Skip to content

Skip to table of contents

ਪਰਮੇਸ਼ੁਰ ਦੀ ਸ਼ਾਂਤੀ ਦੀ ਸਰਕਾਰ

ਪਰਮੇਸ਼ੁਰ ਦੀ ਸ਼ਾਂਤੀ ਦੀ ਸਰਕਾਰ

ਅਧਿਆਇ 13

ਪਰਮੇਸ਼ੁਰ ਦੀ ਸ਼ਾਂਤੀ ਦੀ ਸਰਕਾਰ

1. ਮਾਨਵ ਸਰਕਾਰਾਂ ਕੀ ਕਰਨ ਵਿਚ ਅਸਫ਼ਲ ਹੋਈਆਂ ਹਨ?

ਕੀ ਤੁਸੀਂ ਇਸ ਗੱਲ ਉੱਤੇ ਧਿਆਨ ਦਿੱਤਾ ਹੈ ਕਿ ਮਾਨਵ ਸਰਕਾਰਾਂ, ਭਾਵੇਂ ਉਹ ਅੱਛੇ ਇਰਾਦਿਆਂ ਵਾਲੀਆਂ ਵੀ ਕਿਉਂ ਨਾ ਹੋਣ, ਲੋਕਾਂ ਦੀਆਂ ਅਸਲੀ ਜ਼ਰੂਰਤਾਂ ਨੂੰ ਸੰਤੁਸ਼ਟ ਕਰਨ ਵਿਚ ਅਸਫ਼ਲ ਹੋ ਗਈਆਂ ਹਨ? ਉਨ੍ਹਾਂ ਵਿਚੋਂ ਕਿਸੇ ਨੇ ਵੀ ਜੁਰਮ ਅਤੇ ਨਸਲੀ ਨਫ਼ਰਤ ਦੀਆਂ ਸਮੱਸਿਆਵਾਂ ਨਹੀਂ ਸੁਲਝਾਈਆਂ ਹਨ ਯਾ ਆਪਣੀ ਸਾਰੀ ਪਰਜਾ ਲਈ ਉਚਿਤ ਆਹਾਰ ਅਤੇ ਰਿਹਾਇਸ਼ ਦੇ ਪ੍ਰਬੰਧ ਕੀਤੇ ਹਨ। ਉਨ੍ਹਾਂ ਨੇ ਆਪਣੇ ਨਾਗਰਿਕਾਂ ਨੂੰ ਬੀਮਾਰੀ ਤੋਂ ਪੂਰੀ ਤਰ੍ਹਾਂ ਨਹੀਂ ਛੁਡਾਇਆ ਹੈ। ਨਾ ਹੀ ਕੋਈ ਸਰਕਾਰ ਬੁੱਢਾਪੇ ਯਾ ਮੌਤ ਨੂੰ ਰੋਕ ਸਕੀ ਹੈ ਯਾ ਮਰੇ ਹੋਇਆਂ ਨੂੰ ਵਾਪਸ ਜੀਉਂਦੇ ਕਰ ਸਕੀ ਹੈ। ਇਕ ਵੀ ਅਜਿਹੀ ਨਹੀਂ ਹੈ ਜਿਸ ਨੇ ਆਪਣੇ ਨਾਗਰਿਕਾਂ ਲਈ ਸਥਾਈ ਸ਼ਾਂਤੀ ਅਤੇ ਸੁਰੱਖਿਆ ਲਿਆਂਦੀ ਹੈ। ਮਨੁੱਖਾਂ ਦੀਆਂ ਸਰਕਾਰਾਂ ਉਨ੍ਹਾਂ ਵੱਡੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੇ ਬਿਲਕੁਲ ਯੋਗ ਨਹੀਂ ਹਨ ਜਿਹੜੀਆਂ ਲੋਕਾਂ ਦੇ ਸਾਮ੍ਹਣੇ ਪੇਸ਼ ਹਨ।

2. ਬਾਈਬਲ ਦਾ ਮੁੱਖ ਸੰਦੇਸ਼ ਕੀ ਹੈ?

2 ਸਾਡਾ ਸ੍ਰਿਸ਼ਟੀਕਰਤਾ ਇਹ ਜਾਣਦਾ ਹੈ ਕਿ ਸਾਨੂੰ ਇਕ ਧਾਰਮਿਕ ਸਰਕਾਰ ਦੀ ਕਿੰਨੀ ਜ਼ਿਆਦਾ ਜ਼ਰੂਰਤ ਹੈ ਜਿਹੜੀ ਸਾਰੇ ਲੋਕਾਂ ਲਈ ਇਕ ਪੂਰਣ ਅਤੇ ਖੁਸ਼ ਜੀਵਨ ਦਾ ਆਨੰਦ ਮਾਣਨਾ ਮੁਮਕਿਨ ਕਰੇਗੀ। ਇਸ ਲਈ ਬਾਈਬਲ ਪਰਮੇਸ਼ੁਰ ਦੇ ਨਿਰਦੇਸ਼ਨ ਦੇ ਅਧੀਨ ਅਜਿਹੀ ਇਕ ਸਰਕਾਰ ਬਾਰੇ ਦੱਸਦੀ ਹੈ। ਅਸਲ ਵਿਚ, ਪਰਮੇਸ਼ੁਰ ਦੁਆਰਾ ਇਹ ਵਾਇਦਾ ਕੀਤੀ ਹੋਈ ਸਰਕਾਰ ਬਾਈਬਲ ਦਾ ਮੁੱਖ ਸੰਦੇਸ਼ ਹੈ।

3. ਪਰਮੇਸ਼ੁਰ ਦੀ ਸਰਕਾਰ ਦੇ ਬਾਰੇ ਯਸਾਯਾਹ 9:6, 7 ਕੀ ਆਖਦਾ ਹੈ?

3 ਲੇਕਨ ਤੁਸੀਂ ਸ਼ਾਇਦ ਪੁੱਛੋ: ‘ਬਾਈਬਲ ਪਰਮੇਸ਼ੁਰ ਦੀ ਸਰਕਾਰ ਬਾਰੇ ਕਿੱਥੇ ਜ਼ਿਕਰ ਕਰਦੀ ਹੈ?’ ਉਦਾਹਰਣ ਦੇ ਤੌਰ ਤੇ, ਇਹ ਯਸਾਯਾਹ 9:6, 7 ਤੇ ਜ਼ਿਕਰ ਕਰਦੀ ਹੈ। ਕਿੰਗ ਜੇਮਜ਼ ਵਰਯਨ ਦੇ ਅਨੁਸਾਰ, ਇਹ ਆਇਤਾਂ ਆਖਦੀਆਂ ਹਨ: “ਸਾਡੇ ਲਈ ਇਕ ਬਾਲਕ ਪੈਦਾ ਹੋਇਆ, ਸਾਨੂੰ ਇਕ ਪੁੱਤ੍ਰ ਬਖ਼ਸ਼ਿਆ ਗਿਆ: ਅਤੇ ਸਰਕਾਰ ਉਸ ਦੇ ਮੋਢਿਆਂ ਉੱਤੇ ਹੋਵੇਗੀ: ਅਤੇ ਉਹ ਦਾ ਨਾਂ ਅਦਭੁਤ ਸਲਾਹੂ, ਸ਼ਕਤੀਮਾਨ ਪਰਮੇਸ਼ੁਰ, ਸਦੀਪਕ ਪਿਤਾ, ਸ਼ਾਂਤੀ ਦਾ ਰਾਜਕੁਮਾਰ ਆਖਿਆ ਜਾਵੇਗਾ। ਉਹ ਦੀ ਸਰਕਾਰ ਦੀ ਤਰੱਕੀ ਅਤੇ ਸਲਾਮਤੀ ਦਾ ਕੋਈ ਅੰਤ ਨਹੀਂ ਹੋਵੇਗਾ।” (ਟੇਢੇ ਟਾਈਪ ਸਾਡੇ)

4. ਉਹ ਬਾਲਕ ਕੌਣ ਹੈ ਜਿਹੜਾ ਪਰਮੇਸ਼ੁਰ ਦੀ ਸਰਕਾਰ ਦਾ ਸ਼ਾਸਕ ਬਣਦਾ ਹੈ?

4 ਬਾਈਬਲ ਇੱਥੇ ਇਕ ਬਾਲਕ, ਇਕ ਰਾਜਕੁਮਾਰ ਦੇ ਜਨਮ ਬਾਰੇ ਦੱਸ ਰਹੀ ਹੈ। ਸਮਾਂ ਬੀਤਣ ਤੇ ਇਹ ‘ਰਾਜੇ ਦੇ ਪੁੱਤ੍ਰ’ ਨੇ ਇਕ ਮਹਾਨ ਸ਼ਾਸਕ, “ਸ਼ਾਂਤੀ ਦਾ ਰਾਜਕੁਮਾਰ” ਬਣਨਾ ਸੀ। ਉਹ ਇਕ ਸੱਚ-ਮੁੱਚ ਹੀ ਅਦਭੁਤ ਸਰਕਾਰ ਦਾ ਜ਼ਿੰਮੇਵਾਰ ਹੋਵੇਗਾ। ਇਹ ਸਰਕਾਰ ਸਾਰੀ ਧਰਤੀ ਉੱਤੇ ਸ਼ਾਂਤੀ ਲਿਆਵੇਗੀ, ਅਤੇ ਇਹ ਸ਼ਾਂਤੀ ਸਦਾ ਲਈ ਕਾਇਮ ਰਹੇਗੀ। ਇਹ ਬਾਲਕ, ਜਿਸ ਦੇ ਜਨਮ ਦੀ ਭਵਿੱਖਬਾਣੀ ਯਸਾਯਾਹ 9:6, 7 ਤੇ ਕੀਤੀ ਗਈ ਸੀ, ਯਿਸੂ ਸੀ। ਉਸ ਦੇ ਜਨਮ ਦਾ ਐਲਾਨ ਕਰਦੇ ਹੋਏ, ਜਿਬਰਾਏਲ ਦੂਤ ਨੇ ਇਕ ਕੁਆਰੀ ਲੜਕੀ ਮਰਿਯਮ ਨੂੰ ਯਿਸੂ ਬਾਰੇ ਆਖਿਆ: “ਉਹ . . . ਰਾਜ ਕਰੇਗਾ, ਅਤੇ ਉਹ ਦੇ ਰਾਜ ਦਾ ਅੰਤ ਨਾ ਹੋਵੇਗਾ।”—ਲੂਕਾ 1:30-33.

ਰਾਜ ਦੀ ਮਹੱਤਤਾ ਉੱਤੇ ਜ਼ੋਰ ਦੇਣਾ

5. (ੳ) ਬਾਈਬਲ ਵਿਚ ਇਸ ਰਾਜ ਦੀ ਮਹੱਤਤਾ ਕਿਸ ਤਰ੍ਹਾਂ ਦਿਖਾਈ ਗਈ ਹੈ? (ਅ) ਪਰਮੇਸ਼ੁਰ ਦਾ ਰਾਜ ਕੀ ਹੈ, ਅਤੇ ਇਹ ਕੀ ਕਰੇਗਾ?

5 ਜਦੋਂ ਉਹ ਧਰਤੀ ਉੱਤੇ ਸਨ, ਯਿਸੂ ਮਸੀਹ ਅਤੇ ਉਸ ਦੇ ਸਮਰਥਕਾਂ ਦਾ ਮੁੱਖ ਕੰਮ ਪਰਮੇਸ਼ੁਰ ਦੀ ਆ ਰਹੀ ਸਰਕਾਰ ਦੇ ਸੰਬੰਧ ਵਿਚ ਪ੍ਰਚਾਰ ਕਰਨਾ ਅਤੇ ਸਿੱਖਿਆ ਦੇਣਾ ਸੀ। (ਲੂਕਾ 4:43; 8:1) ਬਾਈਬਲ ਵਿਚ ਉਹ ਉਸ ਰਾਜ ਦੇ ਬਾਰੇ ਤਕਰੀਬਨ 140 ਵਾਰ ਜ਼ਿਕਰ ਕਰਦੇ ਹਨ। ਯਿਸੂ ਨੇ ਆਪਣੇ ਅਨੁਯਾਈਆਂ ਨੂੰ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਲਈ ਵੀ ਸਿਖਾਇਆ: “ਤੇਰਾ ਰਾਜ ਆਵੇ। ਤੇਰੀ ਮਰਜ਼ੀ ਧਰਤੀ ਉੱਤੇ ਪੂਰੀ ਹੋਵੇ, ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ।” (ਮੱਤੀ 6:10, ਕਿੰਗ ਜੇਮਜ਼ ਵਰਯਨ) ਕੀ ਇਹ ਰਾਜ ਜਿਸ ਲਈ ਮਸੀਹੀ ਪ੍ਰਾਰਥਨਾ ਕਰਦੇ ਹਨ ਵਾਸਤਵ ਵਿਚ ਇਕ ਸਰਕਾਰ ਹੈ? ਤੁਸੀਂ ਸ਼ਾਇਦ ਇਸ ਨੂੰ ਅਜਿਹਾ ਨਾ ਸੋਚਿਆ ਹੋਵੇ, ਪਰ ਇਹ ਇਕ ਸਰਕਾਰ ਹੈ। ਪਰਮੇਸ਼ੁਰ ਦਾ ਪੁੱਤਰ, ਯਿਸੂ ਮਸੀਹ, ਇਸ ਰਾਜ ਦਾ ਰਾਜਾ ਹੈ। ਅਤੇ ਪੂਰੀ ਧਰਤੀ ਉਸ ਦੇ ਰਾਜ ਦਾ ਇਲਾਕਾ ਹੋਵੇਗੀ। ਇਹ ਕਿੰਨਾ ਉੱਤਮ ਹੋਵੇਗਾ ਜਦੋਂ ਲੋਕ ਵਿਰੋਧ ਕਰ ਰਹੀਆਂ ਅਨੇਕ ਕੌਮਾਂ ਵਿਚ ਵਿਭਾਜਿਤ ਨਹੀਂ ਹੋਣਗੇ, ਪਰ ਸਾਰੇ ਮਨੁੱਖ ਪਰਮੇਸ਼ੁਰ ਦੀ ਰਾਜ ਸਰਕਾਰ ਦੇ ਅਧੀਨ ਸ਼ਾਂਤੀ ਵਿਚ ਸੰਯੁਕਤ ਹੋਣਗੇ!

6. ਜਦੋਂ ਯਿਸੂ ਧਰਤੀ ਉੱਤੇ ਸੀ, ਇਹ ਕਿਉਂ ਕਿਹਾ ਗਿਆ ਸੀ ਕਿ ਰਾਜ “ਨੇੜੇ” ਅਤੇ “ਤੁਹਾਡੇ ਵਿੱਚੇ” ਹੈ?

6 ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਲੋਕਾਂ ਨੂੰ ਇਹ ਆਖਦੇ ਹੋਏ ਇਸ ਸਰਕਾਰ ਬਾਰੇ ਪ੍ਰਚਾਰ ਕਰਨਾ ਆਰੰਭ ਕੀਤਾ: “ਤੋਬਾ ਕਰੋ ਕਿਉਂ ਜੋ ਸੁਰਗ ਦਾ ਰਾਜ ਨੇੜੇ ਆਇਆ ਹੈ।” (ਮੱਤੀ 3:1, 2) ਯੂਹੰਨਾ ਇਹ ਕਿਉਂ ਆਖ ਸਕਦਾ ਸੀ? ਕਿਉਂਕਿ ਯਿਸੂ, ਉਹ ਵਿਅਕਤੀ ਜਿਹੜਾ ਪਰਮੇਸ਼ੁਰ ਦੀ ਸਵਰਗੀ ਸਰਕਾਰ ਦਾ ਸ਼ਾਸਕ ਬਣੇਗਾ, ਹੁਣੇ ਉਸ ਕੋਲੋਂ ਬਪਤਿਸਮਾ ਲੈਣ ਵਾਲਾ ਸੀ ਅਤੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੁਆਰਾ ਨਿਯੁਕਤ ਹੋਣ ਵਾਲਾ ਸੀ। ਇਸ ਲਈ ਤੁਸੀਂ ਸਮਝ ਸਕਦੇ ਹੋ ਕਿ ਯਿਸੂ ਨੇ ਬਾਅਦ ਵਿਚ ਫ਼ਰੀਸੀਆਂ ਨੂੰ ਇਹ ਕਿਉਂ ਆਖਿਆ: “ਵੇਖੋ ਪਰਮੇਸ਼ੁਰ ਦਾ ਰਾਜ ਤੁਹਾਡੇ ਵਿੱਚੇ ਹੈ।” (ਲੂਕਾ 17:21) ਇਹ ਇਸ ਕਰਕੇ ਸੀ ਕਿਉਂਕਿ ਯਿਸੂ, ਜਿਸ ਨੂੰ ਪਰਮੇਸ਼ੁਰ ਨੇ ਰਾਜਾ ਥਾਪਿਆ ਸੀ, ਉਥੇ ਉਨ੍ਹਾਂ ਦੇ ਨਾਲ ਮੌਜੂਦ ਸੀ। ਆਪਣੇ ਸਾਢੇ ਤਿੰਨ ਸਾਲਾਂ ਦੇ ਪ੍ਰਚਾਰ ਕਰਨ ਅਤੇ ਸਿੱਖਿਆ ਦੇਣ ਦੇ ਦੌਰਾਨ, ਯਿਸੂ ਨੇ ਪਰਮੇਸ਼ੁਰ ਦੇ ਪ੍ਰਤੀ ਆਪਣੀ ਵਫ਼ਾਦਾਰੀ ਦੁਆਰਾ ਮੌਤ ਤਕ ਰਾਜਾ ਹੋਣ ਦੇ ਆਪਣੇ ਅਧਿਕਾਰ ਨੂੰ ਸਾਬਤ ਕੀਤਾ।

7. ਕਿਹੜੀ ਚੀਜ਼ ਦਿਖਾਉਂਦੀ ਹੈ ਕਿ ਇਹ ਰਾਜ ਇਕ ਮਹੱਤਵਪੂਰਣ ਵਾਦ-ਵਿਸ਼ਾ ਸੀ ਜਦੋਂ ਯਿਸੂ ਧਰਤੀ ਉੱਤੇ ਸੀ?

7 ਇਹ ਸਾਬਤ ਕਰਨ ਲਈ ਕਿ ਮਸੀਹ ਦੀ ਸੇਵਕਾਈ ਦੇ ਦੌਰਾਨ ਪਰਮੇਸ਼ੁਰ ਦਾ ਰਾਜ ਇਕ ਮਹੱਤਵਪੂਰਣ ਵਾਦ ਵਿਸ਼ਾ ਸੀ, ਆਓ ਅਸੀਂ ਦੇਖੀਏ ਕਿ ਆਖਰੀ ਦਿਨ ਉਸ ਦੀ ਮੌਤ ਤੋਂ ਪਹਿਲਾਂ ਕੀ ਹੋਇਆ ਸੀ। ਬਾਈਬਲ ਸਾਨੂੰ ਦੱਸਦੀ ਹੈ ਕਿ ਲੋਕਾਂ ਨੇ ਇਹ ਆਖਦੇ ਹੋਏ, ਯਿਸੂ ਉੱਤੇ ਦੋਸ਼ ਲਗਾਇਆ: “ਅਸਾਂ ਇਹ ਨੂੰ ਸਾਡੀ ਕੌਮ ਨੂੰ ਭਰਮਾਉਂਦਿਆਂ ਅਤੇ ਕੈਸਰ ਨੂੰ ਮਾਮਲਾ ਦੇਣ ਤੋਂ ਮਨੇ ਕਰਦਿਆਂ ਅਤੇ ਆਪਣੇ ਆਪ ਨੂੰ ਮਸੀਹ ਪਾਤਸ਼ਾਹ ਕਹਿੰਦਿਆਂ ਡਿੱਠਾ।” ਇਹ ਗੱਲਾਂ ਸੁਣਨ ਤੇ, ਰੋਮੀ ਗਵਰਨਰ ਪੁੰਤਿਯੁਸ ਪਿਲਾਤੁਸ ਨੇ ਯਿਸੂ ਨੂੰ ਪੁੱਛਿਆ: “ਯਹੂਦੀਆਂ ਦਾ ਪਾਤਸ਼ਾਹ ਤੂੰ ਹੈਂ?”—ਲੂਕਾ 23:1-3.

8. (ੳ) ਯਿਸੂ ਨੇ ਕਿਸ ਤਰ੍ਹਾਂ ਜਵਾਬ ਦਿੱਤਾ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਕੀ ਉਹ ਇਕ ਰਾਜਾ ਸੀ? (ਅ) ਯਿਸੂ ਦਾ ਕੀ ਅਰਥ ਸੀ ਜਦੋਂ ਉਸ ਨੇ ਆਖਿਆ ਕਿ ਉਹ ਦਾ ਰਾਜ “ਐਥੋਂ [ਦਾ] ਨਹੀਂ” ਹੈ?

8 ਯਿਸੂ ਨੇ ਪਿਲਾਤੁਸ ਦੇ ਸਵਾਲ ਦਾ ਜਵਾਬ ਸਿੱਧੇ ਤੌਰ ਤੇ ਨਹੀਂ ਦਿੱਤਾ, ਪਰ ਕਿਹਾ: “ਮੇਰੀ ਪਾਤਸ਼ਾਹੀ ਇਸ ਜਗਤ ਤੋਂ ਨਹੀਂ। ਜੇ ਮੇਰੀ ਪਾਤਸ਼ਾਹੀ ਇਸ ਜਗਤ ਤੋਂ ਹੁੰਦੀ ਤਾਂ ਮੇਰੇ ਨੌਕਰ ਲੜਦੇ ਜੋ ਮੈਂ ਯਹੂਦੀਆਂ ਦੇ ਹਵਾਲੇ ਨਾ ਕੀਤਾ ਜਾਂਦਾ ਪਰ ਹੁਣ ਮੇਰੀ ਪਾਤਸ਼ਾਹੀ ਤਾਂ ਐਥੋਂ ਦੀ ਨਹੀਂ।” ਯਿਸੂ ਨੇ ਇਸ ਤਰ੍ਹਾਂ ਜਵਾਬ ਦਿੱਤਾ ਕਿਉਂਕਿ ਉਸ ਦਾ ਰਾਜ ਇਕ ਪਾਰਥਿਵ ਰਾਜ ਨਹੀਂ ਸੀ। ਉਸ ਨੇ ਸਵਰਗ ਤੋਂ, ਨਾ ਕਿ ਇਕ ਮਨੁੱਖ ਦੇ ਰੂਪ ਵਿਚ ਧਰਤੀ ਦੇ ਕਿਸੇ ਸਿੰਘਾਸਣ ਤੋਂ ਰਾਜ ਕਰਨਾ ਸੀ। ਕਿਉਂਜੋ ਵਾਦ-ਵਿਸ਼ਾ ਇਹ ਸੀ ਕਿ ਕੀ ਯਿਸੂ ਕੋਲ ਰਾਜੇ ਦੇ ਰੂਪ ਵਿਚ ਸ਼ਾਸਨ ਕਰਨ ਦਾ ਹੱਕ ਸੀ ਯਾ ਨਹੀਂ, ਪਿਲਾਤੁਸ ਨੇ ਫਿਰ ਤੋਂ ਯਿਸੂ ਨੂੰ ਪੁੱਛਿਆ: “ਤਾਂ ਫੇਰ ਤੂੰ ਪਾਤਸ਼ਾਹ ਹੈਂ?”

9. (ੳ) ਯਿਸੂ ਨੇ ਕਿਹੜੀ ਅਦਭੁਤ ਸੱਚਾਈ ਪ੍ਰਗਟ ਕੀਤੀ? (ਅ) ਅੱਜ ਕਿਹੜੇ ਮੁੱਖ ਸਵਾਲ ਹਨ?

9 ਇਹ ਸਪੱਸ਼ਟ ਹੈ ਕਿ ਯਿਸੂ ਆਪਣੀ ਜਾਨ ਲਈ ਮੁਕੱਦਮਾ ਲੜ ਰਿਹਾ ਸੀ ਕਿਉਂਕਿ ਉਹ ਇਕ ਨਵੀਂ ਸਰਕਾਰ ਦੇ ਬਾਰੇ ਪ੍ਰਚਾਰ ਕਰ ਰਿਹਾ ਸੀ ਅਤੇ ਸਿੱਖਿਆ ਦੇ ਰਿਹਾ ਸੀ। ਇਸ ਕਰਕੇ ਯਿਸੂ ਨੇ ਪਿਲਾਤੁਸ ਨੂੰ ਜਵਾਬ ਦਿੱਤਾ: “ਮੈਂ ਪਾਤਸ਼ਾਹ ਹੀ ਹਾਂ। ਮੈਂ ਇਸੇ ਲਈ ਜਨਮ ਧਾਰਿਆ ਅਤੇ ਇਸੇ ਲਈ ਜਗਤ ਵਿੱਚ ਆਇਆ ਹਾਂ ਭਈ ਸਚਿਆਈ ਉੱਤੇ ਸਾਖੀ ਦਿਆਂ।” (ਯੂਹੰਨਾ 18:36, 37) ਹਾਂ, ਯਿਸੂ ਨੇ ਧਰਤੀ ਉੱਤੇ ਲੋਕਾਂ ਨੂੰ ਪਰਮੇਸ਼ੁਰ ਦੀ ਰਾਜ ਸਰਕਾਰ ਦੇ ਬਾਰੇ ਅਦਭੁਤ ਸਚਿਆਈ ਦੱਸਣ ਵਿਚ ਆਪਣਾ ਜੀਵਨ ਬਤੀਤ ਕੀਤਾ ਸੀ। ਇਹ ਉਸ ਦਾ ਮੁੱਖ ਸੰਦੇਸ਼ ਸੀ। ਅਤੇ ਅੱਜ ਇਹ ਰਾਜ ਹਾਲੇ ਵੀ ਸਭ ਤੋਂ ਮਹੱਤਵਪੂਰਣ ਵਾਦ ਵਿਸ਼ਾ ਹੈ। ਪਰ ਫਿਰ, ਇਹ ਸਵਾਲ ਹਾਲੇ ਵੀ ਰਹਿੰਦੇ ਹਨ: ਇਕ ਵਿਅਕਤੀ ਦੇ ਜੀਵਨ ਵਿਚ ਕਿਹੜੀ ਸਰਕਾਰ ਸਭ ਤੋਂ ਮਹੱਤਵਪੂਰਣ ਹੈ? ਕੀ ਇਹ ਮਨੁੱਖਾਂ ਦੀ ਕੋਈ ਸਰਕਾਰ ਹੈ, ਯਾ ਕੀ ਇਹ ਪਰਮੇਸ਼ੁਰ ਦਾ ਰਾਜ ਹੈ ਜਿਸ ਦਾ ਸ਼ਾਸਕ ਮਸੀਹ ਹੈ?

ਧਰਤੀ ਦੀ ਨਵੀਂ ਸਰਕਾਰ ਲਈ ਪ੍ਰਬੰਧ ਕਰਨਾ

10. (ੳ) ਪਰਮੇਸ਼ੁਰ ਨੇ ਇਕ ਨਵੀਂ ਸਰਕਾਰ ਦੀ ਜ਼ਰੂਰਤ ਕਦੋਂ ਮਹਿਸੂਸ ਕੀਤੀ? (ਅ) ਬਾਈਬਲ ਵਿਚ ਇਸ ਸਰਕਾਰ ਦਾ ਪਹਿਲਾ ਹਵਾਲਾ ਕਿੱਥੇ ਪਾਇਆ ਜਾਂਦਾ ਹੈ? (ੲ) ਸੱਪ ਦੁਆਰਾ ਕੌਣ ਦਰਸਾਇਆ ਗਿਆ ਹੈ?

10 ਜਦੋਂ ਸ਼ਤਾਨ ਨੇ ਆਦਮ ਅਤੇ ਹੱਵਾਹ ਨੂੰ ਆਪਣੀ ਬਗਾਵਤ ਵਿਚ ਆਪਣੇ ਨਾਲ ਮਿਲਾ ਲਿਆ ਉਸ ਸਮੇਂ ਯਹੋਵਾਹ ਨੇ ਮਨੁੱਖਜਾਤੀ ਲਈ ਇਕ ਨਵੀਂ ਸਰਕਾਰ ਦੀ ਜ਼ਰੂਰਤ ਨੂੰ ਮਹਿਸੂਸ ਕੀਤਾ। ਤਾਂ ਫਿਰ ਉਸੇ ਵੇਲੇ ਹੀ ਪਰਮੇਸ਼ੁਰ ਨੇ ਅਜਿਹੀ ਸਰਕਾਰ ਨੂੰ ਸਥਾਪਿਤ ਕਰਨ ਦੇ ਆਪਣੇ ਮਕਸਦ ਬਾਰੇ ਦੱਸਿਆ। ਉਹ ਨੇ ਇਸ ਸਰਕਾਰ ਦਾ ਜ਼ਿਕਰ ਉਦੋਂ ਕੀਤਾ ਜਦੋਂ ਉਹ ਨੇ ਉਸ ਸੱਪ ਉਤੇ ਸਜ਼ਾ ਦੰਡ ਦਾ ਐਲਾਨ ਕੀਤਾ, ਅਸਲ ਵਿਚ ਸ਼ਤਾਨ ਅਰਥਾਤ ਇਬਲੀਸ ਨੂੰ ਆਖਦੇ ਹੋਏ: “ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ।”—ਉਤਪਤ 3:14, 15.

11. ਕਿਨ੍ਹਾਂ ਦੇ ਦਰਮਿਆਨ ਨਫ਼ਰਤ ਪੈਦਾ ਹੋਣੀ ਸੀ?

11 ਲੇਕਨ ਸ਼ਾਇਦ ਤੁਸੀਂ ਪੁਛੋ: ‘ਇੱਥੇ ਕਿੱਥੇ ਇਕ ਸਰਕਾਰ ਦੇ ਬਾਰੇ ਕੁਝ ਕਿਹਾ ਗਿਆ ਹੈ?’ ਆਓ ਅਸੀਂ ਇਸ ਕਥਨ ਨੂੰ ਅੱਛੀ ਤਰ੍ਹਾਂ ਨਾਲ ਜਾਂਚੀਏ ਅਤੇ ਤਦ ਸਾਨੂੰ ਪਤਾ ਚਲੇਗਾ। ਸ਼ਾਸਤਰ ਆਖਦਾ ਹੈ ਕਿ ਸ਼ਤਾਨ ਅਤੇ “ਤੀਵੀਂ” ਦੇ ਦਰਮਿਆਨ ਵੈਰ, ਯਾ ਨਫ਼ਰਤ ਹੋਵੇਗੀ। ਇਸ ਦੇ ਅਤਿਰਿਕਤ, ਸ਼ਤਾਨ ਦੀ “ਸੰਤਾਨ,” ਯਾ ਔਲਾਦ, ਅਤੇ ਤੀਵੀਂ ਦੀ “ਸੰਤਾਨ,” ਯਾ ਔਲਾਦ ਦੇ ਦਰਮਿਆਨ ਨਫ਼ਰਤ ਹੋਣੀ ਸੀ। ਸਭ ਤੋਂ ਪਹਿਲਾਂ, ਸਾਨੂੰ ਇਹ ਪਤਾ ਕਰਨਾ ਜ਼ਰੂਰੀ ਹੈ ਕਿ ਉਹ “ਤੀਵੀਂ” ਕੌਣ ਹੈ।

12. ਪਰਕਾਸ਼ ਦੀ ਪੋਥੀ ਦੇ 12 ਅਧਿਆਇ ਵਿਚ “ਇਸਤ੍ਰੀ” ਦੇ ਬਾਰੇ ਕੀ ਆਖਿਆ ਗਿਆ ਹੈ?

12 ਉਹ ਇਕ ਪਾਰਥਿਵ ਤੀਵੀਂ ਨਹੀਂ ਹੈ। ਸ਼ਤਾਨ ਨੂੰ ਕਿਸੇ ਮਾਨਵ ਤੀਵੀਂ ਦੇ ਪ੍ਰਤੀ ਕੋਈ ਵਿਸ਼ੇਸ਼ ਨਫ਼ਰਤ ਨਹੀਂ ਹੋਈ ਹੈ। ਇਸ ਦੀ ਬਜਾਇ, ਇਹ ਇਕ ਪ੍ਰਤੀਕਾਤਮਕ ਤੀਵੀਂ ਹੈ। ਇਸ ਦਾ ਅਰਥ ਹੈ ਕਿ ਉਹ ਕਿਸੇ ਹੋਰ ਚੀਜ਼ ਲਈ ਇਕ ਪ੍ਰਤੀਕ ਹੈ। ਇਹ ਬਾਈਬਲ ਦੀ ਆਖਰੀ ਕਿਤਾਬ, ਪਰਕਾਸ਼ ਦੀ ਪੋਥੀ ਵਿਚ ਪ੍ਰਦਰਸ਼ਿਤ ਕੀਤਾ ਗਿਆ ਹੈ, ਜਿੱਥੇ ਉਸ ਦੇ ਬਾਰੇ ਹੋਰ ਜਾਣਕਾਰੀ ਦਿੱਤੀ ਗਈ ਹੈ। ਉੱਥੇ ਇਹ “ਇਸਤ੍ਰੀ” ਦਾ ਵਰਣਨ ਇਸ ਤਰ੍ਹਾਂ ਕੀਤਾ ਗਿਆ ਹੈ ਕਿ ਉਹ “ਸੂਰਜ ਪਹਿਨੀ ਹੋਈ ਸੀ ਅਤੇ ਚੰਦਰਮਾਂ ਉਹ ਦੇ ਪੈਰਾਂ ਹੇਠ ਅਤੇ ਬਾਰਾਂ ਤਾਰਿਆਂ ਦਾ ਮੁਕਟ ਉਹ ਦੇ ਸਿਰ ਉੱਤੇ ਸੀ।” ਸਾਨੂੰ ਇਹ ਪਤਾ ਲਾਉਣ ਵਿਚ ਮਦਦ ਕਰਨ ਦੇ ਲਈ ਕਿ ਇਹ “ਇਸਤ੍ਰੀ” ਕਿਸ ਨੂੰ ਦਰਸਾਉਂਦੀ ਹੈ, ਧਿਆਨ ਦਿਓ ਕਿ ਪਰਕਾਸ਼ ਦੀ ਪੋਥੀ ਅੱਗੇ ਉਸ ਦੇ ਬਾਲਕ ਬਾਰੇ ਕੀ ਆਖਦੀ ਹੈ: “ਉਸ ਇਸਤ੍ਰੀ ਨੇ ਇਸ ਧਰਤੀ ਉੱਤੇ ਇਕ ਨਰ ਬਾਲਕ ਨੂੰ ਜਨਮ ਦਿੱਤਾ, ਉਹ ਪੁੱਤ੍ਰ ਜਿਸ ਨੇ ਸਾਰੀਆਂ ਕੌਮਾਂ ਉੱਤੇ ਲੋਹੇ ਦੇ ਡੰਡੇ ਨਾਲ ਹਕੂਮਤ ਕਰਨੀ ਹੈ, ਅਤੇ ਇਹ ਬਾਲਕ ਪਰਮੇਸ਼ੁਰ ਕੋਲ ਅਤੇ ਉਸ ਦੇ ਸਿੰਘਾਸਣ ਕੋਲ ਉਠਾਇਆ ਗਿਆ।”—ਪਰਕਾਸ਼ ਦੀ ਪੋਥੀ 12:1-5, ਦ ਜਰੂਸਲਮ ਬਾਈਬਲ; ਟੇਢੇ ਟਾਈਪ ਸਾਡੇ।

13. ਉਹ “ਨਰ ਬਾਲਕ” ਅਤੇ “ਇਸਤ੍ਰੀ” ਕਿਹ ਨੂੰ ਯਾ ਕਿਸ ਚੀਜ਼ ਨੂੰ ਦਰਸਾਉਂਦੇ ਹਨ?

13 ਇਹ ਜਾਣਨਾ ਕਿ ਉਹ “ਨਰ ਬਾਲਕ” ਕੌਣ ਯਾ ਕੀ ਹੈ, ਸਾਨੂੰ ਇਹ ਪਤਾ ਲਾਉਣ ਵਿਚ ਸਹਾਇਤਾ ਦੇਵੇਗਾ ਕਿ ਇਹ “ਇਸਤ੍ਰੀ” ਕਿਹ ਨੂੰ ਯਾ ਕਿਸ ਚੀਜ਼ ਨੂੰ ਦਰਸਾਉਂਦੀ ਹੈ। ਇਹ ਬਾਲਕ ਇਕ ਸ਼ਾਬਦਿਕ ਵਿਅਕਤੀ ਨਹੀਂ ਹੈ, ਜਿਸ ਤਰ੍ਹਾਂ ਇਹ ਇਸਤ੍ਰੀ ਇਕ ਵਾਸਤਵਿਕ ਮਾਨਵ ਨਾਰੀ ਨਹੀਂ ਹੈ। ਸ਼ਾਸਤਰ ਪ੍ਰਦਰਸ਼ਿਤ ਕਰਦਾ ਹੈ ਕਿ ਇਹ “ਨਰ ਬਾਲਕ” ਨੇ “ਸਾਰੀਆਂ ਕੌਮਾਂ ਉੱਤੇ . . . ਹਕੂਮਤ ਕਰਨੀ ਹੈ।” ਇਸ ਲਈ ਇਹ “ਬਾਲਕ” ਪਰਮੇਸ਼ੁਰ ਦੀ ਸਰਕਾਰ ਨੂੰ ਦਰਸਾਉਂਦਾ ਹੈ ਜਿਸ ਦਾ ਰਾਜਾ ਯਿਸੂ ਮਸੀਹ ਹੋਵੇਗਾ। ਇਸ ਲਈ, ਇਹ “ਇਸਤ੍ਰੀ,” ਪਰਮੇਸ਼ੁਰ ਦੇ ਵਫ਼ਾਦਾਰ ਸਵਰਗੀ ਜੀਵਾਂ ਦੇ ਸੰਗਠਨ ਨੂੰ ਦਰਸਾਉਂਦੀ ਹੈ। ਜਿਸ ਤਰ੍ਹਾਂ ਉਹ “ਨਰ ਬਾਲਕ” ਉਸ “ਇਸਤ੍ਰੀ” ਤੋਂ ਆਇਆ ਸੀ, ਇਸੇ ਤਰ੍ਹਾਂ ਰਾਜਾ ਯਿਸੂ ਮਸੀਹ ਉਹ ਸਵਰਗੀ ਸੰਗਠਨ, ਸਵਰਗ ਵਿਚ ਉਨ੍ਹਾਂ ਵਫ਼ਾਦਾਰ ਆਤਮਿਕ ਜੀਵਾਂ ਦੇ ਸਮੂਹ ਤੋਂ ਆਇਆ ਸੀ, ਜੋ ਪਰਮੇਸ਼ੁਰ ਦਾ ਮਕਸਦ ਪੂਰਾ ਕਰਨ ਲਈ ਇਕੱਠੇ ਕੰਮ ਕਰਦੇ ਹਨ। ਗਲਾਤੀਆਂ 4:26 ਇਸ ਸੰਗਠਨ ਨੂੰ “ਯਰੂਸ਼ਲਮ ਜੋ ਉਤਾਹਾਂ ਹੈ” ਆਖਦੀ ਹੈ। ਤਾਂ ਫਿਰ, ਜਦੋਂ ਆਦਮ ਅਤੇ ਹੱਵਾਹ ਨੇ ਪਰਮੇਸ਼ੁਰ ਦੀ ਹਕੂਮਤ ਦੇ ਵਿਰੁੱਧ ਪਹਿਲਾਂ ਬਗਾਵਤ ਕੀਤੀ, ਯਹੋਵਾਹ ਨੇ ਇਕ ਰਾਜ ਸਰਕਾਰ ਦਾ ਪ੍ਰਬੰਧ ਕੀਤਾ ਜਿਹੜੀ ਧਾਰਮਿਕਤਾ ਦੇ ਪ੍ਰੇਮੀਆਂ ਲਈ ਇਕ ਉਮੀਦ ਸਾਬਤ ਹੋਵੇਗੀ।

ਯਹੋਵਾਹ ਆਪਣਾ ਵਾਇਦਾ ਯਾਦ ਰੱਖਦਾ ਹੈ

14. (ੳ) ਯਹੋਵਾਹ ਨੇ ਇਹ ਕਿਸ ਤਰ੍ਹਾਂ ਦਿਖਾਇਆ ਕਿ ਉਸ ਨੂੰ ਉਹ “ਸੰਤਾਨ” ਬਾਰੇ ਆਪਣਾ ਵਾਇਦਾ ਯਾਦ ਸੀ ਜਿਹੜਾ ਸ਼ਤਾਨ ਨੂੰ ਮਿੱਧੇਗਾ? (ਅ) ਇਹ ਵਾਇਦਾ ਕੀਤਾ ਹੋਇਆ “ਅੰਸ” ਕੌਣ ਹੈ?

14 ਯਹੋਵਾਹ ਉਸ “ਸੰਤਾਨ” ਨੂੰ ਭੇਜਣ ਦਾ ਆਪਣਾ ਵਾਇਦਾ ਨਹੀਂ ਭੁਲਿਆ ਸੀ ਜੋ ਪਰਮੇਸ਼ੁਰ ਦੀ ਸਰਕਾਰ ਦਾ ਸ਼ਾਸਕ ਹੋਵੇਗਾ। ਇਹ ਸ਼ਾਸਕ ਸ਼ਤਾਨ ਨੂੰ ਉਸ ਦਾ ਸਿਰ ਮਿੱਧ ਕੇ ਨਾਸ ਕਰੇਗਾ। (ਰੋਮੀਆਂ 16:20; ਇਬਰਾਨੀਆਂ 2:14) ਇਸ ਤੋਂ ਬਾਅਦ, ਯਹੋਵਾਹ ਨੇ ਆਖਿਆ ਕਿ ਉਹ ਵਾਇਦਾ ਕੀਤੀ ਹੋਈ ਸੰਤਾਨ ਇਕ ਵਫ਼ਾਦਾਰ ਮਨੁੱਖ ਅਬਰਾਹਾਮ ਤੋਂ ਆਵੇਗੀ। ਯਹੋਵਾਹ ਨੇ ਅਬਰਾਹਾਮ ਨੂੰ ਦੱਸਿਆ: “ਤੇਰੀ ਅੰਸ ਵਿੱਚ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ।” (ਉਤਪਤ 22:18, ਟੇਢੇ ਟਾਈਪ ਸਾਡੇ) ਇਹ “ਅੰਸ” ਕੌਣ ਹੈ ਜਿਸ ਦਾ ਅਬਰਾਹਾਮ ਦੁਆਰਾ ਆਉਣ ਦਾ ਵਾਇਦਾ ਕੀਤਾ ਗਿਆ ਸੀ? ਬਾਈਬਲ ਬਾਅਦ ਵਿਚ ਇਹ ਆਖ ਕੇ ਜਵਾਬ ਦਿੰਦੀ ਹੈ: “ਹੁਣ ਅਬਰਾਹਾਮ ਅਤੇ ਉਸ ਦੀ ਅੰਸ ਨੂੰ ਬਚਨ ਦਿੱਤੇ ਗਏ ਸਨ। ਉਹ ਨਹੀਂ ਕਹਿੰਦਾ, “ਅੰਸਾਂ ਨੂੰ”, ਜਿਵੇਂ ਬਾਹਲਿਆਂ ਦੇ ਲਈ ਪਰ ਜਿਵੇਂ ਇੱਕ ਦੇ ਲਈ ਕਹਿੰਦਾ ਹੈ ਅਰਥਾਤ “ਤੇਰੀ ਅੰਸ ਨੂੰ”, ਸੋ ਉਹ ਮਸੀਹ ਹੈ।” (ਗਲਾਤੀਆਂ 3:16, ਟੇਢੇ ਟਾਈਪ ਸਾਡੇ) ਯਹੋਵਾਹ ਨੇ ਅਬਰਾਹਾਮ ਦੇ ਪੁੱਤਰ ਇਸਹਾਕ ਅਤੇ ਉਸ ਦੇ ਪੋਤੇ ਯਾਕੂਬ ਨੂੰ ਵੀ ਇਹ ਦੱਸਿਆ ਸੀ ਕਿ ਪਰਮੇਸ਼ੁਰ ਦੀ “ਇਸਤ੍ਰੀ” ਦੀ ਇਹ “ਅੰਸ” ਉਨ੍ਹਾਂ ਦੀ ਵੰਸ਼ਾਵਲੀ ਵਿਚੋਂ ਆਵੇਗੀ।—ਉਤਪਤ 26:1-5; 28:10-14.

15, 16. ਕੀ ਸਾਬਤ ਕਰਦਾ ਹੈ ਕਿ ਇਹ “ਅੰਸ” ਇਕ ਸ਼ਾਸਨ ਕਰਨ ਵਾਲਾ ਰਾਜਾ ਹੋਣਾ ਸੀ?

15 ਇਹ ਸਪੱਸ਼ਟ ਕਰਦੇ ਹੋਏ ਕਿ ਇਹ “ਅੰਸ” ਸ਼ਾਸਨ ਕਰਨ ਵਾਲਾ ਇਕ ਰਾਜਾ ਹੋਵੇਗਾ, ਯਾਕੂਬ ਨੇ ਆਪਣੇ ਪੁੱਤਰ ਯਹੂਦਾਹ ਨੂੰ ਇਹ ਬਿਆਨ ਕੀਤਾ: “ਯਹੂਦਾਹ ਤੋਂ ਰਾਜ ਡੰਡਾ [ਯਾ, ਸ਼ਾਸਨ ਕਰਨ ਦਾ ਅਧਿਕਾਰ] ਚਲਿਆ ਨਾ ਜਾਵੇਗਾ ਨਾ ਉਸ ਦੇ ਪੈਰਾਂ ਦੇ ਵਿੱਚੋਂ ਹਾਕਮ ਦਾ ਸੋਟਾ ਜਦ ਤੀਕ ਸ਼ਾਂਤੀ ਦਾਤਾ [ਸ਼ੀਲੋਹ, ਫੁਟਨੋਟ] ਨਾ ਆਵੇ। ਅਤੇ ਲੋਕਾਂ ਦੀ ਆਗਿਆਕਾਰੀ ਉਸੇ ਦੀ ਹੋਵੇਗੀ।” (ਉਤਪਤ 49:10) ਯਿਸੂ ਮਸੀਹ ਯਹੂਦਾਹ ਦੇ ਗੋਤ ਤੋਂ ਆਇਆ ਸੀ। ਉਹ ਇਹ “ਸ਼ੀਲੋਹ” ਸਾਬਤ ਹੋਇਆ ਜਿਸ ਦੇ ਪ੍ਰਤੀ “ਲੋਕਾਂ ਦੀ ਆਗਿਆਕਾਰੀ . . . ਹੋਵੇਗੀ।”—ਇਬਰਾਨੀਆਂ 7:14.

16 ਯਹੂਦਾਹ ਨੂੰ ਇਸ ਕਥਨ ਤੋਂ ਤਕਰੀਬਨ 700 ਸਾਲ ਬਾਅਦ ਯਹੋਵਾਹ ਨੇ ਯਹੂਦਾਹ ਦੇ ਕਬੀਲੇ ਦੇ ਦਾਊਦ ਬਾਰੇ ਆਖਿਆ: “ਮੈਂ ਆਪਣੇ ਦਾਸ ਦਾਊਦ ਨੂੰ ਲੱਭ ਕੇ . . . ਅਤੇ ਮੈਂ ਉਹ ਦੇ ਵੰਸ ਨੂੰ ਸਦਾ ਤੀਕ, ਅਤੇ ਉਹ ਦੀ ਰਾਜ ਗੱਦੀ ਨੂੰ ਅਕਾਸ਼ ਦੇ ਦਿਨਾਂ ਵਾਂਙੁ ਸਾਂਭਾਂਗਾ।” (ਜ਼ਬੂਰਾਂ ਦੀ ਪੋਥੀ 89:20, 29, ਟੇਢੇ ਟਾਈਪ ਸਾਡੇ) ਜਦੋਂ ਪਰਮੇਸ਼ੁਰ ਆਖਦਾ ਹੈ ਕਿ ਉਹ ਦਾਊਦ ਦੇ “ਵੰਸ” ਨੂੰ “ਸਦਾ ਤੀਕ” ਸਾਂਭੇਗਾ, ਅਤੇ ਉਸ ਦੀ “ਰਾਜ ਗੱਦੀ” “ਅਕਾਸ਼ ਦੇ ਦਿਨਾਂ ਵਾਂਙੁ” ਹੋਂਦ ਵਿਚ ਰਹੇਗੀ, ਉਸ ਦਾ ਕੀ ਅਰਥ ਹੈ? ਯਹੋਵਾਹ ਪਰਮੇਸ਼ੁਰ ਉਸ ਹਕੀਕਤ ਨੂੰ ਸੰਕੇਤ ਕਰ ਰਿਹਾ ਹੈ ਕਿ ਇਹ ਰਾਜ ਸਰਕਾਰ ਉਸ ਦੇ ਠਹਿਰਾਏ ਹੋਏ ਸ਼ਾਸਕ, ਯਿਸੂ ਮਸੀਹ ਦੇ ਹੱਥਾਂ ਵਿਚ ਸਦਾ ਲਈ ਕਾਇਮ ਰਹੇਗਾ। ਅਸੀਂ ਕਿਸ ਤਰ੍ਹਾਂ ਜਾਣਦੇ ਹਾਂ?

17. ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਇਹ ਵਾਇਦਾ ਕੀਤਾ ਹੋਇਆ ਸ਼ਾਸਕ ਯਿਸੂ ਮਸੀਹ ਹੈ?

17 ਭਲਾ, ਯਾਦ ਕਰੋ ਕਿ ਯਹੋਵਾਹ ਦੇ ਦੂਤ ਜਿਬਰਾਏਲ ਨੇ ਉਸ ਬੱਚੇ ਦੇ ਸੰਬੰਧ ਵਿਚ ਮਰਿਯਮ ਨੂੰ ਕੀ ਆਖਿਆ ਸੀ ਜਿਹੜਾ ਉਸ ਨੂੰ ਪੈਦਾ ਹੋਣਾ ਸੀ। ਉਸ ਨੇ ਆਖਿਆ: “ਉਹ ਦਾ ਨਾਮ ਯਿਸੂ ਰੱਖਣਾ।” ਪਰ ਯਿਸੂ ਨੇ ਧਰਤੀ ਉੱਤੇ ਇਕ ਬਾਲਕ ਦੇ ਰੂਪ ਵਿਚ ਯਾ ਇਕ ਮਨੁੱਖ ਦੇ ਰੂਪ ਵਿਚ ਹੀ ਨਹੀਂ ਰਹਿਣਾ ਸੀ। ਜਿਬਰਾਏਲ ਨੇ ਅੱਗੇ ਆਖਿਆ: “ਉਹ ਮਹਾਨ ਹੋਵੇਗਾ, ਅਤੇ ਅੱਤ ਮਹਾਨ ਦਾ ਪੁੱਤ੍ਰ ਸਦਾਵੇਗਾ, ਅਤੇ ਪ੍ਰਭੁ ਪਰਮੇਸ਼ੁਰ ਉਹ ਦੇ ਪਿਤਾ ਦਾਊਦ ਦਾ ਤਖ਼ਤ ਉਹ ਨੂੰ ਦੇਵੇਗਾ। ਉਹ ਜੁੱਗੋ ਜੁੱਗ ਯਾਕੂਬ ਦੇ ਘਰਾਣੇ ਉੱਤੇ ਰਾਜ ਕਰੇਗਾ। ਅਤੇ ਉਹ ਦੇ ਰਾਜ ਦਾ ਅੰਤ ਨਾ ਹੋਵੇਗਾ।” (ਲੂਕਾ 1:31-33, ਟੇਢੇ ਟਾਈਪ ਸਾਡੇ) ਕੀ ਇਹ ਸੱਚ-ਮੁੱਚ ਇਕ ਸ਼ਾਨਦਾਰ ਗੱਲ ਨਹੀਂ ਹੈ ਕਿ ਯਹੋਵਾਹ ਨੇ ਉਨ੍ਹਾਂ ਦੇ ਸਦੀਪਕ ਲਾਭ ਲਈ, ਜਿਹੜੇ ਉਸ ਨਾਲ ਪਿਆਰ ਕਰਦੇ ਅਤੇ ਉਸ ਉੱਤੇ ਭਰੋਸਾ ਰੱਖਦੇ ਹਨ, ਇਕ ਧਾਰਮਿਕ ਸਰਕਾਰ ਨੂੰ ਸਥਾਪਿਤ ਕਰਨ ਲਈ ਪ੍ਰਬੰਧ ਬਣਾਏ ਹਨ?

18. (ੳ) ਬਾਈਬਲ ਪਾਰਥਿਵ ਸਰਕਾਰਾਂ ਦੇ ਅੰਤ ਦਾ ਕਿਸ ਤਰ੍ਹਾਂ ਵਰਣਨ ਕਰਦੀ ਹੈ? (ਅ) ਪਰਮੇਸ਼ੁਰ ਦੀ ਸਰਕਾਰ ਲੋਕਾਂ ਲਈ ਕੀ ਕਰੇਗੀ?

18 ਉਹ ਸਮਾਂ ਹੁਣ ਨਜ਼ਦੀਕ ਹੈ ਜਦੋਂ ਪਰਮੇਸ਼ੁਰ ਦੀ ਰਾਜ ਸਰਕਾਰ ਇਸ ਦੁਨੀਆਂ ਦੀਆਂ ਸਾਰੀਆਂ ਸਰਕਾਰਾਂ ਨੂੰ ਨਸ਼ਟ ਕਰਨ ਲਈ ਕਾਰਵਾਈ ਕਰੇਗੀ। ਯਿਸੂ ਮਸੀਹ ਤਦ ਫਿਰ ਇਕ ਵਿਜਈ ਰਾਜੇ ਦੇ ਰੂਪ ਵਿਚ ਕਾਰਵਾਈ ਆਰੰਭ ਕਰੇਗਾ। ਇਸ ਯੁੱਧ ਦਾ ਵਰਣਨ ਕਰਦੇ ਹੋਏ, ਬਾਈਬਲ ਆਖਦੀ ਹੈ: “ਉਨ੍ਹਾਂ ਰਾਜਿਆਂ ਦੇ ਦਿਨਾਂ ਵਿੱਚ ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ . . . ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।” (ਦਾਨੀਏਲ 2:44; ਪਰਕਾਸ਼ ਦੀ ਪੋਥੀ 19:11-16) ਹੋਰ ਸਾਰੀਆਂ ਸਰਕਾਰਾਂ ਨਸ਼ਟ ਹੋਣ ਤੋਂ ਬਾਅਦ, ਪਰਮੇਸ਼ੁਰ ਦੀ ਸਰਕਾਰ ਲੋਕਾਂ ਦੀਆਂ ਵਾਸਤਵਿਕ ਲੋੜਾਂ ਨੂੰ ਪੂਰਾ ਕਰੇਗੀ। ਉਹ ਸ਼ਾਸਕ, ਯਿਸੂ ਮਸੀਹ, ਇਸ ਚੀਜ਼ ਦੀ ਨਿਗਰਾਨੀ ਕਰੇਗਾ ਕਿ ਉਸ ਦੀ ਵਫ਼ਾਦਾਰ ਪਰਜਾ ਵਿਚੋਂ ਕੋਈ ਵੀ ਨਾ ਬੀਮਾਰ ਹੋਵੇ, ਨਾ ਬੁੱਢਾ ਹੋਵੇ ਅਤੇ ਨਾ ਮਰੇ। ਜੁਰਮ, ਘਟੀਆ ਰਿਹਾਇਸ਼, ਭੁੱਖ ਅਤੇ ਹੋਰ ਸਾਰੀਆਂ ਅਜਿਹੀਆਂ ਸਮੱਸਿਆਵਾਂ ਸੁਲਝਾਈਆਂ ਜਾਣਗੀਆਂ। ਸਾਰੀ ਧਰਤੀ ਉੱਤੇ ਵਾਸਤਵਿਕ ਸ਼ਾਂਤੀ ਅਤੇ ਸੁਰੱਖਿਆ ਪਾਈ ਜਾਵੇਗੀ। (2 ਪਤਰਸ 3:13; ਪਰਕਾਸ਼ ਦੀ ਪੋਥੀ 21:3-5) ਫਿਰ ਵੀ, ਸਾਨੂੰ ਉਨ੍ਹਾਂ ਬਾਰੇ ਹੋਰ ਗਿਆਨ ਲੈਣਾ ਜ਼ਰੂਰੀ ਹੈ ਜਿਹੜੇ ਪਰਮੇਸ਼ੁਰ ਦੀ ਇਸ ਰਾਜ ਸਰਕਾਰ ਵਿਚ ਸ਼ਾਸਕ ਹੋਣਗੇ।

[ਸਵਾਲ]

[ਸਫ਼ੇ 112, 113 ਉੱਤੇ ਤਸਵੀਰ]

ਯਿਸੂ ਨੇ ਆਪਣੇ ਅਨੁਯਾਈਆਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨ ਦੇ ਮਹੱਤਵਪੂਰਣ ਕੰਮ ਲਈ ਘੱਲਿਆ

[ਸਫ਼ੇ 114 ਉੱਤੇ ਤਸਵੀਰ]

ਜਦੋਂ ਯਿਸੂ ਆਪਣੀ ਜਾਨ ਲਈ ਮੁਕੱਦਮਾ ਲੜ ਰਿਹਾ ਸੀ, ਉਹ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਦਾ ਰਿਹਾ

[ਸਫ਼ੇ 119 ਉੱਤੇ ਤਸਵੀਰ]

ਤੁਸੀਂ ਯਿਸੂ ਨੂੰ ਕਿਸ ਦ੍ਰਿਸ਼ਟੀ ਨਾਲ ਵੇਖਦੇ ਹੋ—ਇਕ ਵਿਜਈ ਰਾਜੇ ਦੇ ਰੂਪ ਵਿਚ ਯਾ ਇਕ ਨਿਆਸਰੇ ਬੱਚੇ ਦੇ ਰੂਪ ਵਿਚ?