ਉਤਪਤ 30:1-43
30 ਜਦੋਂ ਰਾਕੇਲ ਨੇ ਦੇਖਿਆ ਕਿ ਉਹ ਯਾਕੂਬ ਦੇ ਇਕ ਵੀ ਬੱਚੇ ਨੂੰ ਜਨਮ ਨਹੀਂ ਦੇ ਸਕੀ, ਤਾਂ ਉਹ ਆਪਣੀ ਭੈਣ ਨਾਲ ਈਰਖਾ ਕਰਨ ਲੱਗ ਪਈ। ਉਹ ਯਾਕੂਬ ਨੂੰ ਵਾਰ-ਵਾਰ ਕਹਿੰਦੀ ਹੁੰਦੀ ਸੀ: “ਮੈਨੂੰ ਵੀ ਬੱਚੇ ਦੇ, ਨਹੀਂ ਤਾਂ ਮੈਂ ਮਰ ਜਾਵਾਂਗੀ।”
2 ਇਹ ਸੁਣ ਕੇ ਯਾਕੂਬ ਨੇ ਗੁੱਸੇ ਵਿਚ ਭੜਕਦੇ ਹੋਏ ਰਾਕੇਲ ਨੂੰ ਕਿਹਾ: “ਰੱਬ ਨੇ ਤੇਰੀ ਕੁੱਖ ਬੰਦ ਕਰ ਰੱਖੀ ਹੈ। ਕੀ ਮੈਂ ਰੱਬ ਹਾਂ? ਮੈਨੂੰ ਜ਼ਿੰਮੇਵਾਰ ਨਾ ਠਹਿਰਾ।”
3 ਇਸ ਲਈ ਰਾਕੇਲ ਨੇ ਉਸ ਨੂੰ ਕਿਹਾ: “ਤੂੰ ਮੇਰੀ ਨੌਕਰਾਣੀ ਬਿਲਹਾਹ+ ਨਾਲ ਸੰਬੰਧ ਬਣਾ ਤਾਂਕਿ ਉਹ ਮੇਰੇ ਲਈ ਬੱਚੇ ਪੈਦਾ ਕਰੇ ਅਤੇ ਉਸ ਦੇ ਰਾਹੀਂ ਮੇਰੇ ਵੀ ਬੱਚੇ ਹੋਣ।”
4 ਫਿਰ ਰਾਕੇਲ ਨੇ ਉਸ ਨੂੰ ਆਪਣੀ ਨੌਕਰਾਣੀ ਬਿਲਹਾਹ ਦਿੱਤੀ ਤਾਂਕਿ ਉਹ ਉਸ ਦੀ ਪਤਨੀ ਬਣੇ ਅਤੇ ਯਾਕੂਬ ਨੇ ਉਸ ਨਾਲ ਸੰਬੰਧ ਬਣਾਏ।+
5 ਬਿਲਹਾਹ ਗਰਭਵਤੀ ਹੋਈ ਅਤੇ ਉਸ ਨੇ ਯਾਕੂਬ ਦੇ ਮੁੰਡੇ ਨੂੰ ਜਨਮ ਦਿੱਤਾ।
6 ਫਿਰ ਰਾਕੇਲ ਨੇ ਕਿਹਾ: “ਪਰਮੇਸ਼ੁਰ ਨੇ ਮੇਰੇ ਨਾਲ ਨਿਆਂ ਕੀਤਾ ਹੈ ਅਤੇ ਉਸ ਨੇ ਮੇਰੀ ਫ਼ਰਿਆਦ ਸੁਣ ਕੇ ਮੇਰੀ ਝੋਲ਼ੀ ਵਿਚ ਇਕ ਪੁੱਤਰ ਪਾਇਆ ਹੈ।” ਇਸ ਕਰਕੇ ਉਸ ਨੇ ਮੁੰਡੇ ਦਾ ਨਾਂ ਦਾਨ*+ ਰੱਖਿਆ।
7 ਰਾਕੇਲ ਦੀ ਨੌਕਰਾਣੀ ਬਿਲਹਾਹ ਦੁਬਾਰਾ ਗਰਭਵਤੀ ਹੋਈ ਅਤੇ ਉਸ ਨੇ ਯਾਕੂਬ ਦੇ ਦੂਜੇ ਮੁੰਡੇ ਨੂੰ ਜਨਮ ਦਿੱਤਾ।
8 ਰਾਕੇਲ ਨੇ ਕਿਹਾ: “ਮੈਂ ਪੂਰਾ ਜ਼ੋਰ ਲਾ ਕੇ ਆਪਣੀ ਭੈਣ ਨਾਲ ਘੋਲ਼ ਕੀਤਾ ਅਤੇ ਜਿੱਤ ਵੀ ਗਈ!” ਇਸ ਲਈ ਉਸ ਨੇ ਮੁੰਡੇ ਦਾ ਨਾਂ ਨਫ਼ਤਾਲੀ*+ ਰੱਖਿਆ।
9 ਜਦੋਂ ਲੇਆਹ ਨੇ ਦੇਖਿਆ ਕਿ ਹੁਣ ਉਸ ਦੇ ਬੱਚੇ ਨਹੀਂ ਹੋ ਰਹੇ ਸਨ, ਤਾਂ ਉਸ ਨੇ ਯਾਕੂਬ ਨੂੰ ਆਪਣੀ ਨੌਕਰਾਣੀ ਜਿਲਫਾਹ ਦਿੱਤੀ ਤਾਂਕਿ ਉਹ ਉਸ ਦੀ ਪਤਨੀ ਬਣੇ।+
10 ਲੇਆਹ ਦੀ ਨੌਕਰਾਣੀ ਜਿਲਫਾਹ ਨੇ ਯਾਕੂਬ ਦੇ ਮੁੰਡੇ ਨੂੰ ਜਨਮ ਦਿੱਤਾ।
11 ਲੇਆਹ ਨੇ ਕਿਹਾ: “ਮੈਨੂੰ ਕਿੰਨੀ ਵੱਡੀ ਬਰਕਤ ਮਿਲੀ ਹੈ!” ਇਸ ਲਈ ਉਸ ਨੇ ਮੁੰਡੇ ਦਾ ਨਾਂ ਗਾਦ*+ ਰੱਖਿਆ।
12 ਬਾਅਦ ਵਿਚ ਲੇਆਹ ਦੀ ਨੌਕਰਾਣੀ ਜਿਲਫਾਹ ਨੇ ਯਾਕੂਬ ਦੇ ਦੂਸਰੇ ਮੁੰਡੇ ਨੂੰ ਜਨਮ ਦਿੱਤਾ।
13 ਲੇਆਹ ਨੇ ਉਸ ਵੇਲੇ ਕਿਹਾ: “ਮੇਰੀ ਖ਼ੁਸ਼ੀ ਦੀ ਕੋਈ ਸੀਮਾ ਨਹੀਂ ਹੈ! ਵਾਕਈ, ਔਰਤਾਂ* ਮੈਨੂੰ ਸੁਖੀ ਕਹਿਣਗੀਆਂ!”+ ਇਸ ਲਈ ਉਸ ਨੇ ਮੁੰਡੇ ਦਾ ਨਾਂ ਆਸ਼ੇਰ*+ ਰੱਖਿਆ।
14 ਕਣਕ ਦੀ ਵਾਢੀ ਦੇ ਦਿਨਾਂ ਵਿਚ ਰਊਬੇਨ+ ਨੂੰ ਤੁਰਦੇ-ਤੁਰਦੇ ਮੈਦਾਨ ਵਿਚ ਦੂਦੀਆਂ* ਲੱਭੀਆਂ। ਉਸ ਨੇ ਉਹ ਦੂਦੀਆਂ ਲਿਆ ਕੇ ਆਪਣੀ ਮਾਂ ਲੇਆਹ ਨੂੰ ਦੇ ਦਿੱਤੀਆਂ। ਫਿਰ ਰਾਕੇਲ ਨੇ ਲੇਆਹ ਨੂੰ ਕਿਹਾ: “ਕਿਰਪਾ ਕਰ ਕੇ ਮੈਨੂੰ ਵੀ ਥੋੜ੍ਹੀਆਂ ਜਿਹੀਆਂ ਦੂਦੀਆਂ ਦੇ ਦੇ ਜੋ ਤੇਰੇ ਪੁੱਤਰ ਨੇ ਲਿਆਂਦੀਆਂ ਹਨ।”
15 ਇਹ ਸੁਣ ਕੇ ਲੇਆਹ ਨੇ ਉਸ ਨੂੰ ਕਿਹਾ: “ਤੂੰ ਪਹਿਲਾਂ ਮੇਰੇ ਨਾਲ ਘੱਟ ਕੀਤੀ! ਇਕ ਤਾਂ ਤੂੰ ਮੇਰਾ ਪਤੀ ਖੋਹ ਲਿਆ।+ ਹੁਣ ਤੂੰ ਮੇਰੇ ਪੁੱਤਰ ਦੀਆਂ ਲਿਆਂਦੀਆਂ ਦੂਦੀਆਂ ਵੀ ਲੈਣਾ ਚਾਹੁੰਦੀ ਹੈਂ?” ਇਸ ਲਈ ਰਾਕੇਲ ਨੇ ਕਿਹਾ: “ਜੇ ਇਹ ਗੱਲ ਹੈ, ਤਾਂ ਤੇਰੇ ਪੁੱਤਰ ਦੁਆਰਾ ਲਿਆਂਦੀਆਂ ਦੂਦੀਆਂ ਬਦਲੇ ਯਾਕੂਬ ਅੱਜ ਰਾਤ ਤੇਰੇ ਨਾਲ ਸੌਵੇਂਗਾ।”
16 ਜਦੋਂ ਸ਼ਾਮ ਨੂੰ ਯਾਕੂਬ ਖੇਤਾਂ ਤੋਂ ਵਾਪਸ ਆ ਰਿਹਾ ਸੀ, ਤਾਂ ਲੇਆਹ ਉਸ ਨੂੰ ਮਿਲਣ ਗਈ ਅਤੇ ਕਿਹਾ: “ਅੱਜ ਰਾਤ ਤੂੰ ਮੇਰੇ ਨਾਲ ਸੌਵੇਂਗਾ ਕਿਉਂਕਿ ਮੈਂ ਤੈਨੂੰ ਉਨ੍ਹਾਂ ਦੂਦੀਆਂ ਦੇ ਬਦਲੇ ਕਿਰਾਏ ਤੇ ਲਿਆ ਹੈ ਜੋ ਮੇਰੇ ਪੁੱਤਰ ਨੇ ਲਿਆਂਦੀਆਂ ਹਨ।” ਇਸ ਲਈ ਯਾਕੂਬ ਉਸ ਰਾਤ ਲੇਆਹ ਨਾਲ ਸੁੱਤਾ।
17 ਪਰਮੇਸ਼ੁਰ ਨੇ ਲੇਆਹ ਦੀ ਫ਼ਰਿਆਦ ਸੁਣੀ ਅਤੇ ਉਹ ਗਰਭਵਤੀ ਹੋਈ ਅਤੇ ਯਾਕੂਬ ਦੇ ਪੰਜਵੇਂ ਮੁੰਡੇ ਨੂੰ ਜਨਮ ਦਿੱਤਾ।
18 ਫਿਰ ਲੇਆਹ ਨੇ ਕਿਹਾ: “ਪਰਮੇਸ਼ੁਰ ਨੇ ਮੈਨੂੰ ਮੇਰੀ ਮਜ਼ਦੂਰੀ ਦਿੱਤੀ ਹੈ ਕਿਉਂਕਿ ਮੈਂ ਆਪਣੀ ਨੌਕਰਾਣੀ ਆਪਣੇ ਪਤੀ ਨੂੰ ਦਿੱਤੀ ਹੈ।” ਇਸ ਲਈ ਉਸ ਨੇ ਮੁੰਡੇ ਦਾ ਨਾਂ ਯਿਸਾਕਾਰ*+ ਰੱਖਿਆ।
19 ਲੇਆਹ ਫਿਰ ਗਰਭਵਤੀ ਹੋਈ ਅਤੇ ਉਸ ਨੇ ਯਾਕੂਬ ਦੇ ਛੇਵੇਂ ਪੁੱਤਰ ਨੂੰ ਜਨਮ ਦਿੱਤਾ।+
20 ਲੇਆਹ ਨੇ ਕਿਹਾ: “ਪਰਮੇਸ਼ੁਰ ਨੇ ਮੈਨੂੰ ਕਿੰਨਾ ਵਧੀਆ ਤੋਹਫ਼ਾ ਦਿੱਤਾ ਹੈ। ਹੁਣ ਮੇਰਾ ਪਤੀ ਮੈਨੂੰ ਬਰਦਾਸ਼ਤ ਕਰੇਗਾ+ ਕਿਉਂਕਿ ਮੈਂ ਉਸ ਦੇ ਛੇ ਪੁੱਤਰਾਂ ਨੂੰ ਜਨਮ ਦਿੱਤਾ ਹੈ।”+ ਇਸ ਲਈ ਉਸ ਨੇ ਮੁੰਡੇ ਦਾ ਨਾਂ ਜ਼ਬੂਲੁਨ*+ ਰੱਖਿਆ।
21 ਬਾਅਦ ਵਿਚ ਉਸ ਨੇ ਇਕ ਕੁੜੀ ਨੂੰ ਜਨਮ ਦਿੱਤਾ ਜਿਸ ਦਾ ਨਾਂ ਉਸ ਨੇ ਦੀਨਾਹ+ ਰੱਖਿਆ।
22 ਅਖ਼ੀਰ ਪਰਮੇਸ਼ੁਰ ਨੇ ਰਾਕੇਲ ਵੱਲ ਧਿਆਨ ਦਿੱਤਾ ਅਤੇ ਉਸ ਦੀ ਕੁੱਖ ਖੋਲ੍ਹ ਕੇ+ ਉਸ ਦੀ ਫ਼ਰਿਆਦ ਦਾ ਜਵਾਬ ਦਿੱਤਾ।
23 ਉਹ ਗਰਭਵਤੀ ਹੋਈ ਅਤੇ ਉਸ ਨੇ ਇਕ ਮੁੰਡੇ ਨੂੰ ਜਨਮ ਦਿੱਤਾ। ਉਸ ਨੇ ਕਿਹਾ: “ਪਰਮੇਸ਼ੁਰ ਨੇ ਮੇਰੇ ਮੱਥੇ ਤੋਂ ਕਲੰਕ ਮਿਟਾ ਦਿੱਤਾ ਹੈ!”+
24 ਇਸ ਲਈ ਉਸ ਨੇ ਮੁੰਡੇ ਦਾ ਨਾਂ ਯੂਸੁਫ਼*+ ਰੱਖਿਆ ਅਤੇ ਕਿਹਾ: “ਯਹੋਵਾਹ ਨੇ ਮੈਨੂੰ ਇਕ ਹੋਰ ਪੁੱਤਰ ਦਿੱਤਾ ਹੈ।”
25 ਰਾਕੇਲ ਦੁਆਰਾ ਯੂਸੁਫ਼ ਨੂੰ ਜਨਮ ਦੇਣ ਤੋਂ ਤੁਰੰਤ ਬਾਅਦ ਯਾਕੂਬ ਨੇ ਲਾਬਾਨ ਨੂੰ ਕਿਹਾ: “ਮੈਨੂੰ ਵਿਦਾ ਕਰ ਤਾਂਕਿ ਮੈਂ ਆਪਣੇ ਘਰ ਅਤੇ ਆਪਣੇ ਦੇਸ਼ ਵਾਪਸ ਚਲਾ ਜਾਵਾਂ।+
26 ਮੇਰੀਆਂ ਪਤਨੀਆਂ ਅਤੇ ਮੇਰੇ ਬੱਚੇ ਮੈਨੂੰ ਦੇ ਜਿਨ੍ਹਾਂ ਲਈ ਮੈਂ ਤੇਰੀ ਮਜ਼ਦੂਰੀ ਕੀਤੀ ਹੈ ਤਾਂਕਿ ਮੈਂ ਇੱਥੋਂ ਚਲਾ ਜਾਵਾਂ। ਤੂੰ ਚੰਗੀ ਤਰ੍ਹਾਂ ਜਾਣਦਾ ਹੈਂ ਕਿ ਮੈਂ ਕਿੰਨੀ ਵਫ਼ਾਦਾਰੀ ਨਾਲ ਤੇਰੀ ਸੇਵਾ ਕੀਤੀ।”+
27 ਫਿਰ ਲਾਬਾਨ ਨੇ ਉਸ ਨੂੰ ਕਿਹਾ: “ਜੇ ਮੇਰੇ ’ਤੇ ਤੇਰੀ ਮਿਹਰ ਹੋਈ ਹੈ, ਤਾਂ ਕਿਰਪਾ ਕਰ ਕੇ ਮੇਰੇ ਨਾਲ ਹੀ ਰਹਿ। ਮੈਂ ਫਾਲ* ਪਾ ਕੇ* ਦੇਖਿਆ ਹੈ ਕਿ ਤੇਰੇ ਕਰਕੇ ਯਹੋਵਾਹ ਮੈਨੂੰ ਬਰਕਤਾਂ ਦੇ ਰਿਹਾ ਹੈ।”
28 ਉਸ ਨੇ ਅੱਗੇ ਕਿਹਾ: “ਤੂੰ ਮੇਰੇ ਨਾਲ ਜੋ ਵੀ ਮਜ਼ਦੂਰੀ ਤੈਅ ਕਰੇਂਗਾ, ਮੈਂ ਤੈਨੂੰ ਉੱਨੀ ਦਿਆਂਗਾ।”+
29 ਇਸ ਲਈ ਯਾਕੂਬ ਨੇ ਉਸ ਨੂੰ ਕਿਹਾ: “ਤੂੰ ਜਾਣਦਾ ਹੈਂ ਕਿ ਮੈਂ ਕਿੰਨੀ ਵਫ਼ਾਦਾਰੀ ਨਾਲ ਤੇਰੀ ਸੇਵਾ ਕੀਤੀ ਅਤੇ ਮੇਰੀ ਨਿਗਰਾਨੀ ਅਧੀਨ ਤੇਰਾ ਇੱਜੜ ਕਿੰਨਾ ਵਧਿਆ-ਫੁੱਲਿਆ।+
30 ਮੇਰੇ ਆਉਣ ਤੋਂ ਪਹਿਲਾਂ ਤੇਰੇ ਕੋਲ ਥੋੜ੍ਹੀਆਂ ਭੇਡਾਂ-ਬੱਕਰੀਆਂ ਸਨ, ਪਰ ਫਿਰ ਇਨ੍ਹਾਂ ਦੀ ਗਿਣਤੀ ਲਗਾਤਾਰ ਵਧਦੀ ਗਈ। ਮੇਰੇ ਆਉਣ ਤੋਂ ਬਾਅਦ ਯਹੋਵਾਹ ਨੇ ਤੈਨੂੰ ਬਰਕਤਾਂ ਦਿੱਤੀਆਂ ਹਨ। ਹੁਣ ਮੈਂ ਆਪਣੇ ਪਰਿਵਾਰ ਵਾਸਤੇ ਕੁਝ ਕਰਨਾ ਚਾਹੁੰਦਾ ਹਾਂ।”+
31 ਫਿਰ ਲਾਬਾਨ ਨੇ ਪੁੱਛਿਆ: “ਦੱਸ ਮੈਂ ਤੈਨੂੰ ਕੀ ਦੇਵਾਂ?” ਯਾਕੂਬ ਨੇ ਕਿਹਾ: “ਮੈਂ ਤੇਰੇ ਤੋਂ ਕੁਝ ਵੀ ਨਹੀਂ ਚਾਹੁੰਦਾ! ਪਰ ਜੇ ਤੂੰ ਮੇਰਾ ਇਕ ਕੰਮ ਕਰੇਂ, ਤਾਂ ਮੈਂ ਤੇਰੇ ਇੱਜੜ ਦੀ ਦੇਖ-ਭਾਲ ਅਤੇ ਰਾਖੀ ਕਰਦਾ ਰਹਾਂਗਾ।+
32 ਅੱਜ ਆਪਾਂ ਦੋਵੇਂ ਤੇਰੇ ਪੂਰੇ ਇੱਜੜ ਦੀ ਜਾਂਚ ਕਰਦੇ ਹਾਂ। ਜਿਹੜੀਆਂ ਵੀ ਭੇਡਾਂ ਅਤੇ ਬੱਕਰੀਆਂ ਡੱਬ-ਖੜੱਬੀਆਂ ਹਨ ਅਤੇ ਜਿਨ੍ਹਾਂ ’ਤੇ ਦਾਗ਼ ਹਨ ਅਤੇ ਜਿਹੜੇ ਭੇਡੂਆਂ ਦਾ ਰੰਗ ਗੂੜ੍ਹਾ ਭੂਰਾ ਹੈ, ਉਹ ਵੱਖ ਕਰ ਦੇ। ਭਵਿੱਖ ਵਿਚ ਪੈਦਾ ਹੋਣ ਵਾਲੇ ਅਜਿਹੇ ਬੱਚੇ ਮੇਰੀ ਮਜ਼ਦੂਰੀ ਹੋਣਗੇ।+
33 ਜਿਸ ਦਿਨ ਤੂੰ ਮੇਰੇ ਇੱਜੜ* ਦੀ ਜਾਂਚ ਕਰਨ ਆਏਂਗਾ, ਤਾਂ ਤੈਨੂੰ ਮੇਰੀ ਈਮਾਨਦਾਰੀ ਦਾ ਸਬੂਤ ਮਿਲੇਗਾ। ਜੇ ਤੈਨੂੰ ਮੇਰੇ ਇੱਜੜ ਵਿਚ ਅਜਿਹੀ ਭੇਡ ਜਾਂ ਬੱਕਰੀ ਮਿਲੇ ਜਿਸ ’ਤੇ ਕੋਈ ਦਾਗ਼ ਨਾ ਹੋਵੇ ਜਾਂ ਉਹ ਡੱਬ-ਖੜੱਬੀ ਨਾ ਹੋਵੇ ਜਾਂ ਭੇਡੂ ਮਿਲੇ ਜੋ ਗੂੜ੍ਹੇ ਭੂਰੇ ਰੰਗ ਦਾ ਨਾ ਹੋਵੇ, ਤਾਂ ਇਸ ਦਾ ਮਤਲਬ ਹੈ ਕਿ ਮੈਂ ਉਹ ਚੋਰੀ ਕੀਤਾ ਹੈ।”
34 ਇਹ ਸੁਣ ਕੇ ਲਾਬਾਨ ਨੇ ਕਿਹਾ: “ਬਹੁਤ ਵਧੀਆ! ਜਿਵੇਂ ਤੂੰ ਕਿਹਾ, ਆਪਾਂ ਉਵੇਂ ਹੀ ਕਰਾਂਗੇ।”+
35 ਫਿਰ ਉਸੇ ਦਿਨ ਲਾਬਾਨ ਨੇ ਸਾਰੇ ਧਾਰੀਆਂ ਵਾਲੇ ਅਤੇ ਡੱਬ-ਖੜੱਬੇ ਬੱਕਰੇ ਅਤੇ ਸਾਰੀਆਂ ਦਾਗ਼ਾਂ ਵਾਲੀਆਂ ਅਤੇ ਡੱਬ-ਖੜੱਬੀਆਂ ਬੱਕਰੀਆਂ ਅਤੇ ਮਾੜੇ ਜਿਹੇ ਚਿੱਟੇ ਦਾਗ਼ਾਂ ਵਾਲੇ ਸਾਰੇ ਜਾਨਵਰ ਅਤੇ ਗੂੜ੍ਹੇ ਭੂਰੇ ਰੰਗ ਦੇ ਸਾਰੇ ਭੇਡੂ ਵੱਖ ਕਰ ਕੇ ਆਪਣੇ ਪੁੱਤਰਾਂ ਦੇ ਹਵਾਲੇ ਕਰ ਦਿੱਤੇ।
36 ਫਿਰ ਉਹ ਇਸ ਪੂਰੇ ਇੱਜੜ ਨੂੰ ਯਾਕੂਬ ਤੋਂ ਦੂਰ ਉਸ ਜਗ੍ਹਾ ਲੈ ਗਿਆ ਜਿੱਥੇ ਤੁਰ ਕੇ ਜਾਣ ਨੂੰ ਤਿੰਨ ਦਿਨ ਲੱਗਦੇ ਸਨ। ਯਾਕੂਬ ਲਾਬਾਨ ਦੇ ਬਾਕੀ ਬਚੇ ਇੱਜੜ ਦੀ ਦੇਖ-ਭਾਲ ਕਰਦਾ ਰਿਹਾ।
37 ਫਿਰ ਯਾਕੂਬ ਨੇ ਬਦਾਮ, ਚਨਾਰ ਅਤੇ ਹੋਰ ਦਰਖ਼ਤਾਂ ਦੀਆਂ ਟਾਹਣੀਆਂ ਤੋੜ ਕੇ ਉਨ੍ਹਾਂ ਨੂੰ ਕਈ ਜਗ੍ਹਾ ਤੋਂ ਛਿੱਲਿਆ ਜਿਸ ਕਰਕੇ ਉਨ੍ਹਾਂ ’ਤੇ ਚਿੱਟੇ-ਚਿੱਟੇ ਦਾਗ਼ ਬਣ ਗਏ।
38 ਫਿਰ ਉਸ ਨੇ ਦਾਗ਼ਾਂ ਵਾਲੇ ਡੰਡੇ ਪਾਣੀ ਦੇ ਚੁਬੱਚਿਆਂ ਅਤੇ ਨਾਲੀਆਂ ਵਿਚ ਰੱਖ ਦਿੱਤੇ ਤਾਂਕਿ ਜਦੋਂ ਭੇਡਾਂ-ਬੱਕਰੀਆਂ ਪਾਣੀ ਪੀਣ ਆਉਣ, ਤਾਂ ਉਹ ਉਨ੍ਹਾਂ ਡੰਡਿਆਂ ਨੂੰ ਦੇਖ ਕੇ ਮੇਲ ਕਰਨ ਲਈ ਤਿਆਰ ਹੋਣ।
39 ਇਸ ਤਰ੍ਹਾਂ ਉਨ੍ਹਾਂ ਡੰਡਿਆਂ ਨੂੰ ਦੇਖ ਕੇ ਮੇਲ ਕਰਨ ਵਾਲੀਆਂ ਭੇਡਾਂ-ਬੱਕਰੀਆਂ ਦੇ ਧਾਰੀਆਂ ਤੇ ਦਾਗ਼ ਵਾਲੇ ਅਤੇ ਡੱਬ-ਖੜੱਬੇ ਬੱਚੇ ਪੈਦਾ ਹੁੰਦੇ ਸਨ।
40 ਫਿਰ ਯਾਕੂਬ ਨੇ ਭੇਡੂਆਂ ਨੂੰ ਵੱਖ ਕੀਤਾ ਅਤੇ ਇੱਜੜ ਦਾ ਮੂੰਹ ਉਨ੍ਹਾਂ ਭੇਡਾਂ-ਬੱਕਰੀਆਂ ਵੱਲ ਕੀਤਾ ਜਿਨ੍ਹਾਂ ਦੇ ਸਰੀਰ ’ਤੇ ਧਾਰੀਆਂ ਸਨ ਅਤੇ ਜਿਨ੍ਹਾਂ ਦਾ ਰੰਗ ਗੂੜ੍ਹਾ ਭੂਰਾ ਸੀ। ਫਿਰ ਉਸ ਨੇ ਆਪਣੇ ਇੱਜੜ ਨੂੰ ਵੱਖ ਕੀਤਾ ਤਾਂਕਿ ਉਹ ਲਾਬਾਨ ਦੇ ਇੱਜੜ ਵਿਚ ਨਾ ਰਲ਼ ਜਾਵੇ।
41 ਅਤੇ ਜਦੋਂ ਵੀ ਇੱਜੜ ਵਿੱਚੋਂ ਤਕੜੇ ਜਾਨਵਰ ਮੇਲ ਕਰਨ ਲਈ ਤਿਆਰ ਹੁੰਦੇ ਸਨ, ਤਾਂ ਯਾਕੂਬ ਨਾਲੀਆਂ ਵਿਚ ਜਾਨਵਰਾਂ ਦੇ ਸਾਮ੍ਹਣੇ ਡੰਡੇ ਰੱਖ ਦਿੰਦਾ ਸੀ।
42 ਪਰ ਜਦੋਂ ਕਮਜ਼ੋਰ ਜਾਨਵਰ ਮੇਲ ਕਰਨ ਲਈ ਤਿਆਰ ਹੁੰਦੇ ਸਨ, ਤਾਂ ਉਹ ਉੱਥੇ ਡੰਡੇ ਨਹੀਂ ਰੱਖਦਾ ਸੀ। ਇਸ ਤਰ੍ਹਾਂ ਕਮਜ਼ੋਰ ਬੱਚੇ ਹਮੇਸ਼ਾ ਲਾਬਾਨ ਦੇ ਹਿੱਸੇ ਆਉਂਦੇ ਸਨ, ਪਰ ਤਕੜੇ ਬੱਚੇ ਯਾਕੂਬ ਦੇ ਹਿੱਸੇ ਆਉਂਦੇ ਸਨ।+
43 ਯਾਕੂਬ ਬਹੁਤ ਅਮੀਰ ਹੋ ਗਿਆ ਅਤੇ ਉਸ ਕੋਲ ਬਹੁਤ ਸਾਰੇ ਇੱਜੜ, ਊਠ, ਗਧੇ ਅਤੇ ਨੌਕਰ-ਨੌਕਰਾਣੀਆਂ ਹੋ ਗਏ।+
ਫੁਟਨੋਟ
^ ਮਤਲਬ “ਨਿਆਂਕਾਰ।”
^ ਮਤਲਬ “ਮੇਰੇ ਘੋਲ਼।”
^ ਮਤਲਬ “ਵੱਡੀ ਬਰਕਤ।”
^ ਇਬ, “ਧੀਆਂ।”
^ ਮਤਲਬ “ਖ਼ੁਸ਼; ਖ਼ੁਸ਼ੀ।”
^ ਆਲੂ ਪ੍ਰਜਾਤੀ ਦਾ ਇਕ ਪੌਦਾ। ਕਿਹਾ ਜਾਂਦਾ ਸੀ ਕਿ ਇਸ ਦਾ ਫਲ ਔਰਤਾਂ ਦੀ ਜਣਨ-ਸ਼ਕਤੀ ਵਧਾਉਂਦਾ ਸੀ।
^ ਮਤਲਬ “ਉਹ ਮਜ਼ਦੂਰੀ ਹੈ।”
^ ਮਤਲਬ “ਬਰਦਾਸ਼ਤ ਕਰਨਾ।”
^ ਯੋਸੀਫਯਾਹ ਨਾਂ ਦਾ ਛੋਟਾ ਰੂਪ ਜਿਸ ਦਾ ਮਤਲਬ ਹੈ “ਯਾਹ ਜੋੜੇ (ਜਾਂ ਵਧਾਵੇ)।”
^ ਜਾਂ, “ਸਬੂਤਾਂ ਤੋਂ।”
^ ਦੁਸ਼ਟ ਦੂਤਾਂ ਦੀ ਮਦਦ ਨਾਲ ਭਵਿੱਖ ਜਾਣਨ ਦੀ ਕੋਸ਼ਿਸ਼ ਕਰਨੀ।
^ ਇਬ, “ਮੇਰੀ ਮਜ਼ਦੂਰੀ।”