ਉਤਪਤ 38:1-30

  • ਯਹੂਦਾਹ ਅਤੇ ਤਾਮਾਰ (1-30)

38  ਲਗਭਗ ਉਸ ਸਮੇਂ ਦੌਰਾਨ ਯਹੂਦਾਹ ਨੇ ਆਪਣੇ ਭਰਾਵਾਂ ਤੋਂ ਵੱਖ ਹੋ ਕੇ ਉਸ ਜਗ੍ਹਾ ਆਪਣਾ ਤੰਬੂ ਲਾਇਆ ਜਿੱਥੇ ਹੀਰਾਹ ਨਾਂ ਦਾ ਅਦੁਲਾਮੀ ਆਦਮੀ ਰਹਿੰਦਾ ਸੀ।  ਉੱਥੇ ਯਹੂਦਾਹ ਦੀ ਨਜ਼ਰ ਸ਼ੂਆ ਨਾਂ ਦੇ ਇਕ ਕਨਾਨੀ ਆਦਮੀ ਦੀ ਧੀ ਉੱਤੇ ਪਈ।+ ਉਸ ਨੇ ਉਸ ਕੁੜੀ ਨਾਲ ਵਿਆਹ ਕਰਾਇਆ ਅਤੇ ਉਸ ਨਾਲ ਸੰਬੰਧ ਕਾਇਮ ਕੀਤੇ  ਅਤੇ ਉਹ ਗਰਭਵਤੀ ਹੋਈ। ਬਾਅਦ ਵਿਚ ਉਸ ਨੇ ਇਕ ਮੁੰਡੇ ਨੂੰ ਜਨਮ ਦਿੱਤਾ ਜਿਸ ਦਾ ਨਾਂ ਯਹੂਦਾਹ ਨੇ ਏਰ+ ਰੱਖਿਆ।  ਉਹ ਦੁਬਾਰਾ ਗਰਭਵਤੀ ਹੋਈ ਅਤੇ ਇਕ ਮੁੰਡੇ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਂ ਓਨਾਨ ਰੱਖਿਆ।  ਬਾਅਦ ਵਿਚ ਉਸ ਨੇ ਇਕ ਹੋਰ ਮੁੰਡੇ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਂ ਸ਼ੇਲਾਹ ਰੱਖਿਆ। ਉਸ ਦੇ ਜਨਮ ਵੇਲੇ ਉਹ* ਅਕਜ਼ੀਬ+ ਵਿਚ ਸੀ।  ਸਮੇਂ ਦੇ ਬੀਤਣ ਨਾਲ ਯਹੂਦਾਹ ਨੇ ਆਪਣੇ ਜੇਠੇ ਮੁੰਡੇ ਏਰ ਦਾ ਵਿਆਹ ਕਰ ਦਿੱਤਾ ਅਤੇ ਉਸ ਦੀ ਪਤਨੀ ਦਾ ਨਾਂ ਤਾਮਾਰ+ ਸੀ।  ਪਰ ਯਹੋਵਾਹ ਦੀਆਂ ਨਜ਼ਰਾਂ ਵਿਚ ਏਰ ਦੇ ਕੰਮ ਬੁਰੇ ਸਨ, ਇਸ ਕਰਕੇ ਯਹੋਵਾਹ ਨੇ ਉਸ ਨੂੰ ਜਾਨੋਂ ਮਾਰ ਦਿੱਤਾ।  ਇਸ ਲਈ ਯਹੂਦਾਹ ਨੇ ਓਨਾਨ ਨੂੰ ਕਿਹਾ: “ਤੂੰ ਦਿਓਰ ਹੋਣ ਦਾ ਆਪਣਾ ਫ਼ਰਜ਼ ਨਿਭਾ ਕੇ ਆਪਣੇ ਭਰਾ ਦੀ ਪਤਨੀ ਨਾਲ ਵਿਆਹ ਕਰਾ ਅਤੇ ਉਸ ਨਾਲ ਸਰੀਰਕ ਸੰਬੰਧ ਕਾਇਮ ਕਰ ਅਤੇ ਆਪਣੇ ਭਰਾ ਲਈ ਔਲਾਦ ਪੈਦਾ ਕਰ।”*+  ਪਰ ਓਨਾਨ ਜਾਣਦਾ ਸੀ ਕਿ ਪੈਦਾ ਹੋਣ ਵਾਲਾ ਬੱਚਾ ਉਸ ਦਾ ਨਹੀਂ ਕਹਾਵੇਗਾ।+ ਇਸ ਲਈ ਜਦੋਂ ਉਸ ਨੇ ਆਪਣੇ ਭਰਾ ਦੀ ਪਤਨੀ ਨਾਲ ਸੰਬੰਧ ਕਾਇਮ ਕੀਤੇ, ਤਾਂ ਉਸ ਨੇ ਆਪਣਾ ਵੀਰਜ ਧਰਤੀ ਉੱਤੇ ਸੁੱਟ ਦਿੱਤਾ ਤਾਂਕਿ ਉਸ ਦੇ ਭਰਾ ਲਈ ਬੱਚੇ ਨਾ ਹੋਣ।+ 10  ਉਸ ਦੀ ਇਹ ਹਰਕਤ ਯਹੋਵਾਹ ਦੀਆਂ ਨਜ਼ਰਾਂ ਵਿਚ ਬਹੁਤ ਬੁਰੀ ਸੀ, ਇਸ ਲਈ ਉਸ ਨੇ ਓਨਾਨ ਨੂੰ ਜਾਨੋਂ ਮਾਰ ਦਿੱਤਾ।+ 11  ਯਹੂਦਾਹ ਨੇ ਆਪਣੀ ਨੂੰਹ ਤਾਮਾਰ ਨੂੰ ਕਿਹਾ: “ਜਦ ਤਕ ਮੇਰਾ ਮੁੰਡਾ ਸ਼ੇਲਾਹ ਵੱਡਾ ਨਹੀਂ ਹੋ ਜਾਂਦਾ, ਤੂੰ ਆਪਣੇ ਪਿਤਾ ਦੇ ਘਰ ਵਿਧਵਾ ਵਜੋਂ ਰਹਿ,” ਕਿਉਂਕਿ ਉਸ ਨੇ ਆਪਣੇ ਮਨ ਵਿਚ ਕਿਹਾ: ‘ਕਿਤੇ ਇਹ ਵੀ ਆਪਣੇ ਭਰਾਵਾਂ ਵਾਂਗ ਆਪਣੀ ਜਾਨ ਤੋਂ ਹੱਥ ਨਾ ਧੋ ਬੈਠੇ।’+ ਇਸ ਲਈ ਤਾਮਾਰ ਆਪਣੇ ਪਿਤਾ ਦੇ ਘਰ ਜਾ ਕੇ ਰਹਿਣ ਲੱਗ ਪਈ। 12  ਕੁਝ ਸਮੇਂ ਬਾਅਦ ਯਹੂਦਾਹ ਦੀ ਪਤਨੀ ਮਰ ਗਈ ਜੋ ਸ਼ੂਆ ਦੀ ਧੀ+ ਸੀ। ਯਹੂਦਾਹ ਨੇ ਉਸ ਲਈ ਸੋਗ ਮਨਾਇਆ। ਜਦੋਂ ਸੋਗ ਮਨਾਉਣ ਦੇ ਦਿਨ ਪੂਰੇ ਹੋ ਗਏ, ਤਾਂ ਉਹ ਆਪਣੀਆਂ ਭੇਡਾਂ ਦੀ ਉੱਨ ਕਤਰਨ ਵਾਲਿਆਂ ਕੋਲ ਤਿਮਨਾਹ+ ਨੂੰ ਗਿਆ। ਉਹ ਆਪਣੇ ਸਾਥੀ ਹੀਰਾਹ ਅਦੁਲਾਮੀ+ ਨੂੰ ਆਪਣੇ ਨਾਲ ਲੈ ਗਿਆ। 13  ਤਾਮਾਰ ਨੂੰ ਦੱਸਿਆ ਗਿਆ: “ਦੇਖ, ਤੇਰਾ ਸਹੁਰਾ ਆਪਣੀਆਂ ਭੇਡਾਂ ਦੀ ਉੱਨ ਕਤਰਨ ਲਈ ਤਿਮਨਾਹ ਨੂੰ ਜਾ ਰਿਹਾ ਹੈ।” 14  ਇਹ ਸੁਣ ਕੇ ਉਸ ਨੇ ਆਪਣਾ ਵਿਧਵਾਵਾਂ ਵਾਲਾ ਲਿਬਾਸ ਲਾਹਿਆ ਅਤੇ ਉਹ ਆਪਣਾ ਚਿਹਰਾ ਨਕਾਬ ਨਾਲ ਲੁਕਾ ਕੇ ਅਤੇ ਸ਼ਾਲ ਲੈ ਕੇ ਤਿਮਨਾਹ ਦੇ ਰਾਹ ਵਿਚ ਪੈਂਦੇ ਸ਼ਹਿਰ ਏਨਯਿਮ ਦੇ ਦਰਵਾਜ਼ੇ ਕੋਲ ਬੈਠ ਗਈ। ਉਸ ਨੇ ਇਸ ਕਰਕੇ ਇਹ ਕਦਮ ਚੁੱਕਿਆ ਸੀ ਕਿਉਂਕਿ ਸ਼ੇਲਾਹ ਵੱਡਾ ਹੋ ਚੁੱਕਾ ਸੀ, ਪਰ ਸ਼ੇਲਾਹ ਨਾਲ ਉਸ ਦਾ ਵਿਆਹ ਨਹੀਂ ਕੀਤਾ ਗਿਆ ਸੀ।+ 15  ਜਦੋਂ ਯਹੂਦਾਹ ਨੇ ਤਾਮਾਰ ਨੂੰ ਦੇਖਿਆ, ਤਾਂ ਉਸ ਨੇ ਤਾਮਾਰ ਨੂੰ ਵੇਸਵਾ ਸਮਝਿਆ ਕਿਉਂਕਿ ਉਸ ਨੇ ਆਪਣਾ ਚਿਹਰਾ ਢਕਿਆ ਹੋਇਆ ਸੀ। 16  ਯਹੂਦਾਹ ਨੇ ਸੜਕ ਕਿਨਾਰੇ ਬੈਠੀ ਤਾਮਾਰ ਨੂੰ ਜਾ ਕੇ ਕਿਹਾ: “ਕੀ ਤੂੰ ਮੇਰੇ ਨਾਲ ਸੰਬੰਧ ਕਾਇਮ ਕਰੇਂਗੀ?” ਉਸ ਨੂੰ ਪਤਾ ਨਹੀਂ ਸੀ ਕਿ ਉਹ ਉਸ ਦੀ ਨੂੰਹ ਸੀ।+ ਪਰ ਤਾਮਾਰ ਨੇ ਕਿਹਾ: “ਤੂੰ ਮੇਰੇ ਨਾਲ ਸੰਬੰਧ ਕਾਇਮ ਕਰਨ ਦੇ ਬਦਲੇ ਮੈਨੂੰ ਕੀ ਦੇਵੇਂਗਾ?” 17  ਉਸ ਨੇ ਕਿਹਾ: “ਮੈਂ ਆਪਣੇ ਇੱਜੜ ਵਿੱਚੋਂ ਬੱਕਰੀ ਦਾ ਇਕ ਬੱਚਾ ਘੱਲ ਦਿਆਂਗਾ।” ਪਰ ਉਸ ਨੇ ਕਿਹਾ: “ਕੀ ਬੱਕਰੀ ਦਾ ਬੱਚਾ ਘੱਲਣ ਤਕ ਤੂੰ ਜ਼ਮਾਨਤ ਦੇ ਤੌਰ ਤੇ ਮੈਨੂੰ ਕੁਝ ਦੇਵੇਂਗਾ?” 18  ਯਹੂਦਾਹ ਨੇ ਪੁੱਛਿਆ: “ਮੈਂ ਤੈਨੂੰ ਜ਼ਮਾਨਤ ਦੇ ਤੌਰ ਤੇ ਕੀ ਦਿਆਂ?” ਉਸ ਨੇ ਕਿਹਾ: “ਆਪਣੀ ਮੁਹਰ ਵਾਲੀ ਅੰਗੂਠੀ+ ਅਤੇ ਇਸ ਦੀ ਡੋਰੀ ਅਤੇ ਇਹ ਡੰਡਾ ਜੋ ਤੇਰੇ ਹੱਥ ਵਿਚ ਹੈ।” ਉਸ ਨੇ ਇਹ ਚੀਜ਼ਾਂ ਤਾਮਾਰ ਨੂੰ ਦੇ ਦਿੱਤੀਆਂ ਅਤੇ ਉਸ ਨਾਲ ਸੰਬੰਧ ਕਾਇਮ ਕੀਤੇ ਜਿਸ ਕਰਕੇ ਉਹ ਗਰਭਵਤੀ ਹੋ ਗਈ। 19  ਬਾਅਦ ਵਿਚ ਉਹ ਉੱਠ ਕੇ ਚਲੀ ਗਈ ਅਤੇ ਉਸ ਨੇ ਆਪਣਾ ਸ਼ਾਲ ਲਾਹ ਕੇ ਆਪਣਾ ਵਿਧਵਾਵਾਂ ਵਾਲਾ ਲਿਬਾਸ ਪਾ ਲਿਆ। 20  ਫਿਰ ਯਹੂਦਾਹ ਨੇ ਆਪਣੇ ਸਾਥੀ ਹੀਰਾਹ ਅਦੁਲਾਮੀ+ ਦੇ ਹੱਥ ਬੱਕਰੀ ਦਾ ਇਕ ਬੱਚਾ ਘੱਲਿਆ ਤਾਂਕਿ ਉਹ ਉਸ ਔਰਤ ਕੋਲੋਂ ਜ਼ਮਾਨਤ ਦੇ ਤੌਰ ਤੇ ਰੱਖੀਆਂ ਚੀਜ਼ਾਂ ਵਾਪਸ ਲੈ ਸਕੇ, ਪਰ ਉਸ ਨੂੰ ਉਹ ਔਰਤ ਕਿਤੇ ਨਹੀਂ ਲੱਭੀ। 21  ਉਸ ਨੇ ਉਸ ਸ਼ਹਿਰ ਦੇ ਆਦਮੀਆਂ ਨੂੰ ਪੁੱਛਿਆ: “ਏਨਯਿਮ ਵਿਚ ਉਹ ਵੇਸਵਾ* ਕਿੱਥੇ ਹੈ ਜੋ ਰਾਹ ਵਿਚ ਬੈਠਦੀ ਹੁੰਦੀ ਸੀ?” ਪਰ ਉਨ੍ਹਾਂ ਨੇ ਕਿਹਾ: “ਅਸੀਂ ਤਾਂ ਇਸ ਜਗ੍ਹਾ ਕਦੀ ਕੋਈ ਵੇਸਵਾ ਨਹੀਂ ਦੇਖੀ।” 22  ਅਖ਼ੀਰ ਉਹ ਯਹੂਦਾਹ ਕੋਲ ਵਾਪਸ ਚਲਾ ਗਿਆ ਅਤੇ ਉਸ ਨੂੰ ਦੱਸਿਆ: “ਮੈਨੂੰ ਉਹ ਔਰਤ ਨਹੀਂ ਲੱਭੀ ਅਤੇ ਉਸ ਸ਼ਹਿਰ ਦੇ ਆਦਮੀਆਂ ਨੇ ਵੀ ਕਿਹਾ, ‘ਅਸੀਂ ਤਾਂ ਇਸ ਜਗ੍ਹਾ ਕਦੀ ਕੋਈ ਵੇਸਵਾ ਨਹੀਂ ਦੇਖੀ।’” 23  ਇਸ ਲਈ ਯਹੂਦਾਹ ਨੇ ਕਿਹਾ: “ਉਹ ਰੱਖ ਲਵੇ ਆਪਣੇ ਕੋਲ ਸਾਰੀਆਂ ਚੀਜ਼ਾਂ, ਨਹੀਂ ਤਾਂ ਜੇ ਆਪਾਂ ਉਸ ਨੂੰ ਲੱਭਣ ਤੁਰ ਪਏ, ਤਾਂ ਸਾਡੀ ਆਪਣੀ ਬਦਨਾਮੀ ਹੋਵੇਗੀ। ਆਪਾਂ ਨੂੰ ਕੀ? ਮੈਂ ਤਾਂ ਬੱਕਰੀ ਦਾ ਬੱਚਾ ਘੱਲਿਆ ਸੀ, ਪਰ ਤੈਨੂੰ ਉਹ ਲੱਭੀ ਹੀ ਨਹੀਂ।” 24  ਪਰ ਲਗਭਗ ਤਿੰਨਾਂ ਮਹੀਨਿਆਂ ਬਾਅਦ ਯਹੂਦਾਹ ਨੂੰ ਖ਼ਬਰ ਮਿਲੀ: “ਤੇਰੀ ਨੂੰਹ ਤਾਮਾਰ ਵੇਸਵਾ ਬਣ ਗਈ ਹੈ ਅਤੇ ਆਪਣੀ ਬਦਚਲਣੀ ਕਰਕੇ ਗਰਭਵਤੀ ਹੋਈ ਹੈ।” ਇਹ ਸੁਣ ਕੇ ਯਹੂਦਾਹ ਨੇ ਕਿਹਾ: “ਉਸ ਨੂੰ ਬਾਹਰ ਕੱਢੋ ਅਤੇ ਜਾਨੋਂ ਮਾਰ ਕੇ ਅੱਗ ਲਾ ਦਿਓ।”+ 25  ਜਦੋਂ ਉਸ ਨੂੰ ਬਾਹਰ ਲਿਜਾਇਆ ਜਾ ਰਿਹਾ ਸੀ, ਤਾਂ ਉਸ ਨੇ ਜ਼ਮਾਨਤ ਦੇ ਤੌਰ ਤੇ ਰੱਖੀਆਂ ਚੀਜ਼ਾਂ ਆਪਣੇ ਸਹੁਰੇ ਨੂੰ ਘੱਲ ਕੇ ਸੁਨੇਹਾ ਭੇਜਿਆ: “ਜਿਸ ਆਦਮੀ ਦੀਆਂ ਇਹ ਚੀਜ਼ਾਂ ਹਨ, ਉਸੇ ਤੋਂ ਮੈਂ ਗਰਭਵਤੀ ਹੋਈ ਹਾਂ।” ਉਸ ਨੇ ਅੱਗੇ ਕਿਹਾ: “ਕਿਰਪਾ ਕਰ ਕੇ ਧਿਆਨ ਨਾਲ ਦੇਖ ਕਿ ਇਹ ਮੁਹਰ ਵਾਲੀ ਅੰਗੂਠੀ ਅਤੇ ਇਸ ਦੀ ਡੋਰੀ ਅਤੇ ਇਹ ਡੰਡਾ ਕਿਸ ਦਾ ਹੈ।”+ 26  ਯਹੂਦਾਹ ਨੇ ਉਹ ਚੀਜ਼ਾਂ ਧਿਆਨ ਨਾਲ ਦੇਖ ਕੇ ਕਿਹਾ: “ਉਹ ਔਰਤ ਮੇਰੇ ਨਾਲੋਂ ਜ਼ਿਆਦਾ ਨੇਕ ਹੈ ਕਿਉਂਕਿ ਮੈਂ ਆਪਣੇ ਪੁੱਤਰ ਸ਼ੇਲਾਹ ਦਾ ਵਿਆਹ ਉਸ ਨਾਲ ਨਹੀਂ ਕੀਤਾ।”+ ਉਸ ਨੇ ਦੁਬਾਰਾ ਕਦੀ ਉਸ ਨਾਲ ਸੰਬੰਧ ਕਾਇਮ ਨਹੀਂ ਕੀਤੇ। 27  ਤਾਮਾਰ ਦੇ ਗਰਭ ਦੇ ਦਿਨ ਪੂਰੇ ਹੋਏ ਅਤੇ ਉਸ ਦੀ ਕੁੱਖ ਵਿਚ ਜੌੜੇ ਬੱਚੇ ਸਨ। 28  ਉਸ ਦੇ ਜਣੇਪੇ ਦੇ ਸਮੇਂ ਇਕ ਮੁੰਡੇ ਨੇ ਆਪਣਾ ਹੱਥ ਬਾਹਰ ਕੱਢਿਆ ਅਤੇ ਦਾਈ ਨੇ ਉਸੇ ਵੇਲੇ ਮੁੰਡੇ ਦੇ ਗੁੱਟ ’ਤੇ ਨਿਸ਼ਾਨੀ ਦੇ ਤੌਰ ਤੇ ਗੂੜ੍ਹੇ ਲਾਲ ਰੰਗ ਦਾ ਧਾਗਾ ਬੰਨ੍ਹ ਦਿੱਤਾ ਅਤੇ ਕਿਹਾ: “ਇਹ ਪਹਿਲਾਂ ਬਾਹਰ ਆਇਆ।” 29  ਪਰ ਜਿਉਂ ਹੀ ਉਸ ਮੁੰਡੇ ਨੇ ਆਪਣਾ ਹੱਥ ਅੰਦਰ ਖਿੱਚਿਆ, ਤਾਂ ਉਸ ਦਾ ਭਰਾ ਬਾਹਰ ਆ ਗਿਆ। ਦਾਈ ਨੇ ਉੱਚੀ ਦੇਣੀ ਕਿਹਾ: “ਤੂੰ ਕਿਉਂ ਇਸ ਤਰ੍ਹਾਂ ਆਪਣੀ ਮਾਂ ਦੀ ਕੁੱਖ ਪਾੜ ਕੇ ਬਾਹਰ ਆਇਆ ਹੈਂ?” ਇਸ ਲਈ ਉਸ ਦਾ ਨਾਂ ਪਰਸ*+ ਰੱਖਿਆ ਗਿਆ। 30  ਫਿਰ ਉਸ ਦਾ ਭਰਾ ਬਾਹਰ ਆਇਆ ਜਿਸ ਦੇ ਹੱਥ ’ਤੇ ਗੂੜ੍ਹੇ ਲਾਲ ਰੰਗ ਦਾ ਧਾਗਾ ਬੰਨ੍ਹਿਆ ਹੋਇਆ ਸੀ। ਉਸ ਦਾ ਨਾਂ ਜ਼ਰਾਹ+ ਰੱਖਿਆ ਗਿਆ।

ਫੁਟਨੋਟ

ਯਾਨੀ, ਯਹੂਦਾਹ।
ਸ਼ਬਦਾਵਲੀ, “ਦਿਓਰ-ਭਾਬੀ ਵਿਆਹ” ਦੇਖੋ।
ਜਾਂ, “ਮੰਦਰ ਦੀ ਵੇਸਵਾ।” ਸ਼ਾਇਦ ਇਨ੍ਹਾਂ ਵੇਸਵਾਵਾਂ ਲਈ ਇਹ ਕੰਮ ਕਨਾਨੀ ਦੇਵੀ-ਦੇਵਤਿਆਂ ਦੀ ਭਗਤੀ ਦਾ ਹਿੱਸਾ ਸੀ।
ਮਤਲਬ “ਪਾੜਨਾ।”