ਭਾਗ 1
‘ਮੈਂ ਗੁਵਾਚੀ ਹੋਈ ਦੀ ਭਾਲ ਕਰਾਂਗਾ’
ਭੇਡ ਬਹੁਤ ਘਬਰਾਈ ਹੋਈ ਹੈ। ਪਤਾ ਨਹੀਂ ਉਹ ਕਿੱਦਾਂ ਘਾਹ ਚਰਦੀ-ਚਰਦੀ ਬਾਕੀ ਭੇਡਾਂ ਤੋਂ ਵਿਛੜ ਗਈ। ਹੁਣ ਉਹ ਨਾ ਤਾਂ ਬਾਕੀ ਭੇਡਾਂ ਨੂੰ ਤੇ ਨਾ ਹੀ ਚਰਵਾਹੇ ਨੂੰ ਦੇਖ ਸਕਦੀ ਹੈ। ਸੂਰਜ ਢਲ਼ਦਾ ਜਾ ਰਿਹਾ ਹੈ। ਉਸ ਘਾਟੀ ਵਿਚ ਖ਼ੂੰਖਾਰ ਜਾਨਵਰ ਘੁੰਮਦੇ ਹਨ ਅਤੇ ਉਹ ਭੇਡ ਆਪਣਾ ਬਚਾਅ ਨਹੀਂ ਕਰ ਸਕਦੀ। ਫਿਰ ਉਸ ਨੂੰ ਇਕ ਜਾਣੀ-ਪਛਾਣੀ ਆਵਾਜ਼ ਸੁਣਾਈ ਦਿੰਦੀ ਹੈ। ਇਹ ਆਵਾਜ਼ ਤਾਂ ਚਰਵਾਹੇ ਦੀ ਹੈ! ਉਹ ਉਸ ਵੱਲ ਭੱਜਾ-ਭੱਜਾ ਆਉਂਦਾ ਹੈ, ਉਸ ਨੂੰ ਆਪਣੀਆਂ ਬਾਹਾਂ ਵਿਚ ਚੁੱਕ ਲੈਂਦਾ ਹੈ ਅਤੇ ਆਪਣੇ ਪੱਲੇ ਵਿਚ ਲਪੇਟ ਕੇ ਲੈ ਜਾਂਦਾ ਹੈ।
ਯਹੋਵਾਹ ਵਾਰ-ਵਾਰ ਆਪਣੀ ਤੁਲਨਾ ਅਜਿਹੇ ਚਰਵਾਹੇ ਨਾਲ ਕਰਦਾ ਹੈ। (ਹਿਜ਼ਕੀਏਲ 34:12) ਉਹ ਆਪਣੇ ਬਚਨ ਵਿਚ ਸਾਨੂੰ ਭਰੋਸਾ ਦਿਵਾਉਂਦਾ ਹੈ: “ਮੈਂ ਆਪ ਆਪਣੀਆਂ ਭੇਡਾਂ ਨੂੰ ਲੱਭਾਂਗਾ ਅਤੇ ਉਹਨਾਂ ਦੀ ਦੇਖਭਾਲ ਕਰਾਂਗਾ।”—ਹਿਜ਼ਕੀਏਲ 34:11, CL.
‘ਮੈਂ ਆਪਣੀਆਂ ਭੇਡਾਂ ਦੀ ਦੇਖਭਾਲ ਕਰਾਂਗਾ’
ਯਹੋਵਾਹ ਦੀਆਂ ਭੇਡਾਂ ਕੌਣ ਹਨ? ਇਹ ਉਹ ਲੋਕ ਹਨ ਜੋ ਉਸ ਨੂੰ ਪਿਆਰ ਕਰਦੇ ਅਤੇ ਉਸ ਦੀ ਭਗਤੀ ਕਰਦੇ ਹਨ। ਬਾਈਬਲ ਕਹਿੰਦੀ ਹੈ: ‘ਅਸੀਂ ਮੱਥਾ ਟੇਕੀਏ ਅਤੇ ਨਿਉਂ ਕੇ ਯਹੋਵਾਹ ਆਪਣੇ ਸਿਰਜਣਹਾਰ ਦੇ ਅੱਗੇ ਗੋਡੇ ਨਿਵਾਈਏ! ਉਹ ਤਾਂ ਸਾਡਾ ਪਰਮੇਸ਼ੁਰ ਹੈ, ਅਸੀਂ ਉਹ ਦੀ ਜੂਹ ਦੀ ਪਰਜਾ ਅਤੇ ਉਹ ਦੇ ਹੱਥ ਦੀਆਂ ਭੇਡਾਂ ਹਾਂ।’ (ਜ਼ਬੂਰਾਂ ਦੀ ਪੋਥੀ 95:6, 7) ਰੱਬ ਦੇ ਸੇਵਕ ਆਪਣੇ ਚਰਵਾਹੇ ਯਾਨੀ ਯਹੋਵਾਹ ਦੇ ਮਗਰ-ਮਗਰ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਪਰ ਉਹ ਵੀ ਕਦੇ-ਕਦੇ ਭੇਡਾਂ ਵਾਂਗ “ਖਿਲਰ” ਜਾਂ ‘ਭਟਕ’ ਜਾਂਦੇ ਹਨ। (ਹਿਜ਼ਕੀਏਲ 34:12; ਮੱਤੀ 15:24; 1 ਪਤਰਸ 2:25) ਭਾਵੇਂ ਕਿ ਕੋਈ ਉਸ ਤੋਂ ਦੂਰ ਹੋ ਜਾਂਦਾ ਹੈ, ਪਰ ਯਹੋਵਾਹ ਉਸ ਦੇ ਵਾਪਸ ਆਉਣ ਦੀ ਉਮੀਦ ਕਦੇ ਨਹੀਂ ਛੱਡਦਾ।
ਕੀ ਤੁਸੀਂ ਅਜੇ ਵੀ ਯਹੋਵਾਹ ਨੂੰ ਆਪਣਾ ਚਰਵਾਹਾ ਮੰਨਦੇ ਹੋ? ਅੱਜ ਯਹੋਵਾਹ ਕਿਵੇਂ ਸਾਬਤ ਕਰਦਾ ਹੈ ਕਿ ਉਹ ਸਾਡਾ ਚਰਵਾਹਾ ਹੈ? ਤਿੰਨ ਤਰੀਕਿਆਂ ʼਤੇ ਧਿਆਨ ਦਿਓ:
ਉਹ ਸਾਨੂੰ ਗਿਆਨ ਦਿੰਦਾ ਹੈ। ਯਹੋਵਾਹ ਕਹਿੰਦਾ ਹੈ: ‘ਮੈਂ ਉਨ੍ਹਾਂ ਨੂੰ ਚੰਗੀ ਜੂਹ ਵਿੱਚ ਚਰਾਵਾਂਗਾ ਅਤੇ ਓਹ ਚੰਗੇ ਵਾੜਿਆਂ ਵਿੱਚ ਲੇਟਣਗੀਆਂ ਅਤੇ ਹਰੀ ਜੂਹ ਵਿੱਚ ਚਰਨਗੀਆਂ।’ (ਹਿਜ਼ਕੀਏਲ 34:14) ਯਹੋਵਾਹ ਸਾਨੂੰ ਸਹੀ ਸਮੇਂ ʼਤੇ ਅਲੱਗ-ਅਲੱਗ ਤਰੀਕਿਆਂ ਨਾਲ ਗਿਆਨ ਦਿੰਦਾ ਹੈ ਜਿਸ ਤੋਂ ਸਾਨੂੰ ਤਾਜ਼ਗੀ ਮਿਲਦੀ ਹੈ। ਕੀ ਤੁਹਾਨੂੰ ਕੋਈ ਭਾਸ਼ਣ, ਲੇਖ ਜਾਂ ਵੀਡੀਓ ਯਾਦ ਹੈ ਜਿਸ ਰਾਹੀਂ ਤੁਹਾਨੂੰ ਆਪਣੀ ਪ੍ਰਾਰਥਨਾ ਦਾ ਜਵਾਬ ਮਿਲਿਆ ਸੀ? ਕੀ ਇਸ ਕਰਕੇ ਤੁਹਾਨੂੰ ਭਰੋਸਾ ਨਹੀਂ ਸੀ ਹੋਇਆ ਕਿ ਯਹੋਵਾਹ ਤੁਹਾਡੀ ਪਰਵਾਹ ਕਰਦਾ ਹੈ?
ਉਹ ਸਾਡੀ ਰਾਖੀ ਤੇ ਮਦਦ ਕਰਦਾ ਹੈ। ਯਹੋਵਾਹ ਵਾਅਦਾ ਕਰਦਾ ਹੈ: ‘ਮੈਂ ਕੱਢੀਆਂ ਹੋਈਆਂ ਨੂੰ ਮੋੜ ਲਿਆਵਾਂਗਾ ਅਤੇ ਟੁੱਟੀਆਂ ਨੂੰ ਬੰਨ੍ਹਾਂਗਾ ਅਤੇ ਲਿੱਸੀਆਂ ਨੂੰ ਤਕੜਿਆਂ ਕਰਾਂਗਾ।’ (ਹਿਜ਼ਕੀਏਲ 34:16) ਯਹੋਵਾਹ ਉਨ੍ਹਾਂ ਲੋਕਾਂ ਨੂੰ ਤਾਕਤ ਬਖ਼ਸ਼ਦਾ ਹੈ ਜੋ ਚਿੰਤਾ ਕਰਨ ਕਰਕੇ ਕਮਜ਼ੋਰ ਹੋ ਚੁੱਕੇ ਹਨ ਜਾਂ ਬਿਲਕੁਲ ਹੀ ਮਨ ਹਾਰ ਬੈਠੇ ਹਨ। ਜਦ ਯਹੋਵਾਹ ਦੇ ਕਿਸੇ ਸੇਵਕ ਨੂੰ ਸੱਟ ਲੱਗਦੀ ਹੈ, ਸ਼ਾਇਦ ਉਸ ਦੇ ਕਿਸੇ ਹੋਰ ਸੇਵਕ ਕਰਕੇ, ਤਾਂ ਉਹ ਉਸ ਦੇ ਜ਼ਖ਼ਮਾਂ ʼਤੇ ਪੱਟੀ ਬੰਨ੍ਹਦਾ ਹੈ। ਨਾਲੇ ਉਹ ਭਟਕੇ ਹੋਇਆਂ ਨੂੰ ਅਤੇ ਆਪਣੇ ਆਪ ਨੂੰ ਉਸ ਦੀ ਸੇਵਾ ਦੇ ਲਾਇਕ ਨਾ ਸਮਝਣ ਵਾਲਿਆਂ ਨੂੰ ਵਾਪਸ ਲਿਆਉਂਦਾ ਹੈ।
ਉਹ ਸਾਨੂੰ ਆਪਣੀ ਜ਼ਿੰਮੇਵਾਰੀ ਸਮਝਦਾ ਹੈ। ਯਹੋਵਾਹ ਕਹਿੰਦਾ ਹੈ: ‘ਮੈਂ ਉਨ੍ਹਾਂ ਨੂੰ ਹਰ ਥਾਂ ਤੋਂ ਜਿੱਥੇ ਓਹ ਖਿਲਰ ਗਈਆਂ ਸਨ ਛੁਡਾ ਲਿਆਵਾਂਗਾ। ਮੈਂ ਗੁਵਾਚੀ ਹੋਈ ਦੀ ਭਾਲ ਕਰਾਂਗਾ।’ (ਹਿਜ਼ਕੀਏਲ 34:12, 16) ਜਦੋਂ ਕੋਈ ਭੇਡ ਭਟਕ ਜਾਂਦੀ ਹੈ, ਤਾਂ ਯਹੋਵਾਹ ਨੂੰ ਇਸ ਬਾਰੇ ਪਤਾ ਹੁੰਦਾ ਹੈ। ਉਹ ਉਸ ਦੇ ਲੱਭਣ ਦੀ ਉਮੀਦ ਕਦੇ ਨਹੀਂ ਛੱਡਦਾ। ਯਹੋਵਾਹ ਉਸ ਨੂੰ ਲੱਭਦਾ ਹੈ ਅਤੇ ਉਸ ਦੇ ਮਿਲਣ ਤੇ ਖ਼ੁਸ਼ੀ ਮਨਾਉਂਦਾ ਹੈ। (ਮੱਤੀ 18:12-14) ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿਉਂਕਿ ਉਹ ਆਪਣੇ ਸੇਵਕਾਂ ਨੂੰ ‘ਮੇਰੀਆਂ ਭੇਡਾਂ’ ਕਹਿ ਕੇ ਪੁਕਾਰਦਾ ਹੈ। (ਹਿਜ਼ਕੀਏਲ 34:31) ਤੁਸੀਂ ਵੀ ਉਸ ਦੀਆਂ ਭੇਡਾਂ ਵਿੱਚੋਂ ਇਕ ਹੋ ਅਤੇ ਉਸ ਨੂੰ ਤੁਹਾਡਾ ਫ਼ਿਕਰ ਹੈ।
ਜਿਹੜੀ ਭੇਡ ਭਟਕ ਜਾਂਦੀ ਹੈ, ਯਹੋਵਾਹ ਉਸ ਦੇ ਲੱਭਣ ਦੀ ਉਮੀਦ ਕਦੇ ਨਹੀਂ ਛੱਡਦਾ
“ਸਾਡੇ ਦਿਨ ਪਹਿਲਾਂ ਵਾਂਙੁ ਨਵੇਂ ਬਣਾ”
ਯਹੋਵਾਹ ਤੁਹਾਨੂੰ ਕਿਉਂ ਲੱਭ ਰਿਹਾ ਹੈ ਅਤੇ ਉਹ ਤੁਹਾਨੂੰ ਆਪਣੇ ਕੋਲ ਮੁੜ ਆਉਣ ਦਾ ਸੱਦਾ ਕਿਉਂ ਦੇ ਰਿਹਾ ਹੈ? ਕਿਉਂਕਿ ਉਹ ਤੁਹਾਨੂੰ ਖ਼ੁਸ਼ ਦੇਖਣਾ ਚਾਹੁੰਦਾ ਹੈ। ਉਹ ਵਾਅਦਾ ਕਰਦਾ ਹੈ ਕਿ ਉਹ ਆਪਣੇ ਲੋਕਾਂ ਉੱਤੇ ‘ਬਰਕਤ ਦੀ ਵਰਖਾ ਵਰਸਾਵੇਗਾ।’ (ਹਿਜ਼ਕੀਏਲ 34:26) ਇਹ ਕੋਈ ਖੋਖਲਾ ਵਾਅਦਾ ਨਹੀਂ ਹੈ। ਤੁਸੀਂ ਆਪਣੀ ਜ਼ਿੰਦਗੀ ਵਿਚ ਪਹਿਲਾਂ ਹੀ ਇਸ ਗੱਲ ਨੂੰ ਪੂਰਾ ਹੁੰਦਿਆਂ ਦੇਖ ਚੁੱਕੇ ਹੋ।
ਉਸ ਸਮੇਂ ਨੂੰ ਯਾਦ ਕਰੋ ਜਦ ਤੁਸੀਂ ਯਹੋਵਾਹ ਬਾਰੇ ਸਿੱਖਣਾ ਸ਼ੁਰੂ ਕੀਤਾ ਸੀ। ਮਿਸਾਲ ਲਈ, ਜਦੋਂ ਤੁਸੀਂ ਯਹੋਵਾਹ ਦੇ ਨਾਂ ਅਤੇ ਇਨਸਾਨਾਂ ਲਈ ਉਸ ਦੇ ਮਕਸਦ ਬਾਰੇ ਪਹਿਲੀ ਵਾਰ ਸੁਣਿਆ ਸੀ, ਤਾਂ ਤੁਹਾਨੂੰ ਕਿੱਦਾਂ ਲੱਗਾ ਸੀ? ਯਾਦ ਹੈ ਤੁਹਾਨੂੰ ਆਪਣੇ ਭੈਣਾਂ-ਭਰਾਵਾਂ ਨਾਲ ਸੰਮੇਲਨਾਂ ਵਿਚ ਇਕੱਠੇ ਹੋ ਕੇ ਕਿੰਨਾ ਚੰਗਾ ਲੱਗਦਾ ਸੀ? ਕੀ ਇਹ ਸੱਚ ਨਹੀਂ ਕਿ ਜਦੋਂ ਤੁਸੀਂ ਕਿਸੇ ਦਿਲਚਸਪੀ ਲੈਣ ਵਾਲੇ ਨਾਲ ਖ਼ੁਸ਼ ਖ਼ਬਰੀ ਸਾਂਝੀ ਕੀਤੀ ਸੀ, ਤਾਂ ਤੁਹਾਨੂੰ ਕਿੰਨੀ ਖ਼ੁਸ਼ੀ ਹੋਈ ਸੀ?
ਤੁਸੀਂ ਇਹ ਖ਼ੁਸ਼ੀਆਂ ਫਿਰ ਤੋਂ ਪਾ ਸਕਦੇ ਹੋ। ਪਰਮੇਸ਼ੁਰ ਦੇ ਪੁਰਾਣੇ ਜ਼ਮਾਨੇ ਦੇ ਸੇਵਕਾਂ ਨੇ ਪ੍ਰਾਰਥਨਾ ਵਿਚ ਕਿਹਾ: “ਹੇ ਯਹੋਵਾਹ, ਸਾਨੂੰ ਆਪਣੀ ਵੱਲ ਮੋੜ ਲੈ, ਤਾਂ ਅਸੀਂ ਮੁੜਾਂਗੇ, ਸਾਡੇ ਦਿਨ ਪਹਿਲਾਂ ਵਾਂਙੁ ਨਵੇਂ ਬਣਾ।” (ਵਿਰਲਾਪ 5:21) ਯਹੋਵਾਹ ਨੇ ਇਸ ਪ੍ਰਾਰਥਨਾ ਦਾ ਜਵਾਬ ਦਿੱਤਾ ਸੀ ਅਤੇ ਉਸ ਦੇ ਲੋਕ ਉਸ ਵੱਲ ਮੁੜੇ ਅਤੇ ਫਿਰ ਤੋਂ ਉਸ ਦੀ ਸੇਵਾ ਖ਼ੁਸ਼ੀ-ਖ਼ੁਸ਼ੀ ਕਰਨ ਲੱਗ ਪਏ। (ਨਹਮਯਾਹ 8:17) ਯਹੋਵਾਹ ਤੁਹਾਡੇ ਲਈ ਵੀ ਇੱਦਾਂ ਹੀ ਕਰੇਗਾ।
ਦਰਅਸਲ ਯਹੋਵਾਹ ਕੋਲ ਵਾਪਸ ਆਉਣ ਦੀ ਗੱਲ ਕਹਿਣੀ ਸੌਖੀ ਹੈ, ਪਰ ਇਸ ਤਰ੍ਹਾਂ ਕਰਨਾ ਔਖਾ ਹੈ। ਵਾਪਸ ਆਉਣ ਸੰਬੰਧੀ ਆਉਂਦੀਆਂ ਕੁਝ ਚੁਣੌਤੀਆਂ ਉੱਤੇ ਗੌਰ ਕਰਨ ਦੇ ਨਾਲ-ਨਾਲ ਜਾਣੋ ਕਿ ਤੁਸੀਂ ਇਨ੍ਹਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹੋ।