Skip to content

Skip to table of contents

7 ਕੀ ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਸੁਣੇਗਾ?

7 ਕੀ ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਸੁਣੇਗਾ?

ਬਹੁਤ ਸਾਰੇ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਕੀ ਰੱਬ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ ਜਾਂ ਨਹੀਂ। ਬਾਈਬਲ ਦੱਸਦੀ ਹੈ ਕਿ ਯਹੋਵਾਹ ਪ੍ਰਾਰਥਨਾਵਾਂ ਸੁਣਦਾ ਹੈ। ਪਰ ਉਹ ਸਾਡੀ ਪ੍ਰਾਰਥਨਾ ਸੁਣੇਗਾ ਜਾਂ ਨਹੀਂ, ਇਹ ਕਾਫ਼ੀ ਹੱਦ ਤਕ ਸਾਡੇ ’ਤੇ ਨਿਰਭਰ ਕਰਦਾ ਹੈ।

ਯਿਸੂ ਨੇ ਆਪਣੇ ਜ਼ਮਾਨੇ ਦੇ ਧਾਰਮਿਕ ਆਗੂਆਂ ਦੀ ਨਿੰਦਿਆ ਕੀਤੀ ਕਿਉਂਕਿ ਉਹ ਦਿਲੋਂ ਪ੍ਰਾਰਥਨਾ ਕਰਨ ਦੀ ਬਜਾਇ ਸਿਰਫ਼ ਦਿਖਾਵੇ ਲਈ ਪ੍ਰਾਰਥਨਾ ਕਰਦੇ ਸਨ ਤਾਂਕਿ ਲੋਕ ਉਨ੍ਹਾਂ ਦੀ ਵਾਹ-ਵਾਹ ਕਰਨ। ਇਸੇ ਲਈ ਯਿਸੂ ਨੇ ਉਨ੍ਹਾਂ ਬਾਰੇ ਕਿਹਾ, “ਉਹ ਆਪਣਾ ਫਲ ਪਾ ਚੁੱਕੇ ਹਨ” ਯਾਨੀ ਲੋਕਾਂ ਨੇ ਤਾਂ ਉਨ੍ਹਾਂ ਦੀ ਵਾਹ-ਵਾਹ ਕੀਤੀ, ਪਰ ਪਰਮੇਸ਼ੁਰ ਨੇ ਉਨ੍ਹਾਂ ਦੀ ਨਹੀਂ ਸੁਣੀ। (ਮੱਤੀ 6:5) ਅੱਜ ਵੀ ਕਈ ਲੋਕ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਪ੍ਰਾਰਥਨਾ ਨਹੀਂ ਕਰਦੇ। ਉਹ ਸਿਰਫ਼ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਲਈ ਪ੍ਰਾਰਥਨਾ ਕਰਦੇ ਹਨ। ਪਰ ਜਿਵੇਂ ਅਸੀਂ ਦੇਖਿਆ, ਪਰਮੇਸ਼ੁਰ ਅਜਿਹੀਆਂ ਪ੍ਰਾਰਥਨਾਵਾਂ ਨਹੀਂ ਸੁਣਦਾ।

ਕੀ ਪਰਮੇਸ਼ੁਰ ਤੁਹਾਡੀਆਂ ਪ੍ਰਾਰਥਨਾਵਾਂ ਸੁਣੇਗਾ? ਪਰਮੇਸ਼ੁਰ ਇਹ ਨਹੀਂ ਦੇਖਦਾ ਕਿ ਤੁਸੀਂ ਕਿਹੜੇ ਦੇਸ਼ ਜਾਂ ਕੌਮ ਦੇ ਹੋ ਜਾਂ ਲੋਕ ਤੁਹਾਡੇ ਬਾਰੇ ਕੀ ਸੋਚਦੇ ਹਨ। ਬਾਈਬਲ ਵਿਚ ਲਿਖਿਆ ਹੈ, “ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ, ਪਰ ਹਰ ਕੌਮ ਵਿਚ ਜਿਹੜਾ ਵੀ ਇਨਸਾਨ ਉਸ ਤੋਂ ਡਰਦਾ ਹੈ ਅਤੇ ਸਹੀ ਕੰਮ ਕਰਦਾ ਹੈ, ਪਰਮੇਸ਼ੁਰ ਉਸ ਨੂੰ ਕਬੂਲ ਕਰਦਾ ਹੈ।” (ਰਸੂਲਾਂ ਦੇ ਕੰਮ 10:34, 35) ਕੀ ਤੁਸੀਂ ਪਰਮੇਸ਼ੁਰ ਦਾ ਡਰ ਮੰਨਦੇ ਹੋ ਤੇ ਸਹੀ ਕੰਮ ਕਰਦੇ ਹੋ? ਪਰਮੇਸ਼ੁਰ ਦਾ ਡਰ ਮੰਨਣ ਦਾ ਮਤਲਬ ਹੈ, ਉਸ ਦਾ ਆਦਰ ਕਰਨਾ ਤੇ ਅਜਿਹਾ ਕੋਈ ਕੰਮ ਨਾ ਕਰਨਾ ਜਿਸ ਤੋਂ ਉਹ ਨਾਰਾਜ਼ ਹੋਵੇ। ਸਹੀ ਕੰਮ ਉਹ ਨਹੀਂ ਹਨ ਜੋ ਸਾਡੀਆਂ ਜਾਂ ਦੂਜਿਆਂ ਦੀਆਂ ਨਜ਼ਰਾਂ ਵਿਚ ਸਹੀ ਹੋਣ, ਸਗੋਂ ਉਹ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਹਨ। ਜੇ ਅਸੀਂ ਪਰਮੇਸ਼ੁਰ ਦਾ ਡਰ ਮੰਨਦੇ ਹਾਂ ਤੇ ਸਹੀ ਕੰਮ ਕਰਦੇ ਹਾਂ, ਤਾਂ ਉਹ ਸਾਡੀ ਜ਼ਰੂਰ ਸੁਣੇਗਾ। *

ਕਈ ਲੋਕ ਚਾਹੁੰਦੇ ਹਨ ਕਿ ਪਰਮੇਸ਼ੁਰ ਚਮਤਕਾਰ ਕਰ ਕੇ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਵੇ। ਪਰ ਸਾਨੂੰ ਅਜਿਹੀ ਉਮੀਦ ਨਹੀਂ ਰੱਖਣੀ ਚਾਹੀਦੀ। ਪੁਰਾਣੇ ਜ਼ਮਾਨੇ ਵਿਚ ਵੀ ਪਰਮੇਸ਼ੁਰ ਨੇ ਕਦੇ-ਕਦੇ ਹੀ ਚਮਤਕਾਰ ਕਰ ਕੇ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ ਸੀ। ਕਈ ਵਾਰ ਤਾਂ ਸਦੀਆਂ ਬੀਤ ਗਈਆਂ, ਪਰ ਪਰਮੇਸ਼ੁਰ ਨੇ ਕੋਈ ਚਮਤਕਾਰ ਨਹੀਂ ਕੀਤਾ। ਨਾਲੇ ਰਸੂਲਾਂ ਦੀ ਮੌਤ ਤੋਂ ਬਾਅਦ ਤਾਂ ਚਮਤਕਾਰ ਹੋਣੇ ਹੀ ਬੰਦ ਹੋ ਗਏ। (1 ਕੁਰਿੰਥੀਆਂ 13:8-10) ਤਾਂ ਫਿਰ ਕੀ ਇਸ ਦਾ ਮਤਲਬ ਇਹ ਹੈ ਕਿ ਅੱਜ ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਨਹੀਂ ਸੁਣਦਾ? ਨਹੀਂ, ਇੱਦਾਂ ਨਹੀਂ ਹੈ। ਆਓ ਦੇਖੀਏ ਕਿ ਪਰਮੇਸ਼ੁਰ ਕਿੱਦਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ।

ਪਰਮੇਸ਼ੁਰ ਬੁੱਧ ਦਿੰਦਾ ਹੈ। ਬਾਈਬਲ ਦੱਸਦੀ ਹੈ ਕਿ ਯਹੋਵਾਹ ਹੀ ਬੁੱਧ ਦਾ ਸੋਮਾ ਹੈ। ਜਿਹੜੇ ਲੋਕ ਉਸ ਤੋਂ ਬੁੱਧ ਮੰਗਦੇ ਹਨ ਅਤੇ ਉਸ ਦੇ ਕਹਿਣੇ ਮੁਤਾਬਕ ਚੱਲਦੇ ਹਨ, ਪਰਮੇਸ਼ੁਰ ਉਨ੍ਹਾਂ ਨੂੰ ਖੁੱਲ੍ਹੇ ਦਿਲ ਨਾਲ ਬੁੱਧ ਦਿੰਦਾ ਹੈ।​—ਯਾਕੂਬ 1:5.

ਪਰਮੇਸ਼ੁਰ ਆਪਣੀ ਪਵਿੱਤਰ ਸ਼ਕਤੀ ਦਿੰਦਾ ਹੈ। ਇਹ ਸ਼ਕਤੀ ਪਰਮੇਸ਼ੁਰ ਦੀ ਜ਼ਬਰਦਸਤ ਤਾਕਤ ਹੈ। ਇਸ ਤਾਕਤ ਤੋਂ ਵੱਧ ਕੇ ਹੋਰ ਕੋਈ ਤਾਕਤ ਨਹੀਂ। ਇਸ ਦੀ ਮਦਦ ਨਾਲ ਅਸੀਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਪਾਉਂਦੇ ਹਾਂ। ਨਾਲੇ ਜਦ ਅਸੀਂ ਨਿਰਾਸ਼ ਹੁੰਦੇ ਹਾਂ, ਤਾਂ ਇਹ ਸਾਨੂੰ ਹਿੰਮਤ ਤੇ ਮਨ ਦੀ ਸ਼ਾਂਤੀ ਦਿੰਦੀ ਹੈ। ਇਸ ਦੀ ਮਦਦ ਨਾਲ ਅਸੀਂ ਆਪਣੇ ਅੰਦਰ ਚੰਗੇ ਗੁਣ ਪੈਦਾ ਕਰ ਪਾਉਂਦੇ ਹਾਂ। (ਗਲਾਤੀਆਂ 5:22, 23) ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਜੇ ਉਹ ਪਰਮੇਸ਼ੁਰ ਤੋਂ ਪਵਿੱਤਰ ਸ਼ਕਤੀ ਮੰਗਣ, ਤਾਂ ਉਹ ਜ਼ਰੂਰ ਦੇਵੇਗਾ।​—ਲੂਕਾ 11:13.

ਜਿਹੜੇ ਲੋਕ ਪਰਮੇਸ਼ੁਰ ਨੂੰ ਜਾਣਨਾ ਚਾਹੁੰਦੇ ਹਨ, ਉਹ ਉਨ੍ਹਾਂ ਦੀ ਮਦਦ ਕਰਦਾ ਹੈ। (ਰਸੂਲਾਂ ਦੇ ਕੰਮ 17:26, 27) ਦੁਨੀਆਂ ਭਰ ਵਿਚ ਕਈ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਰੱਬ ਦਾ ਨਾਂ ਕੀ ਹੈ, ਰੱਬ ਨੇ ਇਨਸਾਨਾਂ ਨੂੰ ਕਿਉਂ ਬਣਾਇਆ ਤੇ ਉਹ ਰੱਬ ਦੇ ਦੋਸਤ ਕਿਵੇਂ ਬਣ ਸਕਦੇ ਹਨ। (ਯਾਕੂਬ 4:8) ਯਹੋਵਾਹ ਦੇ ਗਵਾਹ ਲੋਕਾਂ ਨੂੰ ਬਾਈਬਲ ਤੋਂ ਇਨ੍ਹਾਂ ਸਵਾਲਾਂ ਦੇ ਜਵਾਬ ਦਿੰਦੇ ਹਨ।

ਕੀ ਤੁਸੀਂ ਵੀ ਪਰਮੇਸ਼ੁਰ ਬਾਰੇ ਜਾਣਨਾ ਚਾਹੁੰਦੇ ਸੀ? ਸ਼ਾਇਦ ਰੱਬ ਨੇ ਤੁਹਾਡੀ ਸੁਣ ਲਈ ਅਤੇ ਇਸ ਰਸਾਲੇ ਰਾਹੀਂ ਤੁਹਾਡੀ ਪ੍ਰਾਰਥਨਾ ਦਾ ਜਵਾਬ ਦਿੱਤਾ ਹੈ।

^ ਪੈਰਾ 5 ਸਾਨੂੰ ਕਿਵੇਂ ਪ੍ਰਾਰਥਨਾ ਕਰਨੀ ਚਾਹੀਦੀ ਹੈ? ਇਹ ਜਾਣਨ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ ਦਾ 17ਵਾਂ ਅਧਿਆਇ ਪੜ੍ਹੋ।