ਉਤਪਤ 23:1-20
-
ਸਾਰਾਹ ਦੀ ਮੌਤ ਅਤੇ ਉਸ ਨੂੰ ਦਫ਼ਨਾਇਆ ਜਾਣਾ (1-20)
23 ਸਾਰਾਹ ਦੀ ਪੂਰੀ ਉਮਰ 127 ਸਾਲ ਸੀ;+
2 ਉਹ ਕਨਾਨ ਦੇਸ਼+ ਦੇ ਕਿਰਯਥ-ਅਰਬਾ+ ਸ਼ਹਿਰ (ਜੋ ਕਿ ਹਬਰੋਨ+ ਹੈ) ਵਿਚ ਮਰ ਗਈ ਅਤੇ ਅਬਰਾਹਾਮ ਸਾਰਾਹ ਦੀ ਮੌਤ ਕਰਕੇ ਰੋਣ ਅਤੇ ਸੋਗ ਮਨਾਉਣ ਲੱਗਾ।
3 ਫਿਰ ਅਬਰਾਹਾਮ ਆਪਣੀ ਪਤਨੀ ਦੀ ਲਾਸ਼ ਦੇ ਸਾਮ੍ਹਣਿਓਂ ਉੱਠਿਆ ਅਤੇ ਉਸ ਨੇ ਹਿੱਤੀ+ ਲੋਕਾਂ* ਨੂੰ ਕਿਹਾ:
4 “ਮੈਂ ਤੁਹਾਡੇ ਦੇਸ਼ ਵਿਚ ਪਰਦੇਸੀ ਹਾਂ।+ ਕਿਰਪਾ ਕਰ ਕੇ ਤੁਸੀਂ ਆਪਣੀ ਜ਼ਮੀਨ ਵਿੱਚੋਂ ਕੁਝ ਮੈਨੂੰ ਵੇਚ ਦਿਓ ਤਾਂਕਿ ਉੱਥੇ ਮੈਂ ਆਪਣੀ ਪਤਨੀ ਨੂੰ ਦਫ਼ਨਾ ਸਕਾਂ।”
5 ਇਹ ਸੁਣ ਕੇ ਹਿੱਤੀ ਲੋਕਾਂ ਨੇ ਅਬਰਾਹਾਮ ਨੂੰ ਕਿਹਾ:
6 “ਪ੍ਰਭੂ, ਸਾਡੀ ਗੱਲ ਸੁਣ। ਸਾਨੂੰ ਪਤਾ ਹੈ ਕਿ ਪਰਮੇਸ਼ੁਰ ਨੇ ਤੈਨੂੰ ਮੁਖੀ* ਬਣਾਇਆ ਹੈ।+ ਤੂੰ ਸਾਡੀ ਕਿਸੇ ਵੀ ਵਧੀਆ ਕਬਰ ਵਿਚ ਆਪਣੀ ਪਤਨੀ ਨੂੰ ਦਫ਼ਨਾ ਸਕਦਾ ਹੈਂ। ਸਾਡੇ ਵਿੱਚੋਂ ਕੋਈ ਵੀ ਆਪਣੇ ਕਬਰਸਤਾਨ ਵਿਚ ਤੈਨੂੰ ਆਪਣੀ ਪਤਨੀ ਨੂੰ ਦਫ਼ਨਾਉਣ ਤੋਂ ਨਹੀਂ ਰੋਕੇਗਾ।”
7 ਫਿਰ ਅਬਰਾਹਾਮ ਖੜ੍ਹਾ ਹੋਇਆ ਅਤੇ ਦੇਸ਼ ਦੇ ਨਿਵਾਸੀਆਂ ਯਾਨੀ ਹਿੱਤੀ+ ਲੋਕਾਂ ਅੱਗੇ ਝੁਕਿਆ
8 ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਸੀਂ ਸਹਿਮਤ ਹੋ ਕਿ ਮੈਂ ਇੱਥੇ ਆਪਣੀ ਪਤਨੀ ਨੂੰ ਦਫ਼ਨਾਵਾਂ, ਤਾਂ ਮੇਰੇ ਵੱਲੋਂ ਸੋਹਰ ਦੇ ਪੁੱਤਰ ਅਫਰੋਨ ਨੂੰ ਬੇਨਤੀ ਕਰੋ
9 ਕਿ ਉਹ ਮਕਫੇਲਾਹ ਵਿਚਲੀ ਆਪਣੀ ਗੁਫਾ ਮੈਨੂੰ ਵੇਚ ਦੇਵੇ ਜੋ ਉਸ ਦੀ ਜ਼ਮੀਨ ਦੇ ਬੰਨੇ ’ਤੇ ਹੈ। ਉਹ ਕੀਮਤ ਦੇ ਤੌਰ ਤੇ ਜਿੰਨੀ ਵੀ ਚਾਂਦੀ ਲੈਣੀ ਚਾਹੁੰਦਾ ਹੈ, ਮੈਂ ਤੁਹਾਡੇ ਸਾਰਿਆਂ ਦੀ ਮੌਜੂਦਗੀ ਵਿਚ ਪੂਰੀ ਕੀਮਤ ਦੇਣ ਲਈ ਤਿਆਰ ਹਾਂ+ ਤਾਂਕਿ ਕਬਰਸਤਾਨ ਲਈ ਮੇਰੇ ਕੋਲ ਜਗ੍ਹਾ ਹੋਵੇ।”+
10 ਉੱਥੇ ਹਿੱਤੀ ਲੋਕਾਂ ਵਿਚ ਅਫਰੋਨ ਬੈਠਾ ਹੋਇਆ ਸੀ। ਹਿੱਤੀ ਲੋਕਾਂ ਅਤੇ ਸ਼ਹਿਰ ਦੇ ਦਰਵਾਜ਼ੇ+ ’ਤੇ ਬੈਠੇ ਸਾਰੇ ਲੋਕਾਂ ਸਾਮ੍ਹਣੇ ਹਿੱਤੀ ਅਫਰੋਨ ਨੇ ਅਬਰਾਹਾਮ ਨੂੰ ਕਿਹਾ:
11 “ਨਹੀਂ ਪ੍ਰਭੂ, ਮੇਰੀ ਗੱਲ ਸੁਣ। ਮੈਂ ਤੈਨੂੰ ਜ਼ਮੀਨ ਅਤੇ ਇਸ ਵਿਚਲੀ ਕਬਰ ਦੋਵੇਂ ਦਿੰਦਾ ਹਾਂ। ਮੈਂ ਆਪਣੇ ਲੋਕਾਂ ਦੀ ਮੌਜੂਦਗੀ ਵਿਚ ਇਹ ਤੈਨੂੰ ਦਿੰਦਾ ਹਾਂ। ਤੂੰ ਆਪਣੀ ਪਤਨੀ ਨੂੰ ਦਫ਼ਨਾ ਦੇ।”
12 ਇਹ ਸੁਣ ਕੇ ਅਬਰਾਹਾਮ ਦੇਸ਼ ਦੇ ਲੋਕਾਂ ਅੱਗੇ ਝੁਕਿਆ
13 ਅਤੇ ਲੋਕਾਂ ਦੀ ਮੌਜੂਦਗੀ ਵਿਚ ਅਫਰੋਨ ਨੂੰ ਕਿਹਾ: “ਕਿਰਪਾ ਕਰ ਕੇ ਮੇਰੀ ਗੱਲ ਸੁਣ। ਉਸ ਜ਼ਮੀਨ ਦੀ ਜਿੰਨੀ ਕੀਮਤ ਹੈ, ਮੇਰੇ ਤੋਂ ਉੱਨੀ ਚਾਂਦੀ ਕਬੂਲ ਕਰ। ਮੈਂ ਤੈਨੂੰ ਪੂਰੀ ਕੀਮਤ ਦਿਆਂਗਾ ਤਾਂਕਿ ਮੈਂ ਉੱਥੇ ਆਪਣੀ ਪਤਨੀ ਨੂੰ ਦਫ਼ਨਾ ਸਕਾਂ।”
14 ਅਫਰੋਨ ਨੇ ਅਬਰਾਹਾਮ ਨੂੰ ਜਵਾਬ ਦਿੱਤਾ:
15 “ਪ੍ਰਭੂ ਮੇਰੀ ਗੱਲ ਸੁਣ। ਇਸ ਜ਼ਮੀਨ ਦੀ ਕੀਮਤ 400 ਸ਼ੇਕੇਲ* ਚਾਂਦੀ ਹੈ। ਪਰ ਤੂੰ ਪੈਸੇ ਦੀ ਪਰਵਾਹ ਨਾ ਕਰ। ਤੂੰ ਆਪਣੀ ਪਤਨੀ ਨੂੰ ਦਫ਼ਨਾ।”
16 ਅਬਰਾਹਾਮ ਨੇ ਅਫਰੋਨ ਦੀ ਗੱਲ ਮੰਨ ਕੇ ਉਸ ਸਮੇਂ ਵਪਾਰੀਆਂ ਦੁਆਰਾ ਵਰਤੇ ਜਾਂਦੇ ਵੱਟਿਆਂ ਨਾਲ 400 ਸ਼ੇਕੇਲ* ਚਾਂਦੀ ਤੋਲ ਕੇ ਅਫਰੋਨ ਨੂੰ ਦੇ ਦਿੱਤੀ ਜਿੰਨੀ ਉਸ ਨੇ ਹਿੱਤੀ ਲੋਕਾਂ ਸਾਮ੍ਹਣੇ ਦੱਸੀ ਸੀ।+
17 ਇਸ ਤਰ੍ਹਾਂ ਮਮਰੇ ਲਾਗੇ ਮਕਫੇਲਾਹ ਵਿਚ ਅਫਰੋਨ ਦੀ ਜ਼ਮੀਨ ਅਤੇ ਉਸ ਵਿਚਲੀ ਗੁਫਾ ਅਤੇ ਜ਼ਮੀਨ ਦੀਆਂ ਹੱਦਾਂ ਵਿਚ ਲੱਗੇ ਸਾਰੇ ਦਰਖ਼ਤ
18 ਅਬਰਾਹਾਮ ਦੇ ਹੋ ਗਏ ਕਿਉਂਕਿ ਉਸ ਨੇ ਉੱਥੇ ਮੌਜੂਦ ਹਿੱਤੀ ਲੋਕਾਂ ਅਤੇ ਸ਼ਹਿਰ ਦੇ ਦਰਵਾਜ਼ੇ ਉੱਤੇ ਇਕੱਠੇ ਹੋਏ ਲੋਕਾਂ ਸਾਮ੍ਹਣੇ ਇਹ ਸਭ ਕੁਝ ਖ਼ਰੀਦ ਲਿਆ ਸੀ।
19 ਬਾਅਦ ਵਿਚ ਅਬਰਾਹਾਮ ਨੇ ਮਕਫੇਲਾਹ ਦੀ ਗੁਫਾ ਵਿਚ ਸਾਰਾਹ ਨੂੰ ਦਫ਼ਨਾ ਦਿੱਤਾ ਜੋ ਕਨਾਨ ਦੇਸ਼ ਦੇ ਮਮਰੇ (ਇਸ ਨੂੰ ਹਬਰੋਨ ਵੀ ਕਿਹਾ ਜਾਂਦਾ ਹੈ) ਲਾਗੇ ਹੈ।
20 ਇਸ ਤਰ੍ਹਾਂ ਹਿੱਤੀ ਲੋਕਾਂ ਨੇ ਉਹ ਜ਼ਮੀਨ ਅਤੇ ਇਸ ਵਿਚਲੀ ਗੁਫਾ ਕਬਰਸਤਾਨ ਵਾਸਤੇ ਅਬਰਾਹਾਮ ਦੇ ਨਾਂ ਕਰ ਦਿੱਤੀ।+
ਫੁਟਨੋਟ
^ ਇਬ, “ਹੇਥ ਦੇ ਪੁੱਤਰਾਂ।”
^ ਜਾਂ ਸੰਭਵ ਹੈ, “ਵੱਡਾ ਮੁਖੀ।”
^ ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
^ ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।