ਉਤਪਤ 44:1-34
44 ਬਾਅਦ ਵਿਚ ਉਸ ਨੇ ਆਪਣੇ ਘਰ ਦੇ ਮੁਖਤਿਆਰ ਨੂੰ ਹੁਕਮ ਦਿੱਤਾ: “ਉਹ ਜਿੰਨਾ ਵੀ ਅਨਾਜ ਲੈ ਜਾ ਸਕਦੇ ਹਨ, ਉਨ੍ਹਾਂ ਦੇ ਬੋਰਿਆਂ ਵਿਚ ਪਾ ਦੇ ਅਤੇ ਹਰੇਕ ਦੇ ਪੈਸੇ ਉਸ ਦੇ ਬੋਰੇ ਵਿਚ ਰੱਖ ਦੇ।+
2 ਪਰ ਉਨ੍ਹਾਂ ਦੇ ਸਭ ਤੋਂ ਛੋਟੇ ਭਰਾ ਦੇ ਪੈਸਿਆਂ ਦੇ ਨਾਲ ਮੇਰਾ ਚਾਂਦੀ ਦਾ ਪਿਆਲਾ ਵੀ ਉਸ ਦੇ ਬੋਰੇ ਵਿਚ ਰੱਖ ਦੇ।” ਮੁਖਤਿਆਰ ਨੇ ਯੂਸੁਫ਼ ਦੇ ਹੁਕਮ ਅਨੁਸਾਰ ਉਸੇ ਤਰ੍ਹਾਂ ਕੀਤਾ।
3 ਅਗਲੇ ਦਿਨ ਸਵੇਰੇ-ਸਵੇਰੇ ਉਨ੍ਹਾਂ ਆਦਮੀਆਂ ਨੂੰ ਉਨ੍ਹਾਂ ਦੇ ਗਧਿਆਂ ਸਮੇਤ ਤੋਰ ਦਿੱਤਾ ਗਿਆ।
4 ਉਹ ਅਜੇ ਸ਼ਹਿਰੋਂ ਦੂਰ ਨਹੀਂ ਗਏ ਸਨ ਕਿ ਯੂਸੁਫ਼ ਨੇ ਆਪਣੇ ਘਰ ਦੇ ਮੁਖਤਿਆਰ ਨੂੰ ਕਿਹਾ: “ਉੱਠ ਅਤੇ ਉਨ੍ਹਾਂ ਆਦਮੀਆਂ ਦਾ ਪਿੱਛਾ ਕਰ! ਤੂੰ ਉਨ੍ਹਾਂ ਨੂੰ ਰੋਕ ਕੇ ਕਹੀਂ, ‘ਅਸੀਂ ਤੁਹਾਡਾ ਭਲਾ ਕੀਤਾ, ਪਰ ਤੁਸੀਂ ਸਾਡਾ ਬੁਰਾ ਕਿਉਂ ਕੀਤਾ?
5 ਮੇਰਾ ਮਾਲਕ ਜਿਸ ਪਿਆਲੇ ਵਿਚ ਪੀਂਦਾ ਹੈ ਅਤੇ ਜਿਸ ਨੂੰ ਵਰਤ ਕੇ ਸਹੀ-ਸਹੀ ਫਾਲ* ਪਾਉਂਦਾ ਹੈ, ਉਹ ਤੁਸੀਂ ਚੋਰੀ ਕਿਉਂ ਕੀਤਾ? ਤੁਸੀਂ ਇਹ ਬਹੁਤ ਬੁਰਾ ਕੰਮ ਕੀਤਾ।’”
6 ਇਸ ਲਈ ਮੁਖਤਿਆਰ ਨੇ ਉਨ੍ਹਾਂ ਨੂੰ ਰੋਕ ਕੇ ਇਹ ਗੱਲਾਂ ਕਹੀਆਂ।
7 ਪਰ ਉਨ੍ਹਾਂ ਨੇ ਉਸ ਨੂੰ ਕਿਹਾ: “ਸਾਡਾ ਮਾਲਕ ਇਸ ਤਰ੍ਹਾਂ ਕਿਉਂ ਕਹਿੰਦਾ ਹੈ? ਤੇਰੇ ਸੇਵਕ ਇਸ ਤਰ੍ਹਾਂ ਦਾ ਗ਼ਲਤ ਕੰਮ ਕਰਨ ਬਾਰੇ ਸੋਚ ਵੀ ਨਹੀਂ ਸਕਦੇ।
8 ਸਾਨੂੰ ਪਿਛਲੀ ਵਾਰ ਆਪਣੇ ਬੋਰਿਆਂ ਵਿਚ ਜੋ ਪੈਸੇ ਮਿਲੇ ਸਨ, ਅਸੀਂ ਤਾਂ ਉਹ ਵੀ ਤੈਨੂੰ ਵਾਪਸ ਮੋੜਨ ਲਈ ਕਨਾਨ ਤੋਂ ਲੈ ਕੇ ਆਏ ਸੀ।+ ਤਾਂ ਫਿਰ ਅਸੀਂ ਤੇਰੇ ਮਾਲਕ ਦੇ ਘਰੋਂ ਚਾਂਦੀ ਜਾਂ ਸੋਨਾ ਕਿਵੇਂ ਚੋਰੀ ਕਰ ਸਕਦੇ ਹਾਂ?
9 ਜੇ ਤੇਰੇ ਕਿਸੇ ਸੇਵਕ ਕੋਲੋਂ ਉਹ ਪਿਆਲਾ ਮਿਲਿਆ, ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ ਅਤੇ ਬਾਕੀ ਸਾਰਿਆਂ ਨੂੰ ਗ਼ੁਲਾਮ ਬਣਾ ਲਿਆ ਜਾਵੇ।”
10 ਇਸ ਲਈ ਮੁਖਤਿਆਰ ਨੇ ਕਿਹਾ: “ਠੀਕ ਹੈ, ਜਿਵੇਂ ਤੁਸੀਂ ਕਿਹਾ, ਉਵੇਂ ਹੀ ਹੋਵੇ। ਜਿਸ ਕੋਲੋਂ ਪਿਆਲਾ ਮਿਲਿਆ, ਉਹ ਮੇਰਾ ਗ਼ੁਲਾਮ ਬਣੇਗਾ, ਪਰ ਬਾਕੀ ਜਣੇ ਬੇਕਸੂਰ ਹੋਣਗੇ।”
11 ਫਿਰ ਸਾਰਿਆਂ ਨੇ ਤੁਰੰਤ ਆਪਣੇ ਬੋਰੇ ਲਾਹ ਕੇ ਜ਼ਮੀਨ ’ਤੇ ਰੱਖੇ ਅਤੇ ਉਨ੍ਹਾਂ ਨੂੰ ਖੋਲ੍ਹਿਆ।
12 ਉਸ ਨੇ ਜੇਠੇ ਭਰਾ ਤੋਂ ਲੈ ਕੇ ਛੋਟੇ ਭਰਾ ਤਕ ਸਾਰਿਆਂ ਦੇ ਬੋਰਿਆਂ ਦੀ ਧਿਆਨ ਨਾਲ ਤਲਾਸ਼ੀ ਲਈ। ਅਖ਼ੀਰ ਪਿਆਲਾ ਬਿਨਯਾਮੀਨ ਦੇ ਬੋਰੇ ਵਿੱਚੋਂ ਮਿਲਿਆ।+
13 ਇਹ ਦੇਖ ਕੇ ਉਨ੍ਹਾਂ ਨੇ ਦੁੱਖ ਦੇ ਮਾਰੇ ਆਪਣੇ ਕੱਪੜੇ ਪਾੜੇ ਅਤੇ ਸਾਰੇ ਜਣੇ ਆਪਣੇ ਗਧਿਆਂ ’ਤੇ ਬੋਰੇ ਲੱਦ ਕੇ ਵਾਪਸ ਸ਼ਹਿਰ ਆ ਗਏ।
14 ਜਦੋਂ ਯਹੂਦਾਹ+ ਅਤੇ ਉਸ ਦੇ ਭਰਾ ਯੂਸੁਫ਼ ਦੇ ਘਰ ਆਏ, ਤਾਂ ਉਹ ਅਜੇ ਉੱਥੇ ਹੀ ਸੀ। ਉਹ ਉਸ ਦੇ ਪੈਰੀਂ ਪੈ ਗਏ।+
15 ਯੂਸੁਫ਼ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਇਹ ਕੀ ਕੀਤਾ? ਕੀ ਤੁਹਾਨੂੰ ਪਤਾ ਨਹੀਂ ਕਿ ਮੇਰੇ ਵਰਗਾ ਆਦਮੀ ਸਹੀ-ਸਹੀ ਫਾਲ ਪਾ ਸਕਦਾ ਹੈ?”+
16 ਇਹ ਸੁਣ ਕੇ ਯਹੂਦਾਹ ਨੇ ਕਿਹਾ: “ਅਸੀਂ ਆਪਣੇ ਮਾਲਕ ਨੂੰ ਕੀ ਕਹੀਏ? ਅਸੀਂ ਆਪਣੇ ਆਪ ਨੂੰ ਬੇਕਸੂਰ ਕਿਵੇਂ ਸਾਬਤ ਕਰੀਏ? ਤੇਰੇ ਸੇਵਕਾਂ ਨੇ ਪਹਿਲਾਂ ਜੋ ਗ਼ਲਤੀ ਕੀਤੀ ਸੀ, ਸੱਚਾ ਪਰਮੇਸ਼ੁਰ ਉਨ੍ਹਾਂ ਨੂੰ ਉਸ ਗ਼ਲਤੀ ਦੀ ਸਜ਼ਾ ਦੇ ਰਿਹਾ ਹੈ।+ ਜਿਸ ਕੋਲੋਂ ਤੇਰਾ ਪਿਆਲਾ ਮਿਲਿਆ ਹੈ, ਉਹ ਅਤੇ ਅਸੀਂ ਸਾਰੇ ਆਪਣੇ ਮਾਲਕ ਦੇ ਗ਼ੁਲਾਮ ਹਾਂ!”
17 ਪਰ ਯੂਸੁਫ਼ ਨੇ ਕਿਹਾ: “ਮੈਂ ਇਸ ਤਰ੍ਹਾਂ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਜਿਸ ਆਦਮੀ ਕੋਲੋਂ ਮੇਰਾ ਪਿਆਲਾ ਮਿਲਿਆ ਹੈ, ਉਹੀ ਮੇਰਾ ਗ਼ੁਲਾਮ ਬਣੇਗਾ।+ ਬਾਕੀ ਜਣੇ ਆਪਣੇ ਪਿਤਾ ਕੋਲ ਵਾਪਸ ਜਾ ਸਕਦੇ ਹਨ।”
18 ਯਹੂਦਾਹ ਨੇ ਉਸ ਕੋਲ ਆ ਕੇ ਕਿਹਾ: “ਮੇਰੇ ਮਾਲਕ, ਮੈਂ ਬੇਨਤੀ ਕਰਦਾ ਹਾਂ ਕਿ ਮੈਨੂੰ ਗੱਲ ਕਰਨ ਦੀ ਇਜਾਜ਼ਤ ਦੇ ਅਤੇ ਆਪਣੇ ਦਾਸ ’ਤੇ ਗੁੱਸਾ ਨਾ ਕਰੀਂ ਕਿਉਂਕਿ ਤੂੰ ਫ਼ਿਰਊਨ ਦੇ ਬਰਾਬਰ ਹੈਂ।+
19 ਮੇਰੇ ਮਾਲਕ ਨੇ ਆਪਣੇ ਦਾਸਾਂ ਤੋਂ ਪੁੱਛਿਆ ਸੀ, ‘ਕੀ ਤੁਹਾਡਾ ਪਿਤਾ ਹੈ? ਕੀ ਤੁਹਾਡਾ ਕੋਈ ਹੋਰ ਭਰਾ ਹੈ?’
20 ਅਸੀਂ ਆਪਣੇ ਮਾਲਕ ਨੂੰ ਕਿਹਾ, ‘ਸਾਡਾ ਪਿਤਾ ਬਿਰਧ ਹੈ ਅਤੇ ਸਾਡਾ ਇਕ ਹੋਰ ਭਰਾ ਵੀ ਹੈ ਜੋ ਸਾਰਿਆਂ ਤੋਂ ਛੋਟਾ ਹੈ।+ ਉਹ ਸਾਡੇ ਪਿਤਾ ਦੇ ਬੁਢਾਪੇ ਵਿਚ ਪੈਦਾ ਹੋਇਆ ਸੀ। ਉਸ ਮੁੰਡੇ ਦਾ ਸਕਾ ਭਰਾ ਮਰ ਚੁੱਕਾ ਹੈ+ ਜਿਸ ਕਰਕੇ ਇਹ ਆਪਣੀ ਮਾਂ ਦਾ ਇਕੱਲਾ ਪੁੱਤਰ ਬਚਿਆ ਹੈ+ ਅਤੇ ਉਸ ਦਾ ਪਿਤਾ ਉਸ ਨੂੰ ਬਹੁਤ ਪਿਆਰ ਕਰਦਾ ਹੈ।’
21 ਬਾਅਦ ਵਿਚ ਤੂੰ ਆਪਣੇ ਦਾਸਾਂ ਨੂੰ ਕਿਹਾ, ‘ਮੈਂ ਉਸ ਨੂੰ ਦੇਖਣਾ ਚਾਹੁੰਦਾ ਹਾਂ, ਇਸ ਲਈ ਉਸ ਨੂੰ ਮੇਰੇ ਕੋਲ ਲੈ ਕੇ ਆਓ।’+
22 ਪਰ ਅਸੀਂ ਆਪਣੇ ਮਾਲਕ ਨੂੰ ਕਿਹਾ, ‘ਮੁੰਡਾ ਆਪਣੇ ਪਿਤਾ ਨੂੰ ਛੱਡ ਕੇ ਨਹੀਂ ਆ ਸਕਦਾ। ਜੇ ਉਹ ਆਪਣੇ ਪਿਤਾ ਨੂੰ ਛੱਡ ਕੇ ਆਇਆ, ਤਾਂ ਉਸ ਦਾ ਪਿਤਾ ਜ਼ਰੂਰ ਮਰ ਜਾਵੇਗਾ।’+
23 ਫਿਰ ਤੂੰ ਆਪਣੇ ਦਾਸਾਂ ਨੂੰ ਕਿਹਾ, ‘ਜਦ ਤਕ ਤੁਹਾਡਾ ਸਭ ਤੋਂ ਛੋਟਾ ਭਰਾ ਤੁਹਾਡੇ ਨਾਲ ਨਹੀਂ ਆਉਂਦਾ, ਤਦ ਤਕ ਤੁਸੀਂ ਮੇਰੇ ਸਾਮ੍ਹਣੇ ਨਾ ਆਇਓ।’+
24 “ਇਸ ਲਈ ਅਸੀਂ ਤੇਰੇ ਦਾਸ ਆਪਣੇ ਪਿਤਾ ਕੋਲ ਗਏ ਅਤੇ ਉਸ ਨੂੰ ਆਪਣੇ ਮਾਲਕ ਦੀ ਇਹ ਗੱਲ ਦੱਸੀ।
25 ਬਾਅਦ ਵਿਚ ਸਾਡੇ ਪਿਤਾ ਨੇ ਕਿਹਾ, ‘ਵਾਪਸ ਜਾ ਕੇ ਸਾਡੇ ਲਈ ਹੋਰ ਅਨਾਜ ਖ਼ਰੀਦ ਲਿਆਓ।’+
26 ਪਰ ਅਸੀਂ ਕਿਹਾ, ‘ਅਸੀਂ ਨਹੀਂ ਜਾਣਾ। ਅਸੀਂ ਤਾਂ ਹੀ ਜਾਵਾਂਗੇ ਜੇ ਸਾਡਾ ਸਭ ਤੋਂ ਛੋਟਾ ਭਰਾ ਸਾਡੇ ਨਾਲ ਜਾਵੇਗਾ ਕਿਉਂਕਿ ਅਸੀਂ ਇਸ ਤੋਂ ਬਗੈਰ ਉਸ ਆਦਮੀ ਦੇ ਸਾਮ੍ਹਣੇ ਨਹੀਂ ਜਾ ਸਕਦੇ।’+
27 ਫਿਰ ਤੇਰੇ ਦਾਸ ਸਾਡੇ ਪਿਤਾ ਨੇ ਸਾਨੂੰ ਕਿਹਾ, ‘ਤੁਸੀਂ ਜਾਣਦੇ ਹੋ ਕਿ ਮੇਰੀ ਪਤਨੀ ਨੇ ਮੇਰੇ ਦੋ ਪੁੱਤਰਾਂ ਨੂੰ ਜਨਮ ਦਿੱਤਾ।+
28 ਪਰ ਇਕ ਪੁੱਤਰ ਮੇਰੇ ਤੋਂ ਪਹਿਲਾਂ ਹੀ ਵਿਛੜ ਚੁੱਕਾ ਹੈ ਅਤੇ ਮੈਂ ਕਿਹਾ: “ਜ਼ਰੂਰ ਕੋਈ ਜੰਗਲੀ ਜਾਨਵਰ ਉਸ ਨੂੰ ਪਾੜ ਕੇ ਖਾ ਗਿਆ ਹੋਣਾ!”+ ਅਤੇ ਮੈਂ ਉਸ ਨੂੰ ਅੱਜ ਤਕ ਨਹੀਂ ਦੇਖਿਆ।
29 ਜੇ ਤੁਸੀਂ ਇਸ ਨੂੰ ਵੀ ਮੇਰੇ ਤੋਂ ਦੂਰ ਲੈ ਗਏ ਅਤੇ ਰਾਹ ਵਿਚ ਕਿਸੇ ਦੁਰਘਟਨਾ ਕਰਕੇ ਇਸ ਦੀ ਜਾਨ ਚਲੀ ਗਈ, ਤਾਂ ਤੁਹਾਡੇ ਕਰਕੇ ਮੈਂ ਇੰਨੇ ਬੁਢਾਪੇ ਵਿਚ ਦੁੱਖ ਦਾ ਮਾਰਿਆ ਕਬਰ*+ ਵਿਚ ਜਾਵਾਂਗਾ।’+
30 “ਸਾਡਾ ਪਿਤਾ ਇਸ ਮੁੰਡੇ ਨੂੰ ਆਪਣੀ ਜਾਨ ਤੋਂ ਵੀ ਵੱਧ ਪਿਆਰ ਕਰਦਾ ਹੈ। ਹੁਣ ਜੇ ਅਸੀਂ ਮੁੰਡੇ ਤੋਂ ਬਗੈਰ ਤੁਹਾਡੇ ਦਾਸ ਆਪਣੇ ਪਿਤਾ ਕੋਲ ਵਾਪਸ ਗਏ
31 ਅਤੇ ਜਦ ਉਹ ਦੇਖੇਗਾ ਕਿ ਮੁੰਡਾ ਸਾਡੇ ਨਾਲ ਨਹੀਂ ਹੈ, ਤਾਂ ਉਹ ਜ਼ਰੂਰ ਮਰ ਜਾਵੇਗਾ। ਤੇਰੇ ਦਾਸਾਂ ਦੇ ਕਰਕੇ ਸਾਡਾ ਪਿਤਾ ਇੰਨੇ ਬੁਢਾਪੇ ਵਿਚ ਦੁੱਖ ਦਾ ਮਾਰਿਆ ਕਬਰ* ਵਿਚ ਜਾਵੇਗਾ।
32 ਤੇਰੇ ਦਾਸ ਨੇ ਆਪਣੇ ਪਿਤਾ ਨੂੰ ਮੁੰਡੇ ਦੀ ਸੁਰੱਖਿਆ ਦੀ ਗਾਰੰਟੀ ਦਿੰਦੇ ਹੋਏ ਕਿਹਾ ਸੀ, ‘ਜੇ ਮੈਂ ਉਸ ਨੂੰ ਤੇਰੇ ਕੋਲ ਸਹੀ-ਸਲਾਮਤ ਨਹੀਂ ਲੈ ਕੇ ਆਇਆ, ਤਾਂ ਮੈਂ ਜ਼ਿੰਦਗੀ ਭਰ ਤੇਰਾ ਗੁਨਾਹਗਾਰ ਹੋਵਾਂਗਾ।’+
33 ਹੁਣ ਕਿਰਪਾ ਕਰ ਕੇ ਇਸ ਮੁੰਡੇ ਦੀ ਜਗ੍ਹਾ ਮੈਨੂੰ ਆਪਣਾ ਗ਼ੁਲਾਮ ਬਣਾ ਲੈ ਤਾਂਕਿ ਮੁੰਡਾ ਆਪਣੇ ਭਰਾਵਾਂ ਨਾਲ ਮੁੜ ਜਾਵੇ।
34 ਮੈਂ ਇਸ ਮੁੰਡੇ ਤੋਂ ਬਿਨਾਂ ਆਪਣੇ ਪਿਤਾ ਕੋਲ ਕਿਵੇਂ ਵਾਪਸ ਜਾ ਸਕਦਾਂ? ਮੈਂ ਆਪਣੇ ਪਿਤਾ ਨੂੰ ਦੁੱਖ ਨਾਲ ਤੜਫਦਿਆਂ ਨਹੀਂ ਦੇਖ ਸਕਾਂਗਾ!”
ਫੁਟਨੋਟ
^ ਦੁਸ਼ਟ ਦੂਤਾਂ ਦੀ ਮਦਦ ਨਾਲ ਭਵਿੱਖ ਜਾਣਨ ਦੀ ਕੋਸ਼ਿਸ਼ ਕਰਨੀ।