ਉਤਪਤ 48:1-22
48 ਇਨ੍ਹਾਂ ਗੱਲਾਂ ਤੋਂ ਬਾਅਦ ਯੂਸੁਫ਼ ਨੂੰ ਦੱਸਿਆ ਗਿਆ: “ਦੇਖ, ਤੇਰਾ ਪਿਤਾ ਬੀਮਾਰ ਹੈ।” ਇਸ ਲਈ ਉਹ ਆਪਣੇ ਦੋਹਾਂ ਪੁੱਤਰਾਂ ਮਨੱਸ਼ਹ ਅਤੇ ਇਫ਼ਰਾਈਮ ਨੂੰ ਆਪਣੇ ਨਾਲ ਲੈ ਗਿਆ।+
2 ਫਿਰ ਯਾਕੂਬ ਨੂੰ ਦੱਸਿਆ ਗਿਆ: “ਤੇਰਾ ਪੁੱਤਰ ਯੂਸੁਫ਼ ਤੈਨੂੰ ਮਿਲਣ ਆਇਆ ਹੈ।” ਇਸ ਲਈ ਇਜ਼ਰਾਈਲ ਨੇ ਪੂਰਾ ਜ਼ੋਰ ਲਾਇਆ ਅਤੇ ਆਪਣੇ ਪਲੰਘ ਉੱਤੇ ਉੱਠ ਕੇ ਬੈਠ ਗਿਆ।
3 ਯਾਕੂਬ ਨੇ ਯੂਸੁਫ਼ ਨੂੰ ਕਿਹਾ:
“ਕਨਾਨ ਦੇ ਲੂਜ਼ ਸ਼ਹਿਰ ਵਿਚ ਸਰਬਸ਼ਕਤੀਮਾਨ ਪਰਮੇਸ਼ੁਰ ਨੇ ਪ੍ਰਗਟ ਹੋ ਕੇ ਮੈਨੂੰ ਬਰਕਤ ਦਿੱਤੀ ਸੀ।+
4 ਉਸ ਨੇ ਮੈਨੂੰ ਕਿਹਾ, ‘ਮੈਂ ਤੇਰੀ ਸੰਤਾਨ ਨੂੰ ਵਧਾਵਾਂਗਾ ਅਤੇ ਤੇਰੀ ਸੰਤਾਨ ਦੀ ਗਿਣਤੀ ਬਹੁਤ ਹੋਵੇਗੀ। ਤੇਰੀ ਸੰਤਾਨ ਤੋਂ ਖ਼ਾਨਦਾਨਾਂ ਦੇ ਦਲ ਬਣਨਗੇ+ ਅਤੇ ਮੈਂ ਤੇਰੇ ਤੋਂ ਬਾਅਦ ਇਹ ਦੇਸ਼ ਤੇਰੀ ਸੰਤਾਨ* ਨੂੰ ਹਮੇਸ਼ਾ ਲਈ ਦਿਆਂਗਾ।’+
5 ਮਿਸਰ ਵਿਚ ਪੈਦਾ ਹੋਏ ਤੇਰੇ ਦੋਵੇਂ ਪੁੱਤਰ ਮੇਰੇ ਹਨ ਜਿਨ੍ਹਾਂ ਦਾ ਜਨਮ ਮੇਰੇ ਮਿਸਰ ਆਉਣ ਤੋਂ ਪਹਿਲਾਂ ਹੋਇਆ ਸੀ।+ ਰਊਬੇਨ ਅਤੇ ਸ਼ਿਮਓਨ ਵਾਂਗ ਇਫ਼ਰਾਈਮ ਅਤੇ ਮਨੱਸ਼ਹ ਵੀ ਮੇਰੇ ਪੁੱਤਰ ਹਨ।+
6 ਪਰ ਇਨ੍ਹਾਂ ਤੋਂ ਬਾਅਦ ਪੈਦਾ ਹੋਣ ਵਾਲੇ ਬੱਚੇ ਤੇਰੇ ਹੋਣਗੇ। ਇਨ੍ਹਾਂ ਦੋ ਭਰਾਵਾਂ ਨੂੰ ਵਿਰਾਸਤ ਵਿਚ ਜੋ ਜ਼ਮੀਨ ਮਿਲੇਗੀ, ਉਸ ਵਿੱਚੋਂ ਉਨ੍ਹਾਂ ਬੱਚਿਆਂ ਨੂੰ ਹਿੱਸਾ ਮਿਲੇਗਾ।+
7 ਜਦੋਂ ਮੈਂ ਪਦਨ ਤੋਂ ਆ ਰਿਹਾ ਸੀ, ਤਾਂ ਕਨਾਨ ਵਿਚ ਮੇਰੀਆਂ ਨਜ਼ਰਾਂ ਸਾਮ੍ਹਣੇ ਤੇਰੀ ਮਾਂ ਰਾਕੇਲ ਨੇ ਦਮ ਤੋੜ ਦਿੱਤਾ।+ ਮੈਂ ਉਸ ਨੂੰ ਅਫਰਾਥ+ (ਜੋ ਕਿ ਬੈਤਲਹਮ+ ਹੈ) ਨੂੰ ਜਾਂਦੇ ਰਾਹ ਵਿਚ ਦਫ਼ਨਾ ਦਿੱਤਾ ਕਿਉਂਕਿ ਉੱਥੋਂ ਅਫਰਾਥ ਅਜੇ ਕਾਫ਼ੀ ਦੂਰ ਸੀ।”
8 ਫਿਰ ਇਜ਼ਰਾਈਲ ਨੇ ਯੂਸੁਫ਼ ਦੇ ਪੁੱਤਰਾਂ ਨੂੰ ਦੇਖ ਕੇ ਪੁੱਛਿਆ: “ਇਹ ਕੌਣ ਹਨ?”
9 ਯੂਸੁਫ਼ ਨੇ ਆਪਣੇ ਪਿਤਾ ਨੂੰ ਕਿਹਾ: “ਇਹ ਮੇਰੇ ਪੁੱਤਰ ਹਨ ਜੋ ਪਰਮੇਸ਼ੁਰ ਨੇ ਮੈਨੂੰ ਇੱਥੇ ਦਿੱਤੇ ਹਨ।”+ ਇਹ ਸੁਣ ਕੇ ਉਸ ਨੇ ਕਿਹਾ: “ਉਨ੍ਹਾਂ ਨੂੰ ਮੇਰੇ ਕੋਲ ਲੈ ਕੇ ਆ ਤਾਂਕਿ ਮੈਂ ਉਨ੍ਹਾਂ ਨੂੰ ਬਰਕਤ ਦਿਆਂ।”+
10 ਉਸ ਵੇਲੇ ਬੁਢਾਪੇ ਵਿਚ ਨਜ਼ਰ ਕਮਜ਼ੋਰ ਹੋ ਜਾਣ ਕਰਕੇ ਇਜ਼ਰਾਈਲ ਨੂੰ ਦਿਖਾਈ ਨਹੀਂ ਦਿੰਦਾ ਸੀ। ਇਸ ਲਈ ਯੂਸੁਫ਼ ਉਨ੍ਹਾਂ ਨੂੰ ਇਜ਼ਰਾਈਲ ਕੋਲ ਲੈ ਕੇ ਆਇਆ ਅਤੇ ਉਸ ਨੇ ਉਨ੍ਹਾਂ ਨੂੰ ਚੁੰਮਿਆ ਤੇ ਗਲ਼ੇ ਲਾਇਆ।
11 ਇਜ਼ਰਾਈਲ ਨੇ ਯੂਸੁਫ਼ ਨੂੰ ਕਿਹਾ: “ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਮੈਂ ਤੈਨੂੰ ਦੁਬਾਰਾ ਦੇਖਾਂਗਾ,+ ਪਰ ਪਰਮੇਸ਼ੁਰ ਨੇ ਤਾਂ ਮੈਨੂੰ ਤੇਰੀ ਸੰਤਾਨ* ਵੀ ਦਿਖਾ ਦਿੱਤੀ।”
12 ਫਿਰ ਯੂਸੁਫ਼ ਨੇ ਉਨ੍ਹਾਂ ਨੂੰ ਇਜ਼ਰਾਈਲ ਦੇ ਗੋਡਿਆਂ ਤੋਂ ਪਰੇ ਕੀਤਾ ਅਤੇ ਆਪ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਇਆ।
13 ਫਿਰ ਯੂਸੁਫ਼ ਨੇ ਆਪਣੇ ਸੱਜੇ ਹੱਥ ਨਾਲ ਇਫ਼ਰਾਈਮ+ ਨੂੰ ਫੜ ਕੇ ਇਜ਼ਰਾਈਲ ਦੇ ਖੱਬੇ ਪਾਸੇ ਕੀਤਾ ਅਤੇ ਆਪਣੇ ਖੱਬੇ ਹੱਥ ਨਾਲ ਮਨੱਸ਼ਹ+ ਨੂੰ ਫੜ ਕੇ ਇਜ਼ਰਾਈਲ ਦੇ ਸੱਜੇ ਪਾਸੇ ਕੀਤਾ ਅਤੇ ਉਨ੍ਹਾਂ ਦੋਹਾਂ ਨੂੰ ਉਸ ਦੇ ਕੋਲ ਲਿਆਇਆ।
14 ਪਰ ਇਜ਼ਰਾਈਲ ਨੇ ਆਪਣਾ ਸੱਜਾ ਹੱਥ ਇਫ਼ਰਾਈਮ ਦੇ ਸਿਰ ’ਤੇ ਰੱਖਿਆ, ਭਾਵੇਂ ਉਹ ਛੋਟਾ ਸੀ, ਅਤੇ ਆਪਣਾ ਖੱਬਾ ਹੱਥ ਮਨੱਸ਼ਹ ਦੇ ਸਿਰ ’ਤੇ ਰੱਖਿਆ। ਉਸ ਨੇ ਜਾਣ-ਬੁੱਝ ਕੇ ਆਪਣੇ ਹੱਥ ਇਸ ਤਰ੍ਹਾਂ ਰੱਖੇ, ਭਾਵੇਂ ਉਹ ਜਾਣਦਾ ਸੀ ਕਿ ਮਨੱਸ਼ਹ ਜੇਠਾ ਸੀ।+
15 ਫਿਰ ਉਸ ਨੇ ਯੂਸੁਫ਼ ਨੂੰ ਬਰਕਤ ਦਿੰਦਿਆਂ ਕਿਹਾ:+
“ਸੱਚਾ ਪਰਮੇਸ਼ੁਰ ਜਿਸ ਦੇ ਰਾਹ ’ਤੇ ਮੇਰਾ ਦਾਦਾ ਅਬਰਾਹਾਮ ਅਤੇ ਮੇਰਾ ਪਿਤਾ ਇਸਹਾਕ ਚੱਲੇ ਸਨ,+ਸੱਚਾ ਪਰਮੇਸ਼ੁਰ ਜਿਸ ਨੇ ਅੱਜ ਦੇ ਦਿਨ ਤਕ ਪੂਰੀ ਜ਼ਿੰਦਗੀ ਮੇਰੀ ਦੇਖ-ਭਾਲ ਕੀਤੀ,+
16 ਜਿਸ ਨੇ ਆਪਣੇ ਦੂਤ ਦੇ ਰਾਹੀਂ ਮੈਨੂੰ ਮੁਸੀਬਤਾਂ ਵਿੱਚੋਂ ਕੱਢਿਆ,+ ਉਹ ਮੁੰਡਿਆਂ ਨੂੰ ਬਰਕਤ ਦੇਵੇ।+
ਉਹ ਮੇਰੇ ਅਤੇ ਮੇਰੇ ਪਿਤਾ ਅਤੇ ਮੇਰੇ ਦਾਦੇ ਅਬਰਾਹਾਮ ਦੇ ਨਾਂ ਤੋਂ ਜਾਣੇ ਜਾਣ,ਅਤੇ ਧਰਤੀ ਉੱਤੇ ਉਨ੍ਹਾਂ ਦੀ ਗਿਣਤੀ ਵਧੇ।”+
17 ਜਦੋਂ ਯੂਸੁਫ਼ ਨੇ ਦੇਖਿਆ ਕਿ ਉਸ ਦੇ ਪਿਤਾ ਨੇ ਆਪਣਾ ਸੱਜਾ ਹੱਥ ਇਫ਼ਰਾਈਮ ਦੇ ਸਿਰ ਉੱਤੇ ਰੱਖਿਆ ਸੀ, ਤਾਂ ਉਸ ਨੂੰ ਇਹ ਚੰਗਾ ਨਹੀਂ ਲੱਗਾ। ਇਸ ਲਈ ਉਸ ਨੇ ਆਪਣੇ ਪਿਤਾ ਦਾ ਸੱਜਾ ਹੱਥ ਇਫ਼ਰਾਈਮ ਦੇ ਸਿਰ ਤੋਂ ਚੁੱਕ ਕੇ ਮਨੱਸ਼ਹ ਦੇ ਸਿਰ ’ਤੇ ਰੱਖਣ ਦੀ ਕੋਸ਼ਿਸ਼ ਕੀਤੀ।
18 ਯੂਸੁਫ਼ ਨੇ ਆਪਣੇ ਪਿਤਾ ਨੂੰ ਕਿਹਾ: “ਪਿਤਾ ਜੀ, ਇਸ ’ਤੇ ਨਹੀਂ, ਉਸ ਦੇ ਸਿਰ ਉੱਤੇ ਆਪਣਾ ਸੱਜਾ ਹੱਥ ਰੱਖ ਕਿਉਂਕਿ ਉਹ ਜੇਠਾ ਹੈ।”+
19 ਪਰ ਉਸ ਦੇ ਪਿਤਾ ਨੇ ਇਸ ਤਰ੍ਹਾਂ ਕਰਨ ਤੋਂ ਇਨਕਾਰ ਕਰਦਿਆਂ ਕਿਹਾ: “ਪੁੱਤਰ, ਮੈਂ ਜਾਣਦਾ ਹਾਂ। ਉਸ ਤੋਂ ਵੀ ਇਕ ਵੱਡੀ ਤੇ ਮਹਾਨ ਕੌਮ ਬਣੇਗੀ। ਪਰ ਉਸ ਦਾ ਛੋਟਾ ਭਰਾ ਉਸ ਤੋਂ ਵੀ ਮਹਾਨ ਹੋਵੇਗਾ+ ਅਤੇ ਉਸ ਦੀ ਸੰਤਾਨ* ਦੀ ਗਿਣਤੀ ਇੰਨੀ ਜ਼ਿਆਦਾ ਹੋਵੇਗੀ ਕਿ ਉਸ ਤੋਂ ਕਈ ਕੌਮਾਂ ਬਣ ਜਾਣ।”+
20 ਇਸ ਲਈ ਉਸ ਦਿਨ ਯਾਕੂਬ ਨੇ ਉਨ੍ਹਾਂ ਨੂੰ ਬਰਕਤ ਦਿੰਦਿਆਂ ਕਿਹਾ:+
“ਜਦੋਂ ਵੀ ਇਜ਼ਰਾਈਲ ਦੇ ਲੋਕ ਬਰਕਤ ਦੇਣ, ਤਾਂ ਉਹ ਇਹ ਕਹਿ ਕੇ ਤੁਹਾਡਾ ਜ਼ਿਕਰ ਕਰਨ,‘ਪਰਮੇਸ਼ੁਰ ਤੁਹਾਨੂੰ ਇਫ਼ਰਾਈਮ ਅਤੇ ਮਨੱਸ਼ਹ ਵਰਗਾ ਬਣਾਵੇ।’”
ਇਸ ਤਰ੍ਹਾਂ ਉਸ ਨੇ ਬਰਕਤ ਦੇਣ ਵੇਲੇ ਇਫ਼ਰਾਈਮ ਨੂੰ ਮਨੱਸ਼ਹ ਨਾਲੋਂ ਪਹਿਲਾਂ ਰੱਖਿਆ।
21 ਫਿਰ ਇਜ਼ਰਾਈਲ ਨੇ ਯੂਸੁਫ਼ ਨੂੰ ਕਿਹਾ: “ਸੁਣ, ਮੈਂ ਮਰਨ ਵਾਲਾ ਹਾਂ,+ ਪਰ ਪਰਮੇਸ਼ੁਰ ਹਮੇਸ਼ਾ ਤੇਰੇ ਨਾਲ ਰਹੇਗਾ ਅਤੇ ਤੈਨੂੰ ਤੇਰੇ ਪਿਉ-ਦਾਦਿਆਂ ਦੇ ਦੇਸ਼ ਵਾਪਸ ਲੈ ਜਾਵੇਗਾ।+
22 ਮੈਂ ਆਪਣੀ ਤਲਵਾਰ ਅਤੇ ਕਮਾਨ ਦੇ ਜ਼ੋਰ ਨਾਲ ਅਮੋਰੀਆਂ ਤੋਂ ਜੋ ਦੇਸ਼ ਜਿੱਤਿਆ ਹੈ, ਉਸ ਵਿੱਚੋਂ ਮੈਂ ਤੈਨੂੰ ਤੇਰੇ ਭਰਾਵਾਂ ਨਾਲੋਂ ਇਕ ਹਿੱਸਾ ਵੱਧ ਦਿੰਦਾ ਹਾਂ।”