ਪਾਠ 31
ਪਰਮੇਸ਼ੁਰ ਦਾ ਰਾਜ ਕੀ ਹੈ?
ਬਾਈਬਲ ਦਾ ਮੁੱਖ ਸੰਦੇਸ਼ ਪਰਮੇਸ਼ੁਰ ਦੇ ਰਾਜ ਬਾਰੇ ਹੈ। ਇਸ ਰਾਜ ਦੇ ਰਾਹੀਂ ਯਹੋਵਾਹ ਧਰਤੀ ਅਤੇ ਇਨਸਾਨਾਂ ਲਈ ਰੱਖੇ ਆਪਣੇ ਮਕਸਦ ਨੂੰ ਜ਼ਰੂਰ ਪੂਰਾ ਕਰੇਗਾ। ਸ਼ਾਇਦ ਤੁਸੀਂ ਸੋਚਦੇ ਹੋਵੋ ਕਿ ਪਰਮੇਸ਼ੁਰ ਦਾ ਰਾਜ ਕੀ ਹੈ? ਸਾਨੂੰ ਕਿਵੇਂ ਪਤਾ ਹੈ ਕਿ ਇਹ ਰਾਜ ਹੁਣ ਹਕੂਮਤ ਕਰ ਰਿਹਾ ਹੈ? ਪਰਮੇਸ਼ੁਰ ਦੇ ਰਾਜ ਨੇ ਹੁਣ ਤਕ ਕੀ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਕੀ ਕਰੇਗਾ? ਇਨ੍ਹਾਂ ਸਵਾਲਾਂ ਦੇ ਜਵਾਬ ਇਸ ਪਾਠ ਵਿਚ ਅਤੇ ਅਗਲੇ ਦੋ ਪਾਠਾਂ ਵਿਚ ਦਿੱਤੇ ਜਾਣਗੇ।
1. ਪਰਮੇਸ਼ੁਰ ਦਾ ਰਾਜ ਕੀ ਹੈ ਅਤੇ ਪਰਮੇਸ਼ੁਰ ਨੇ ਕਿਸ ਨੂੰ ਇਸ ਦਾ ਰਾਜਾ ਬਣਾਇਆ ਹੈ?
ਯਹੋਵਾਹ ਪਰਮੇਸ਼ੁਰ ਨੇ ਸਵਰਗ ਵਿਚ ਇਕ ਸਰਕਾਰ ਬਣਾਈ ਹੈ ਜਿਸ ਨੂੰ ਪਰਮੇਸ਼ੁਰ ਦਾ ਰਾਜ ਕਿਹਾ ਗਿਆ ਹੈ। ਯਹੋਵਾਹ ਨੇ ਯਿਸੂ ਮਸੀਹ ਨੂੰ ਇਸ ਦਾ ਰਾਜਾ ਬਣਾਇਆ ਹੈ। (ਮੱਤੀ 4:17; ਯੂਹੰਨਾ 18:36) ਬਾਈਬਲ ਵਿਚ ਯਿਸੂ ਬਾਰੇ ਲਿਖਿਆ ਹੈ ਕਿ ਉਹ “ਹਮੇਸ਼ਾ ਰਾਜ ਕਰੇਗਾ।” (ਲੂਕਾ 1:32, 33) ਯਿਸੂ ਇਕ ਰਾਜੇ ਵਜੋਂ ਧਰਤੀ ਦੇ ਸਾਰੇ ਲੋਕਾਂ ਉੱਤੇ ਰਾਜ ਕਰੇਗਾ।
2. ਯਿਸੂ ਨਾਲ ਕੌਣ ਰਾਜ ਕਰਨਗੇ?
ਯਿਸੂ ਇਕੱਲਾ ਰਾਜ ਨਹੀਂ ਕਰੇਗਾ, ਸਗੋਂ ਉਸ ਨਾਲ ‘ਹਰ ਕਬੀਲੇ, ਭਾਸ਼ਾ, ਨਸਲ ਅਤੇ ਕੌਮ ਵਿੱਚੋਂ ਲੋਕ ਰਾਜਿਆਂ ਵਜੋਂ ਧਰਤੀ ਉੱਤੇ ਰਾਜ ਕਰਨਗੇ।’ (ਪ੍ਰਕਾਸ਼ ਦੀ ਕਿਤਾਬ 5:9, 10) ਜਦੋਂ ਯਿਸੂ ਧਰਤੀ ਉੱਤੇ ਆਇਆ ਸੀ, ਉਦੋਂ ਤੋਂ ਲੈ ਕੇ ਹੁਣ ਤਕ ਲੱਖਾਂ ਹੀ ਲੋਕ ਉਸ ਦੇ ਚੇਲੇ ਬਣੇ ਹਨ। ਪਰ ਕੀ ਇਹ ਸਾਰੇ ਉਸ ਦੇ ਨਾਲ ਸਵਰਗ ਵਿਚ ਰਾਜ ਕਰਨਗੇ? ਜੀ ਨਹੀਂ। ਉਨ੍ਹਾਂ ਵਿੱਚੋਂ ਸਿਰਫ਼ 1,44,000 ਜਣੇ ਉਸ ਨਾਲ ਰਾਜ ਕਰਨਗੇ। (ਪ੍ਰਕਾਸ਼ ਦੀ ਕਿਤਾਬ 14:1-4 ਪੜ੍ਹੋ।) ਬਾਕੀ ਸਾਰੇ ਚੇਲੇ ਧਰਤੀ ʼਤੇ ਇਸ ਰਾਜ ਦੀ ਪਰਜਾ ਬਣਨਗੇ।—ਜ਼ਬੂਰ 37:29.
3. ਪਰਮੇਸ਼ੁਰ ਦਾ ਰਾਜ ਕਿਉਂ ਇਨਸਾਨੀ ਸਰਕਾਰਾਂ ਤੋਂ ਕਿਤੇ ਜ਼ਿਆਦਾ ਬਿਹਤਰ ਹੈ?
ਇਕ ਹਾਕਮ ਲੋਕਾਂ ਦੀ ਭਲਾਈ ਲਈ ਸ਼ਾਇਦ ਬਹੁਤ ਕੁਝ ਕਰਨਾ ਚਾਹੇ, ਪਰ ਉਸ ਕੋਲ ਸਭ ਕੁਝ ਕਰਨ ਦੀ ਤਾਕਤ ਨਹੀਂ ਹੁੰਦੀ। ਇੰਨਾ ਹੀ ਨਹੀਂ, ਕੁਝ ਸਮੇਂ ਬਾਅਦ ਉਸ ਦੀ ਜਗ੍ਹਾ ਦੂਸਰਾ ਹਾਕਮ ਆ ਜਾਂਦਾ ਹੈ ਅਤੇ ਸ਼ਾਇਦ ਉਹ ਲੋਕਾਂ ਦੇ ਭਲੇ ਬਾਰੇ ਨਾ ਸੋਚੇ। ਪਰ ਯਿਸੂ ਨੂੰ ਹਟਾ ਕੇ ਕੋਈ ਹੋਰ ਰਾਜਾ ਉਸ ਦੀ ਜਗ੍ਹਾ ਨਹੀਂ ਲਵੇਗਾ। ਪਰਮੇਸ਼ੁਰ ਨੇ ਅਜਿਹਾ ‘ਰਾਜ ਖੜ੍ਹਾ ਕੀਤਾ ਹੈ ਜੋ ਕਦੇ ਨਾਸ਼ ਨਹੀਂ ਹੋਵੇਗਾ।’ (ਦਾਨੀਏਲ 2:44) ਯਿਸੂ ਪੂਰੀ ਦੁਨੀਆਂ ʼਤੇ ਰਾਜ ਕਰੇਗਾ ਅਤੇ ਕਿਸੇ ਨਾਲ ਪੱਖਪਾਤ ਨਹੀਂ ਕਰੇਗਾ। ਯਿਸੂ ਪਿਆਰ ਕਰਨ ਵਾਲਾ, ਦਿਆਲੂ ਅਤੇ ਇਨਸਾਫ਼-ਪਸੰਦ ਰਾਜਾ ਹੈ। ਉਹ ਆਪਣੀ ਪਰਜਾ ਨੂੰ ਵੀ ਸਿਖਾਵੇਗਾ ਕਿ ਉਹ ਇਕ-ਦੂਜੇ ਨਾਲ ਬੇਇਨਸਾਫ਼ੀ ਨਾ ਕਰਨ, ਸਗੋਂ ਪਿਆਰ ਤੇ ਦਇਆ ਨਾਲ ਪੇਸ਼ ਆਉਣ।—ਯਸਾਯਾਹ 11:9 ਪੜ੍ਹੋ।
ਹੋਰ ਸਿੱਖੋ
ਆਓ ਜਾਣੀਏ ਕਿ ਪਰਮੇਸ਼ੁਰ ਦਾ ਰਾਜ ਕਿਉਂ ਇਨਸਾਨੀ ਸਰਕਾਰਾਂ ਤੋਂ ਕਿਤੇ ਵਧੀਆ ਹੈ।
4. ਪਰਮੇਸ਼ੁਰ ਦਾ ਸ਼ਕਤੀਸ਼ਾਲੀ ਰਾਜ ਪੂਰੀ ਧਰਤੀ ʼਤੇ ਹਕੂਮਤ ਕਰੇਗਾ
ਯਿਸੂ ਮਸੀਹ ਕੋਲ ਜਿੰਨਾ ਅਧਿਕਾਰ ਅਤੇ ਤਾਕਤ ਹੈ, ਉੱਨਾ ਹੋਰ ਕਿਸੇ ਵੀ ਹਾਕਮ ਨੂੰ ਹੁਣ ਤਕ ਨਹੀਂ ਮਿਲਿਆ। ਮੱਤੀ 28:18 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
-
ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਿਸੂ ਕੋਲ ਹੋਰ ਕਿਸੇ ਵੀ ਹਾਕਮ ਨਾਲੋਂ ਜ਼ਿਆਦਾ ਅਧਿਕਾਰ ਹੈ?
ਇਨਸਾਨੀ ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ, ਹਰ ਸਰਕਾਰ ਧਰਤੀ ਦੇ ਕਿਸੇ ਇਕ ਇਲਾਕੇ ਜਾਂ ਦੇਸ਼ ʼਤੇ ਹੀ ਰਾਜ ਕਰਦੀ ਹੈ। ਪਰ ਧਿਆਨ ਦਿਓ ਕਿ ਪਰਮੇਸ਼ੁਰ ਦੇ ਰਾਜ ਬਾਰੇ ਕੀ ਦੱਸਿਆ ਗਿਆ ਹੈ। ਦਾਨੀਏਲ 7:14 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
-
ਇਹ ਖ਼ੁਸ਼ੀ ਦੀ ਗੱਲ ਕਿਉਂ ਹੈ ਕਿ ਪਰਮੇਸ਼ੁਰ ਦਾ ਰਾਜ “ਕਦੇ ਨਾਸ਼ ਨਹੀਂ ਹੋਵੇਗਾ”?
-
ਇਹ ਖ਼ੁਸ਼ੀ ਦੀ ਗੱਲ ਕਿਉਂ ਹੈ ਕਿ ਪਰਮੇਸ਼ੁਰ ਦਾ ਰਾਜ ਪੂਰੀ ਧਰਤੀ ʼਤੇ ਹਕੂਮਤ ਕਰੇਗਾ?
5. ਇਨਸਾਨੀ ਸਰਕਾਰਾਂ ਨਾਕਾਮ ਰਹੀਆਂ ਹਨ
ਸਾਨੂੰ ਇਨਸਾਨੀ ਸਰਕਾਰਾਂ ਦੀ ਬਜਾਇ ਪਰਮੇਸ਼ੁਰ ਦੇ ਰਾਜ ਦੀ ਲੋੜ ਕਿਉਂ ਹੈ? ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।
-
ਇਨਸਾਨਾਂ ਦੀ ਹਕੂਮਤ ਦਾ ਕੀ ਨਤੀਜਾ ਨਿਕਲਿਆ ਹੈ?
ਉਪਦੇਸ਼ਕ ਦੀ ਕਿਤਾਬ 8:9 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
-
ਕੀ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਇਨਸਾਨੀ ਸਰਕਾਰਾਂ ਦੀ ਬਜਾਇ ਪਰਮੇਸ਼ੁਰ ਦੇ ਰਾਜ ਦੀ ਲੋੜ ਹੈ? ਤੁਹਾਨੂੰ ਇਸ ਤਰ੍ਹਾਂ ਕਿਉਂ ਲੱਗਦਾ?
6. ਪਰਮੇਸ਼ੁਰ ਦੇ ਰਾਜ ਦੇ ਰਾਜੇ ਸਾਨੂੰ ਚੰਗੀ ਤਰ੍ਹਾਂ ਸਮਝਦੇ ਹਨ
ਸਾਡਾ ਰਾਜਾ ਯਿਸੂ ਖ਼ੁਦ ਇਕ ਇਨਸਾਨ ਵਜੋਂ ਧਰਤੀ ʼਤੇ ਰਹਿ ਚੁੱਕਾ ਹੈ। ਇਸ ਲਈ ਉਹ ਸਾਨੂੰ ਅਤੇ ‘ਸਾਡੀਆਂ ਕਮਜ਼ੋਰੀਆਂ ਨੂੰ ਸਮਝਦਾ’ ਹੈ। (ਇਬਰਾਨੀਆਂ 4:15) ਯਹੋਵਾਹ ਨੇ ਯਿਸੂ ਨਾਲ ਰਾਜ ਕਰਨ ਲਈ ਧਰਤੀ ਤੋਂ 1,44,000 ਜਣਿਆਂ ਨੂੰ ਚੁਣਿਆ ਹੈ। ਇਨ੍ਹਾਂ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਨੂੰ “ਹਰ ਕਬੀਲੇ, ਭਾਸ਼ਾ, ਨਸਲ ਅਤੇ ਕੌਮ ਵਿੱਚੋਂ” ਚੁਣਿਆ ਗਿਆ ਹੈ।—ਪ੍ਰਕਾਸ਼ ਦੀ ਕਿਤਾਬ 5:9.
-
ਕੀ ਤੁਹਾਨੂੰ ਇਸ ਗੱਲ ਤੋਂ ਤਸੱਲੀ ਮਿਲਦੀ ਹੈ ਕਿ ਯਿਸੂ ਅਤੇ ਉਸ ਨਾਲ ਰਾਜ ਕਰਨ ਵਾਲੇ ਸਾਡੀਆਂ ਮੁਸ਼ਕਲਾਂ ਚੰਗੀ ਤਰ੍ਹਾਂ ਸਮਝਦੇ ਹਨ? ਤੁਹਾਨੂੰ ਕਿਉਂ ਤਸੱਲੀ ਮਿਲਦੀ ਹੈ?
7. ਪਰਮੇਸ਼ੁਰ ਦੇ ਰਾਜ ਦੇ ਕਾਨੂੰਨ ਕਿਸੇ ਵੀ ਸਰਕਾਰ ਦੇ ਕਾਨੂੰਨਾਂ ਨਾਲੋਂ ਕਿਤੇ ਜ਼ਿਆਦਾ ਬਿਹਤਰ ਹਨ
ਆਮ ਤੌਰ ਤੇ ਸਰਕਾਰਾਂ ਆਪਣੇ ਲੋਕਾਂ ਦੀ ਭਲਾਈ ਅਤੇ ਸੁਰੱਖਿਆ ਲਈ ਕਾਇਦੇ-ਕਾਨੂੰਨ ਬਣਾਉਂਦੀਆਂ ਹਨ। ਪਰਮੇਸ਼ੁਰ ਦੀ ਸਰਕਾਰ ਨੇ ਵੀ ਆਪਣੇ ਲੋਕਾਂ ਲਈ ਕਾਇਦੇ-ਕਾਨੂੰਨ ਬਣਾਏ ਹਨ। 1 ਕੁਰਿੰਥੀਆਂ 6:9-11 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
-
ਜੇ ਸਾਰੇ ਲੋਕ ਚਾਲ-ਚਲਣ ਸੰਬੰਧੀ ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਚੱਲਣ, ਤਾਂ ਇਹ ਦੁਨੀਆਂ ਕਿਹੋ ਜਿਹੀ ਹੋਵੇਗੀ? a
-
ਕੀ ਯਹੋਵਾਹ ਲਈ ਆਪਣੇ ਲੋਕਾਂ ਤੋਂ ਇਹ ਉਮੀਦ ਰੱਖਣੀ ਸਹੀ ਹੈ ਕਿ ਉਹ ਉਸ ਦੇ ਕਾਨੂੰਨ ਮੰਨਣ? ਤੁਹਾਨੂੰ ਇੱਦਾਂ ਕਿਉਂ ਲੱਗਦਾ ਹੈ?
-
ਕਿਸ ਗੱਲ ਤੋਂ ਪਤਾ ਲੱਗਦਾ ਕਿ ਜਿਹੜੇ ਲੋਕ ਅੱਜ ਪਰਮੇਸ਼ੁਰ ਦੇ ਕਾਨੂੰਨ ਨਹੀਂ ਮੰਨਦੇ, ਉਹ ਵੀ ਬਾਅਦ ਵਿਚ ਬਦਲ ਸਕਦੇ ਹਨ?—ਆਇਤ 11 ਦੇਖੋ।
ਕੁਝ ਲੋਕਾਂ ਦਾ ਕਹਿਣਾ ਹੈ: “ਪਰਮੇਸ਼ੁਰ ਦਾ ਰਾਜ ਸਾਡੇ ਦਿਲਾਂ ਵਿਚ ਹੈ।”
-
ਤੁਸੀਂ ਕੀ ਜਵਾਬ ਦਿਓਗੇ?
ਹੁਣ ਤਕ ਅਸੀਂ ਸਿੱਖਿਆ
ਪਰਮੇਸ਼ੁਰ ਦਾ ਰਾਜ ਸੱਚ-ਮੁੱਚ ਦੀ ਸਰਕਾਰ ਹੈ। ਇਹ ਸਰਕਾਰ ਸਵਰਗ ਤੋਂ ਪੂਰੀ ਧਰਤੀ ʼਤੇ ਹਕੂਮਤ ਕਰੇਗੀ।
ਤੁਸੀਂ ਕੀ ਕਹੋਗੇ?
-
ਪਰਮੇਸ਼ੁਰ ਦੇ ਰਾਜ ਦੇ ਰਾਜੇ ਕੌਣ ਹਨ?
-
ਪਰਮੇਸ਼ੁਰ ਦਾ ਰਾਜ ਇਨਸਾਨੀ ਸਰਕਾਰਾਂ ਨਾਲੋਂ ਕਿਤੇ ਜ਼ਿਆਦਾ ਬਿਹਤਰ ਕਿਉਂ ਹੈ?
-
ਯਹੋਵਾਹ ਆਪਣੇ ਰਾਜ ਦੇ ਨਾਗਰਿਕਾਂ ਤੋਂ ਕੀ ਉਮੀਦ ਰੱਖਦਾ ਹੈ?
ਇਹ ਵੀ ਦੇਖੋ
ਪਰਮੇਸ਼ੁਰ ਦਾ ਰਾਜ ਕਿੱਥੇ ਹੈ? ਧਿਆਨ ਦਿਓ ਕਿ ਯਿਸੂ ਨੇ ਇਸ ਬਾਰੇ ਕੀ ਕਿਹਾ।
ਯਹੋਵਾਹ ਦੇ ਗਵਾਹ ਇਨਸਾਨੀ ਸਰਕਾਰਾਂ ਨਾਲੋਂ ਜ਼ਿਆਦਾ ਪਰਮੇਸ਼ੁਰ ਦੇ ਰਾਜ ਦੇ ਵਫ਼ਾਦਾਰ ਕਿਉਂ ਰਹਿੰਦੇ ਹਨ?
ਬਾਈਬਲ ਵਿਚ 1,44,000 ਲੋਕਾਂ ਬਾਰੇ ਕੀ ਦੱਸਿਆ ਗਿਆ ਹੈ ਜਿਨ੍ਹਾਂ ਨੂੰ ਯਹੋਵਾਹ ਨੇ ਯਿਸੂ ਨਾਲ ਰਾਜ ਕਰਨ ਲਈ ਚੁਣਿਆ ਹੈ? ਆਓ ਜਾਣੀਏ।
ਜੇਲ੍ਹ ਵਿਚ ਕੈਦ ਇਕ ਔਰਤ ਨੂੰ ਕਿਸ ਗੱਲ ਤੋਂ ਯਕੀਨ ਹੋਇਆ ਕਿ ਸਿਰਫ਼ ਪਰਮੇਸ਼ੁਰ ਹੀ ਦੁਨੀਆਂ ਵਿੱਚੋਂ ਬੇਇਨਸਾਫ਼ੀ ਮਿਟਾ ਸਕਦਾ ਹੈ?
“ਮੈਂ ਜਾਣਿਆ ਕਿ ਬੇਇਨਸਾਫ਼ੀ ਕਿਵੇਂ ਖ਼ਤਮ ਹੋਵੇਗੀ” (ਜਾਗਰੂਕ ਬਣੋ! ਲੇਖ)