ਉਤਪਤ 2:1-25
2 ਇਸ ਤਰ੍ਹਾਂ ਆਕਾਸ਼ ਅਤੇ ਧਰਤੀ ਅਤੇ ਉਨ੍ਹਾਂ ਵਿਚਲੀਆਂ ਸਾਰੀਆਂ ਚੀਜ਼ਾਂ ਦੇ ਬਣਾਏ ਜਾਣ ਦਾ ਕੰਮ ਪੂਰਾ ਹੋਇਆ।+
2 ਪਰਮੇਸ਼ੁਰ ਜੋ ਕੰਮ ਕਰ ਰਿਹਾ ਸੀ, ਉਸ ਨੂੰ ਸੱਤਵੇਂ ਦਿਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਪੂਰਾ ਕੀਤਾ। ਉਹ ਜੋ ਵੀ ਕੰਮ ਕਰ ਰਿਹਾ ਸੀ, ਉਹ ਖ਼ਤਮ ਕਰ ਕੇ ਉਸ ਨੇ ਸੱਤਵੇਂ ਦਿਨ ਆਰਾਮ ਕਰਨਾ ਸ਼ੁਰੂ ਕੀਤਾ।+
3 ਪਰਮੇਸ਼ੁਰ ਨੇ ਸੱਤਵੇਂ ਦਿਨ ਨੂੰ ਬਰਕਤ ਦਿੱਤੀ ਅਤੇ ਇਸ ਨੂੰ ਪਵਿੱਤਰ ਠਹਿਰਾਇਆ* ਕਿਉਂਕਿ ਉਸ ਨੇ ਜੋ ਵੀ ਬਣਾਉਣ ਦਾ ਇਰਾਦਾ ਕੀਤਾ ਸੀ, ਉਸ ਕੰਮ ਨੂੰ ਪੂਰਾ ਕਰ ਕੇ ਸੱਤਵੇਂ ਦਿਨ ਤੋਂ ਉਹ ਆਰਾਮ ਕਰ ਰਿਹਾ ਹੈ।
4 ਇਹ ਆਕਾਸ਼ ਅਤੇ ਧਰਤੀ ਨੂੰ ਬਣਾਏ ਜਾਣ ਦੇ ਸਮੇਂ ਦਾ ਇਤਿਹਾਸ ਹੈ ਜਿਸ ਦਿਨ ਯਹੋਵਾਹ* ਪਰਮੇਸ਼ੁਰ ਨੇ ਧਰਤੀ ਅਤੇ ਆਕਾਸ਼ ਨੂੰ ਬਣਾਇਆ ਸੀ।+
5 ਧਰਤੀ ਉੱਤੇ ਅਜੇ ਕੋਈ ਝਾੜੀ ਜਾਂ ਪੇੜ-ਪੌਦਾ ਉੱਗਿਆ ਨਹੀਂ ਸੀ ਕਿਉਂਕਿ ਯਹੋਵਾਹ ਪਰਮੇਸ਼ੁਰ ਨੇ ਅਜੇ ਧਰਤੀ ਉੱਤੇ ਮੀਂਹ ਨਹੀਂ ਪਾਇਆ ਸੀ ਅਤੇ ਜ਼ਮੀਨ ਦੀ ਵਾਹੀ ਕਰਨ ਲਈ ਕੋਈ ਇਨਸਾਨ ਨਹੀਂ ਸੀ।
6 ਪਰ ਜ਼ਮੀਨ ’ਤੇ ਧੁੰਦ* ਪੈਂਦੀ ਸੀ ਅਤੇ ਧਰਤੀ ਨੂੰ ਸਿੰਜਦੀ ਸੀ।
7 ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਬਣਾਇਆ+ ਅਤੇ ਉਸ ਦੀਆਂ ਨਾਸਾਂ ਵਿਚ ਜੀਵਨ ਦਾ ਸਾਹ ਫੂਕਿਆ+ ਅਤੇ ਆਦਮੀ ਜੀਉਂਦਾ ਇਨਸਾਨ ਬਣ ਗਿਆ।+
8 ਇਸ ਤੋਂ ਇਲਾਵਾ, ਯਹੋਵਾਹ ਪਰਮੇਸ਼ੁਰ ਨੇ ਪੂਰਬ ਵੱਲ ਅਦਨ ਵਿਚ ਇਕ ਬਾਗ਼ ਲਾਇਆ;+ ਅਤੇ ਉਸ ਨੇ ਜਿਸ ਆਦਮੀ ਨੂੰ ਬਣਾਇਆ ਸੀ, ਉਸ ਨੂੰ ਉੱਥੇ ਰੱਖਿਆ।+
9 ਯਹੋਵਾਹ ਪਰਮੇਸ਼ੁਰ ਨੇ ਹਰ ਤਰ੍ਹਾਂ ਦਾ ਦਰਖ਼ਤ ਜੋ ਦੇਖਣ ਨੂੰ ਸੋਹਣਾ ਅਤੇ ਜਿਸ ਦਾ ਫਲ ਖਾਣ ਲਈ ਚੰਗਾ ਸੀ, ਲਾਇਆ ਅਤੇ ਉਸ ਨੇ ਬਾਗ਼ ਦੇ ਵਿਚਕਾਰ ਜੀਵਨ ਦਾ ਦਰਖ਼ਤ+ ਅਤੇ ਚੰਗੇ-ਬੁਰੇ ਦੇ ਗਿਆਨ ਦਾ ਦਰਖ਼ਤ+ ਵੀ ਲਾਇਆ।
10 ਅਦਨ ਵਿੱਚੋਂ ਇਕ ਦਰਿਆ ਨਿਕਲਦਾ ਸੀ ਜੋ ਬਾਗ਼ ਨੂੰ ਸਿੰਜਦਾ ਸੀ। ਇਹ ਅੱਗੇ ਜਾ ਕੇ ਚਾਰ ਦਰਿਆਵਾਂ ਵਿਚ ਵੰਡਿਆ ਗਿਆ।
11 ਪਹਿਲੇ ਦਾ ਨਾਂ ਪੀਸ਼ੋਨ ਹੈ ਜੋ ਪੂਰੇ ਹਵੀਲਾਹ ਦੇਸ਼ ਦੇ ਦੁਆਲਿਓਂ ਲੰਘਦਾ ਹੈ। ਉੱਥੇ ਸੋਨਾ ਹੁੰਦਾ ਹੈ।
12 ਉਸ ਦੇਸ਼ ਦਾ ਸੋਨਾ ਖਾਲਸ ਹੁੰਦਾ ਹੈ। ਉੱਥੇ ਗੁੱਗਲ ਦੇ ਦਰਖ਼ਤ ਦੀ ਗੂੰਦ ਅਤੇ ਸੁਲੇਮਾਨੀ ਪੱਥਰ ਵੀ ਮਿਲਦੇ ਹਨ।
13 ਦੂਸਰੇ ਦਰਿਆ ਦਾ ਨਾਂ ਗੀਹੋਨ ਹੈ। ਇਹ ਪੂਰੇ ਕੂਸ਼ ਦੇਸ਼ ਦੇ ਦੁਆਲਿਓਂ ਲੰਘਦਾ ਹੈ।
14 ਤੀਸਰੇ ਦਰਿਆ ਦਾ ਨਾਂ ਹਿੱਦਕਲ* ਹੈ।+ ਇਹ ਅੱਸ਼ੂਰ+ ਦੇ ਪੂਰਬ ਵੱਲ ਜਾਂਦਾ ਹੈ। ਚੌਥਾ ਦਰਿਆ ਫ਼ਰਾਤ ਹੈ।+
15 ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਅਦਨ ਦੇ ਬਾਗ਼ ਵਿਚ ਰੱਖਿਆ ਤਾਂਕਿ ਉਹ ਇਸ ਦੀ ਵਾਹੀ ਅਤੇ ਦੇਖ-ਭਾਲ ਕਰੇ।+
16 ਯਹੋਵਾਹ ਪਰਮੇਸ਼ੁਰ ਨੇ ਉਸ ਆਦਮੀ ਨੂੰ ਇਹ ਹੁਕਮ ਵੀ ਦਿੱਤਾ: “ਤੂੰ ਬਾਗ਼ ਦੇ ਹਰ ਦਰਖ਼ਤ ਦਾ ਫਲ ਰੱਜ ਕੇ ਖਾ ਸਕਦਾ ਹੈਂ।+
17 ਪਰ ਤੂੰ ਚੰਗੇ-ਬੁਰੇ ਦੇ ਗਿਆਨ ਦੇ ਦਰਖ਼ਤ ਦਾ ਫਲ ਹਰਗਿਜ਼ ਨਾ ਖਾਈਂ ਕਿਉਂਕਿ ਜਿਸ ਦਿਨ ਤੂੰ ਉਸ ਦਾ ਫਲ ਖਾਵੇਂਗਾ, ਤੂੰ ਜ਼ਰੂਰ ਮਰ ਜਾਵੇਂਗਾ।”+
18 ਫਿਰ ਯਹੋਵਾਹ ਪਰਮੇਸ਼ੁਰ ਨੇ ਕਿਹਾ: “ਇਹ ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ। ਮੈਂ ਉਸ ਲਈ ਇਕ ਮਦਦਗਾਰ ਬਣਾਵਾਂਗਾ ਜੋ ਉਸ ਦਾ ਸਾਥ ਦੇਵੇਗੀ।”+
19 ਯਹੋਵਾਹ ਪਰਮੇਸ਼ੁਰ ਨੇ ਮਿੱਟੀ ਤੋਂ ਹਰ ਜੰਗਲੀ ਜਾਨਵਰ ਅਤੇ ਆਕਾਸ਼ ਵਿਚ ਉੱਡਣ ਵਾਲਾ ਹਰ ਜੀਵ ਬਣਾਇਆ ਸੀ। ਉਸ ਨੇ ਉਨ੍ਹਾਂ ਨੂੰ ਆਦਮੀ ਕੋਲ ਇਹ ਦੇਖਣ ਲਈ ਲਿਆਉਣਾ ਸ਼ੁਰੂ ਕੀਤਾ ਕਿ ਉਹ ਹਰ ਇਕ ਨੂੰ ਕੀ ਸੱਦੇਗਾ। ਆਦਮੀ ਨੇ ਹਰ ਜੀਵ-ਜੰਤੂ ਨੂੰ ਜੋ ਵੀ ਸੱਦਿਆ, ਉਹ ਉਸ ਦਾ ਨਾਂ ਪੈ ਗਿਆ।+
20 ਇਸ ਤਰ੍ਹਾਂ ਆਦਮੀ ਨੇ ਸਾਰੇ ਪਾਲਤੂ ਪਸ਼ੂਆਂ ਅਤੇ ਆਕਾਸ਼ ਵਿਚ ਉੱਡਣ ਵਾਲੇ ਜੀਵਾਂ ਅਤੇ ਸਾਰੇ ਜੰਗਲੀ ਜਾਨਵਰਾਂ ਦੇ ਨਾਂ ਰੱਖੇ। ਪਰ ਆਦਮੀ ਦਾ ਸਾਥ ਦੇਣ ਲਈ ਕੋਈ ਮਦਦਗਾਰ ਨਹੀਂ ਸੀ।
21 ਇਸ ਲਈ ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਗੂੜ੍ਹੀ ਨੀਂਦ ਸੁਲਾ ਦਿੱਤਾ ਅਤੇ ਜਦੋਂ ਉਹ ਸੌਂ ਰਿਹਾ ਸੀ, ਤਾਂ ਪਰਮੇਸ਼ੁਰ ਨੇ ਉਸ ਦੀ ਇਕ ਪਸਲੀ ਕੱਢੀ ਅਤੇ ਉੱਥੋਂ ਜ਼ਖ਼ਮ ਠੀਕ ਕਰ ਦਿੱਤਾ।
22 ਅਤੇ ਯਹੋਵਾਹ ਪਰਮੇਸ਼ੁਰ ਨੇ ਆਦਮੀ ਵਿੱਚੋਂ ਕੱਢੀ ਪਸਲੀ ਤੋਂ ਇਕ ਔਰਤ ਬਣਾਈ ਅਤੇ ਉਹ ਉਸ ਔਰਤ ਨੂੰ ਆਦਮੀ ਕੋਲ ਲਿਆਇਆ।+
23 ਫਿਰ ਆਦਮੀ ਨੇ ਕਿਹਾ:
“ਇਹ ਮੇਰੀਆਂ ਹੱਡੀਆਂ ਵਿੱਚੋਂ ਹੱਡੀਅਤੇ ਮੇਰੇ ਮਾਸ ਵਿੱਚੋਂ ਮਾਸ ਹੈ।
ਇਹ ਔਰਤ ਕਹਾਏਗੀਕਿਉਂਕਿ ਇਹ ਆਦਮੀ ਤੋਂ ਬਣਾਈ ਗਈ ਹੈ।”+
24 ਇਸ ਕਰਕੇ ਆਦਮੀ ਆਪਣੇ ਮਾਂ-ਬਾਪ ਨੂੰ ਛੱਡ ਕੇ ਆਪਣੀ ਪਤਨੀ ਨਾਲ ਰਹੇਗਾ ਅਤੇ ਉਹ ਇਕ ਸਰੀਰ ਹੋਣਗੇ।+
25 ਆਦਮੀ ਅਤੇ ਉਸ ਦੀ ਪਤਨੀ ਦੋਵੇਂ ਨੰਗੇ ਸਨ,+ ਪਰ ਉਨ੍ਹਾਂ ਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ ਸੀ।
ਫੁਟਨੋਟ
^ ਜਾਂ, “ਆਪਣੇ ਖ਼ਾਸ ਮਕਸਦ ਲਈ ਰੱਖਿਆ।”
^ ਪਰਮੇਸ਼ੁਰ ਦਾ ਇਹ ਅਨੋਖਾ ਨਾਂ יהוה (ਯ ਹ ਵ ਹ) ਪਹਿਲੀ ਵਾਰ ਇਸ ਆਇਤ ਵਿਚ ਆਉਂਦਾ ਹੈ। ਵਧੇਰੇ ਜਾਣਕਾਰੀ 1.4 ਦੇਖੋ।
^ ਜ਼ਾਹਰ ਹੈ ਕਿ ਪਾਣੀ ਭਾਫ਼ ਬਣ ਕੇ ਉੱਡਦਾ ਸੀ ਅਤੇ ਫਿਰ ਭਾਫ਼ ਠੰਢੀ ਹੋ ਕੇ ਨਮੀ ਦੇ ਰੂਪ ਵਿਚ ਪੇੜ-ਪੌਦਿਆਂ ਨੂੰ ਸਿੰਜਦੀ ਸੀ।
^ ਜਾਂ, “ਟਾਈਗ੍ਰਿਸ।”