ਕੀ ਤੁਸੀਂ ਸੱਚਾਈ ਜਾਣਨੀ ਚਾਹੁੰਦੇ ਹੋ?
ਸਦੀਆਂ ਤੋਂ ਲੋਕ ਹੇਠਾਂ ਦਿੱਤੇ ਸਵਾਲ ਪੁੱਛਦੇ ਆਏ ਹਨ, ਪਰ ਅਫ਼ਸੋਸ ਕਈਆਂ ਨੂੰ ਕੋਈ ਜਵਾਬ ਨਹੀਂ ਮਿਲਿਆ। ਕੀ ਤੁਸੀਂ ਕਦੇ ਇਨ੍ਹਾਂ ਸਵਾਲਾਂ ਬਾਰੇ ਸੋਚਿਆ ਹੈ? ਕੀ ਤੁਸੀਂ ਇਨ੍ਹਾਂ ਦੇ ਸਹੀ ਜਵਾਬ ਜਾਣਨੇ ਚਾਹੁੰਦੇ ਹੋ?
-
ਕੀ ਰੱਬ ਨੂੰ ਮੇਰਾ ਕੋਈ ਫ਼ਿਕਰ ਹੈ?
-
ਕੀ ਲੜਾਈਆਂ ਅਤੇ ਦੁੱਖਾਂ ਦਾ ਕਦੇ ਅੰਤ ਹੋਵੇਗਾ?
-
ਮਰਨ ਤੋਂ ਬਾਅਦ ਕੀ ਹੁੰਦਾ ਹੈ?
-
ਕੀ ਸਾਡੇ ਮਰੇ ਹੋਏ ਅਜ਼ੀਜ਼ ਕਦੀ ਵਾਪਸ ਆਉਣਗੇ?
-
ਕੀ ਰੱਬ ਸਾਡੀ ਸੁਣਦਾ ਵੀ ਹੈ?
-
ਮੈਨੂੰ ਖ਼ੁਸ਼ੀ ਕਿਵੇਂ ਮਿਲ ਸਕਦੀ ਹੈ?
ਇਨ੍ਹਾਂ ਸਵਾਲਾਂ ਦੇ ਜਵਾਬ ਕਿੱਥੋਂ ਮਿਲ ਸਕਦੇ ਹਨ? ਜੇ ਤੁਸੀਂ ਗਿਆਨੀਆਂ-ਧਿਆਨੀਆਂ ਕੋਲੋਂ ਪੁੱਛੋਗੇ, ਤਾਂ ਤੁਹਾਨੂੰ ਵੱਖ-ਵੱਖ ਜਵਾਬ ਮਿਲਣਗੇ। ਜੇ ਤੁਸੀਂ ਕਿਤਾਬਾਂ ਵਿਚ ਦੇਖੋਗੇ, ਤਾਂ ਵੀ ਤੁਹਾਨੂੰ ਤਰ੍ਹਾਂ-ਤਰ੍ਹਾਂ ਦੇ ਜਵਾਬ ਮਿਲਣਗੇ। ਇਸ ਤੋਂ ਇਲਾਵਾ ਕਿਤਾਬਾਂ ਦੀ ਸਲਾਹ ਪੁਰਾਣੀ ਹੋ ਜਾਂਦੀ ਹੈ ਅਤੇ ਲੋਕਾਂ ਦੇ ਵਿਚਾਰ ਬਦਲ ਜਾਂਦੇ ਹਨ।
ਪਰ ਦੁਨੀਆਂ ਵਿਚ ਅਜਿਹੀ ਇਕ ਕਿਤਾਬ ਹੈ ਜਿਸ ਵਿਚ ਇਨ੍ਹਾਂ ਸਵਾਲਾਂ ਦੇ ਸਹੀ ਜਵਾਬ ਮਿਲਦੇ ਹਨ। ਇਸ ਕਿਤਾਬ ਦਾ ਹਰ ਇਕ ਵਾਕ ਸੱਚਾ ਹੈ। ਮਹਾਨ ਗੁਰੂ ਯਿਸੂ ਨੇ ਪ੍ਰਾਰਥਨਾ ਕਰਦਿਆਂ ਰੱਬ ਨੂੰ ਕਿਹਾ: “ਤੇਰਾ ਬਚਨ ਸਚਿਆਈ ਹੈ।” (ਯੂਹੰਨਾ 17:17) ਪਰਮੇਸ਼ੁਰ ਦਾ ਇਹ ਬਚਨ ਪਵਿੱਤਰ ਬਾਈਬਲ ਹੈ। ਆਓ ਦੇਖੀਏ ਕਿ ਪਰਮੇਸ਼ੁਰ ਸਾਨੂੰ ਉੱਪਰ ਦੱਸੇ ਸਵਾਲਾਂ ਦੇ ਕੀ ਜਵਾਬ ਦਿੰਦਾ ਹੈ।
ਕੀ ਰੱਬ ਨੂੰ ਮੇਰਾ ਕੋਈ ਫ਼ਿਕਰ ਹੈ?
ਇਹ ਸਵਾਲ ਕਿਉਂ ਖੜ੍ਹਾ ਹੁੰਦਾ: ਦੁਨੀਆਂ ਵਿਚ ਜ਼ੁਲਮ ਤੇ ਬੇਇਨਸਾਫ਼ੀ ਦਾ ਬੋਲਬਾਲਾ ਹੈ। ਕਈ ਧਰਮਾਂ ਵਿਚ ਸਿਖਾਇਆ ਜਾਂਦਾ ਹੈ ਕਿ ਇਹ ਸਭ ਕੁਝ ਰੱਬ ਦਾ ਹੀ ਭਾਣਾ ਹੈ।
ਬਾਈਬਲ ਕੀ ਸਿਖਾਉਂਦੀ ਹੈ: ਪਰਮੇਸ਼ੁਰ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਦਾ। ਬਾਈਬਲ ਕਹਿੰਦੀ ਹੈ: “ਏਹ ਪਰਮੇਸ਼ੁਰ ਤੋਂ ਦੂਰ ਹੋਵੇ ਕਿ ਉਹ ਦੁਸ਼ਟਪੁਣਾ ਕਰੇ, ਨਾਲੇ ਸਰਬ ਸ਼ਕਤੀਮਾਨ ਤੋਂ ਕਿ ਉਹ ਬੁਰਿਆਈ ਕਰੇ!” (ਅੱਯੂਬ 34:10) ਪਰਮੇਸ਼ੁਰ ਚਾਹੁੰਦਾ ਹੈ ਕਿ ਸਾਰੇ ਇਨਸਾਨ ਸੁਖੀ ਵੱਸਣ। ਯਿਸੂ ਨੇ ਵੀ ਪ੍ਰਾਰਥਨਾ ਵਿਚ ਕਿਹਾ: “ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, . . . ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” (ਮੱਤੀ 6:9, 10) ਸੋ ਪਰਮੇਸ਼ੁਰ ਇਨਸਾਨਾਂ ਨੂੰ ਭੁੱਲਿਆ ਨਹੀਂ, ਬਲਕਿ ਉਸ ਨੇ ਪਹਿਲਾਂ ਤੋਂ ਹੀ ਇੰਤਜ਼ਾਮ ਕਰ ਰੱਖਿਆ ਹੈ ਕਿ ਉਸ ਦੀ ਮਰਜ਼ੀ ਪੂਰੀ ਹੋਵੇ ਅਤੇ ਇਨਸਾਨ ਹਮੇਸ਼ਾ ਲਈ ਸੁੱਖ-ਸ਼ਾਂਤੀ ਨਾਲ ਰਹਿਣ।—ਯੂਹੰਨਾ 3:16.
ਉਤਪਤ 1:26-28; ਯਾਕੂਬ 1:13 ਅਤੇ 1 ਪਤਰਸ 5:6, 7 ਵੀ ਦੇਖੋ।
ਕੀ ਲੜਾਈਆਂ ਅਤੇ ਦੁੱਖਾਂ ਦਾ ਕਦੇ ਅੰਤ ਹੋਵੇਗਾ?
ਇਹ ਸਵਾਲ ਕਿਉਂ ਖੜ੍ਹਾ ਹੁੰਦਾ: ਅੱਜ ਵੀ ਲੜਾਈਆਂ ਵਿਚ ਅਣਗਿਣਤ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਅਸੀਂ ਸਾਰਿਆਂ ਨੇ ਹੀ ਕਿਸੇ-ਨ-ਕਿਸੇ ਸਮੇਂ ਦੁੱਖ ਦੀ ਮਾਰ ਸਹੀ ਹੈ।
ਬਾਈਬਲ ਕੀ ਸਿਖਾਉਂਦੀ ਹੈ: ਪਰਮੇਸ਼ੁਰ ਨੇ ਸਾਰੀ ਧਰਤੀ ਉੱਤੇ ਅਮਨ-ਚੈਨ ਕਾਇਮ ਕਰਨ ਦਾ ਵਾਅਦਾ ਕੀਤਾ ਹੈ। ਉਸ ਸਮੇਂ ਉਹੀ ਦੁਨੀਆਂ ’ਤੇ ਰਾਜ ਕਰੇਗਾ ਅਤੇ ਲੋਕ “ਫੇਰ ਕਦੀ ਵੀ ਲੜਾਈ ਨਾ ਸਿੱਖਣਗੇ।” ਇਸ ਦੀ ਬਜਾਇ ਉਹ “ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ।” (ਯਸਾਯਾਹ 2:4) ਪਰਮੇਸ਼ੁਰ ਜਲਦ ਹੀ ਹਰ ਤਰ੍ਹਾਂ ਦੀ ਬੇਇਨਸਾਫ਼ੀ ਅਤੇ ਦੁੱਖ ਨੂੰ ਮਿਟਾ ਦੇਵੇਗਾ। ਪਰਮੇਸ਼ੁਰ ਦਾ ਵਾਅਦਾ ਹੈ ਕਿ ‘ਉਹ ਲੋਕਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।’—ਪਰਕਾਸ਼ ਦੀ ਪੋਥੀ 21:3, 4.
ਮਰਨ ਤੋਂ ਬਾਅਦ ਕੀ ਹੁੰਦਾ ਹੈ?
ਇਹ ਸਵਾਲ ਕਿਉਂ ਖੜ੍ਹਾ ਹੁੰਦਾ: ਦੁਨੀਆਂ ਦੇ ਜ਼ਿਆਦਾਤਰ ਧਰਮ ਇਹੋ ਸਿਖਾਉਂਦੇ ਹਨ ਕਿ ਮੌਤ ਵੇਲੇ ਇਨਸਾਨ ਦੀ ਆਤਮਾ ਸਰੀਰ ਤੋਂ ਵੱਖ ਹੋ ਕੇ ਜੀਉਂਦੀ ਰਹਿੰਦੀ ਹੈ। ਕੁਝ ਲੋਕ ਮੰਨਦੇ ਹਨ ਕਿ ਮਰ ਚੁੱਕੇ ਲੋਕ ਸਾਨੂੰ ਨੁਕਸਾਨ ਪਹੁੰਚਾ ਸਕਦੇ ਹਨ ਜਾਂ ਬੁਰੇ ਲੋਕਾਂ ਨੂੰ ਨਰਕ ਵਿਚ ਹਮੇਸ਼ਾ ਲਈ ਤਸੀਹੇ ਦਿੱਤੇ ਜਾਂਦੇ ਹਨ।
ਬਾਈਬਲ ਕੀ ਸਿਖਾਉਂਦੀ ਹੈ: ਮੌਤ ਵੇਲੇ ਇਨਸਾਨ ਪੂਰੀ ਤਰ੍ਹਾਂ ਖ਼ਤਮ ਹੋ ਜਾਂਦਾ ਹੈ। ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ “ਮੋਏ ਕੁਝ ਵੀ ਨਹੀਂ ਜਾਣਦੇ।” (ਉਪਦੇਸ਼ਕ ਦੀ ਪੋਥੀ 9:5) ਉਹ ਨਾ ਕੁਝ ਸੁਣ ਸਕਦੇ, ਨਾ ਦੇਖ ਸਕਦੇ, ਨਾ ਬੋਲ ਸਕਦੇ ਤੇ ਨਾ ਹੀ ਸੋਚ ਸਕਦੇ ਹਨ। ਸੋ ਉਹ ਨਾ ਤਾਂ ਸਾਡਾ ਕੋਈ ਨੁਕਸਾਨ ਕਰ ਸਕਦੇ ਹਨ ਤੇ ਨਾ ਹੀ ਸਾਡੀ ਮਦਦ ਕਰ ਸਕਦੇ ਹਨ।—ਜ਼ਬੂਰਾਂ ਦੀ ਪੋਥੀ 146:3, 4.
ਉਤਪਤ 3:19 ਅਤੇ ਉਪਦੇਸ਼ਕ ਦੀ ਪੋਥੀ 9:6, 10 ਵੀ ਦੇਖੋ।
ਕੀ ਸਾਡੇ ਮਰੇ ਹੋਏ ਅਜ਼ੀਜ਼ ਕਦੀ ਵਾਪਸ ਆਉਣਗੇ?
ਇਹ ਸਵਾਲ ਕਿਉਂ ਖੜ੍ਹਾ ਹੁੰਦਾ: ਸਾਡੇ ਸਾਰਿਆਂ ਦੀ ਜ਼ਿੰਦਗੀ ਜੀਉਣ ਅਤੇ ਆਪਣੇ ਅਜ਼ੀਜ਼ਾਂ ਨਾਲ ਜ਼ਿੰਦਗੀ ਦਾ ਮਜ਼ਾ ਲੈਣ ਦੀ ਤਮੰਨਾ ਹੈ। ਇਸ ਕਰਕੇ ਮੌਤ ਦੀ ਨੀਂਦ ਸੌਂ ਚੁੱਕੇ ਆਪਣੇ ਅਜ਼ੀਜ਼ਾਂ ਦੀ ਸਾਨੂੰ ਬਹੁਤ ਯਾਦ ਆਉਂਦੀ ਹੈ ਤੇ ਅਸੀਂ ਉਨ੍ਹਾਂ ਨੂੰ ਦੇਖਣ ਲਈ ਤਰਸਦੇ ਹਾਂ।
ਬਾਈਬਲ ਕੀ ਸਿਖਾਉਂਦੀ ਹੈ: ਮੌਤ ਦੀ ਨੀਂਦ ਸੁੱਤੇ ਲੱਖਾਂ ਲੋਕਾਂ ਨੂੰ ਦੁਬਾਰਾ ਜੀ ਉਠਾਇਆ ਜਾਵੇਗਾ। ਬਾਈਬਲ ਕਹਿੰਦੀ ਹੈ: “ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।” (ਰਸੂਲਾਂ ਦੇ ਕਰਤੱਬ 24:15) ਉਸ ਵੇਲੇ ਜੀ ਉੱਠੇ ਲੋਕਾਂ ਨੂੰ ਸੋਹਣੀ ਧਰਤੀ ਉੱਤੇ ਆਪਣੇ ਪਰਿਵਾਰਾਂ ਨਾਲ ਹਮੇਸ਼ਾ ਲਈ ਰਹਿਣ ਦਾ ਮੌਕਾ ਦਿੱਤਾ ਜਾਵੇਗਾ। (ਯਸਾਯਾਹ 65:21-25) ਉਸ ਵੇਲੇ ਇਨਸਾਨਾਂ ਉੱਤੇ ਬੀਮਾਰੀ ਤੇ ਮੌਤ ਦਾ ਸਾਇਆ ਨਹੀਂ ਹੋਵੇਗਾ। ਬਾਈਬਲ ਕਹਿੰਦੀ ਹੈ: “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”—ਜ਼ਬੂਰਾਂ ਦੀ ਪੋਥੀ 37:29.
ਅੱਯੂਬ 14:14, 15 ਅਤੇ ਲੂਕਾ 7:11-17 ਵੀ ਦੇਖੋ।
ਕੀ ਰੱਬ ਸਾਡੀ ਸੁਣਦਾ ਵੀ ਹੈ?
ਇਹ ਸਵਾਲ ਕਿਉਂ ਖੜ੍ਹਾ ਹੁੰਦਾ ਹੈ: ਤਕਰੀਬਨ ਸਾਰੇ ਧਰਮਾਂ ਦੇ ਲੋਕ ਪ੍ਰਾਰਥਨਾ ਕਰਦੇ ਹਨ। ਪਰ ਕਈਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਅਣਸੁਣੀਆਂ ਰਹਿ ਜਾਂਦੀਆਂ ਹਨ।
ਬਾਈਬਲ ਕੀ ਸਿਖਾਉਂਦੀ ਹੈ: ਯਿਸੂ ਨੇ ਕਿਹਾ ਸੀ ਕਿ ਸਾਨੂੰ ਰਟੀਆਂ-ਰਟਾਈਆਂ ਪ੍ਰਾਰਥਨਾਵਾਂ ਨਹੀਂ ਕਰਨੀਆਂ ਚਾਹੀਦੀਆਂ। ਉਸ ਨੇ ਕਿਹਾ: ‘ਪ੍ਰਾਰਥਨਾ ਕਰਦੇ ਵੇਲੇ ਬਾਰ ਬਾਰ ਇਕ ਹੀ ਗੱਲ ਨਾ ਕਰੋ।’ (ਮੱਤੀ 6:7, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜੇ ਅਸੀਂ ਚਾਹੁੰਦੇ ਹਾਂ ਕਿ ਰੱਬ ਸਾਡੀਆਂ ਪ੍ਰਾਰਥਨਾਵਾਂ ਸੁਣੇ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ? ਸਾਨੂੰ ਉਸ ਦੀ ਮਰਜ਼ੀ ਜਾਣਨ ਦੀ ਲੋੜ ਹੈ ਤਾਂਕਿ ਪ੍ਰਾਰਥਨਾ ਕਰਨ ਵੇਲੇ ਅਸੀਂ ਇਸ ਮਰਜ਼ੀ ਨੂੰ ਪਹਿਲ ਦੇਈਏ। ਬਾਈਬਲ ਸਮਝਾਉਂਦੀ ਹੈ: “ਜੇ ਅਸੀਂ ਉਹ ਦੀ ਇੱਛਿਆ ਦੇ ਅਨੁਸਾਰ ਕੁਝ ਮੰਗਦੇ ਹਾਂ ਤਾਂ ਉਹ ਸਾਡੀ ਸੁਣਦਾ ਹੈ।”—1 ਯੂਹੰਨਾ 5:14.
ਜ਼ਬੂਰਾਂ ਦੀ ਪੋਥੀ 65:2; ਯੂਹੰਨਾ 14:6, 14 ਅਤੇ 1 ਯੂਹੰਨਾ 3:22 ਵੀ ਦੇਖੋ।
ਮੈਨੂੰ ਖ਼ੁਸ਼ੀ ਕਿਵੇਂ ਮਿਲ ਸਕਦੀ ਹੈ?
ਇਹ ਸਵਾਲ ਕਿਉਂ ਖੜ੍ਹਾ ਹੁੰਦਾ ਹੈ: ਬਹੁਤ ਸਾਰੇ ਲੋਕ ਪੈਸੇ, ਸ਼ੌਹਰਤ ਜਾਂ ਸੁੰਦਰਤਾ ਨੂੰ ਖ਼ੁਸ਼ੀ ਦਾ ਰਾਜ਼ ਸਮਝਦੇ ਹਨ ਅਤੇ ਇਨ੍ਹਾਂ ਚੀਜ਼ਾਂ ਪਿੱਛੇ ਭੱਜਦੇ ਜਾਂਦੇ ਹਨ। ਪਰ ਆਖ਼ਰ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗਦੀ ਹੈ।
ਬਾਈਬਲ ਕੀ ਸਿਖਾਉਂਦੀ ਹੈ: ਯਿਸੂ ਨੇ ਖ਼ੁਸ਼ੀ ਦਾ ਰਾਜ਼ ਇਹ ਦੱਸਿਆ: “ਧੰਨ ਹੋਣਗੇ ਓਹ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਉਸ ਨੂੰ ਮੰਨਦੇ ਹਨ।” (ਲੂਕਾ 11:28) ਸੱਚੀ ਖ਼ੁਸ਼ੀ ਸਾਨੂੰ ਤਾਂ ਹੀ ਮਿਲ ਸਕਦੀ ਹੈ ਜੇ ਅਸੀਂ ਪਰਮੇਸ਼ੁਰ ਅਤੇ ਉਸ ਦੇ ਕੰਮਾਂ ਬਾਰੇ ਸੱਚਾ ਗਿਆਨ ਲਈਏ। ਇਹ ਗਿਆਨ ਉਸ ਦੇ ਬਚਨ ਯਾਨੀ ਬਾਈਬਲ ਵਿਚ ਪਾਇਆ ਜਾਂਦਾ ਹੈ। ਬਾਈਬਲ ਪੜ੍ਹ ਕੇ ਸਾਨੂੰ ਪਤਾ ਚੱਲੇਗਾ ਕਿ ਜ਼ਿੰਦਗੀ ਵਿਚ ਸਾਡੇ ਲਈ ਕੀ ਕਰਨਾ ਜ਼ਰੂਰੀ ਹੈ ਤੇ ਕੀ ਨਹੀਂ। ਬਾਈਬਲ ਦੀ ਸੇਧ ਵਿਚ ਚੱਲ ਕੇ ਅਸੀਂ ਉਹ ਕੰਮ ਕਰਾਂਗੇ ਜੋ ਸਾਨੂੰ ਖ਼ੁਸ਼ੀ ਦਿੰਦੇ ਹਨ ਅਤੇ ਰੱਬ ਨੂੰ ਵੀ ਖ਼ੁਸ਼ ਕਰਦੇ ਹਨ।
ਕਹਾਉਤਾਂ 3:5, 6, 13-18 ਅਤੇ 1 ਤਿਮੋਥਿਉਸ 6:9, 10 ਵੀ ਦੇਖੋ।
ਉਸ ਨੇ ਦੁਸ਼ਟਤਾ ਤੇ ਦੁੱਖਾਂ ਨੂੰ ਮਿਟਾਉਣ ਲਈ ਕੁਝ ਕੀਤਾ ਕਿਉਂ ਨਹੀਂ? ਮੈਂ ਆਪਣੇ ਰਿਸ਼ਤੇ-ਨਾਤਿਆਂ ਨੂੰ ਕਿਵੇਂ ਮਜ਼ਬੂਤ ਕਰ ਸਕਦਾ ਹਾਂ?’ ਤੁਸੀਂ ਬਾਈਬਲ ਵਿਚ ਇਨ੍ਹਾਂ ਤੇ ਹੋਰ ਕਈ ਸਵਾਲਾਂ ਦੇ ਸਹੀ ਜਵਾਬ ਪਾਓਗੇ।
ਅਸੀਂ ਥੋੜ੍ਹੇ ਜਿਹੇ ਸ਼ਬਦਾਂ ਵਿਚ ਬਾਈਬਲ ਵਿੱਚੋਂ ਛੇ ਸਵਾਲਾਂ ਦੇ ਜਵਾਬ ਦੇਖੇ ਹਨ। ਕੀ ਤੁਸੀਂ ਹੋਰ ਜਾਣਨਾ ਚਾਹੋਗੇ? ਮਿਸਾਲ ਲਈ, ਕੀ ਤੁਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਵੀ ਜਾਣਨੇ ਚਾਹੋਗੇ: ‘ਜੇ ਰੱਬ ਨੂੰ ਇਨਸਾਨਾਂ ਦੀ ਜ਼ਰਾ ਵੀ ਚਿੰਤਾ ਹੈ, ਤਾਂਕਈ ਲੋਕ ਬਾਈਬਲ ਵਿੱਚੋਂ ਜਵਾਬ ਭਾਲਣ ਤੋਂ ਹਿਚਕਿਚਾਉਂਦੇ ਹਨ। ਜੇ ਤੁਸੀਂ ਵੀ ਹਿਚਕਿਚਾਉਂਦੇ ਹੋ, ਤਾਂ ਯਹੋਵਾਹ ਦੇ ਗਵਾਹ ਤੁਹਾਡੀ ਮਦਦ ਕਰ ਸਕਦੇ ਹਨ।
ਯਹੋਵਾਹ ਦੇ ਗਵਾਹਾਂ ਨੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਤਿਆਰ ਕੀਤੀ ਹੈ ਜਿਸ ਦੀ ਮਦਦ ਨਾਲ ਤੁਸੀਂ ਆਪਣੇ ਸਵਾਲਾਂ ਦੇ ਸਹੀ-ਸਹੀ ਜਵਾਬ ਜਾਣ ਸਕਦੇ ਹੋ। ਇਸ ਕਿਤਾਬ ਨੂੰ ਵਰਤ ਕੇ ਉਹ ਲੋਕਾਂ ਨਾਲ ਮੁਫ਼ਤ ਵਿਚ ਬਾਈਬਲ ਦਾ ਗਿਆਨ ਸਾਂਝਾ ਕਰਦੇ ਹਨ। ਕੋਈ ਜਣਾ ਤੁਹਾਡੇ ਘਰ ਆ ਕੇ ਤੁਹਾਡੇ ਨਾਲ ਹਰ ਹਫ਼ਤੇ ਕੁਝ ਮਿੰਟਾਂ ਲਈ ਬਾਈਬਲ ਬਾਰੇ ਗੱਲਬਾਤ ਕਰ ਸਕਦਾ ਹੈ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੀ ਯਹੋਵਾਹ ਦੇ ਗਵਾਹਾਂ ਨਾਲ ਬੈਠ ਕੇ ਬਾਈਬਲ ਬਾਰੇ ਸਿੱਖੋ। ਦੁਨੀਆਂ ਭਰ ਵਿਚ ਲੱਖਾਂ ਲੋਕਾਂ ਨੇ ਬਾਈਬਲ ਦਾ ਅਧਿਐਨ ਕਰ ਕੇ ਸੱਚ ਦਾ ਗਿਆਨ ਪਾਇਆ ਹੈ।
ਬਾਈਬਲ ਦੀ ਸੱਚਾਈ ਸਾਨੂੰ ਅੰਧ-ਵਿਸ਼ਵਾਸਾਂ, ਉਲਝਣਾਂ ਅਤੇ ਕਿਸੇ ਵੀ ਖ਼ੌਫ਼ ਤੋਂ ਆਜ਼ਾਦ ਕਰਦੀ ਹੈ। ਇਹ ਸਾਨੂੰ ਸੁਨਹਿਰੇ ਭਵਿੱਖ ਦੀ ਉਮੀਦ ਦਿੰਦੀ ਹੈ ਤੇ ਸਾਡੀ ਜ਼ਿੰਦਗੀ ਨੂੰ ਖ਼ੁਸ਼ੀਆਂ ਨਾਲ ਭਰ ਦਿੰਦੀ ਹੈ। ਇਸੇ ਲਈ ਯਿਸੂ ਨੇ ਕਿਹਾ ਸੀ ਕਿ ਤੁਸੀਂ “ਸਚਿਆਈ ਨੂੰ ਜਾਣੋਗੇ ਅਤੇ ਸਚਿਆਈ ਤੁਹਾਨੂੰ ਅਜ਼ਾਦ ਕਰੇਗੀ।”—ਯੂਹੰਨਾ 8:32.