਯਾਨੀ “ਪਰਮੇਸ਼ੁਰ ਦੇ ਇਸਰਾਏਲ” ਦੇ 1,44,000 ਮੈਂਬਰ, ਜਿਨ੍ਹਾਂ ਨੇ ਉਸ ਵਾਂਗ ਇਸ ਦੁਨੀਆਂ ਉੱਤੇ ਜਿੱਤ ਪਾਈ ਹੈ। (ਗਲਾਤੀਆਂ 6:16; ਯੂਹੰਨਾ 16:33; ਪਰਕਾਸ਼ ਦੀ ਪੋਥੀ 3:21; 14:1) ਤਾਂ ਫਿਰ ਲੁੱਟ ਦਾ ਮਾਲ ਕੀ ਹੈ? ਇਸ ਤਰ੍ਹਾਂ ਲੱਗਦਾ ਹੈ ਕਿ ਇਸ ਵਿਚ ‘ਮਨੁੱਖਾਂ ਵਿਚ ਦਾਨ’ ਸ਼ਾਮਲ ਹਨ ਜਿਨ੍ਹਾਂ ਨੂੰ ਯਿਸੂ ਸ਼ਤਾਨ ਦੇ ਵੱਸ ਵਿੱਚੋਂ ਛੁਡਾ ਕੇ ਮਸੀਹੀ ਕਲੀਸਿਯਾ ਨੂੰ ਦਾਨ ਕਰਦਾ ਹੈ। (ਅਫ਼ਸੀਆਂ 4:8-12) ਇਨ੍ਹਾਂ 1,44,000 “ਬਲਵੰਤਾਂ” ਨੂੰ ਇਕ ਹੋਰ ਤਰ੍ਹਾਂ ਦਾ ਮਾਲ ਵੀ ਦਿੱਤਾ ਜਾਂਦਾ ਹੈ। ਦੁਨੀਆਂ ਉੱਤੇ ਜਿੱਤ ਪ੍ਰਾਪਤ ਕਰ ਕੇ ਉਹ ਸ਼ਤਾਨ ਨੂੰ ਕੋਈ ਕਾਰਨ ਨਹੀਂ ਦਿੰਦੇ ਕਿ ਉਹ ਪਰਮੇਸ਼ੁਰ ਨੂੰ ਮੇਹਣੇ ਮਾਰ ਸਕੇ। ਯਹੋਵਾਹ ਪ੍ਰਤੀ ਉਨ੍ਹਾਂ ਦੀ ਅਟੁੱਟ ਨਿਹਚਾ ਉਸ ਦੀ ਵਡਿਆਈ ਕਰਦੀ ਹੈ ਅਤੇ ਉਸ ਦੇ ਦਿਲ ਨੂੰ ਖ਼ੁਸ਼ ਕਰਦੀ ਹੈ।

36. ਕੀ ਯਿਸੂ ਜਾਣਦਾ ਸੀ ਕਿ ਉਹ ਪਰਮੇਸ਼ੁਰ ਦੇ ਦਾਸ ਬਾਰੇ ਭਵਿੱਖਬਾਣੀ ਪੂਰੀ ਕਰ ਰਿਹਾ ਸੀ? ਸਮਝਾਓ।

36 ਯਿਸੂ ਜਾਣਦਾ ਸੀ ਕਿ ਉਹ ਪਰਮੇਸ਼ੁਰ ਦੇ ਦਾਸ ਬਾਰੇ ਭਵਿੱਖਬਾਣੀ ਪੂਰੀ ਕਰ ਰਿਹਾ ਸੀ। ਜਿਸ ਰਾਤ ਉਹ ਗਿਰਫ਼ਤਾਰ ਕੀਤਾ ਗਿਆ ਸੀ ਉਸ ਨੇ ਯਸਾਯਾਹ 53:12 ਦਾ ਹਵਾਲਾ ਦੇ ਕੇ ਆਪਣੇ ਆਪ ਉੱਤੇ ਲਾਗੂ ਕੀਤਾ: “ਮੈਂ ਤੁਹਾਨੂੰ ਆਖਦਾ ਹਾਂ ਕਿ ਇਹ ਜੋ ਲਿਖਿਆ ਹੋਇਆ ਹੈ ਭਈ ਉਹ ਬੁਰਿਆਰਾਂ ਵਿੱਚ ਗਿਣਿਆ ਗਿਆ ਸੋ ਮੇਰੇ ਹੱਕ ਵਿੱਚ ਉਹ ਦਾ ਸੰਪੂਰਨ ਹੋਣਾ ਜ਼ਰੂਰ ਹੈ ਕਿਉਂਕਿ ਜੋ ਕੁਝ ਮੇਰੇ ਵਿਖੇ ਹੈ ਸੋ ਉਹ ਨੇ ਪੂਰਾ ਹੋਣਾ ਹੀ ਹੈ।” (ਲੂਕਾ 22:36, 37) ਅਫ਼ਸੋਸ ਦੀ ਗੱਲ ਹੈ ਕਿ ਯਿਸੂ ਨਾਲ ਸੱਚ-ਮੁੱਚ ਅਪਰਾਧੀਆਂ ਵਰਗਾ ਸਲੂਕ ਕੀਤਾ ਗਿਆ ਸੀ। ਉਸ ਨੂੰ ਇਕ ਅਪਰਾਧੀ ਵਜੋਂ ਦੋ ਚੋਰਾਂ ਵਿਚਕਾਰ ਸਲੀਬ ਉੱਤੇ ਚੜ੍ਹਾਇਆ ਗਿਆ ਸੀ। (ਮਰਕੁਸ 15:27) ਪਰ ਉਸ ਨੇ ਆਪਣੀ ਮਰਜ਼ੀ ਨਾਲ ਇਸ ਬਦਨਾਮੀ ਨੂੰ ਸਹਿਆ ਕਿਉਂਕਿ ਉਹ ਜਾਣਦਾ ਸੀ ਕਿ ਉਹ ਸਾਡੇ ਲਈ ਵਿਚੋਲਾ ਬਣ ਰਿਹਾ ਸੀ। ਕਿਹਾ ਜਾ ਸਕਦਾ ਹੈ ਕਿ ਉਸ ਨੂੰ ਪਾਪੀਆਂ ਦੀ ਥਾਂ ਮੌਤ ਦੀ ਸਜ਼ਾ ਦਿੱਤੀ ਗਈ ਸੀ।

37. (ੳ) ਯਿਸੂ ਦੀ ਜ਼ਿੰਦਗੀ ਅਤੇ ਮੌਤ ਦੇ ਇਤਿਹਾਸਕ ਰਿਕਾਰਡ ਤੋਂ ਅਸੀਂ ਕਿਹੜੀ ਗੱਲ ਪਛਾਣ ਸਕਦੇ ਹਾਂ? (ਅ) ਸਾਨੂੰ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਅੱਤ ਮਹਾਨ ਦਾਸ ਯਿਸੂ ਮਸੀਹ ਦੇ ਧੰਨਵਾਦੀ ਕਿਉਂ ਹੋਣਾ ਚਾਹੀਦਾ ਹੈ?

37 ਯਿਸੂ ਦੀ ਜ਼ਿੰਦਗੀ ਅਤੇ ਮੌਤ ਦੇ ਇਤਿਹਾਸਕ ਰਿਕਾਰਡ ਤੋਂ ਅਸੀਂ ਇਕ ਜ਼ਰੂਰੀ ਗੱਲ ਪਛਾਣਦੇ ਹਾਂ ਕਿ ਯਿਸੂ ਮਸੀਹ ਯਸਾਯਾਹ ਦੀ ਭਵਿੱਖਬਾਣੀ ਦਾ ਮਸੀਹਾਈ ਦਾਸ ਹੈ। ਸਾਨੂੰ ਯਹੋਵਾਹ ਦੇ ਕਿੰਨੇ ਧੰਨਵਾਦੀ ਹੋਣਾ ਚਾਹੀਦਾ ਹੈ ਕਿ ਉਸ ਨੇ ਆਪਣੇ ਪਿਆਰੇ ਪੁੱਤਰ ਨੂੰ ਦਾਸ ਵਜੋਂ ਭਵਿੱਖਬਾਣੀ ਪੂਰੀ ਕਰਨ ਲਈ ਭੇਜਿਆ ਜਿਸ ਦੇ ਨਤੀਜੇ ਵਜੋਂ ਉਸ ਨੇ ਦੁੱਖ ਝੱਲੇ ਅਤੇ ਉਸ ਨੂੰ ਮਾਰਿਆ ਗਿਆ ਤਾਂਕਿ ਅਸੀਂ ਪਾਪ ਅਤੇ ਮੌਤ ਤੋਂ ਰਿਹਾ ਕੀਤੇ ਜਾ ਸਕੀਏ। ਇਸ ਤਰ੍ਹਾਂ ਯਹੋਵਾਹ ਨੇ ਸਾਡੇ ਲਈ ਬਹੁਤ ਹੀ ਪਿਆਰ ਦਿਖਾਇਆ। ਰੋਮੀਆਂ 5:8 ਕਹਿੰਦਾ ਹੈ: “ਪਰਮੇਸ਼ੁਰ ਆਪਣਾ ਪ੍ਰੇਮ ਸਾਡੇ ਉੱਤੇ ਇਉਂ ਪਰਗਟ ਕਰਦਾ ਹੈ ਭਈ ਜਾਂ ਅਸੀਂ ਅਜੇ ਪਾਪੀ ਹੀ ਸਾਂ ਤਾਂ ਮਸੀਹ ਸਾਡੇ ਲਈ ਮੋਇਆ।” ਸਾਨੂੰ ਯਿਸੂ ਮਸੀਹ, ਉਸ ਅੱਤ ਮਹਾਨ ਦਾਸ ਦੇ ਵੀ ਕਿੰਨੇ ਧੰਨਵਾਦੀ ਹੋਣਾ ਚਾਹੀਦਾ ਹੈ ਜਿਸ ਨੇ ਆਪਣੀ ਜਾਨ ਸਾਡੇ ਲਈ ਦਿੱਤੀ ਸੀ!

[ਫੁਟਨੋਟ]

^ ਪੈਰਾ 5 ਪਹਿਲੀ ਸਦੀ ਦਾ ਯੋਨਾਥਾਨ ਬੇਨ ਉੱਜ਼ੀਏਲ ਪ੍ਰਾਚੀਨ ਯਹੂਦੀ ਗ੍ਰੰਥਾਂ ਦਾ ਟੀਕਾਕਾਰ ਸੀ। ਇਸ ਟੀਕੇ ਦੇ ਇਕ ਅਨੁਵਾਦਕ ਨੇ ਯਸਾਯਾਹ 52:13 ਦਾ ਤਰਜਮਾ ਇਸ ਤਰ੍ਹਾਂ ਕੀਤਾ: “ਵੇਖੋ, ਮੇਰਾ ਮਸਹ ਕੀਤਾ ਹੋਇਆ ਦਾਸ, (ਜਾਂ ਮਸੀਹਾ) ਕਾਮਯਾਬ ਹੋਵੇਗਾ।” ਇਸੇ ਤਰ੍ਹਾਂ ਬਾਬਲੀ ਤਾਲਮੂਦ (ਲਗਭਗ ਤੀਜੀ ਸਦੀ ਸਾ.ਯੁ.) ਵਿਚ ਲਿਖਿਆ ਹੈ: ‘ਮਸੀਹਾ ਦਾ ਨਾਂ ਕੀ ਹੈ? ਰੱਬੀ ਦਾ ਘਰਾਣਾ ਕਹਿੰਦਾ ਹੈ ਉਹ ਰੋਗੀ ਵਿਅਕਤੀ ਹੈ, ਕਿਉਂਕਿ ਲਿਖਿਆ ਹੋਇਆ ਹੈ, “ਉਸ ਨੇ ਸਾਡੇ ਰੋਗ ਉਠਾਏ।”’​—ਸੈਨਿਡ੍ਰਿਨ 98ਅ; ਯਸਾਯਾਹ 53:4.

^ ਪੈਰਾ 15 ਮੀਕਾਹ ਨਬੀ ਨੇ ਬੈਤਲਹਮ ਬਾਰੇ ਕਿਹਾ ਸੀ ਕਿ ਉਹ “ਯਹੂਦਾਹ ਦੇ ਹਜ਼ਾਰਾਂ ਵਿੱਚ ਛੋਟਾ” ਸੀ। (ਮੀਕਾਹ 5:2) ਫਿਰ ਵੀ ਛੋਟੇ ਬੈਤਲਹਮ ਨੂੰ ਉਸ ਨਗਰ ਹੋਣ ਦਾ ਅਨੋਖਾ ਸਨਮਾਨ ਮਿਲਿਆ ਜਿੱਥੇ ਮਸੀਹਾ ਪੈਦਾ ਹੋਇਆ ਸੀ।

^ ਪੈਰਾ 22 “ਮਾਰਿਆ” ਅਨੁਵਾਦ ਕੀਤਾ ਗਿਆ ਇਬਰਾਨੀ ਸ਼ਬਦ ਕੋੜ੍ਹ ਦੇ ਸੰਬੰਧ ਵਿਚ ਵੀ ਇਸਤੇਮਾਲ ਕੀਤਾ ਜਾਂਦਾ ਹੈ। (2 ਰਾਜਿਆਂ 15:5) ਕੁਝ ਵਿਦਵਾਨਾਂ ਦੇ ਅਨੁਸਾਰ, ਯਸਾਯਾਹ 53:4 ਤੋਂ ਕੁਝ ਯਹੂਦੀ ਲੋਕਾਂ ਨੇ ਸਮਝਿਆ ਕਿ ਮਸੀਹਾ ਕੋੜ੍ਹੀ ਹੋਵੇਗਾ। ਬਾਬਲੀ ਤਾਲਮੂਦ ਇਹ ਆਇਤ ਮਸੀਹਾ ਉੱਤੇ ਲਾਗੂ ਕਰ ਕੇ ਉਸ ਨੂੰ “ਕੋੜ੍ਹੀ ਵਿਦਵਾਨ” ਸੱਦਦਾ ਹੈ। ਬਾਈਬਲ ਦੀ ਕੈਥੋਲਿਕ ਡੂਏ ਵਰਯਨ, ਲਾਤੀਨੀ ਵਲਗੇਟ ਵਾਂਗ ਇਸ ਆਇਤ ਦਾ ਤਰਜਮਾ ਇਸ ਤਰ੍ਹਾਂ ਕਰਦੀ ਹੈ: “ਅਸੀਂ ਉਸ ਨੂੰ ਇਕ ਕੋੜ੍ਹੀ ਸਮਝਿਆ।”

[ਸਵਾਲ]

[ਸਫ਼ਾ 212 ਉੱਤੇ ਚਾਰਟ]

ਯਹੋਵਾਹ ਦਾ ਦਾਸ

ਯਿਸੂ ਯਹੋਵਾਹ ਦਾ ਦਾਸ ਕਿਵੇਂ ਸਾਬਤ ਹੋਇਆ?

ਭਵਿੱਖਬਾਣੀ

ਘਟਨਾ

ਪੂਰਤੀ

ਯਸਾ. 52:13

ਉਤਾਹਾਂ ਕੀਤਾ ਗਿਆ ਅਤੇ ਅੱਤ ਮਹਾਨ ਦਾਸ ਬਣਿਆ

ਰਸੂ. 2:34-36; ਫ਼ਿਲਿ. 2:8-11; 1 ਪਤ. 3:22

ਯਸਾ. 52:14

ਗ਼ਲਤ ਬਿਆਨ ਅਤੇ ਬਦਨਾਮ ਕੀਤਾ ਗਿਆ

ਮੱਤੀ 11:19; 27:39-44, 63, 64; ਯੂਹੰ. 8:48; 10:20

ਯਸਾ. 52:15

ਕੌਮਾਂ ਉਸ ਉੱਤੇ ਅਸਚਰਜ ਹੋਈਆਂ

ਮੱਤੀ 24:30; 2 ਥੱਸ. 1:6-10; ਪਰ. 1:7

ਯਸਾ. 53:1

ਉਸ ਉੱਤੇ ਨਿਹਚਾ ਨਹੀਂ ਕੀਤੀ ਗਈ

ਯੂਹੰ. 12:37, 38; ਰੋਮੀ. 10:11, 16, 17

ਯਸਾ. 53:2

ਇਨਸਾਨ ਵਜੋਂ ਸਾਧਾਰਣ ਸ਼ੁਰੂਆਤ

ਲੂਕਾ 2:7; ਯੂਹੰ. 1:46

ਯਸਾ. 53:3

ਤੁੱਛ ਅਤੇ ਤਿਆਗਿਆ ਹੋਇਆ

ਮੱਤੀ 26:67; ਲੂਕਾ 23:18-25; ਯੂਹੰ. 1:10, 11

ਯਸਾ. 53:4

ਸਾਡੇ ਰੋਗਾਂ ਨੂੰ ਚੁੱਕ ਲਿਆ

ਮੱਤੀ 8:16, 17; ਲੂਕਾ 8:43-48

ਯਸਾ. 53:5

ਘਾਇਲ ਕੀਤਾ ਗਿਆ

ਯੂਹੰ. 19:34

ਯਸਾ. 53:6

ਦੂਸਰਿਆਂ ਦੀ ਬਦੀ ਲਈ ਦੁੱਖ ਉਠਾਏ

1 ਪਤ. 2:21-25

ਯਸਾ. 53:7

ਵਿਰੋਧੀਆਂ ਅੱਗੇ ਚੁੱਪ ਰਿਹਾ

ਮੱਤੀ 27:11-14; ਮਰ. 14:60, 61; ਰਸੂ. 8:32, 35

ਯਸਾ. 53:8

ਬੇਇਨਸਾਫ਼ ਮੁਕੱਦਮਾ ਅਤੇ ਸਜ਼ਾ

ਮੱਤੀ 26:57-68; 27:1, 2, 11-26; ਯੂਹੰ. 18:12-14, 19-24, 28-40

ਯਸਾ. 53:9

ਧਨੀ ਲੋਕਾਂ ਨਾਲ ਦਫ਼ਨਾਇਆ ਗਿਆ

ਮੱਤੀ 27:57-60; ਯੂਹੰ. 19:38-42

ਯਸਾ. 53:10

ਜਾਨ ਨੂੰ ਦੋਸ਼ ਦੀ ਬਲੀ ਠਹਿਰਾਇਆ ਗਿਆ

ਇਬ. 9:24; 10:5-14

ਯਸਾ. 53:11

ਬਹੁਤਿਆਂ ਨੂੰ ਧਰਮੀ ਠਹਿਰਾਏ ਜਾਣ ਦਾ ਰਾਹ ਖੋਲ੍ਹਿਆ

ਰੋਮੀ. 5:18, 19; 1 ਪਤ. 2:24; ਪਰ. 7:14

ਯਸਾ. 53:12

ਪਾਪੀਆਂ ਨਾਲ ਗਿਣਿਆ ਗਿਆ

ਮੱਤੀ 26:55, 56; 27:38; ਲੂਕਾ 22:36, 37

[ਸਫ਼ਾ 203 ਉੱਤੇ ਤਸਵੀਰ]

‘ਉਹ ਮਨੁੱਖਾਂ ਵੱਲੋਂ ਤਿਆਗਿਆ ਹੋਇਆ ਸੀ’

[ਸਫ਼ਾ 206 ਉੱਤੇ ਤਸਵੀਰ]

“ਓਸ ਆਪਣਾ ਮੂੰਹ ਨਾ ਖੋਲ੍ਹਿਆ”

[ਕ੍ਰੈਡਿਟ ਲਾਈਨ]

Detail from “Ecce Homo” by Antonio Ciseri

[ਸਫ਼ਾ 211 ਉੱਤੇ ਤਸਵੀਰ]

“ਓਸ ਆਪਣੀ ਜਾਨ ਮੌਤ ਲਈ ਡੋਹਲ ਦਿੱਤੀ”