ਪਾਠ 8
ਅਸੀਂ ਮੀਟਿੰਗਾਂ ਵਿਚ ਸਲੀਕੇਦਾਰ ਕੱਪੜੇ ਕਿਉਂ ਪਾਉਂਦੇ ਹਾਂ?
ਕੀ ਤੁਸੀਂ ਇਸ ਬਰੋਸ਼ਰ ਦੀਆਂ ਤਸਵੀਰਾਂ ਵੱਲ ਧਿਆਨ ਦਿੱਤਾ ਕਿ ਮੀਟਿੰਗਾਂ ਵਿਚ ਆਏ ਯਹੋਵਾਹ ਦੇ ਗਵਾਹਾਂ ਨੇ ਸਲੀਕੇਦਾਰ ਕੱਪੜੇ ਪਾਏ ਹੋਏ ਹਨ? ਅਸੀਂ ਆਪਣੇ ਕੱਪੜਿਆਂ ਅਤੇ ਹਾਰ-ਸ਼ਿੰਗਾਰ ਵੱਲ ਇੰਨਾ ਧਿਆਨ ਕਿਉਂ ਦਿੰਦੇ ਹਾਂ?
ਪਰਮੇਸ਼ੁਰ ਦਾ ਆਦਰ ਕਰਨ ਲਈ। ਇਹ ਸੱਚ ਹੈ ਕਿ ਪਰਮੇਸ਼ੁਰ ਸਿਰਫ਼ ਸਾਡਾ ਬਾਹਰਲਾ ਰੂਪ ਹੀ ਨਹੀਂ ਦੇਖਦਾ। (1 ਸਮੂਏਲ 16:7) ਫਿਰ ਵੀ ਜਦੋਂ ਅਸੀਂ ਯਹੋਵਾਹ ਦੀ ਭਗਤੀ ਕਰਨ ਲਈ ਇਕੱਠੇ ਹੁੰਦੇ ਹਾਂ, ਤਾਂ ਸਾਡੀ ਦਿਲੀ ਇੱਛਾ ਹੁੰਦੀ ਹੈ ਕਿ ਅਸੀਂ ਉਸ ਲਈ ਅਤੇ ਆਪਣੇ ਭੈਣਾਂ-ਭਰਾਵਾਂ ਲਈ ਆਦਰ ਦਿਖਾਈਏ। ਜੇ ਸਾਨੂੰ ਕਿਸੇ ਜੱਜ ਦੇ ਸਾਮ੍ਹਣੇ ਪੇਸ਼ ਹੋਣਾ ਪਵੇ, ਤਾਂ ਅਸੀਂ ਉਸ ਦੀ ਪਦਵੀ ਕਰਕੇ ਆਪਣੇ ਕੱਪੜਿਆਂ ਤੇ ਹਾਰ-ਸ਼ਿੰਗਾਰ ਵੱਲ ਜ਼ਰੂਰ ਧਿਆਨ ਦੇਵਾਂਗੇ। ਇਸੇ ਤਰ੍ਹਾਂ ਜਦੋਂ ਅਸੀਂ ਮੀਟਿੰਗਾਂ ਵਿਚ ਸਲੀਕੇਦਾਰ ਕੱਪੜੇ ਪਾ ਕੇ ਆਉਂਦੇ ਹਾਂ, ਤਾਂ ਅਸੀਂ ‘ਸਾਰੀ ਧਰਤੀ ਦੇ ਨਿਆਈ,’ ਯਹੋਵਾਹ ਪਰਮੇਸ਼ੁਰ ਲਈ ਅਤੇ ਭਗਤੀ ਕਰਨ ਦੀ ਜਗ੍ਹਾ ਲਈ ਆਦਰ ਦਿਖਾਉਂਦੇ ਹਾਂ।
ਬਾਈਬਲ ਦੇ ਅਸੂਲਾਂ ਮੁਤਾਬਕ ਚੱਲਣ ਲਈ। ਬਾਈਬਲ ਮਸੀਹੀਆਂ ਨੂੰ ਉਤਸ਼ਾਹਿਤ ਕਰਦੀ ਹੈ ਕਿ ਉਹ “ਸੋਚ-ਸਮਝ ਕੇ ਸਲੀਕੇਦਾਰ ਕੱਪੜੇ ਪਾਉਣ” ਤਾਂਕਿ ਉਨ੍ਹਾਂ ਦੇ ਪਹਿਰਾਵੇ ‘ਤੋਂ ਸ਼ਰਮ-ਹਯਾ ਝਲਕੇ।’ (1 ਤਿਮੋਥਿਉਸ 2:9, 10) “ਸ਼ਰਮ-ਹਯਾ” ਵਾਲਾ ਪਹਿਰਾਵਾ ਪਹਿਨਣ ਦਾ ਮਤਲਬ ਹੈ ਕਿ ਸਾਡਾ ਪਹਿਰਾਵਾ ਭੜਕੀਲਾ ਜਾਂ ਤੰਗ ਨਹੀਂ ਹੋਣਾ ਚਾਹੀਦਾ। “ਸੋਚ-ਸਮਝ ਕੇ” ਕੱਪੜੇ ਪਾਉਣ ਦਾ ਮਤਲਬ ਹੈ ਕਿ ਅਸੀਂ ਬੇਢੰਗੇ ਜਾਂ ਅਜੀਬੋ-ਗ਼ਰੀਬ ਫ਼ੈਸ਼ਨ ਵਾਲੇ ਕੱਪੜੇ ਨਹੀਂ ਪਾਵਾਂਗੇ। ਇਨ੍ਹਾਂ ਅਸੂਲਾਂ ’ਤੇ ਚੱਲਣ ਦਾ ਇਹ ਮਤਲਬ ਨਹੀਂ ਕਿ ਅਸੀਂ ਸੋਹਣੇ-ਸੋਹਣੇ ਕੱਪੜੇ ਨਹੀਂ ਪਾ ਸਕਦੇ। ਆਪਣੇ ਵਧੀਆ ਪਹਿਰਾਵੇ ਦੁਆਰਾ ਅਸੀਂ ਆਪਣੇ ‘ਮੁਕਤੀਦਾਤੇ ਪਰਮੇਸ਼ੁਰ ਦੀ ਸਿੱਖਿਆ ਦੀ ਸ਼ੋਭਾ ਵਧਾਵਾਂਗੇ’ ਅਤੇ “ਪਰਮੇਸ਼ੁਰ ਦੀ ਵਡਿਆਈ” ਕਰਾਂਗੇ। (ਤੀਤੁਸ 2:10; 1 ਪਤਰਸ 2:12) ਤਾਂ ਫਿਰ, ਜਦੋਂ ਅਸੀਂ ਮੀਟਿੰਗਾਂ ਵਿਚ ਸਲੀਕੇਦਾਰ ਕੱਪੜੇ ਪਾਉਂਦੇ ਹਾਂ, ਤਾਂ ਬਾਹਰਲਿਆਂ ਲੋਕਾਂ ਨੂੰ ਯਹੋਵਾਹ ਦੀ ਭਗਤੀ ਬਾਰੇ ਚੰਗੀ ਗਵਾਹੀ ਮਿਲਦੀ ਹੈ।
ਇਹ ਨਾ ਸੋਚੋ ਕਿ ਵਧੀਆ ਕੱਪੜੇ ਨਾ ਹੋਣ ਕਰਕੇ ਤੁਸੀਂ ਸਾਡੀਆਂ ਮੀਟਿੰਗਾਂ ਵਿਚ ਨਹੀਂ ਆ ਸਕਦੇ। ਇਹ ਜ਼ਰੂਰੀ ਨਹੀਂ ਕਿ ਸਾਡੇ ਕੱਪੜੇ ਮਹਿੰਗੇ ਜਾਂ ਫ਼ੈਸ਼ਨ ਵਾਲੇ ਹੋਣ, ਸਗੋਂ ਇਹ ਸਲੀਕੇਦਾਰ ਅਤੇ ਸਾਫ਼-ਸੁਥਰੇ ਹੋਣ।
-
ਪਰਮੇਸ਼ੁਰ ਦੀ ਭਗਤੀ ਕਰਨ ਵੇਲੇ ਸਾਨੂੰ ਆਪਣੇ ਪਹਿਰਾਵੇ ਵੱਲ ਧਿਆਨ ਕਿਉਂ ਦੇਣਾ ਚਾਹੀਦਾ ਹੈ?
-
ਬਾਈਬਲ ਦੇ ਕਿਹੜੇ ਅਸੂਲ ਪਹਿਰਾਵੇ ਅਤੇ ਹਾਰ-ਸ਼ਿੰਗਾਰ ਦੇ ਮਾਮਲੇ ਵਿਚ ਸਾਡੀ ਮਦਦ ਕਰਦੇ ਹਨ?