ਉਤਪਤ 47:1-31
47 ਇਸ ਲਈ ਯੂਸੁਫ਼ ਨੇ ਜਾ ਕੇ ਫ਼ਿਰਊਨ ਨੂੰ ਦੱਸਿਆ:+ “ਮੇਰਾ ਪਿਤਾ ਅਤੇ ਮੇਰੇ ਭਰਾ ਗੋਸ਼ਨ ਦੇ ਇਲਾਕੇ ਵਿਚ ਆ ਗਏ ਹਨ ਅਤੇ ਉਹ ਕਨਾਨ ਤੋਂ ਆਪਣੇ ਨਾਲ ਭੇਡਾਂ-ਬੱਕਰੀਆਂ, ਹੋਰ ਪਾਲਤੂ ਪਸ਼ੂ ਅਤੇ ਆਪਣਾ ਸਾਰਾ ਸਾਮਾਨ ਲਿਆਏ ਹਨ।”+
2 ਫਿਰ ਉਹ ਆਪਣੇ ਨਾਲ ਆਪਣੇ ਪੰਜ ਭਰਾਵਾਂ ਨੂੰ ਲੈ ਗਿਆ ਅਤੇ ਉਨ੍ਹਾਂ ਨੂੰ ਫ਼ਿਰਊਨ ਦੇ ਸਾਮ੍ਹਣੇ ਪੇਸ਼ ਕੀਤਾ।+
3 ਫ਼ਿਰਊਨ ਨੇ ਉਸ ਦੇ ਭਰਾਵਾਂ ਨੂੰ ਕਿਹਾ: “ਤੁਸੀਂ ਕੀ ਕੰਮ ਕਰਦੇ ਹੋ?” ਉਨ੍ਹਾਂ ਨੇ ਫ਼ਿਰਊਨ ਨੂੰ ਜਵਾਬ ਦਿੱਤਾ: “ਤੁਹਾਡੇ ਸੇਵਕ ਆਪਣੇ ਪਿਉ-ਦਾਦਿਆਂ ਵਾਂਗ ਭੇਡਾਂ ਚਾਰਦੇ ਹਨ।”+
4 ਫਿਰ ਉਨ੍ਹਾਂ ਨੇ ਫ਼ਿਰਊਨ ਨੂੰ ਕਿਹਾ: “ਕਾਲ਼ ਕਰਕੇ ਕਨਾਨ ਦੇਸ਼ ਦਾ ਬੁਰਾ ਹਾਲ ਹੈ+ ਅਤੇ ਪਸ਼ੂਆਂ ਦੇ ਖਾਣ ਲਈ ਕੁਝ ਨਹੀਂ ਹੈ। ਇਸ ਲਈ ਅਸੀਂ ਇੱਥੇ ਪਰਦੇਸੀਆਂ ਵਜੋਂ ਰਹਿਣ ਆਏ ਹਾਂ।+ ਕਿਰਪਾ ਕਰ ਕੇ ਆਪਣੇ ਸੇਵਕਾਂ ਨੂੰ ਗੋਸ਼ਨ ਦੇ ਇਲਾਕੇ ਵਿਚ ਵੱਸਣ ਦੀ ਇਜਾਜ਼ਤ ਦੇ।”+
5 ਇਹ ਸੁਣ ਕੇ ਫ਼ਿਰਊਨ ਨੇ ਯੂਸੁਫ਼ ਨੂੰ ਕਿਹਾ: “ਤੇਰਾ ਪਿਤਾ ਅਤੇ ਤੇਰੇ ਭਰਾ ਇੱਥੇ ਤੇਰੇ ਕੋਲ ਆਏ ਹਨ।
6 ਮਿਸਰ ਦੀ ਸਾਰੀ ਜ਼ਮੀਨ ਤੇਰੇ ਹੱਥ ਵਿਚ ਹੈ। ਆਪਣੇ ਪਿਤਾ ਅਤੇ ਭਰਾਵਾਂ ਨੂੰ ਦੇਸ਼ ਦੀ ਸਭ ਤੋਂ ਵਧੀਆ ਜ਼ਮੀਨ ਵੱਸਣ ਲਈ ਦੇ।+ ਉਹ ਗੋਸ਼ਨ ਦੇ ਇਲਾਕੇ ਵਿਚ ਵੱਸਣ ਅਤੇ ਜੇ ਤੂੰ ਉਨ੍ਹਾਂ ਵਿੱਚੋਂ ਕਾਬਲ ਬੰਦਿਆਂ ਨੂੰ ਜਾਣਦਾ ਹੈਂ, ਤਾਂ ਉਨ੍ਹਾਂ ਨੂੰ ਮੇਰੇ ਪਸ਼ੂਆਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਸੌਂਪ ਦੇ।”
7 ਫਿਰ ਯੂਸੁਫ਼ ਨੇ ਆਪਣੇ ਪਿਤਾ ਯਾਕੂਬ ਨੂੰ ਫ਼ਿਰਊਨ ਸਾਮ੍ਹਣੇ ਪੇਸ਼ ਕੀਤਾ ਅਤੇ ਯਾਕੂਬ ਨੇ ਫ਼ਿਰਊਨ ਨੂੰ ਅਸੀਸ ਦਿੱਤੀ।
8 ਫ਼ਿਰਊਨ ਨੇ ਯਾਕੂਬ ਨੂੰ ਪੁੱਛਿਆ: “ਤੇਰੀ ਉਮਰ ਕਿੰਨੀ ਹੈ?”
9 ਯਾਕੂਬ ਨੇ ਫ਼ਿਰਊਨ ਨੂੰ ਕਿਹਾ: “ਮੈਂ 130 ਸਾਲ ਦਾ ਹਾਂ ਅਤੇ ਮੈਂ ਆਪਣੀ ਸਾਰੀ ਉਮਰ ਪਰਦੇਸੀਆਂ* ਵਜੋਂ ਕੱਟੀ ਹੈ। ਇਹ ਸਾਲ ਬੜੇ ਦੁੱਖਾਂ ਨਾਲ ਭਰੇ ਸਨ,+ ਪਰ ਮੈਂ ਆਪਣੇ ਪਿਉ-ਦਾਦਿਆਂ ਨਾਲੋਂ ਘੱਟ ਸਾਲ ਪਰਦੇਸੀਆਂ ਵਜੋਂ ਕੱਟੇ ਹਨ।”+
10 ਫਿਰ ਯਾਕੂਬ ਨੇ ਫ਼ਿਰਊਨ ਨੂੰ ਅਸੀਸ ਦਿੱਤੀ ਅਤੇ ਉਸ ਦੇ ਸਾਮ੍ਹਣਿਓਂ ਚਲਾ ਗਿਆ।
11 ਇਸ ਲਈ ਫ਼ਿਰਊਨ ਦਾ ਹੁਕਮ ਮੰਨਦੇ ਹੋਏ ਯੂਸੁਫ਼ ਨੇ ਆਪਣੇ ਪਿਤਾ ਅਤੇ ਭਰਾਵਾਂ ਨੂੰ ਮਿਸਰ ਵਿਚ ਰਾਮਸੇਸ ਵਿਚ ਸਭ ਤੋਂ ਵਧੀਆ ਜ਼ਮੀਨ ਦਿੱਤੀ ਅਤੇ ਉਹ ਉੱਥੇ ਵੱਸ ਗਏ।+
12 ਯੂਸੁਫ਼ ਆਪਣੇ ਪਿਤਾ ਤੇ ਭਰਾਵਾਂ ਅਤੇ ਆਪਣੇ ਪਿਤਾ ਦੇ ਪੂਰੇ ਘਰਾਣੇ ਨੂੰ ਬੱਚਿਆਂ ਦੀ ਗਿਣਤੀ ਅਨੁਸਾਰ ਰੋਟੀ ਦਿੰਦਾ ਰਿਹਾ।
13 ਮਿਸਰ ਅਤੇ ਕਨਾਨ ਦੇਸ਼ ਵਿਚ ਖਾਣ ਲਈ ਕੁਝ ਵੀ ਨਹੀਂ ਸੀ ਕਿਉਂਕਿ ਕਾਲ਼ ਕਰਕੇ ਦੋਵੇਂ ਦੇਸ਼ਾਂ ਦਾ ਬੁਰਾ ਹਾਲ ਸੀ ਅਤੇ ਲੋਕ ਬਹੁਤ ਕਮਜ਼ੋਰ ਹੋ ਗਏ ਸਨ।+
14 ਯੂਸੁਫ਼ ਮਿਸਰ ਅਤੇ ਕਨਾਨ ਦੇ ਲੋਕਾਂ ਨੂੰ ਅਨਾਜ ਵੇਚਦਾ ਰਿਹਾ+ ਅਤੇ ਉਹ ਸਾਰਾ ਪੈਸਾ ਇਕੱਠਾ ਕਰ ਕੇ ਫ਼ਿਰਊਨ ਦੇ ਖ਼ਜ਼ਾਨੇ ਵਿਚ ਪਾਉਂਦਾ ਰਿਹਾ।
15 ਸਮੇਂ ਦੇ ਬੀਤਣ ਨਾਲ ਮਿਸਰ ਅਤੇ ਕਨਾਨ ਦੇ ਲੋਕਾਂ ਕੋਲ ਸਾਰਾ ਪੈਸਾ ਖ਼ਤਮ ਹੋ ਗਿਆ ਅਤੇ ਮਿਸਰੀ ਯੂਸੁਫ਼ ਨੂੰ ਆ ਕੇ ਕਹਿਣ ਲੱਗੇ: “ਸਾਨੂੰ ਖਾਣ ਲਈ ਰੋਟੀ ਦੇ। ਸਾਡੇ ਕੋਲ ਹੁਣ ਕੋਈ ਪੈਸਾ ਨਹੀਂ ਹੈ, ਇਸ ਲਈ ਕੀ ਤੂੰ ਸਾਨੂੰ ਆਪਣੀਆਂ ਨਜ਼ਰਾਂ ਸਾਮ੍ਹਣੇ ਮਰਨ ਦੇਵੇਂਗਾ?”
16 ਯੂਸੁਫ਼ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਹਾਡੇ ਪੈਸੇ ਖ਼ਤਮ ਹੋ ਗਏ ਹਨ, ਤਾਂ ਆਪਣੇ ਪਸ਼ੂ ਲੈ ਆਓ ਅਤੇ ਮੈਂ ਉਨ੍ਹਾਂ ਦੇ ਬਦਲੇ ਤੁਹਾਨੂੰ ਰੋਟੀ ਦਿਆਂਗਾ।”
17 ਇਸ ਲਈ ਉਹ ਯੂਸੁਫ਼ ਕੋਲ ਆਪਣੇ ਪਸ਼ੂ ਲਿਆਉਣ ਲੱਗੇ ਅਤੇ ਯੂਸੁਫ਼ ਉਨ੍ਹਾਂ ਨੂੰ ਘੋੜਿਆਂ, ਭੇਡਾਂ-ਬੱਕਰੀਆਂ, ਗਾਂਵਾਂ-ਬਲਦਾਂ ਅਤੇ ਗਧਿਆਂ ਦੇ ਬਦਲੇ ਰੋਟੀ ਦਿੰਦਾ ਰਿਹਾ। ਉਹ ਉਸ ਸਾਲ ਲੋਕਾਂ ਨੂੰ ਉਨ੍ਹਾਂ ਦੇ ਪਸ਼ੂਆਂ ਬਦਲੇ ਰੋਟੀ ਦਿੰਦਾ ਰਿਹਾ।
18 ਫਿਰ ਉਹ ਸਾਲ ਖ਼ਤਮ ਹੋ ਗਿਆ ਅਤੇ ਅਗਲੇ ਸਾਲ ਲੋਕ ਆ ਕੇ ਉਸ ਨੂੰ ਕਹਿਣ ਲੱਗੇ: “ਅਸੀਂ ਆਪਣੇ ਮਾਲਕ ਤੋਂ ਇਹ ਗੱਲ ਲੁਕਾਉਣੀ ਨਹੀਂ ਚਾਹੁੰਦੇ ਕਿ ਅਸੀਂ ਆਪਣਾ ਸਾਰਾ ਪੈਸਾ ਅਤੇ ਪਾਲਤੂ ਜਾਨਵਰ ਆਪਣੇ ਮਾਲਕ ਨੂੰ ਦੇ ਚੁੱਕੇ ਹਾਂ। ਹੁਣ ਸਾਡੇ ਕੋਲ ਆਪਣੇ ਆਪ ਨੂੰ ਅਤੇ ਆਪਣੀਆਂ ਜ਼ਮੀਨਾਂ ਨੂੰ ਤੇਰੇ ਹਵਾਲੇ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਬਚਿਆ।
19 ਕੀ ਤੂੰ ਸਾਨੂੰ ਆਪਣੀਆਂ ਨਜ਼ਰਾਂ ਸਾਮ੍ਹਣੇ ਮਰਨ ਦੇਵੇਂਗਾ ਅਤੇ ਸਾਡੀਆਂ ਜ਼ਮੀਨਾਂ ਵੀਰਾਨ ਪਈਆਂ ਰਹਿਣ ਦੇਵੇਂਗਾ? ਸਾਨੂੰ ਅਤੇ ਸਾਡੀਆਂ ਜ਼ਮੀਨਾਂ ਨੂੰ ਰੋਟੀ ਦੇ ਬਦਲੇ ਖ਼ਰੀਦ ਲੈ। ਅਸੀਂ ਸਾਰੇ ਫ਼ਿਰਊਨ ਦੇ ਗ਼ੁਲਾਮ ਬਣ ਜਾਵਾਂਗੇ ਅਤੇ ਸਾਡੀਆਂ ਜ਼ਮੀਨਾਂ ਉਸ ਦੀਆਂ ਹੋ ਜਾਣਗੀਆਂ। ਸਾਨੂੰ ਬੀਜਣ ਲਈ ਬੀ ਦੇ ਤਾਂਕਿ ਅਸੀਂ ਜੀਉਂਦੇ ਰਹੀਏ ਅਤੇ ਸਾਡੀਆਂ ਜ਼ਮੀਨਾਂ ਵੀਰਾਨ ਨਾ ਪਈਆਂ ਰਹਿਣ।”
20 ਯੂਸੁਫ਼ ਨੇ ਫ਼ਿਰਊਨ ਲਈ ਸਾਰੇ ਮਿਸਰੀਆਂ ਦੀਆਂ ਜ਼ਮੀਨਾਂ ਖ਼ਰੀਦ ਲਈਆਂ ਕਿਉਂਕਿ ਕਾਲ਼ ਦੇ ਬੁਰੇ ਅਸਰ ਕਰਕੇ ਹਰ ਮਿਸਰੀ ਨੇ ਆਪਣੀ ਜ਼ਮੀਨ ਵੇਚ ਦਿੱਤੀ ਸੀ ਅਤੇ ਇਸ ਤਰ੍ਹਾਂ ਫ਼ਿਰਊਨ ਸਾਰੀਆਂ ਜ਼ਮੀਨਾਂ ਦਾ ਮਾਲਕ ਬਣ ਗਿਆ।
21 ਫਿਰ ਉਸ ਨੇ ਮਿਸਰ ਦੇ ਇਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤਕ ਸਾਰੇ ਲੋਕਾਂ ਨੂੰ ਸ਼ਹਿਰਾਂ ਵਿਚ ਜਾ ਕੇ ਰਹਿਣ ਦਾ ਹੁਕਮ ਦਿੱਤਾ।+
22 ਉਸ ਨੇ ਪੁਜਾਰੀਆਂ ਦੀਆਂ ਜ਼ਮੀਨਾਂ ਨਹੀਂ ਖ਼ਰੀਦੀਆਂ+ ਕਿਉਂਕਿ ਫ਼ਿਰਊਨ ਪੁਜਾਰੀਆਂ ਨੂੰ ਭੋਜਨ ਦਿੰਦਾ ਸੀ ਅਤੇ ਉਹ ਉਸ ਵੱਲੋਂ ਦਿੱਤੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਨਾਲ ਗੁਜ਼ਾਰਾ ਕਰਦੇ ਸਨ। ਇਸ ਕਰਕੇ ਉਨ੍ਹਾਂ ਨੇ ਆਪਣੀਆਂ ਜ਼ਮੀਨਾਂ ਨਹੀਂ ਵੇਚੀਆਂ।
23 ਫਿਰ ਯੂਸੁਫ਼ ਨੇ ਲੋਕਾਂ ਨੂੰ ਕਿਹਾ: “ਸੁਣੋ, ਮੈਂ ਅੱਜ ਤੁਹਾਨੂੰ ਅਤੇ ਤੁਹਾਡੀਆਂ ਜ਼ਮੀਨਾਂ ਨੂੰ ਫ਼ਿਰਊਨ ਲਈ ਖ਼ਰੀਦ ਲਿਆ ਹੈ। ਮੈਂ ਤੁਹਾਨੂੰ ਬੀ ਦਿੰਦਾ ਹਾਂ ਅਤੇ ਤੁਸੀਂ ਇਹ ਬੀ ਖੇਤਾਂ ਵਿਚ ਬੀਜੋ।
24 ਜਦੋਂ ਫ਼ਸਲ ਹੋਵੇਗੀ, ਤਾਂ ਤੁਸੀਂ ਫ਼ਿਰਊਨ ਨੂੰ ਇਸ ਦਾ ਪੰਜਵਾਂ ਹਿੱਸਾ ਦਿਓ,+ ਪਰ ਬਾਕੀ ਚਾਰ ਹਿੱਸੇ ਖੇਤਾਂ ਵਿਚ ਬੀਜਣ ਲਈ ਅਤੇ ਤੁਹਾਡੇ ਲਈ ਤੇ ਤੁਹਾਡੇ ਪਰਿਵਾਰ ਦੇ ਜੀਆਂ ਅਤੇ ਤੁਹਾਡੇ ਬੱਚਿਆਂ ਲਈ ਭੋਜਨ ਵਾਸਤੇ ਹੋਣਗੇ।”
25 ਇਸ ਲਈ ਉਨ੍ਹਾਂ ਨੇ ਕਿਹਾ: “ਸਾਡੇ ਮਾਲਕ, ਤੂੰ ਸਾਡੀਆਂ ਜ਼ਿੰਦਗੀਆਂ ਬਚਾਈਆਂ ਹਨ।+ ਹੁਣ ਸਾਡੇ ’ਤੇ ਮਿਹਰ ਕਰ ਕੇ ਸਾਨੂੰ ਫ਼ਿਰਊਨ ਦੇ ਗ਼ੁਲਾਮ ਬਣਾ ਲੈ।”+
26 ਫਿਰ ਯੂਸੁਫ਼ ਨੇ ਇਹ ਕਾਨੂੰਨ ਬਣਾਇਆ ਜੋ ਪੂਰੇ ਮਿਸਰ ਵਿਚ ਅੱਜ ਤਕ ਲਾਗੂ ਹੈ ਕਿ ਫ਼ਸਲ ਦਾ ਪੰਜਵਾਂ ਹਿੱਸਾ ਫ਼ਿਰਊਨ ਦਾ ਹੋਵੇਗਾ। ਸਿਰਫ਼ ਪੁਜਾਰੀਆਂ ਦੀ ਜ਼ਮੀਨ ਫ਼ਿਰਊਨ ਦੀ ਨਹੀਂ ਹੋਈ।+
27 ਇਜ਼ਰਾਈਲ ਦਾ ਘਰਾਣਾ ਮਿਸਰ ਵਿਚ ਗੋਸ਼ਨ ਦੇ ਇਲਾਕੇ ਵਿਚ ਵੱਸ ਗਿਆ+ ਅਤੇ ਉਹ ਵਧੇ-ਫੁੱਲੇ ਅਤੇ ਉਨ੍ਹਾਂ ਦੀ ਗਿਣਤੀ ਬਹੁਤ ਹੋ ਗਈ।+
28 ਯਾਕੂਬ ਮਿਸਰ ਵਿਚ 17 ਸਾਲ ਰਿਹਾ ਅਤੇ ਯਾਕੂਬ ਦੀ ਪੂਰੀ ਉਮਰ 147 ਸਾਲ ਸੀ।+
29 ਜਦੋਂ ਇਜ਼ਰਾਈਲ ਨੂੰ ਅਹਿਸਾਸ ਹੋਇਆ ਕਿ ਉਹ ਹੁਣ ਜ਼ਿਆਦਾ ਸਮਾਂ ਜੀਉਂਦਾ ਨਹੀਂ ਰਹੇਗਾ,+ ਤਾਂ ਉਸ ਨੇ ਆਪਣੇ ਪੁੱਤਰ ਯੂਸੁਫ਼ ਨੂੰ ਬੁਲਾ ਕੇ ਕਿਹਾ: “ਜੇ ਤੂੰ ਮੇਰੇ ਬਾਰੇ ਚੰਗਾ ਸੋਚਦਾ ਹੈਂ, ਤਾਂ ਕਿਰਪਾ ਕਰ ਕੇ ਮੇਰੇ ਪੱਟ* ਥੱਲੇ ਆਪਣਾ ਹੱਥ ਰੱਖ ਕੇ ਸਹੁੰ ਖਾ ਕਿ ਤੂੰ ਮੈਨੂੰ ਅਟੱਲ ਪਿਆਰ ਦਿਖਾਵੇਂਗਾ ਅਤੇ ਮੇਰੇ ਨਾਲ ਵਫ਼ਾਦਾਰੀ ਨਿਭਾਵੇਂਗਾ। ਕਿਰਪਾ ਕਰ ਕੇ ਮੈਨੂੰ ਮਿਸਰ ਵਿਚ ਨਾ ਦਫ਼ਨਾਈਂ।+
30 ਜਦੋਂ ਮੈਂ ਮਰ ਜਾਵਾਂ,* ਤਾਂ ਤੂੰ ਮੈਨੂੰ ਮਿਸਰ ਤੋਂ ਲੈ ਜਾ ਕੇ ਮੇਰੇ ਪਿਉ-ਦਾਦਿਆਂ ਦੀ ਕਬਰ ਵਿਚ ਦਫ਼ਨਾਈਂ।”+ ਯੂਸੁਫ਼ ਨੇ ਕਿਹਾ: “ਜਿਵੇਂ ਤੂੰ ਕਿਹਾ, ਮੈਂ ਉਸੇ ਤਰ੍ਹਾਂ ਕਰਾਂਗਾ।”
31 ਫਿਰ ਉਸ ਨੇ ਕਿਹਾ: “ਸਹੁੰ ਖਾਹ।” ਇਸ ਲਈ ਯੂਸੁਫ਼ ਨੇ ਸਹੁੰ ਖਾਧੀ।+ ਫਿਰ ਇਜ਼ਰਾਈਲ ਨੇ ਆਪਣੇ ਪਲੰਘ ਦੇ ਸਰ੍ਹਾਣੇ ’ਤੇ ਸ਼ਰਧਾ ਨਾਲ ਪਰਮੇਸ਼ੁਰ ਅੱਗੇ ਸਿਰ ਝੁਕਾਇਆ।+