ਭਾਗ 5
“ਆਪਣੇ ਚਰਵਾਹੇ ਅਤੇ ਆਪਣੀਆਂ ਜ਼ਿੰਦਗੀਆਂ ਦੇ ਰਖਵਾਲੇ” ਕੋਲ ਮੁੜ ਆਓ
ਕੀ ਤੁਹਾਡੇ ਉੱਤੇ ਵੀ ਉਹ ਚੁਣੌਤੀਆਂ ਆਈਆਂ ਹਨ ਜਿਨ੍ਹਾਂ ਬਾਰੇ ਇਸ ਬਰੋਸ਼ਰ ਵਿਚ ਗੱਲ ਕੀਤੀ ਗਈ ਹੈ? ਜੇ ਹਾਂ, ਤਾਂ ਤੁਸੀਂ ਇਕੱਲੇ ਨਹੀਂ ਹੋ। ਯਹੋਵਾਹ ਦੇ ਪੁਰਾਣੇ ਅਤੇ ਅੱਜ ਦੇ ਸਮੇਂ ਦੇ ਬਹੁਤ ਸਾਰੇ ਵਫ਼ਾਦਾਰ ਸੇਵਕਾਂ ਨੇ ਵੀ ਅਜਿਹੀਆਂ ਚੁਣੌਤੀਆਂ ਦਾ ਸਾਮ੍ਹਣਾ ਕੀਤਾ ਹੈ। ਉਨ੍ਹਾਂ ਨੂੰ ਅਜਿਹੀਆਂ ਚੁਣੌਤੀਆਂ ਨੂੰ ਪਾਰ ਕਰਨ ਲਈ ਯਹੋਵਾਹ ਤੋਂ ਮਦਦ ਮਿਲੀ ਸੀ, ਤੁਹਾਨੂੰ ਵੀ ਇਹ ਮਦਦ ਮਿਲ ਸਕਦੀ ਹੈ।
ਜਦ ਤੁਸੀਂ ਯਹੋਵਾਹ ਕੋਲ ਮੁੜੋਗੇ, ਤਾਂ ਉਹ ਹੱਥ ਵਧਾ ਕੇ ਤੁਹਾਡੀ ਮਦਦ ਕਰੇਗਾ
ਯਹੋਵਾਹ ਕੋਲ ਮੁੜ ਆਉਣਾ ਹੀ ਤੁਹਾਡੇ ਲਈ ਸਭ ਤੋਂ ਵਧੀਆ ਗੱਲ ਹੈ। ਕਿਉਂ? ਕਿਉਂਕਿ ਇਸ ਤਰ੍ਹਾਂ ਕਰ ਕੇ ਤੁਸੀਂ ਉਸ ਦੇ ਦਿਲ ਨੂੰ ਖ਼ੁਸ਼ ਕਰੋਗੇ। (ਕਹਾਉਤਾਂ 27:11) ਅਸੀਂ ਜਾਣਦੇ ਹਾਂ ਕਿ ਯਹੋਵਾਹ ਸਾਡੇ ਕੰਮਾਂ ਤੋਂ ਜਾਂ ਤਾਂ ਦੁਖੀ ਹੋ ਸਕਦਾ ਹੈ ਜਾਂ ਖ਼ੁਸ਼। ਪਰ ਯਹੋਵਾਹ ਸਾਨੂੰ ਮਜਬੂਰ ਨਹੀਂ ਕਰਦਾ ਕਿ ਅਸੀਂ ਉਸ ਨਾਲ ਪਿਆਰ ਕਰੀਏ ਤੇ ਉਸ ਦੀ ਭਗਤੀ ਕਰੀਏ। (ਬਿਵਸਥਾ ਸਾਰ 30:19, 20) ਇਕ ਬਾਈਬਲ ਵਿਦਵਾਨ ਨੇ ਇਸ ਤਰ੍ਹਾਂ ਕਿਹਾ: “ਦਿਲਾਂ ਦੇ ਦਰਵਾਜ਼ੇ ਅੰਦਰੋਂ ਖੁੱਲ੍ਹਦੇ ਹਨ, ਬਾਹਰੋਂ ਜ਼ਬਰਦਸਤੀ ਨਹੀਂ ਖੋਲ੍ਹੇ ਜਾ ਸਕਦੇ।” ਯਹੋਵਾਹ ਦੀ ਦੁਬਾਰਾ ਦਿਲੋਂ ਭਗਤੀ ਕਰ ਕੇ ਅਸੀਂ ਆਪਣੇ ਦਿਲ ਦਾ ਇਹ ਦਰਵਾਜ਼ਾ ਖੋਲ੍ਹ ਰਹੇ ਹੋਵਾਂਗੇ। ਇਸ ਤਰ੍ਹਾਂ ਅਸੀਂ ਦਿਖਾ ਰਹੇ ਹੋਵਾਂਗੇ ਕਿ ਅਸੀਂ ਯਹੋਵਾਹ ਦੇ ਵਫ਼ਾਦਾਰ ਰਹਿਣਾ ਚਾਹੁੰਦੇ ਹਾਂ। ਇਹ ਦੇਖ ਕੇ ਉਸ ਦਾ ਦਿਲ ਖ਼ੁਸ਼ੀ ਨਾਲ ਭਰ ਜਾਵੇਗਾ। ਹਾਂ, ਇਸ ਤੋਂ ਵੱਧ ਖ਼ੁਸ਼ੀ ਕਿਸੇ ਹੋਰ ਗੱਲ ਤੋਂ ਨਹੀਂ ਮਿਲਦੀ ਕਿ ਅਸੀਂ ਯਹੋਵਾਹ ਨੂੰ ਉਹ ਭਗਤੀ ਦਿੰਦੇ ਹਾਂ ਜਿਸ ਦਾ ਉਹ ਹੱਕਦਾਰ ਹੈ।—ਰਸੂਲਾਂ ਦੇ ਕੰਮ 20:35; ਪ੍ਰਕਾਸ਼ ਦੀ ਕਿਤਾਬ 4:11.
ਦੁਨੀਆਂ ਭਰ ਦੇ ਲੋਕ ਸੋਚਦੇ ਹਨ: ‘ਜ਼ਿੰਦਗੀ ਦਾ ਮਕਸਦ ਕੀ ਹੈ?’ ਲੋਕ ਇਹ ਸਵਾਲ ਕਿਉਂ ਪੁੱਛਦੇ ਹਨ? ਕਿਉਂਕਿ ਯਹੋਵਾਹ ਨੇ ਇਨਸਾਨਾਂ ਅੰਦਰ ਜ਼ਿੰਦਗੀ ਨਾਲ ਜੁੜੇ ਸਵਾਲਾਂ ਦੇ ਜਵਾਬ ਜਾਣਨ ਦੀ ਆਰਜ਼ੂ ਪਾਈ ਹੈ। ਯਹੋਵਾਹ ਨੇ ਇਨਸਾਨਾਂ ਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਉਹ ਉਸ ਦੀ ਅਗਵਾਈ ਵਿਚ ਚੱਲ ਕੇ ਅਤੇ ਉਸ ਦੀ ਸੇਵਾ ਕਰ ਕੇ ਹੀ ਖ਼ੁਸ਼ੀ ਪਾ ਸਕਦੇ ਹਨ। (ਮੱਤੀ 5:3) ਯਹੋਵਾਹ ਦੀ ਸੇਵਾ ਕਰਨੀ ਹੀ ਸਾਡੀ ਜ਼ਿੰਦਗੀ ਦਾ ਮਕਸਦ ਹੈ। ਜਿਹੜੀ ਖ਼ੁਸ਼ੀ ਯਹੋਵਾਹ ਦੀ ਭਗਤੀ ਕਰ ਕੇ ਮਿਲਦੀ ਹੈ, ਉਹ ਖ਼ੁਸ਼ੀ ਹੋਰ ਕਿਸੇ ਗੱਲ ਤੋਂ ਨਹੀਂ ਮਿਲ ਸਕਦੀ।—ਜ਼ਬੂਰਾਂ ਦੀ ਪੋਥੀ 63:1-5.
ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਉਸ ਕੋਲ ਮੁੜ ਆਓ। ਤੁਸੀਂ ਇਸ ਗੱਲ ʼਤੇ ਕਿਵੇਂ ਭਰੋਸਾ ਕਰ ਸਕਦੇ ਹੋ? ਜ਼ਰਾ ਧਿਆਨ ਦਿਓ: ਇਸ ਬਰੋਸ਼ਰ ਨੂੰ ਬਹੁਤ ਸਾਰੀਆਂ ਪ੍ਰਾਰਥਨਾਵਾਂ ਕਰ ਕੇ ਬੜੇ ਧਿਆਨ ਨਾਲ ਤਿਆਰ ਕੀਤਾ ਗਿਆ ਸੀ। ਸ਼ਾਇਦ ਕਿਸੇ ਬਜ਼ੁਰਗ ਨੇ ਜਾਂ ਕਿਸੇ ਹੋਰ ਭੈਣ-ਭਰਾ ਨੇ ਤੁਹਾਨੂੰ ਇਹ ਬਰੋਸ਼ਰ ਦਿੱਤਾ ਹੋਵੇ। ਫਿਰ ਤੁਹਾਡਾ ਮਨ ਕੀਤਾ ਕਿ ਤੁਸੀਂ ਇਸ ਨੂੰ ਪੜ੍ਹੋ ਅਤੇ ਪੜ੍ਹੀਆਂ ਗੱਲਾਂ ਮੁਤਾਬਕ ਕਦਮ ਚੁੱਕੋ। ਇਹ ਸਭ ਇਸ ਗੱਲ ਦਾ ਠੋਸ ਸਬੂਤ ਹੈ ਕਿ ਯਹੋਵਾਹ ਤੁਹਾਨੂੰ ਭੁੱਲਿਆ ਨਹੀਂ ਹੈ, ਸਗੋਂ ਉਹ ਪਿਆਰ ਦੀ ਡੋਰ ਨਾਲ ਤੁਹਾਨੂੰ ਆਪਣੇ ਵੱਲ ਖਿੱਚ ਰਿਹਾ ਹੈ।—ਯੂਹੰਨਾ 6:44.
ਅਸੀਂ ਇਸ ਗੱਲ ਤੋਂ ਦਿਲਾਸਾ ਪਾ ਸਕਦੇ ਹਾਂ ਕਿ ਯਹੋਵਾਹ ਆਪਣੇ ਉਨ੍ਹਾਂ ਸੇਵਕਾਂ ਨੂੰ ਕਦੇ ਨਹੀਂ ਭੁੱਲਦਾ ਜੋ ਭਟਕ ਗਏ ਹਨ। ਡੋਨਾ ਇਸ ਗੱਲ ਲਈ ਬਹੁਤ ਸ਼ੁਕਰਗੁਜ਼ਾਰ ਹੈ। ਉਸ ਨੇ ਕਿਹਾ: “ਮੈਂ ਹੌਲੀ-ਹੌਲੀ ਸੱਚਾਈ ਤੋਂ ਦੂਰ ਹੁੰਦੀ ਗਈ, ਪਰ ਮੈਂ ਅਕਸਰ ਜ਼ਬੂਰ 139:23, 24 ʼਤੇ ਸੋਚ-ਵਿਚਾਰ ਕਰਿਆ ਕਰਦੀ ਸੀ ਜਿੱਥੇ ਲਿਖਿਆ ਹੈ: ‘ਹੇ ਪਰਮੇਸ਼ੁਰ, ਮੈਨੂੰ ਪਰਖ ਅਤੇ ਮੇਰੇ ਦਿਲ ਨੂੰ ਜਾਣ, ਮੈਨੂੰ ਜਾਚ ਅਤੇ ਮੇਰੇ ਖਿਆਲਾਂ ਨੂੰ ਜਾਣ, ਅਤੇ ਵੇਖ ਕਿਤੇ ਮੇਰੇ ਵਿੱਚ ਕੋਈ ਭੈੜੀ ਚਾਲ ਤਾਂ ਨਹੀਂ? ਅਤੇ ਸਦੀਪਕ ਰਾਹ ਵਿੱਚ ਮੇਰੀ ਅਗਵਾਈ ਕਰ!’ ਦੁਨੀਆਂ ਵਿਚ ਰਹਿ ਕੇ ਵੀ ਮੈਨੂੰ ਲੱਗਦਾ ਸੀ ਕਿ ਮੈਂ ਇਸ ਦਾ ਹਿੱਸਾ ਨਹੀਂ ਸੀ ਅਤੇ ਮੈਨੂੰ ਪਤਾ ਸੀ ਕਿ ਮੈਨੂੰ ਯਹੋਵਾਹ ਦੇ ਸੰਗਠਨ ਵਿਚ ਹੋਣਾ ਚਾਹੀਦਾ ਸੀ। ਫਿਰ ਮੈਨੂੰ ਅਹਿਸਾਸ ਹੋਣ ਲੱਗਾ ਕਿ ਯਹੋਵਾਹ ਨੇ ਮੈਨੂੰ ਕਦੇ ਨਹੀਂ ਛੱਡਿਆ; ਮੈਨੂੰ ਉਸ ਕੋਲ ਮੁੜ ਜਾਣ ਦੀ ਲੋੜ ਸੀ ਅਤੇ ਮੈਂ ਬਹੁਤ ਖ਼ੁਸ਼ ਹਾਂ ਕਿ ਮੈਂ ਉਸ ਕੋਲ ਮੁੜ ਆਈ!”
“ਮੈਨੂੰ ਅਹਿਸਾਸ ਹੋਣ ਲੱਗਾ ਕਿ ਯਹੋਵਾਹ ਨੇ ਮੈਨੂੰ ਕਦੇ ਨਹੀਂ ਛੱਡਿਆ; ਮੈਨੂੰ ਉਸ ਕੋਲ ਮੁੜ ਜਾਣ ਦੀ ਲੋੜ ਸੀ”
ਅਸੀਂ ਦਿਲੋਂ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਵੀ ਯਹੋਵਾਹ ਦੀ ਸੇਵਾ ਕਰ ਕੇ ਦੁਬਾਰਾ “ਅਨੰਦ” ਮਾਣੋ। (ਨਹਮਯਾਹ 8:10) ਤੁਹਾਨੂੰ ਯਹੋਵਾਹ ਕੋਲ ਮੁੜ ਆਉਣ ਦਾ ਕਦੇ ਵੀ ਪਛਤਾਵਾ ਨਹੀਂ ਹੋਵੇਗਾ।