Skip to content

ਕੀ ਸਾਨੂੰ ਖ਼ਤਰਨਾਕ ਖੇਡਾਂ ਖੇਡਣੀਆਂ ਚਾਹੀਦੀਆਂ ਹਨ?

ਕੀ ਸਾਨੂੰ ਖ਼ਤਰਨਾਕ ਖੇਡਾਂ ਖੇਡਣੀਆਂ ਚਾਹੀਦੀਆਂ ਹਨ?

ਬਾਈਬਲ ਕੀ ਕਹਿੰਦੀ ਹੈ

ਕੀ ਸਾਨੂੰ ਖ਼ਤਰਨਾਕ ਖੇਡਾਂ ਖੇਡਣੀਆਂ ਚਾਹੀਦੀਆਂ ਹਨ?

“ਅੱਜ-ਕੱਲ੍ਹ ਜ਼ਿਆਦਾ ਤੋਂ ਜ਼ਿਆਦਾ ਲੋਕ ਬੈਠ ਕੇ ਖੇਡਾਂ ਦੇਖਣ ਦੀ ਬਜਾਇ ਖ਼ੁਦ ਖੇਡਾਂ ਖੇਡਣੀਆਂ ਪਸੰਦ ਕਰਦੇ ਹਨ। ਉਹ ਜਹਾਜ਼ ਵਿੱਚੋਂ ਪੈਰਾਸ਼ੂਟ ਰਾਹੀਂ ਛਲਾਂਗ ਮਾਰਦੇ ਹਨ, ਰੱਸੀਆਂ ਨਾਲ ਪਹਾੜਾਂ ਤੋਂ ਲਟਕਦੇ ਹੋਏ ਥੱਲੇ ਨੂੰ ਆਉਂਦੇ ਹਨ, ਛੋਟੀ ਜਿਹੀ ਕਿਸ਼ਤੀ ਵਿਚ ਝਰਨਿਆਂ ਤੋਂ ਥੱਲੇ ਡਿਗਦੇ ਹਨ ਅਤੇ ਸ਼ਾਰਕ ਮੱਛੀਆਂ ਨਾਲ ਤੈਰਦੇ ਹਨ।”​—ਦ ਵਿਲੌ ਗਲੈਨ ਰੈਜ਼ੀਡੈਂਟ ਅਖ਼ਬਾਰ।

ਇਸ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਵਿਚ ਖ਼ਤਰਨਾਕ ਖੇਡਾਂ ਖੇਡਣ ਦਾ ਰੁਝਾਨ ਵਧ ਗਿਆ ਹੈ। ਸਕਾਈਡਾਈਵਿੰਗ (ਪੈਰਾਸ਼ੂਟ ਖੋਲ੍ਹਣ ਤੋਂ ਪਹਿਲਾਂ ਹਵਾ ਵਿਚ ਸਟੰਟ ਕਰਨੇ), ਜੰਮੀ ਹੋਈ ਬਰਫ਼ ਦੇ ਪਹਾੜਾਂ ʼਤੇ ਚੜ੍ਹਨਾ, ਪੈਰਾਗਲਾਈਡਿੰਗ (ਗਰਮ ਹਵਾ ਦੇ ਗੁਬਾਰੇ ਨਾਲ ਪੰਛੀ ਵਾਂਗ ਉੱਡਣਾ) ਅਤੇ ਬੇਸ ਜੰਪਿਗ a (ਕਿਸੇ ਉੱਚੀ ਜਗ੍ਹਾ ਤੋਂ ਛਾਲ ਮਾਰਨੀ ਤੇ ਡਿਗਣ ਤੋਂ ਬਚਣ ਲਈ ਪੈਰਸ਼ੂਟ ਵਰਤਣਾ) ਵਰਗੀਆਂ ਖੇਡਾਂ ਤੋਂ ਪਤਾ ਲੱਗਦਾ ਹੈ ਕਿ ਲੋਕ ਖ਼ਤਰੇ ਮੁੱਲ ਲੈਣ ਤੋਂ ਡਰਦੇ ਨਹੀਂ ਹਨ। ਲੋਕ ਜਾਨ ਦੀ ਬਾਜ਼ੀ ਲਾ ਕੇ ਸਨੋਬੋਰਡ, ਸਾਈਕਲ, ਸਕੇਟਬੋਰਡ ਨਾਲ ਸਿੱਧੇ ਖੜ੍ਹੇ ਪਹਾੜਾਂ ਅਤੇ ਉੱਚੀਆਂ-ਉੱਚੀਆਂ ਚਟਾਨਾਂ ਤੋਂ ਥੱਲੇ ਆਉਂਦੇ ਹਨ। ਟਾਈਮ ਰਸਾਲੇ ਨੇ ਕਿਹਾ ਕਿ “ਖ਼ਤਰਨਾਕ ਖੇਡਾਂ” ਵਿਚ ਲੋਕਾਂ ਦੀ ਦਿਲਚਸਪੀ ਵਧਦੀ ਜਾ ਰਹੀ ਹੈ। ਰਸਾਲੇ ਮੁਤਾਬਕ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਵਾਲੇ ਲੱਖਾਂ ਲੋਕ ਚਾਹੇ ਤਜਰਬੇਕਾਰ ਖਿਡਾਰੀ ਹੋਣ ਜਾਂ ਵੀਕੈਂਡ ʼਤੇ ਖੇਡਣ ਦੇ ਸ਼ੌਕੀਨ, ਉਹ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਉਹ ਬੜੀ ਕੁਸ਼ਲਤਾ ਨਾਲ ਇਹ ਖੇਡਾਂ ਖੇਡਣ ਦੇ ਨਾਲ-ਨਾਲ ਆਪਣੇ ਡਰ ʼਤੇ ਕਾਬੂ ਪਾ ਸਕਦੇ ਹਨ। ਉਨ੍ਹਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ ਕਿ ਆਪਣੀਆਂ ਹੱਦਾਂ ਤੋਂ ਬਾਹਰ ਜਾ ਕੇ ਉਨ੍ਹਾਂ ਦੀ ਜਾਨ ਜਾ ਸਕਦੀ ਹੈ।

ਇਹ ਖੇਡਾਂ ਖੇਡਣ ਕਰਕੇ ਕਈ ਲੋਕਾਂ ਨੂੰ ਨੁਕਸਾਨ ਪਹੁੰਚਿਆ ਹੈ। ਜਦੋਂ ਆਮ ਖੇਡਾਂ ਨੂੰ ਖ਼ਤਰਨਾਕ ਤਰੀਕੇ ਨਾਲ ਖੇਡਿਆ ਜਾਂਦਾ ਹੈ, ਤਾਂ ਜ਼ਿਆਦਾ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੁੰਦੇ ਹਨ। 1997 ਦੌਰਾਨ ਅਮਰੀਕਾ ਵਿਚ 33 ਪ੍ਰਤਿਸ਼ਤ ਤੋਂ ਜ਼ਿਆਦਾ ਲੋਕ ਸਕੇਟਬੋਰਡਿੰਗ ਕਰਕੇ, 31 ਪ੍ਰਤਿਸ਼ਤ ਲੋਕ ਸਨੋਬੋਰਡਿੰਗ ਕਰਕੇ ਅਤੇ 20 ਪ੍ਰਤਿਸ਼ਤ ਲੋਕ ਮਾਊਨਟੇਨ ਕਲਾਈਮਿੰਗ ਕਰਕੇ ਹਸਪਤਾਲਾਂ ਦੇ ਐਮਰਜੈਂਸੀ ਵਾਰਡਾਂ ਵਿਚ ਆਏ। ਹੋਰ ਖੇਡਾਂ ਕਰਕੇ ਇਸ ਨਾਲੋਂ ਵੀ ਭਿਆਨਕ ਨਤੀਜੇ ਨਿਕਲੇ। ਇਸ ਗੱਲ ਦਾ ਸਬੂਤ ਇਹ ਹੈ ਕਿ ਖ਼ਤਰਨਾਕ ਖੇਡਾਂ ਕਰਕੇ ਮੌਤਾਂ ਦੀ ਦਰ ਵਧਦੀ ਜਾ ਰਹੀ ਹੈ। ਖੇਡਾਂ ਦਾ ਸਮਰਥਨ ਕਰਨ ਵਾਲਿਆਂ ਨੂੰ ਇਨ੍ਹਾਂ ਖ਼ਤਰਿਆਂ ਦਾ ਪਤਾ ਹੁੰਦਾ ਹੈ। ਖ਼ਤਰਨਾਕ ਸਕੀਇੰਗ ਖੇਡ ਵਿਚ ਹਿੱਸਾ ਲੈਣ ਵਾਲੀ ਇਕ ਔਰਤ ਕਹਿੰਦੀ ਹੈ: “ਮੇਰੇ ਮਨ ਵਿਚ ਹਮੇਸ਼ਾ ਮੌਤ ਦਾ ਡਰ ਰਹਿੰਦਾ ਹੈ।” ਸਨੋਬੋਰਡਿੰਗ ਵਿਚ ਮਾਹਰ ਇਕ ਆਦਮੀ ਕਹਿੰਦਾ ਹੈ ਕਿ ਜੇ “ਤੁਹਾਡੇ ਸੱਟ-ਚੋਟ ਨਹੀਂ ਲੱਗਦੀ, ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਖੇਡਣ ਦੀ ਪੂਰੀ ਕੋਸ਼ਿਸ਼ ਨਹੀਂ ਕਰ ਰਹੇ।”

ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਇੱਦਾਂ ਦੀਆਂ ਖੇਡਾਂ ਵਿਚ ਹਿੱਸਾ ਲੈਣ ਬਾਰੇ ਇਕ ਮਸੀਹੀ ਦੀ ਕੀ ਸੋਚ ਹੋਣੀ ਚਾਹੀਦੀ ਹੈ? ਬਾਈਬਲ ਸਾਡੀ ਇਹ ਫ਼ੈਸਲਾ ਕਰਨ ਵਿਚ ਕਿਵੇਂ ਮਦਦ ਕਰ ਸਕਦੀ ਹੈ ਕਿ ਸਾਨੂੰ ਇਨ੍ਹਾਂ ਖ਼ਤਰਨਾਕ ਖੇਡਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ ਜਾਂ ਨਹੀਂ? ਇਨ੍ਹਾਂ ਸਵਾਲਾਂ ਦੇ ਜਵਾਬ ਲੈਣ ਲਈ ਸਾਨੂੰ ਇਸ ਗੱਲ ʼਤੇ ਗੌਰ ਕਰਨਾ ਚਾਹੀਦਾ ਹੈ ਕਿ ਜ਼ਿੰਦਗੀ ਬਾਰੇ ਰੱਬ ਦਾ ਕੀ ਨਜ਼ਰੀਆ ਹੈ।

ਜ਼ਿੰਦਗੀ ਬਾਰੇ ਰੱਬ ਦਾ ਨਜ਼ਰੀਆ

ਬਾਈਬਲ ਦੱਸਦੀ ਹੈ ਕਿ ਯਹੋਵਾਹ “ਜ਼ਿੰਦਗੀ ਦਾ ਸੋਮਾ” ਹੈ। (ਜ਼ਬੂਰ 36:9) ਇਨਸਾਨਾਂ ਨੂੰ ਜ਼ਿੰਦਗੀ ਦੇਣ ਦੇ ਨਾਲ-ਨਾਲ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਹ ਸਾਰੀਆਂ ਚੀਜ਼ਾਂ ਵੀ ਦਿੱਤੀਆਂ ਜੋ ਜ਼ਿੰਦਗੀ ਦਾ ਮਜ਼ਾ ਲੈਣ ਲਈ ਜ਼ਰੂਰੀ ਹਨ। (ਜ਼ਬੂਰ 139:14; ਰਸੂਲਾਂ ਦੇ ਕੰਮ 14:16, 17; 17:24-28) ਇਸ ਲਈ ਇਹ ਗੱਲ ਜਾਇਜ਼ ਹੈ ਕਿ ਪਰਮੇਸ਼ੁਰ ਸਾਡੇ ਤੋਂ ਜ਼ਿੰਦਗੀ ਦੀ ਕਦਰ ਕਰਨ ਦੀ ਉਮੀਦ ਰੱਖਦਾ ਹੈ ਜੋ ਉਸ ਨੇ ਪਿਆਰ ਨਾਲ ਸਾਨੂੰ ਦਿੱਤੀ ਹੈ। ਪੁਰਾਣੇ ਜ਼ਮਾਨੇ ਵਿਚ ਇਜ਼ਰਾਈਲ ਕੌਮ ਨੂੰ ਦਿੱਤੇ ਕਾਨੂੰਨ ਅਤੇ ਅਸੂਲ ਇਹ ਗੱਲ ਸਮਝਣ ਵਿਚ ਸਾਡੀ ਮਦਦ ਕਰ ਸਕਦੇ ਹਨ।

ਮੂਸਾ ਦੇ ਕਾਨੂੰਨ ਵਿਚ ਮੰਗ ਕੀਤੀ ਗਈ ਸੀ ਕਿ ਇਕ ਵਿਅਕਤੀ ਨੂੰ ਦੂਜਿਆਂ ਦੀ ਜ਼ਿੰਦਗੀ ਦੀ ਸੁਰੱਖਿਆ ਲਈ ਕੁਝ ਕਦਮ ਚੁੱਕਣੇ ਪੈਣਗੇ। ਇੱਦਾਂ ਨਾ ਕਰਨ ਕਰਕੇ ਜੇ ਕਿਸੇ ਦੀ ਜਾਨ ਚਲੀ ਜਾਂਦੀ ਸੀ, ਤਾਂ ਉਸ ਦੇ ਖ਼ੂਨ ਦਾ ਦੋਸ਼ੀ ਉਹ ਵਿਅਕਤੀ ਹੁੰਦਾ ਸੀ ਜੋ ਇਹ ਹਾਦਸਾ ਹੋਣ ਤੋਂ ਰੋਕ ਸਕਦਾ ਸੀ। ਮਿਸਾਲ ਲਈ, ਜਦੋਂ ਕਿਸੇ ਨੇ ਘਰ ਬਣਾਉਣਾ ਹੁੰਦਾ ਸੀ, ਤਾਂ ਉਸ ਨੂੰ ਆਪਣੇ ਘਰ ਦੀ ਛੱਤ ʼਤੇ ਬਨੇਰਾ ਬਣਾਉਣ ਦਾ ਹੁਕਮ ਦਿੱਤਾ ਗਿਆ ਸੀ। ਜੇ ਉਹ ਇੱਦਾਂ ਨਹੀਂ ਕਰਦਾ ਸੀ ਅਤੇ ਕੋਈ ਛੱਤ ਤੋਂ ਡਿਗ ਜਾਂਦਾ ਸੀ, ਤਾਂ ਉਹ ਉਸ ਦੇ ਖ਼ੂਨ ਦਾ ਦੋਸ਼ੀ ਬਣਦਾ ਸੀ। (ਬਿਵਸਥਾ ਸਾਰ 22:8) ਜੇ ਅਚਾਨਕ ਕਿਸੇ ਬਲਦ ਦੇ ਸਿੰਗ ਮਾਰਨ ਕਰਕੇ ਕਿਸੇ ਵਿਅਕਤੀ ਦੀ ਜਾਨ ਚਲੀ ਜਾਂਦੀ ਸੀ, ਤਾਂ ਬਲਦ ਦੇ ਮਾਲਕ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਂਦਾ ਸੀ। ਦੂਜੇ ਪਾਸੇ, ਜੇ ਮਾਲਕ ਨੂੰ ਪਤਾ ਸੀ ਕਿ ਬਲਦ ਖ਼ਤਰਨਾਕ ਹੈ ਅਤੇ ਇਸ ਬਾਰੇ ਉਸ ਨੂੰ ਪਹਿਲਾਂ ਤੋਂ ਹੀ ਖ਼ਬਰਦਾਰ ਕੀਤਾ ਗਿਆ ਸੀ, ਪਰ ਉਹ ਬਲਦ ਨੂੰ ਬੰਨ੍ਹ ਕੇ ਨਹੀਂ ਰੱਖਦਾ ਸੀ ਅਤੇ ਬਲਦ ਕਿਸੇ ਨੂੰ ਸਿੰਗ ਮਾਰ ਕੇ ਜਾਨੋਂ ਮਾਰ ਦਿੰਦਾ ਸੀ, ਤਾਂ ਬਲਦ ਦੇ ਮਾਲਕ ਨੂੰ ਦੋਸ਼ੀ ਠਹਿਰਾਇਆ ਜਾਂਦਾ ਸੀ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ। (ਕੂਚ 21:28, 29) ਯਹੋਵਾਹ ਜ਼ਿੰਦਗੀ ਨੂੰ ਅਨਮੋਲ ਸਮਝਦਾ ਹੈ, ਇਸ ਲਈ ਮੂਸਾ ਦੇ ਕਾਨੂੰਨ ਵਿਚ ਜ਼ਿੰਦਗੀ ਦੀ ਸੁਰੱਖਿਆ ʼਤੇ ਬਹੁਤ ਜ਼ੋਰ ਦਿੱਤਾ ਗਿਆ ਹੈ।

ਯਹੋਵਾਹ ਦੇ ਵਫ਼ਾਦਾਰ ਸੇਵਕ ਚੰਗੀ ਤਰ੍ਹਾਂ ਜਾਣਦੇ ਸਨ ਕਿ ਕਾਨੂੰਨ ਵਿਚ ਦਿੱਤੇ ਇਹ ਅਸੂਲ ਉਨ੍ਹਾਂ ਕੰਮਾਂ ʼਤੇ ਵੀ ਲਾਗੂ ਹੁੰਦੇ ਹਨ ਜਿਨ੍ਹਾਂ ਕਰਕੇ ਕਿਸੇ ਦੀ ਜਾਨ ਖ਼ਤਰੇ ਵਿਚ ਪੈ ਸਕਦੀ ਹੈ। ਬਾਈਬਲ ਦੇ ਇਕ ਬਿਰਤਾਂਤ ਮੁਤਾਬਕ ਦਾਊਦ ਨੇ ਇੱਛਾ ਜ਼ਾਹਰ ਕੀਤੀ ਕਿ ਉਹ “ਬੈਤਲਹਮ ਦੇ ਦਰਵਾਜ਼ੇ ਲਾਗਲੇ ਖੂਹ ਦਾ ਪਾਣੀ” ਪੀਣਾ ਚਾਹੁੰਦਾ ਸੀ। ਉਸ ਸਮੇਂ ਬੈਤਲਹਮ ਫਲਿਸਤੀਆਂ ਦੇ ਕਬਜ਼ੇ ਵਿਚ ਸੀ। ਦਾਊਦ ਦੀ ਇੱਛਾ ਬਾਰੇ ਸੁਣ ਕੇ ਉਸ ਦੇ ਤਿੰਨ ਫ਼ੌਜੀ ਫਲਿਸਤੀਆਂ ਦੀ ਛਾਉਣੀ ਵਿਚ ਗਏ ਅਤੇ ਬੈਤਲਹਮ ਦੇ ਦਰਵਾਜ਼ੇ ਲਾਗਲੇ ਖੂਹ ਦਾ ਪਾਣੀ ਕੱਢ ਕੇ ਦਾਊਦ ਕੋਲ ਲਿਆਏ। ਦਾਊਦ ਨੇ ਕੀ ਕੀਤਾ? ਉਸ ਨੇ ਇਹ ਪਾਣੀ ਨਹੀਂ ਪੀਤਾ, ਸਗੋਂ ਜ਼ਮੀਨ ʼਤੇ ਡੋਲ੍ਹ ਦਿੱਤਾ। ਉਸ ਨੇ ਕਿਹਾ: “ਮੈਂ ਇਸ ਤਰ੍ਹਾਂ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਕਿਉਂਕਿ ਇਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਗ਼ਲਤ ਹੈ! ਮੈਂ ਇਨ੍ਹਾਂ ਆਦਮੀਆਂ ਦਾ ਖ਼ੂਨ ਕਿੱਦਾਂ ਪੀ ਸਕਦਾਂ ਜਿਨ੍ਹਾਂ ਨੇ ਆਪਣੀ ਜਾਨ ਤਲੀ ʼਤੇ ਧਰੀ? ਕਿਉਂਕਿ ਉਹ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਕੇ ਪਾਣੀ ਲਿਆਏ ਹਨ।” (1 ਇਤਿਹਾਸ 11:17-19) ਆਪਣੀ ਇੱਛਾ ਪੂਰੀ ਕਰਨ ਲਈ ਦੂਜਿਆਂ ਦੀ ਜ਼ਿੰਦਗੀ ਦਾਅ ʼਤੇ ਲਾਉਣ ਬਾਰੇ ਦਾਊਦ ਕਦੀ ਸੋਚ ਵੀ ਨਹੀਂ ਸਕਦਾ ਸੀ।

ਯਿਸੂ ਨੇ ਵੀ ਬਿਲਕੁਲ ਇਸੇ ਤਰ੍ਹਾਂ ਕੀਤਾ। ਜਦੋਂ ਦਰਸ਼ਣ ਵਿਚ ਸ਼ੈਤਾਨ ਨੇ ਉਸ ਨੂੰ ਕਿਹਾ ਕਿ ਉਹ ਮੰਦਰ ਦੀ ਉੱਚੀ ਕੰਧ ਤੋਂ ਛਾਲ ਮਾਰੇ ਅਤੇ ਦੇਖੇ ਕਿ ਦੂਤ ਉਸ ਨੂੰ ਸੱਟ ਲੱਗਣ ਤੋਂ ਬਚਾਉਣਗੇ ਜਾਂ ਨਹੀਂ, ਤਾਂ ਯਿਸੂ ਨੇ ਕਿਹਾ: “ਤੂੰ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਨਾ ਪਰਖ।” (ਮੱਤੀ 4:5-7) ਜੀ ਹਾਂ, ਦਾਊਦ ਅਤੇ ਯਿਸੂ ਜਾਣਦੇ ਸਨ ਕਿ ਬਿਨਾਂ ਵਜ੍ਹਾ ਜ਼ਿੰਦਗੀ ਨੂੰ ਖ਼ਤਰੇ ਵਿਚ ਪਾਉਣਾ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਗ਼ਲਤ ਹੈ।

ਇਨ੍ਹਾਂ ਮਿਸਾਲਾਂ ਨੂੰ ਧਿਆਨ ਵਿਚ ਰੱਖ ਕੇ ਅਸੀਂ ਸੋਚ ਸਕਦੇ ਹਾਂ, ‘ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਕੋਈ ਖੇਡ ਕਿੰਨੀ ਕੁ ਖ਼ਤਰਨਾਕ ਹੈ? ਕੁਝ ਆਮ ਖੇਡਾਂ ਖ਼ਤਰਨਾਕ ਨਹੀਂ ਹੁੰਦੀਆਂ, ਪਰ ਉਨ੍ਹਾਂ ਨੂੰ ਖ਼ਤਰਨਾਕ ਬਣਾ ਦਿੱਤਾ ਜਾਂਦਾ ਹੈ। ਇਸ ਲਈ ਅਸੀਂ ਕਿਵੇਂ ਤੈਅ ਕਰ ਸਕਦੇ ਹਾਂ ਕਿ ਸਾਨੂੰ ਕਿਸ ਹੱਦ ਤਕ ਜਾ ਕੇ ਇਹ ਖੇਡ ਖੇਡਣੀ ਚਾਹੀਦੀ ਹੈ?’

ਕੀ ਖ਼ਤਰਾ ਮੁੱਲ ਲੈਣ ਦਾ ਕੋਈ ਫ਼ਾਇਦਾ ਹੈ?

ਅਸੀਂ ਜਿਹੜੀ ਵੀ ਖੇਡ ਖੇਡਣ ਬਾਰੇ ਸੋਚ ਰਹੇ ਹਾਂ, ਉਸ ਦੀ ਈਮਾਨਦਾਰੀ ਨਾਲ ਜਾਂਚ ਕਰ ਕੇ ਅਸੀਂ ਇਸ ਸਵਾਲ ਦਾ ਜਵਾਬ ਜਾਣ ਸਕਦੇ ਹਾਂ। ਮਿਸਾਲ ਲਈ, ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ, ‘ਇਸ ਖੇਡ ਕਰਕੇ ਕਿੰਨੇ ਕੁ ਹਾਦਸੇ ਹੁੰਦੇ ਹਨ? ਕੀ ਮੈਂ ਇਸ ਖੇਡ ਦੀ ਸਿਖਲਾਈ ਲਈ ਹੈ ਜਾਂ ਕੀ ਸੱਟ-ਚੋਟ ਤੋਂ ਬਚਣ ਲਈ ਮੇਰੇ ਕੋਲ ਸੁਰੱਖਿਆ ਸੰਬੰਧੀ ਚੀਜ਼ਾਂ ਹਨ? ਜੇ ਮੈਂ ਗ਼ਲਤੀ ਨਾਲ ਡਿਗ ਗਿਆ ਜਾਂ ਸੁਰੱਖਿਆ ਸੰਬੰਧੀ ਚੀਜ਼ ਟੁੱਟ ਗਈ, ਤਾਂ ਇਸ ਦੇ ਕੀ ਨਤੀਜੇ ਨਿਕਲਣਗੇ? ਕੀ ਇਸ ਨਾਲ ਥੋੜ੍ਹਾ-ਬਹੁਤਾ ਨੁਕਸਾਨ ਹੋਵੇਗਾ ਜਾਂ ਗੰਭੀਰ ਸੱਟ ਲੱਗੇਗੀ ਜਾਂ ਮੌਤ ਵੀ ਹੋ ਸਕਦੀ ਹੈ?’

ਖੇਡ ਦੇ ਨਾਂ ʼਤੇ ਬੇਲੋੜੇ ਖ਼ਤਰੇ ਲੈਣ ਕਰਕੇ ਯਹੋਵਾਹ ਨਾਲ ਸਾਡੇ ਰਿਸ਼ਤੇ ʼਤੇ ਬੁਰਾ ਅਸਰ ਪੈ ਸਕਦਾ ਹੈ ਅਤੇ ਅਸੀਂ ਮੰਡਲੀ ਵਿਚ ਖ਼ਾਸ ਸਨਮਾਨਾਂ ਦੇ ਯੋਗ ਨਹੀਂ ਹੋਵਾਂਗੇ। (1 ਤਿਮੋਥਿਉਸ 3:2, 8-10; 4:12; ਤੀਤੁਸ 2:6-8) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਕੋਈ ਖੇਡ ਖੇਡਦੇ ਵੇਲੇ ਮਸੀਹੀਆਂ ਨੂੰ ਜ਼ਿੰਦਗੀ ਪ੍ਰਤੀ ਸਿਰਜਣਹਾਰ ਦੇ ਨਜ਼ਰੀਏ ʼਤੇ ਗੌਰ ਕਰਨਾ ਚਾਹੀਦਾ ਹੈ।

[ਫੁਟਨੋਟ]

a ਬੇਸ ਦਾ ਮਤਲਬ ਹੈ ਕੋਈ ਇਮਾਰਤ, ਐਂਟੀਨਾ, ਪੁਲ ਅਤੇ ਚਟਾਨ। ਇਸ ਖੇਡ ਵਿਚ ਇਕ ਵਿਅਕਤੀ ਪੈਰਾਸ਼ੂਟ ਦੀ ਮਦਦ ਨਾਲ ਕਿਸੇ ਇਮਾਰਤ, ਪੁਲ ਜਾਂ ਉੱਚੀ ਚਟਾਨ ਤੋਂ ਛਾਲ ਮਾਰਦਾ ਹੈ। ਇਹ ਖੇਡ ਇੰਨੀ ਖ਼ਤਰਨਾਕ ਮੰਨੀ ਜਾਂਦੀ ਹੈ ਕਿ ਅਮਰੀਕਾ ਦੀ ਨੈਸ਼ਨਲ ਪਾਰਕ ਨੇ ਇਸ ਖੇਡ ʼਤੇ ਪਾਬੰਦੀ ਲਾ ਦਿੱਤੀ ਹੈ।