ਉਤਪਤ 12:1-20
12 ਯਹੋਵਾਹ ਨੇ ਅਬਰਾਮ ਨੂੰ ਕਿਹਾ: “ਤੂੰ ਆਪਣਾ ਦੇਸ਼, ਆਪਣੇ ਰਿਸ਼ਤੇਦਾਰ ਅਤੇ ਆਪਣੇ ਪਿਤਾ ਦਾ ਘਰਾਣਾ ਛੱਡ ਕੇ ਉਸ ਦੇਸ਼ ਨੂੰ ਚਲਾ ਜਾਹ ਜੋ ਮੈਂ ਤੈਨੂੰ ਦਿਖਾਵਾਂਗਾ।+
2 ਮੈਂ ਤੇਰੇ ਤੋਂ ਇਕ ਵੱਡੀ ਕੌਮ ਬਣਾਵਾਂਗਾ ਅਤੇ ਤੈਨੂੰ ਬਰਕਤ ਦਿਆਂਗਾ ਅਤੇ ਮੈਂ ਤੇਰਾ ਨਾਂ ਉੱਚਾ ਕਰਾਂਗਾ ਅਤੇ ਤੇਰੇ ਰਾਹੀਂ ਦੂਸਰਿਆਂ ਨੂੰ ਬਰਕਤ ਮਿਲੇਗੀ।+
3 ਮੈਂ ਉਨ੍ਹਾਂ ਲੋਕਾਂ ਨੂੰ ਬਰਕਤ ਦਿਆਂਗਾ ਜੋ ਤੈਨੂੰ ਬਰਕਤ ਦਿੰਦੇ ਹਨ ਅਤੇ ਉਸ ਇਨਸਾਨ ਨੂੰ ਸਰਾਪ ਦਿਆਂਗਾ ਜਿਹੜਾ ਤੈਨੂੰ ਬਦ-ਦੁਆ ਦਿੰਦਾ ਹੈ।+ ਧਰਤੀ ਦੀਆਂ ਸਾਰੀਆਂ ਕੌਮਾਂ ਨੂੰ ਤੇਰੇ ਰਾਹੀਂ ਜ਼ਰੂਰ ਬਰਕਤ ਮਿਲੇਗੀ।”*+
4 ਇਸ ਲਈ ਯਹੋਵਾਹ ਦਾ ਕਹਿਣਾ ਮੰਨ ਕੇ ਅਬਰਾਮ ਚਲਾ ਗਿਆ ਅਤੇ ਲੂਤ ਵੀ ਉਸ ਨਾਲ ਗਿਆ। ਹਾਰਾਨ ਤੋਂ ਜਾਣ ਵੇਲੇ ਅਬਰਾਮ 75 ਸਾਲ ਦਾ ਸੀ।+
5 ਅਬਰਾਮ ਆਪਣੀ ਪਤਨੀ ਸਾਰਈ+ ਅਤੇ ਆਪਣੇ ਭਤੀਜੇ ਲੂਤ+ ਨਾਲ ਕਨਾਨ ਦੇਸ਼ ਨੂੰ ਜਾਣ ਲਈ ਤੁਰ ਪਿਆ। ਉਹ ਆਪਣੇ ਨਾਲ ਉਹ ਸਭ ਕੁਝ ਜੋ ਉਨ੍ਹਾਂ ਨੇ ਇਕੱਠਾ ਕੀਤਾ ਸੀ+ ਅਤੇ ਸਾਰੇ ਨੌਕਰ-ਨੌਕਰਾਣੀਆਂ ਲੈ ਗਏ ਜੋ ਉਨ੍ਹਾਂ ਕੋਲ ਹਾਰਾਨ ਵਿਚ ਸਨ।+ ਕਨਾਨ ਦੇਸ਼ ਵਿਚ ਪਹੁੰਚਣ ਤੋਂ ਬਾਅਦ
6 ਅਬਰਾਮ ਉਸ ਦੇਸ਼ ਵਿਚ ਸਫ਼ਰ ਕਰਦਾ-ਕਰਦਾ ਮੋਰੇਹ+ ਦੇ ਵੱਡੇ ਦਰਖ਼ਤਾਂ ਕੋਲ ਸ਼ਕਮ ਨਾਂ ਦੀ ਜਗ੍ਹਾ+ ਆਇਆ। ਉਸ ਵੇਲੇ ਕਨਾਨੀ ਲੋਕ ਉਸ ਦੇਸ਼ ਵਿਚ ਰਹਿੰਦੇ ਸਨ।
7 ਫਿਰ ਯਹੋਵਾਹ ਅਬਰਾਮ ਸਾਮ੍ਹਣੇ ਪ੍ਰਗਟ ਹੋਇਆ ਅਤੇ ਕਿਹਾ: “ਮੈਂ ਤੇਰੀ ਸੰਤਾਨ*+ ਨੂੰ ਇਹ ਦੇਸ਼ ਦੇਣ ਜਾ ਰਿਹਾ ਹਾਂ।”+ ਇਸ ਲਈ ਅਬਰਾਮ ਨੇ ਉੱਥੇ ਯਹੋਵਾਹ ਲਈ ਇਕ ਵੇਦੀ ਬਣਾਈ ਜੋ ਉਸ ਦੇ ਸਾਮ੍ਹਣੇ ਪ੍ਰਗਟ ਹੋਇਆ ਸੀ।
8 ਬਾਅਦ ਵਿਚ ਉਹ ਉੱਥੋਂ ਬੈਤੇਲ+ ਦੇ ਪੂਰਬ ਵੱਲ ਇਕ ਪਹਾੜੀ ਇਲਾਕੇ ਵਿਚ ਚਲਾ ਗਿਆ ਅਤੇ ਜਿੱਥੇ ਉਸ ਨੇ ਡੇਰਾ ਲਾਇਆ, ਉੱਥੋਂ ਬੈਤੇਲ ਪੱਛਮ ਵੱਲ ਸੀ ਅਤੇ ਅਈ+ ਪੂਰਬ ਵੱਲ ਸੀ। ਉੱਥੇ ਉਸ ਨੇ ਯਹੋਵਾਹ ਲਈ ਇਕ ਵੇਦੀ ਬਣਾਈ+ ਅਤੇ ਯਹੋਵਾਹ ਦੇ ਨਾਂ ਦੀ ਮਹਿਮਾ ਕਰਨ ਲੱਗਾ।+
9 ਬਾਅਦ ਵਿਚ ਅਬਰਾਮ ਨੇ ਉੱਥੋਂ ਡੇਰਾ ਚੁੱਕ ਕੇ ਨੇਗੇਬ*+ ਵੱਲ ਨੂੰ ਸਫ਼ਰ ਕਰਨਾ ਸ਼ੁਰੂ ਕੀਤਾ ਅਤੇ ਸਫ਼ਰ ਦੌਰਾਨ ਥਾਂ-ਥਾਂ ਡੇਰਾ ਲਾਇਆ।
10 ਹੁਣ ਕਨਾਨ ਦੇਸ਼ ਵਿਚ ਕਾਲ਼ ਪੈ ਗਿਆ, ਇਸ ਲਈ ਅਬਰਾਮ ਕੁਝ ਸਮਾਂ ਮਿਸਰ ਰਹਿਣ ਲਈ ਚਲਾ ਗਿਆ*+ ਕਿਉਂਕਿ ਕਾਲ਼ ਕਰਕੇ ਦੇਸ਼ ਵਿਚ ਖਾਣ ਲਈ ਕੁਝ ਨਹੀਂ ਸੀ।+
11 ਜਦੋਂ ਉਹ ਮਿਸਰ ਵਿਚ ਦਾਖ਼ਲ ਹੋਣ ਵਾਲਾ ਸੀ, ਤਾਂ ਉਸ ਨੇ ਆਪਣੀ ਪਤਨੀ ਸਾਰਈ ਨੂੰ ਕਿਹਾ: “ਮੈਂ ਤੈਨੂੰ ਕੁਝ ਕਹਿਣਾ ਚਾਹੁੰਦਾਂ। ਕਿਰਪਾ ਕਰ ਕੇ ਮੇਰੀ ਗੱਲ ਸੁਣ। ਮਿਸਰ ਵਿਚ ਲੋਕਾਂ ਦਾ ਧਿਆਨ ਜ਼ਰੂਰ ਤੇਰੇ ਵੱਲ ਜਾਵੇਗਾ ਕਿਉਂਕਿ ਤੂੰ ਬਹੁਤ ਸੋਹਣੀ ਹੈਂ।+
12 ਤੈਨੂੰ ਦੇਖ ਕੇ ਉਹ ਕਹਿਣਗੇ, ‘ਇਹ ਇਸ ਦੀ ਪਤਨੀ ਹੈ।’ ਫਿਰ ਉਹ ਮੈਨੂੰ ਮਾਰ ਦੇਣਗੇ ਅਤੇ ਤੈਨੂੰ ਆਪਣੇ ਨਾਲ ਲੈ ਜਾਣਗੇ।
13 ਕਿਰਪਾ ਕਰ ਕੇ ਤੂੰ ਕਹਿ ਦੇਈਂ, ‘ਮੈਂ ਇਸ ਦੀ ਭੈਣ ਹਾਂ,’ ਇਸ ਲਈ ਤੇਰੇ ਕਰਕੇ ਮੇਰੇ ਨਾਲ ਕੁਝ ਵੀ ਬੁਰਾ ਨਹੀਂ ਹੋਵੇਗਾ ਅਤੇ ਮੇਰੀ ਜਾਨ ਬਖ਼ਸ਼ ਦਿੱਤੀ ਜਾਵੇਗੀ।”+
14 ਜਿਉਂ ਹੀ ਅਬਰਾਮ ਮਿਸਰ ਵਿਚ ਦਾਖ਼ਲ ਹੋਇਆ, ਤਾਂ ਮਿਸਰੀਆਂ ਨੇ ਦੇਖਿਆ ਕਿ ਉਸ ਦੇ ਨਾਲ ਜੋ ਔਰਤ ਸੀ, ਉਹ ਕਿੰਨੀ ਸੋਹਣੀ ਸੀ।
15 ਫ਼ਿਰਊਨ ਦੇ ਅਧਿਕਾਰੀਆਂ ਨੇ ਵੀ ਉਸ ਨੂੰ ਦੇਖਿਆ ਅਤੇ ਫ਼ਿਰਊਨ ਸਾਮ੍ਹਣੇ ਉਸ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਣੇ ਸ਼ੁਰੂ ਕਰ ਦਿੱਤੇ। ਇਸ ਲਈ ਉਸ ਔਰਤ ਨੂੰ ਫ਼ਿਰਊਨ ਦੇ ਘਰ ਵਿਚ ਲਿਆਂਦਾ ਗਿਆ।
16 ਉਸ ਨੇ ਸਾਰਈ ਕਰਕੇ ਅਬਰਾਮ ਨਾਲ ਚੰਗਾ ਸਲੂਕ ਕੀਤਾ ਅਤੇ ਉਸ ਨੂੰ ਭੇਡਾਂ, ਗਾਂਵਾਂ-ਬਲਦ, ਗਧੇ-ਗਧੀਆਂ, ਨੌਕਰ-ਨੌਕਰਾਣੀਆਂ ਅਤੇ ਊਠ ਦਿੱਤੇ।+
17 ਫਿਰ ਯਹੋਵਾਹ ਨੇ ਅਬਰਾਮ ਦੀ ਪਤਨੀ ਸਾਰਈ+ ਕਰਕੇ ਫ਼ਿਰਊਨ, ਉਸ ਦੇ ਪਰਿਵਾਰ ਅਤੇ ਨੌਕਰਾਂ-ਚਾਕਰਾਂ ਨੂੰ ਗੰਭੀਰ ਬੀਮਾਰੀਆਂ ਲਾ ਦਿੱਤੀਆਂ।
18 ਇਸ ਲਈ ਫ਼ਿਰਊਨ ਨੇ ਅਬਰਾਮ ਨੂੰ ਬੁਲਾ ਕੇ ਕਿਹਾ: “ਤੂੰ ਮੇਰੇ ਨਾਲ ਇਹ ਕੀ ਕੀਤਾ? ਤੂੰ ਮੈਨੂੰ ਕਿਉਂ ਨਹੀਂ ਦੱਸਿਆ ਕਿ ਇਹ ਤੇਰੀ ਪਤਨੀ ਹੈ?
19 ਤੂੰ ਇਹ ਕਿਉਂ ਕਿਹਾ ਕਿ ਇਹ ਤੇਰੀ ਭੈਣ ਹੈ?+ ਇਸੇ ਕਰਕੇ ਤਾਂ ਮੈਂ ਇਸ ਨੂੰ ਆਪਣੀ ਪਤਨੀ ਬਣਾਉਣ ਲੱਗਾ ਸੀ। ਹੁਣ ਤੂੰ ਆਪਣੀ ਪਤਨੀ ਨੂੰ ਲੈ ਕੇ ਇੱਥੋਂ ਚਲਾ ਜਾਹ!”
20 ਇਸ ਲਈ ਫ਼ਿਰਊਨ ਨੇ ਆਪਣੇ ਆਦਮੀਆਂ ਨੂੰ ਹੁਕਮ ਦਿੱਤਾ ਕਿ ਉਹ ਅਬਰਾਮ ਨੂੰ ਮਿਸਰ ਤੋਂ ਬਾਹਰ ਪਹੁੰਚਾ ਦੇਣ। ਉਨ੍ਹਾਂ ਨੇ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਉੱਥੋਂ ਘੱਲ ਦਿੱਤਾ ਅਤੇ ਉਸ ਨੂੰ ਆਪਣਾ ਸਾਰਾ ਕੁਝ ਨਾਲ ਲਿਜਾਣ ਦਿੱਤਾ।+
ਫੁਟਨੋਟ
^ ਜਾਂ, “ਪਰਿਵਾਰ ਤੇਰੇ ਰਾਹੀਂ ਆਪਣੇ ਲਈ ਬਰਕਤ ਹਾਸਲ ਕਰਨਗੇ।” ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਬਰਕਤਾਂ ਹਾਸਲ ਕਰਨ ਲਈ ਕੁਝ ਕਰਨ ਦੀ ਲੋੜ ਹੋਵੇਗੀ।
^ ਇਬ, “ਬੀ।”
^ ਜਾਂ, “ਦੱਖਣ।”
^ ਜਾਂ, “ਉੱਥੇ ਪਰਦੇਸੀ ਵਜੋਂ ਰਹਿਣ ਲਈ।”