Skip to content

Skip to table of contents

4 ਪ੍ਰਾਰਥਨਾ ਵਿਚ ਕੀ ਕਹੀਏ?

4 ਪ੍ਰਾਰਥਨਾ ਵਿਚ ਕੀ ਕਹੀਏ?

ਜਦੋਂ ਯਿਸੂ ਧਰਤੀ ’ਤੇ ਸੀ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ। ਲੋਕ ਇਸ ਨੂੰ ਪ੍ਰਭੂ ਦੀ ਪ੍ਰਾਰਥਨਾ ਵੀ ਕਹਿੰਦੇ ਹਨ। ਬਹੁਤ ਸਾਰੇ ਲੋਕਾਂ ਨੂੰ ਤਾਂ ਇਹ ਪ੍ਰਾਰਥਨਾ ਮੂੰਹ-ਜ਼ਬਾਨੀ ਯਾਦ ਹੈ, ਉਹ ਦਿਨ ਵਿਚ ਕਈ ਵਾਰ ਇਹ ਪ੍ਰਾਰਥਨਾ ਦੁਹਰਾਉਂਦੇ ਹਨ। ਪਰ ਯਿਸੂ ਨਹੀਂ ਚਾਹੁੰਦਾ ਸੀ ਕਿ ਅਸੀਂ ਇਹ ਪ੍ਰਾਰਥਨਾ ਰਟ ਲਈਏ ਜਾਂ ਇਸ ਨੂੰ ਦੁਹਰਾਉਂਦੇ ਰਹੀਏ। ਅਸੀਂ ਇਸ ਤਰ੍ਹਾਂ ਕਿਉਂ ਕਹਿ ਸਕਦੇ ਹਾਂ?

ਆਪਣੇ ਚੇਲਿਆਂ ਨੂੰ ਇਹ ਪ੍ਰਾਰਥਨਾ ਸਿਖਾਉਣ ਤੋਂ ਪਹਿਲਾਂ ਯਿਸੂ ਨੇ ਕਿਹਾ ਸੀ: ‘ਪ੍ਰਾਰਥਨਾ ਕਰਦੇ ਹੋਏ ਰਟੀਆਂ-ਰਟਾਈਆਂ ਗੱਲਾਂ ਨਾ ਕਹੋ।’ (ਮੱਤੀ 6:7) ਇਸ ਤੋਂ ਪਤਾ ਲੱਗਦਾ ਹੈ ਕਿ ਯਿਸੂ ਨਹੀਂ ਚਾਹੁੰਦਾ ਸੀ ਕਿ ਲੋਕ ਉਸ ਦੀ ਸਿਖਾਈ ਪ੍ਰਾਰਥਨਾ ਰਟ ਲੈਣ ਅਤੇ ਇਸ ਨੂੰ ਦੁਹਰਾਉਂਦੇ ਰਹਿਣ। ਯਿਸੂ ਤਾਂ ਸਿਰਫ਼ ਕੁਝ ਜ਼ਰੂਰੀ ਗੱਲਾਂ ਬਾਰੇ ਦੱਸ ਰਿਹਾ ਸੀ ਜਿਨ੍ਹਾਂ ਬਾਰੇ ਅਸੀਂ ਪ੍ਰਾਰਥਨਾ ਕਰ ਸਕਦੇ ਹਾਂ। ਇਹ ਪ੍ਰਾਰਥਨਾ ਬਾਈਬਲ ਵਿਚ ਮੱਤੀ 6:9-13 ਵਿਚ ਦਰਜ ਹੈ। ਆਓ ਇਸ ਵੱਲ ਧਿਆਨ ਦੇਈਏ।

“ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ, ਤੇਰਾ ਨਾਂ ਪਵਿੱਤਰ ਕੀਤਾ ਜਾਵੇ।”

ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਉਨ੍ਹਾਂ ਨੂੰ ਸਿਰਫ਼ ਉਸ ਦੇ ਪਿਤਾ ਯਹੋਵਾਹ ਨੂੰ ਹੀ ਪ੍ਰਾਰਥਨਾ ਕਰਨੀ ਚਾਹੀਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਯਹੋਵਾਹ ਦਾ ਨਾਂ ਪਵਿੱਤਰ ਕੀਤਾ ਜਾਣਾ ਇੰਨਾ ਜ਼ਰੂਰੀ ਕਿਉਂ ਹੈ?

ਜਦੋਂ ਤੋਂ ਪਹਿਲੇ ਆਦਮੀ ਅਤੇ ਔਰਤ ਨੂੰ ਬਣਾਇਆ ਗਿਆ, ਉਦੋਂ ਤੋਂ ਹੀ ਸ਼ੈਤਾਨ ਨੇ ਪਰਮੇਸ਼ੁਰ ਦੇ ਪਵਿੱਤਰ ਨਾਂ ਨੂੰ ਬਦਨਾਮ ਕੀਤਾ ਹੈ। (ਉਤਪਤ 3:1-6) ਸ਼ੈਤਾਨ ਕਹਿੰਦਾ ਹੈ ਕਿ ਯਹੋਵਾਹ ਝੂਠਾ ਹੈ, ਸੁਆਰਥੀ ਹੈ ਅਤੇ ਉਸ ਨੂੰ ਇਨਸਾਨਾਂ ’ਤੇ ਰਾਜ ਕਰਨ ਦਾ ਕੋਈ ਹੱਕ ਨਹੀਂ। ਬਹੁਤ ਸਾਰੇ ਲੋਕ ਸ਼ੈਤਾਨ ਦੀ ਇਸ ਗੱਲ ਨੂੰ ਸੱਚ ਮੰਨਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਪਰਮੇਸ਼ੁਰ ਨਿਰਦਈ ਹੈ ਅਤੇ ਉਸ ਨੂੰ ਇਨਸਾਨਾਂ ਦੀ ਕੋਈ ਪਰਵਾਹ ਨਹੀਂ ਹੈ। ਕੁਝ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਰੱਬ ਹੈ ਹੀ ਨਹੀਂ। ਨਾਲੇ ਕਈ ਲੋਕਾਂ ਨੇ ਤਾਂ ਬਾਈਬਲਾਂ ਵਿੱਚੋਂ ਪਰਮੇਸ਼ੁਰ ਦਾ ਨਾਂ ਹੀ ਕੱਢ ਦਿੱਤਾ ਹੈ ਅਤੇ ਉਹ ਕਹਿੰਦੇ ਹਨ ਕਿ ਸਾਨੂੰ ਪਰਮੇਸ਼ੁਰ ਦਾ ਨਾਂ ਨਹੀਂ ਲੈਣਾ ਚਾਹੀਦਾ।

ਭਾਵੇਂ ਪਰਮੇਸ਼ੁਰ ਦੇ ਨਾਂ ਦਾ ਅਪਮਾਨ ਕੀਤਾ ਗਿਆ, ਪਰ ਬਾਈਬਲ ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਆਪਣੇ ਨਾਂ ਨੂੰ ਪਵਿੱਤਰ ਕਰੇਗਾ। (ਹਿਜ਼ਕੀਏਲ 39:7) ਇਸ ਦੇ ਨਾਲ-ਨਾਲ ਉਹ ਇਨਸਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਕਰੇਗਾ। ਪਰ ਉਹ ਇਹ ਸਭ ਕਿਵੇਂ ਕਰੇਗਾ? ਯਿਸੂ ਦੀ ਪ੍ਰਾਰਥਨਾ ਤੋਂ ਸਾਨੂੰ ਇਸ ਗੱਲ ਦਾ ਜਵਾਬ ਮਿਲਦਾ ਹੈ।

“ਤੇਰਾ ਰਾਜ ਆਵੇ।”

ਅੱਜ ਬਹੁਤ ਸਾਰੇ ਧਰਮ ਗੁਰੂ ਇਹ ਨਹੀਂ ਜਾਣਦੇ ਕਿ ਪਰਮੇਸ਼ੁਰ ਦਾ ਰਾਜ ਕੀ ਹੈ। ਇਸ ਬਾਰੇ ਉਨ੍ਹਾਂ ਦੇ ਅਲੱਗ-ਅਲੱਗ ਵਿਚਾਰ ਹਨ। ਪਰ ਯਿਸੂ ਦੇ ਚੇਲੇ ਜਾਣਦੇ ਸਨ ਕਿ ਪਰਮੇਸ਼ੁਰ ਦਾ ਰਾਜ ਇਕ ਸਰਕਾਰ ਹੈ। ਪੁਰਾਣੇ ਜ਼ਮਾਨੇ ਵਿਚ ਰੱਬ ਦੇ ਨਬੀਆਂ ਨੇ ਦੱਸਿਆ ਸੀ ਕਿ ਇਸ ਰਾਜ ਦਾ ਰਾਜਾ ਮਸੀਹ ਹੋਵੇਗਾ ਜਿਸ ਨੂੰ ਪਰਮੇਸ਼ੁਰ ਖ਼ੁਦ ਚੁਣੇਗਾ। (ਯਸਾਯਾਹ 9:6, 7; ਦਾਨੀਏਲ 2:44) ਪਰਮੇਸ਼ੁਰ ਦਾ ਰਾਜ ਸ਼ੈਤਾਨ ਦੇ ਝੂਠ ਦਾ ਪਰਦਾਫ਼ਾਸ਼ ਕਰੇਗਾ ਅਤੇ ਪਰਮੇਸ਼ੁਰ ਦੇ ਨਾਂ ’ਤੇ ਲੱਗਿਆ ਕਲੰਕ ਮਿਟਾਵੇਗਾ। ਉਹ ਸ਼ੈਤਾਨ ਨੂੰ ਵੀ ਖ਼ਤਮ ਕਰ ਦੇਵੇਗਾ। ਪਰਮੇਸ਼ੁਰ ਦੇ ਰਾਜ ਵਿਚ ਯੁੱਧ ਨਹੀਂ ਹੋਣਗੇ, ਕੋਈ ਬੀਮਾਰ ਨਹੀਂ ਹੋਵੇਗਾ, ਖਾਣੇ ਦੀ ਕਮੀ ਨਹੀਂ ਹੋਵੇਗੀ ਅਤੇ ਕਿਸੇ ਦੀ ਵੀ ਮੌਤ ਨਹੀਂ ਹੋਵੇਗੀ। (ਜ਼ਬੂਰ 46:9; 72:12-16; ਯਸਾਯਾਹ 25:8; 33:24) ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ ਕਿ ਪਰਮੇਸ਼ੁਰ ਦਾ ਰਾਜ ਆਵੇ, ਤਾਂ ਦਰਅਸਲ ਤੁਸੀਂ ਇਹ ਕਹਿ ਰਹੇ ਹੁੰਦੇ ਹੋ ਕਿ ਪਰਮੇਸ਼ੁਰ ਦੇ ਇਹ ਸਾਰੇ ਵਾਅਦੇ ਪੂਰੇ ਹੋਣ।

“ਤੇਰੀ ਇੱਛਾ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਵੇਂ ਹੀ ਧਰਤੀ ਉੱਤੇ ਪੂਰੀ ਹੋਵੇ।”

ਯਿਸੂ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਜਿਸ ਤਰ੍ਹਾਂ ਪਰਮੇਸ਼ੁਰ ਦੀ ਮਰਜ਼ੀ ਸਵਰਗ ਵਿਚ ਪੂਰੀ ਹੁੰਦੀ ਹੈ, ਉਸੇ ਤਰ੍ਹਾਂ ਧਰਤੀ ’ਤੇ ਵੀ ਉਸ ਦੀ ਮਰਜ਼ੀ ਜ਼ਰੂਰ ਪੂਰੀ ਹੋਵੇਗੀ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਯਿਸੂ ਨੇ ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਨੂੰ ਥੱਲੇ ਧਰਤੀ ’ਤੇ ਸੁੱਟ ਦਿੱਤਾ ਸੀ। (ਪ੍ਰਕਾਸ਼ ਦੀ ਕਿਤਾਬ 12:9-12) ਉਦੋਂ ਤੋਂ ਸਵਰਗ ਵਿਚ ਪਰਮੇਸ਼ੁਰ ਦੀ ਮਰਜ਼ੀ ਪੂਰੀ ਹੋ ਰਹੀ ਹੈ ਅਤੇ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਉਸ ਦੀ ਮਰਜ਼ੀ ਧਰਤੀ ’ਤੇ ਵੀ ਪੂਰੀ ਹੋਵੇਗੀ। ਯਿਸੂ ਨੇ ਪ੍ਰਾਰਥਨਾ ਵਿਚ ਜਿਹੜੀਆਂ ਤਿੰਨ ਬੇਨਤੀਆਂ ਕੀਤੀਆਂ, ਉਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕਿਹੜੀ ਗੱਲ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਇਹ ਜ਼ਰੂਰੀ ਨਹੀਂ ਕਿ ਸਾਡੀ ਇੱਛਾ ਪੂਰੀ ਹੋਵੇ, ਸਗੋਂ ਪਰਮੇਸ਼ੁਰ ਦੀ ਮਰਜ਼ੀ ਪੂਰੀ ਹੋਣੀ ਚਾਹੀਦੀ ਹੈ। ਪਰਮੇਸ਼ੁਰ ਦੀ ਇੱਛਾ ਪੂਰੀ ਹੋਣ ਨਾਲ ਹੀ ਸਾਡਾ ਸਾਰਿਆਂ ਦਾ ਭਲਾ ਹੋਵੇਗਾ। ਇਸੇ ਕਰਕੇ ਯਿਸੂ ਨੇ ਆਪਣੇ ਪਿਤਾ ਯਹੋਵਾਹ ਨੂੰ ਕਿਹਾ: “ਜੋ ਮੈਂ ਚਾਹੁੰਦਾ ਹਾਂ, ਉਹ ਨਾ ਹੋਵੇ, ਸਗੋਂ ਉਹੀ ਹੋਵੇ ਜੋ ਤੂੰ ਚਾਹੁੰਦਾ ਹੈਂ।”​—ਲੂਕਾ 22:42.

“ਸਾਨੂੰ ਅੱਜ ਦੀ ਰੋਟੀ ਅੱਜ ਦੇ।”

ਯਿਸੂ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਆਪਣੇ ਲਈ ਵੀ ਪ੍ਰਾਰਥਨਾ ਕਰ ਸਕਦੇ ਹਾਂ। ਹਰ ਦਿਨ ਦੀਆਂ ਲੋੜਾਂ ਲਈ ਪ੍ਰਾਰਥਨਾ ਕਰ ਕੇ ਅਸੀਂ ਦਿਖਾ ਰਹੇ ਹੋਵਾਂਗੇ ਕਿ ਯਹੋਵਾਹ ਹੀ ਸਾਡੀਆਂ ਲੋੜਾਂ ਪੂਰੀਆਂ ਕਰਦਾ ਹੈ। ਉਹੀ “ਸਾਰੇ ਇਨਸਾਨਾਂ ਨੂੰ ਜ਼ਿੰਦਗੀ ਅਤੇ ਸਾਹ ਤੇ ਹੋਰ ਸਾਰੀਆਂ ਚੀਜ਼ਾਂ ਬਖ਼ਸ਼ਦਾ ਹੈ।” (ਰਸੂਲਾਂ ਦੇ ਕੰਮ 17:25) ਜਿਵੇਂ ਮਾਪੇ ਖ਼ੁਸ਼ੀ-ਖ਼ੁਸ਼ੀ ਆਪਣੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ, ਉਸੇ ਤਰ੍ਹਾਂ ਯਹੋਵਾਹ ਵੀ ਆਪਣੇ ਸੇਵਕਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਪਰ ਜਿਵੇਂ ਮਾਪੇ ਆਪਣੇ ਬੱਚਿਆਂ ਦੀ ਹਰ ਗੱਲ ਨਹੀਂ ਮੰਨਦੇ, ਉਸੇ ਤਰ੍ਹਾਂ ਯਹੋਵਾਹ ਸਾਡੀ ਉਹ ਬੇਨਤੀ ਨਹੀਂ ਸੁਣਦਾ ਜੋ ਸਾਡੇ ਲਈ ਸਹੀ ਨਹੀਂ ਜਾਂ ਜਿਸ ਤੋਂ ਸਾਨੂੰ ਨੁਕਸਾਨ ਹੋ ਸਕਦਾ ਹੈ।

“ਸਾਡੇ ਪਾਪ ਮਾਫ਼ ਕਰ।”

ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਆਪਣੇ ਪਾਪਾਂ ਲਈ ਪਰਮੇਸ਼ੁਰ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ? ਅੱਜ ਕਈ ਲੋਕਾਂ ਨੂੰ ਨਹੀਂ ਪਤਾ ਕਿ ਪਾਪ ਕੀ ਹੈ ਅਤੇ ਇਸ ਦੇ ਕਿੰਨੇ ਬੁਰੇ ਨਤੀਜੇ ਨਿਕਲਦੇ ਹਨ। ਬਾਈਬਲ ਦੱਸਦੀ ਹੈ ਕਿ ਅਸੀਂ ਜਨਮ ਤੋਂ ਹੀ ਪਾਪੀ ਹਾਂ ਅਤੇ ਇਸੇ ਕਰਕੇ ਅਸੀਂ ਕਈ ਵਾਰ ਕੁਝ ਗ਼ਲਤ ਕਹਿ ਦਿੰਦੇ ਹਾਂ ਜਾਂ ਕੁਝ ਗ਼ਲਤ ਕਰ ਦਿੰਦੇ ਹਾਂ। ਪਾਪੀ ਹੋਣ ਕਰਕੇ ਹੀ ਅਸੀਂ ਬੁੱਢੇ ਹੋ ਕੇ ਮਰ ਜਾਂਦੇ ਹਾਂ। ਪਰ ਜੇ ਪਰਮੇਸ਼ੁਰ ਸਾਨੂੰ ਮਾਫ਼ ਕਰੇ, ਤਾਂ ਅੱਗੇ ਜਾ ਕੇ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲ ਸਕਦੀ ਹੈ ਅਤੇ ਉਹ ਸਾਨੂੰ ਮਾਫ਼ ਕਰਦਾ ਵੀ ਹੈ। (ਰੋਮੀਆਂ 3:23; 5:12; 6:23) ਇਸ ਲਈ ਬਾਈਬਲ ਵਿਚ ਉਸ ਬਾਰੇ ਲਿਖਿਆ ਹੈ: “ਹੇ ਯਹੋਵਾਹ, ਤੂੰ ਭਲਾ ਹੈਂ ਅਤੇ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈਂ।”​—ਜ਼ਬੂਰ 86:5.

“ਸਾਨੂੰ ਸ਼ੈਤਾਨ ਤੋਂ ਬਚਾ।”

ਕੁਝ ਬਾਈਬਲਾਂ ਵਿਚ ਲਿਖਿਆ ਹੈ: ‘ਸਾਨੂੰ ਬੁਰਿਆਈ ਤੋਂ ਬਚਾ।’ ਪਰ ਜਦੋਂ ਬਾਈਬਲ ਲਿਖੀ ਗਈ ਸੀ, ਉਦੋਂ ਇਸ ਆਇਤ ਵਿਚ ਸ਼ੈਤਾਨ ਦਾ ਜ਼ਿਕਰ ਕੀਤਾ ਗਿਆ ਸੀ। ਸਾਨੂੰ ਸਾਰਿਆਂ ਨੂੰ ਪਰਮੇਸ਼ੁਰ ਦੀ ਮਦਦ ਦੀ ਲੋੜ ਹੈ। ਉਹੀ ਸਾਨੂੰ ਸ਼ੈਤਾਨ ਤੋਂ ਬਚਾ ਸਕਦਾ ਹੈ। ਕਈ ਲੋਕਾਂ ਨੂੰ ਲੱਗਦਾ ਹੈ ਕਿ ਸ਼ੈਤਾਨ ਨਹੀਂ ਹੈ। ਪਰ ਯਿਸੂ ਨੇ ਦੱਸਿਆ ਕਿ ਸ਼ੈਤਾਨ ਸੱਚ-ਮੁੱਚ ਹੈ। ਉਸ ਨੇ ਤਾਂ ਸ਼ੈਤਾਨ ਨੂੰ ਇਸ ‘ਦੁਨੀਆਂ ਦਾ ਹਾਕਮ’ ਵੀ ਕਿਹਾ। (ਯੂਹੰਨਾ 12:31; 16:11) ਸ਼ੈਤਾਨ ਦੁਨੀਆਂ ਨੂੰ ਤਾਂ ਪਰਮੇਸ਼ੁਰ ਤੋਂ ਦੂਰ ਕਰ ਹੀ ਚੁੱਕਾ ਹੈ, ਪਰ ਹੁਣ ਉਹ ਤੁਹਾਨੂੰ ਉਸ ਤੋਂ ਦੂਰ ਕਰਨਾ ਚਾਹੁੰਦਾ ਹੈ। ਉਹ ਨਹੀਂ ਚਾਹੁੰਦਾ ਕਿ ਤੁਹਾਡਾ ਪਰਮੇਸ਼ੁਰ ਨਾਲ ਇਕ ਰਿਸ਼ਤਾ ਹੋਵੇ। (1 ਪਤਰਸ 5:8) ਪਰ ਯਹੋਵਾਹ ਸ਼ੈਤਾਨ ਤੋਂ ਕਿਤੇ ਜ਼ਿਆਦਾ ਤਾਕਤਵਰ ਹੈ ਅਤੇ ਉਹ ਉਨ੍ਹਾਂ ਲੋਕਾਂ ਦੀ ਰੱਖਿਆ ਕਰਦਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ।

ਯਿਸੂ ਦੀ ਸਿਖਾਈ ਪ੍ਰਾਰਥਨਾ ਤੋਂ ਅਸੀਂ ਸਿੱਖਿਆ ਕਿ ਸਾਨੂੰ ਕਿਨ੍ਹਾਂ ਜ਼ਰੂਰੀ ਗੱਲਾਂ ਬਾਰੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਪਰ ਅਸੀਂ ਹੋਰ ਗੱਲਾਂ ਬਾਰੇ ਵੀ ਪ੍ਰਾਰਥਨਾ ਕਰ ਸਕਦੇ ਹਾਂ। ਪਹਿਲਾ ਯੂਹੰਨਾ 5:14 ਵਿਚ ਲਿਖਿਆ ਹੈ: “ਅਸੀਂ ਉਸ ਦੀ ਇੱਛਾ ਅਨੁਸਾਰ ਜੋ ਵੀ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ।” ਇਸ ਲਈ ਕਦੇ ਵੀ ਇੱਦਾਂ ਨਾ ਸੋਚੋ ਕਿ ‘ਇਹ ਤਾਂ ਛੋਟੀ ਜਿਹੀ ਗੱਲ ਹੈ, ਇਸ ਬਾਰੇ ਪ੍ਰਾਰਥਨਾ ਕਰਨ ਦੀ ਕੀ ਲੋੜ ਹੈ।’ ਤੁਸੀਂ ਯਹੋਵਾਹ ਨੂੰ ਆਪਣੇ ਦਿਲ ਦੀ ਹਰ ਗੱਲ ਦੱਸ ਸਕਦੇ ਹੋ।​—1 ਪਤਰਸ 5:7.

ਪਰ ਸਾਨੂੰ ਕਿੱਥੇ ਅਤੇ ਕਦੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ?