ਉਤਪਤ 43:1-34
43 ਕਾਲ਼ ਕਰਕੇ ਕਨਾਨ ਦੇਸ਼ ਦੀ ਹਾਲਤ ਬਹੁਤ ਖ਼ਰਾਬ ਸੀ।+
2 ਇਸ ਲਈ ਜਦੋਂ ਮਿਸਰ ਤੋਂ ਲਿਆਂਦਾ ਸਾਰਾ ਅਨਾਜ ਖ਼ਤਮ ਹੋ ਗਿਆ,+ ਤਾਂ ਉਨ੍ਹਾਂ ਦੇ ਪਿਤਾ ਨੇ ਕਿਹਾ: “ਵਾਪਸ ਜਾ ਕੇ ਸਾਡੇ ਲਈ ਅਨਾਜ ਖ਼ਰੀਦ ਲਿਆਓ।”
3 ਯਹੂਦਾਹ ਨੇ ਉਸ ਨੂੰ ਕਿਹਾ: “ਉਸ ਆਦਮੀ ਨੇ ਸਾਨੂੰ ਚੇਤਾਵਨੀ ਦਿੱਤੀ ਸੀ, ‘ਆਪਣੇ ਭਰਾ ਤੋਂ ਬਿਨਾਂ ਮੇਰੇ ਸਾਮ੍ਹਣੇ ਪੇਸ਼ ਨਾ ਹੋਇਓ।’+
4 ਜੇ ਤੂੰ ਸਾਡੇ ਨਾਲ ਸਾਡੇ ਭਰਾ ਨੂੰ ਘੱਲ ਦੇਵੇਂਗਾ, ਤਾਂ ਅਸੀਂ ਜਾ ਕੇ ਤੇਰੇ ਲਈ ਅਨਾਜ ਖ਼ਰੀਦ ਲਿਆਵਾਂਗੇ।
5 ਪਰ ਜੇ ਤੂੰ ਉਸ ਨੂੰ ਸਾਡੇ ਨਾਲ ਨਹੀਂ ਘੱਲੇਂਗਾ, ਤਾਂ ਅਸੀਂ ਨਹੀਂ ਜਾਵਾਂਗੇ ਕਿਉਂਕਿ ਉਸ ਆਦਮੀ ਨੇ ਸਾਨੂੰ ਕਿਹਾ ਸੀ, ‘ਆਪਣੇ ਭਰਾ ਤੋਂ ਬਿਨਾਂ ਮੇਰੇ ਸਾਮ੍ਹਣੇ ਪੇਸ਼ ਨਾ ਹੋਇਓ।’”+
6 ਇਜ਼ਰਾਈਲ+ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਮੈਨੂੰ ਇਸ ਮੁਸੀਬਤ ਵਿਚ ਪਾਇਆ। ਤੁਸੀਂ ਉਸ ਆਦਮੀ ਨੂੰ ਕਿਉਂ ਦੱਸਿਆ ਕਿ ਤੁਹਾਡਾ ਇਕ ਹੋਰ ਭਰਾ ਹੈ?”
7 ਉਨ੍ਹਾਂ ਨੇ ਜਵਾਬ ਦਿੱਤਾ: “ਉਸ ਆਦਮੀ ਨੇ ਸਿੱਧਾ ਸਾਡੇ ਬਾਰੇ ਤੇ ਸਾਡੇ ਪਰਿਵਾਰ ਬਾਰੇ ਪੁੱਛਿਆ। ਉਸ ਨੇ ਪੁੱਛਿਆ, ‘ਕੀ ਤੁਹਾਡਾ ਪਿਤਾ ਜੀਉਂਦਾ ਹੈ? ਕੀ ਤੁਹਾਡਾ ਹੋਰ ਵੀ ਕੋਈ ਭਰਾ ਹੈ?’ ਅਸੀਂ ਉਸ ਨੂੰ ਸਭ ਕੁਝ ਦੱਸ ਦਿੱਤਾ।+ ਸਾਨੂੰ ਕੀ ਪਤਾ ਸੀ ਕਿ ਉਹ ਕਹੇਗਾ, ‘ਆਪਣੇ ਭਰਾ ਨੂੰ ਨਾਲ ਲੈ ਕੇ ਆਓ’?”+
8 ਯਹੂਦਾਹ ਨੇ ਆਪਣੇ ਪਿਤਾ ਇਜ਼ਰਾਈਲ ਨੂੰ ਤਾਕੀਦ ਕੀਤੀ: “ਮੁੰਡੇ ਨੂੰ ਮੇਰੇ ਨਾਲ ਘੱਲ ਦੇ+ ਅਤੇ ਸਾਨੂੰ ਜਾਣ ਦੇ ਤਾਂਕਿ ਆਪਾਂ ਸਾਰੇ, ਤੂੰ, ਅਸੀਂ ਤੇ ਸਾਡੀ ਔਲਾਦ+ ਕਾਲ਼ ਕਰਕੇ ਭੁੱਖੀ ਨਾ ਮਰ ਜਾਵੇ।+
9 ਮੈਂ ਮੁੰਡੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਂਦਾ ਹਾਂ।+ ਜੇ ਇਸ ਨੂੰ ਕੁਝ ਹੋ ਗਿਆ, ਤਾਂ ਤੂੰ ਮੈਨੂੰ ਜ਼ਿੰਮੇਵਾਰ ਠਹਿਰਾਈਂ। ਜੇ ਮੈਂ ਉਸ ਨੂੰ ਤੇਰੇ ਕੋਲ ਸਹੀ-ਸਲਾਮਤ ਵਾਪਸ ਨਹੀਂ ਲੈ ਕੇ ਆਇਆ, ਤਾਂ ਮੈਂ ਜ਼ਿੰਦਗੀ ਭਰ ਤੇਰਾ ਗੁਨਾਹਗਾਰ ਹੋਵਾਂਗਾ।
10 ਜੇ ਅਸੀਂ ਦੇਰ ਨਾ ਕੀਤੀ ਹੁੰਦੀ, ਤਾਂ ਅਸੀਂ ਹੁਣ ਤਕ ਦੋ ਵਾਰੀ ਜਾ ਆਉਣਾ ਸੀ।”
11 ਇਸ ਲਈ ਉਨ੍ਹਾਂ ਦੇ ਪਿਤਾ ਇਜ਼ਰਾਈਲ ਨੇ ਕਿਹਾ: “ਜੇ ਹੋਰ ਕੋਈ ਰਾਹ ਨਹੀਂ ਹੈ, ਤਾਂ ਇਸ ਤਰ੍ਹਾਂ ਕਰੋ: ਆਪਣੇ ਬੋਰਿਆਂ ਵਿਚ ਇਸ ਦੇਸ਼ ਦੀਆਂ ਵਧੀਆ ਤੋਂ ਵਧੀਆ ਚੀਜ਼ਾਂ ਉਸ ਆਦਮੀ ਲਈ ਤੋਹਫ਼ੇ ਵਜੋਂ ਲੈ ਜਾਓ।+ ਤੁਸੀਂ ਥੋੜ੍ਹਾ ਜਿਹਾ ਗੁੱਗਲ,*+ ਥੋੜ੍ਹਾ ਜਿਹਾ ਸ਼ਹਿਦ, ਖ਼ੁਸ਼ਬੂਦਾਰ ਗੂੰਦ, ਰਾਲ਼ ਵਾਲਾ ਸੱਕ,+ ਪਿਸਤਾ ਅਤੇ ਬਦਾਮ ਲੈ ਜਾਓ।
12 ਨਾਲੇ ਆਪਣੇ ਨਾਲ ਦੁਗਣੇ ਪੈਸੇ ਲੈ ਜਾਓ, ਉਹ ਪੈਸੇ ਵੀ ਜੋ ਤੁਹਾਡੇ ਬੋਰਿਆਂ ਵਿਚ ਵਾਪਸ ਰੱਖ ਦਿੱਤੇ ਗਏ ਸਨ।+ ਸ਼ਾਇਦ ਕਿਸੇ ਨੇ ਗ਼ਲਤੀ ਨਾਲ ਰੱਖ ਦਿੱਤੇ ਹੋਣ।
13 ਆਪਣੇ ਭਰਾ ਨੂੰ ਨਾਲ ਲੈ ਜਾਓ ਅਤੇ ਉਸ ਆਦਮੀ ਨੂੰ ਮਿਲੋ।
14 ਸਰਬਸ਼ਕਤੀਮਾਨ ਪਰਮੇਸ਼ੁਰ ਤੁਹਾਡੇ ਨਾਲ ਹੋਵੇ ਅਤੇ ਤੁਹਾਨੂੰ ਉਸ ਆਦਮੀ ਦੀਆਂ ਨਜ਼ਰਾਂ ਵਿਚ ਰਹਿਮ ਬਖ਼ਸ਼ੇ ਤਾਂਕਿ ਉਹ ਸ਼ਿਮਓਨ ਅਤੇ ਬਿਨਯਾਮੀਨ ਨੂੰ ਛੱਡ ਦੇਵੇ। ਪਰ ਜੇ ਮੈਨੂੰ ਉਨ੍ਹਾਂ ਦੇ ਵਿਛੋੜੇ ਦਾ ਦੁੱਖ ਝੱਲਣਾ ਪਿਆ, ਤਾਂ ਮੈਂ ਇਹ ਵੀ ਝੱਲਣ ਲਈ ਤਿਆਰ ਹਾਂ।”+
15 ਇਸ ਲਈ ਉਹ ਆਪਣੇ ਨਾਲ ਇਹ ਤੋਹਫ਼ਾ, ਦੁਗਣੇ ਪੈਸੇ ਅਤੇ ਬਿਨਯਾਮੀਨ ਨੂੰ ਲੈ ਕੇ ਮਿਸਰ ਨੂੰ ਚਲੇ ਗਏ ਅਤੇ ਯੂਸੁਫ਼ ਦੇ ਸਾਮ੍ਹਣੇ ਦੁਬਾਰਾ ਪੇਸ਼ ਹੋਏ।+
16 ਜਦੋਂ ਯੂਸੁਫ਼ ਨੇ ਉਨ੍ਹਾਂ ਨਾਲ ਬਿਨਯਾਮੀਨ ਨੂੰ ਦੇਖਿਆ, ਤਾਂ ਉਸ ਨੇ ਉਸੇ ਵੇਲੇ ਆਪਣੇ ਘਰ ਦੇ ਮੁਖਤਿਆਰ ਨੂੰ ਕਿਹਾ: “ਇਨ੍ਹਾਂ ਆਦਮੀਆਂ ਨੂੰ ਮੇਰੇ ਘਰ ਲੈ ਜਾਹ। ਮੀਟ ਅਤੇ ਹੋਰ ਚੀਜ਼ਾਂ ਤਿਆਰ ਕਰ। ਇਹ ਆਦਮੀ ਅੱਜ ਦੁਪਹਿਰ ਨੂੰ ਮੇਰੇ ਨਾਲ ਰੋਟੀ ਖਾਣਗੇ।”
17 ਉਸ ਮੁਖਤਿਆਰ ਨੇ ਫ਼ੌਰਨ ਉਸੇ ਤਰ੍ਹਾਂ ਕੀਤਾ ਜਿਵੇਂ ਯੂਸੁਫ਼ ਨੇ ਕਿਹਾ ਸੀ+ ਅਤੇ ਉਹ ਉਨ੍ਹਾਂ ਨੂੰ ਯੂਸੁਫ਼ ਦੇ ਘਰ ਲੈ ਗਿਆ।
18 ਪਰ ਜਦੋਂ ਉਨ੍ਹਾਂ ਨੂੰ ਯੂਸੁਫ਼ ਦੇ ਘਰ ਲਿਜਾਇਆ ਗਿਆ, ਤਾਂ ਉਹ ਡਰ ਗਏ ਅਤੇ ਕਹਿਣ ਲੱਗੇ: “ਪਿਛਲੀ ਵਾਰ ਸਾਡੇ ਬੋਰਿਆਂ ਵਿਚ ਜਿਹੜੇ ਪੈਸੇ ਵਾਪਸ ਰੱਖੇ ਗਏ ਸਨ, ਉਸ ਕਰਕੇ ਸਾਨੂੰ ਇੱਥੇ ਲਿਆਂਦਾ ਗਿਆ ਹੈ। ਹੁਣ ਉਹ ਸਾਡੇ ’ਤੇ ਹਮਲਾ ਕਰ ਕੇ ਸਾਨੂੰ ਆਪਣੇ ਗ਼ੁਲਾਮ ਬਣਾ ਲੈਣਗੇ ਅਤੇ ਸਾਡੇ ਗਧੇ ਰੱਖ ਲੈਣਗੇ!”+
19 ਇਸ ਲਈ ਉਹ ਯੂਸੁਫ਼ ਦੇ ਘਰ ਅੰਦਰ ਵੜਨ ਤੋਂ ਪਹਿਲਾਂ ਮੁਖਤਿਆਰ ਕੋਲ ਆਏ ਅਤੇ ਉਸ ਨਾਲ ਗੱਲ ਕੀਤੀ।
20 ਉਨ੍ਹਾਂ ਨੇ ਕਿਹਾ: “ਹਜ਼ੂਰ, ਸਾਨੂੰ ਮਾਫ਼ ਕਰ ਦਿਓ! ਅਸੀਂ ਪਹਿਲਾਂ ਵੀ ਅਨਾਜ ਖ਼ਰੀਦਣ ਆਏ ਸੀ।+
21 ਪਰ ਜਦੋਂ ਅਸੀਂ ਮੁਸਾਫ਼ਰਖ਼ਾਨੇ ਪਹੁੰਚ ਕੇ ਆਪਣੇ ਬੋਰੇ ਖੋਲ੍ਹੇ, ਤਾਂ ਸਾਡੇ ਸਾਰਿਆਂ ਦੇ ਪੂਰੇ ਪੈਸੇ ਸਾਡੇ ਬੋਰਿਆਂ ਵਿਚ ਸਨ।+ ਇਸ ਲਈ ਅਸੀਂ ਆਪ ਤੁਹਾਨੂੰ ਇਹ ਪੈਸੇ ਵਾਪਸ ਕਰਨਾ ਚਾਹੁੰਦੇ ਹਾਂ।
22 ਅਸੀਂ ਨਹੀਂ ਜਾਣਦੇ ਕਿ ਸਾਡੇ ਬੋਰਿਆਂ ਵਿਚ ਪੈਸੇ ਕਿਸ ਨੇ ਰੱਖੇ ਸਨ। ਅਸੀਂ ਅਨਾਜ ਖ਼ਰੀਦਣ ਲਈ ਹੋਰ ਪੈਸੇ ਵੀ ਲੈ ਕੇ ਆਏ ਹਾਂ।”+
23 ਮੁਖਤਿਆਰ ਨੇ ਕਿਹਾ: “ਕੋਈ ਗੱਲ ਨਹੀਂ। ਡਰੋ ਨਾ। ਤੁਹਾਡੇ ਪਰਮੇਸ਼ੁਰ ਅਤੇ ਤੁਹਾਡੇ ਪਿਤਾ ਦੇ ਪਰਮੇਸ਼ੁਰ ਨੇ ਤੁਹਾਡੇ ਬੋਰਿਆਂ ਵਿਚ ਪੈਸੇ ਰੱਖੇ ਸਨ। ਮੈਨੂੰ ਤੁਹਾਡੇ ਪੈਸੇ ਮਿਲ ਗਏ ਸਨ।” ਇਸ ਤੋਂ ਬਾਅਦ ਉਹ ਸ਼ਿਮਓਨ ਨੂੰ ਉਨ੍ਹਾਂ ਕੋਲ ਲੈ ਆਇਆ।+
24 ਫਿਰ ਉਹ ਮੁਖਤਿਆਰ ਉਨ੍ਹਾਂ ਨੂੰ ਯੂਸੁਫ਼ ਦੇ ਘਰ ਦੇ ਅੰਦਰ ਲੈ ਆਇਆ ਅਤੇ ਉਨ੍ਹਾਂ ਨੂੰ ਪੈਰ ਧੋਣ ਲਈ ਪਾਣੀ ਦਿੱਤਾ। ਉਸ ਨੇ ਉਨ੍ਹਾਂ ਦੇ ਗਧਿਆਂ ਲਈ ਚਾਰਾ ਵੀ ਦਿੱਤਾ।
25 ਉਨ੍ਹਾਂ ਨੇ ਸੁਣਿਆ ਕਿ ਯੂਸੁਫ਼ ਦੁਪਹਿਰ ਨੂੰ ਘਰ ਆਵੇਗਾ ਅਤੇ ਉਨ੍ਹਾਂ ਨਾਲ ਰੋਟੀ ਖਾਵੇਗਾ,+ ਇਸ ਲਈ ਉਨ੍ਹਾਂ ਨੇ ਉਸ ਨੂੰ ਦੇਣ ਲਈ ਤੋਹਫ਼ਾ ਤਿਆਰ ਕੀਤਾ।+
26 ਜਦੋਂ ਯੂਸੁਫ਼ ਘਰ ਆਇਆ, ਤਾਂ ਉਨ੍ਹਾਂ ਨੇ ਉਹ ਤੋਹਫ਼ਾ ਲਿਆ ਕੇ ਉਸ ਨੂੰ ਦਿੱਤਾ ਅਤੇ ਗੋਡਿਆਂ ਭਾਰ ਬੈਠ ਕੇ ਉਸ ਦੇ ਅੱਗੇ ਸਿਰ ਨਿਵਾਇਆ।+
27 ਇਸ ਤੋਂ ਬਾਅਦ ਉਸ ਨੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਅਤੇ ਕਿਹਾ: “ਤੁਹਾਡੇ ਬਿਰਧ ਪਿਤਾ ਦਾ ਕੀ ਹਾਲ ਹੈ ਜਿਸ ਬਾਰੇ ਤੁਸੀਂ ਮੈਨੂੰ ਦੱਸਿਆ ਸੀ? ਕੀ ਉਹ ਜੀਉਂਦਾ ਹੈ?”+
28 ਉਨ੍ਹਾਂ ਨੇ ਕਿਹਾ: “ਤੁਹਾਡਾ ਸੇਵਕ ਅਜੇ ਜੀਉਂਦਾ ਅਤੇ ਠੀਕ-ਠਾਕ ਹੈ।” ਫਿਰ ਉਨ੍ਹਾਂ ਨੇ ਗੋਡਿਆਂ ਭਾਰ ਬੈਠ ਕੇ ਉਸ ਦੇ ਅੱਗੇ ਸਿਰ ਨਿਵਾਇਆ।+
29 ਜਦੋਂ ਯੂਸੁਫ਼ ਨੇ ਆਪਣੇ ਸਕੇ ਭਰਾ ਬਿਨਯਾਮੀਨ+ ਨੂੰ ਦੇਖਿਆ, ਤਾਂ ਉਸ ਨੇ ਪੁੱਛਿਆ: “ਕੀ ਇਹੀ ਤੁਹਾਡਾ ਸਭ ਤੋਂ ਛੋਟਾ ਭਰਾ ਹੈ ਜਿਸ ਬਾਰੇ ਤੁਸੀਂ ਮੈਨੂੰ ਪਿਛਲੀ ਵਾਰ ਦੱਸਿਆ ਸੀ?”+ ਫਿਰ ਉਸ ਨੇ ਬਿਨਯਾਮੀਨ ਨੂੰ ਕਿਹਾ: “ਮੇਰੇ ਪੁੱਤਰ, ਪਰਮੇਸ਼ੁਰ ਤੇਰੇ ’ਤੇ ਮਿਹਰ ਕਰੇ!”
30 ਆਪਣੇ ਭਰਾ ਨੂੰ ਦੇਖ ਕੇ ਯੂਸੁਫ਼ ਦਾ ਮਨ ਭਰ ਆਇਆ ਅਤੇ ਉਹ ਫਟਾਫਟ ਉੱਥੋਂ ਚਲਾ ਗਿਆ। ਉਹ ਇਕ ਕਮਰੇ ਵਿਚ ਜਾ ਕੇ ਇਕੱਲਾ ਰੋਣ ਲੱਗ ਪਿਆ।+
31 ਬਾਅਦ ਵਿਚ ਉਸ ਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਮੂੰਹ ਧੋ ਕੇ ਬਾਹਰ ਆ ਗਿਆ। ਉਸ ਨੇ ਨੌਕਰਾਂ ਨੂੰ ਕਿਹਾ: “ਰੋਟੀ ਲਿਆਓ।”
32 ਉਨ੍ਹਾਂ ਨੇ ਉਸ ਨੂੰ ਵੱਖਰਾ ਖਾਣਾ ਪਰੋਸਿਆ ਅਤੇ ਉਸ ਦੇ ਭਰਾਵਾਂ ਨੂੰ ਵੱਖਰਾ। ਉਸ ਦੇ ਨਾਲ ਆਏ ਮਿਸਰੀਆਂ ਨੇ ਵੱਖ ਹੋ ਕੇ ਖਾਧਾ ਕਿਉਂਕਿ ਇਬਰਾਨੀਆਂ ਨਾਲ ਨਫ਼ਰਤ ਹੋਣ ਕਰਕੇ ਉਹ ਉਨ੍ਹਾਂ ਨਾਲ ਬੈਠ ਕੇ ਰੋਟੀ ਨਹੀਂ ਖਾਂਦੇ ਸਨ।+
33 ਸਾਰੇ ਭਰਾਵਾਂ ਨੂੰ ਉਨ੍ਹਾਂ ਦੀ ਉਮਰ ਅਨੁਸਾਰ ਜੇਠੇ+ ਤੋਂ ਲੈ ਕੇ ਛੋਟੇ ਤਕ ਉਸ ਦੇ ਸਾਮ੍ਹਣੇ ਬਿਠਾਇਆ ਗਿਆ। ਉਹ ਇਕ-ਦੂਜੇ ਵੱਲ ਹੈਰਾਨੀ ਨਾਲ ਦੇਖਦੇ ਰਹੇ।
34 ਯੂਸੁਫ਼ ਆਪਣੇ ਮੇਜ਼ ਤੋਂ ਉਨ੍ਹਾਂ ਲਈ ਖਾਣ ਵਾਲੀਆਂ ਚੀਜ਼ਾਂ ਘੱਲਦਾ ਰਿਹਾ। ਉਹ ਬਿਨਯਾਮੀਨ ਲਈ ਬਾਕੀ ਭਰਾਵਾਂ ਨਾਲੋਂ ਪੰਜ ਗੁਣਾ ਜ਼ਿਆਦਾ ਖਾਣਾ ਦਿੰਦਾ ਸੀ।+ ਇਸ ਲਈ ਉਨ੍ਹਾਂ ਨੇ ਰੱਜ ਕੇ ਖਾਧਾ-ਪੀਤਾ।
ਫੁਟਨੋਟ
^ ਜਾਂ, “ਬਲਸਾਨ।”