ਉਤਪਤ 50:1-26
50 ਯੂਸੁਫ਼ ਆਪਣੇ ਪਿਤਾ ਦੀ ਲਾਸ਼ ਦੇ ਗਲ਼ ਲੱਗ ਕੇ+ ਰੋਇਆ ਅਤੇ ਉਸ ਨੂੰ ਚੁੰਮਿਆ।
2 ਇਸ ਤੋਂ ਬਾਅਦ ਉਸ ਨੇ ਆਪਣੇ ਸੇਵਕਾਂ ਯਾਨੀ ਹਕੀਮਾਂ ਨੂੰ ਹੁਕਮ ਦਿੱਤਾ ਕਿ ਉਹ ਉਸ ਦੇ ਪਿਤਾ ਦੀ ਲਾਸ਼ ਨੂੰ ਮਸਾਲਿਆਂ ਦਾ ਲੇਪ ਲਾਉਣ।+ ਇਸ ਲਈ ਹਕੀਮਾਂ ਨੇ ਇਜ਼ਰਾਈਲ ਦੀ ਲਾਸ਼ ਨੂੰ ਮਸਾਲਿਆਂ ਦਾ ਲੇਪ ਲਾਇਆ।
3 ਲਾਸ਼ ਨੂੰ ਲੇਪ ਲਾਉਣ ਵਿਚ ਉਨ੍ਹਾਂ ਨੂੰ 40 ਦਿਨ ਲੱਗੇ ਕਿਉਂਕਿ ਇਹ ਕੰਮ ਪੂਰਾ ਕਰਨ ਵਿਚ ਇੰਨੇ ਹੀ ਦਿਨ ਲੱਗਦੇ ਹਨ। ਮਿਸਰੀ ਉਸ ਲਈ 70 ਦਿਨ ਰੋਂਦੇ ਰਹੇ।
4 ਸੋਗ ਦੇ ਦਿਨ ਪੂਰੇ ਹੋਣ ਤੋਂ ਬਾਅਦ ਯੂਸੁਫ਼ ਨੇ ਫ਼ਿਰਊਨ ਦੇ ਅਧਿਕਾਰੀਆਂ* ਨੂੰ ਕਿਹਾ: “ਮਿਹਰਬਾਨੀ ਕਰ ਕੇ ਤੁਸੀਂ ਫ਼ਿਰਊਨ ਨੂੰ ਮੇਰਾ ਇਹ ਸੁਨੇਹਾ ਦੇ ਦਿਓ:
5 ‘ਮੇਰੇ ਪਿਤਾ ਨੇ ਮੈਨੂੰ ਸਹੁੰ ਖਿਲਾਈ ਸੀ:+ “ਦੇਖ! ਮੈਂ ਮਰਨ ਵਾਲਾ ਹਾਂ।+ ਤੂੰ ਮੈਨੂੰ ਮੇਰੀ ਕਬਰ ਵਿਚ ਦਫ਼ਨਾਈਂ+ ਜੋ ਮੈਂ ਕਨਾਨ ਦੇਸ਼ ਵਿਚ ਖੁਦਵਾਈ ਹੈ।”+ ਮਿਹਰਬਾਨੀ ਕਰ ਕੇ ਮੈਨੂੰ ਜਾਣ ਦੀ ਇਜਾਜ਼ਤ ਦੇ ਤਾਂਕਿ ਮੈਂ ਆਪਣੇ ਪਿਤਾ ਨੂੰ ਦਫ਼ਨਾਵਾਂ। ਫਿਰ ਮੈਂ ਵਾਪਸ ਆ ਜਾਵਾਂਗਾ।’”
6 ਫ਼ਿਰਊਨ ਨੇ ਜਵਾਬ ਦਿੱਤਾ: “ਜਾਹ ਅਤੇ ਆਪਣੇ ਪਿਤਾ ਨੂੰ ਦਫ਼ਨਾ, ਜਿਵੇਂ ਉਸ ਨੇ ਤੈਨੂੰ ਸਹੁੰ ਖਿਲਾਈ ਸੀ।”+
7 ਇਸ ਲਈ ਯੂਸੁਫ਼ ਆਪਣੇ ਪਿਤਾ ਨੂੰ ਦਫ਼ਨਾਉਣ ਚਲਾ ਗਿਆ। ਫ਼ਿਰਊਨ ਦੇ ਸੇਵਕ ਯਾਨੀ ਉਸ ਦੇ ਦਰਬਾਰ ਦੇ ਸਿਆਣੇ ਬੰਦੇ*+ ਅਤੇ ਮਿਸਰ ਦੇ ਸਾਰੇ ਸਿਆਣੇ ਬੰਦੇ ਉਸ ਨਾਲ ਗਏ।
8 ਯੂਸੁਫ਼ ਦਾ ਪੂਰਾ ਘਰਾਣਾ ਅਤੇ ਉਸ ਦੇ ਭਰਾ ਅਤੇ ਉਸ ਦੇ ਪਿਤਾ ਦਾ ਪੂਰਾ ਘਰਾਣਾ+ ਵੀ ਗਿਆ। ਪਰ ਉਹ ਆਪਣੇ ਛੋਟੇ ਬੱਚੇ, ਭੇਡਾਂ-ਬੱਕਰੀਆਂ ਅਤੇ ਹੋਰ ਪਾਲਤੂ ਜਾਨਵਰ ਗੋਸ਼ਨ ਦੇ ਇਲਾਕੇ ਵਿਚ ਛੱਡ ਗਏ।
9 ਉਸ ਦੇ ਨਾਲ ਰਥਾਂ+ ਅਤੇ ਘੋੜਿਆਂ ਉੱਤੇ ਸਵਾਰ ਆਦਮੀ ਵੀ ਗਏ ਅਤੇ ਉਨ੍ਹਾਂ ਦਾ ਇਕੱਠ ਬਹੁਤ ਵੱਡਾ ਸੀ।
10 ਫਿਰ ਉਹ ਆਤਾਦ ਦੇ ਪਿੜ ਵਿਚ ਪਹੁੰਚੇ ਜੋ ਯਰਦਨ ਦੇ ਇਲਾਕੇ ਵਿਚ ਹੈ ਅਤੇ ਉੱਥੇ ਉਹ ਧਾਹਾਂ ਮਾਰ-ਮਾਰ ਰੋਏ ਅਤੇ ਉਨ੍ਹਾਂ ਨੇ ਬਹੁਤ ਸੋਗ ਮਨਾਇਆ ਅਤੇ ਯੂਸੁਫ਼ ਨੇ ਆਪਣੇ ਪਿਤਾ ਲਈ ਸੱਤ ਦਿਨ ਸੋਗ ਮਨਾਇਆ।
11 ਜਦੋਂ ਉਸ ਦੇਸ਼ ਦੇ ਵਾਸੀਆਂ ਯਾਨੀ ਕਨਾਨੀਆਂ ਨੇ ਉਨ੍ਹਾਂ ਨੂੰ ਸੋਗ ਮਨਾਉਂਦੇ ਦੇਖਿਆ, ਤਾਂ ਉਨ੍ਹਾਂ ਨੇ ਕਿਹਾ: “ਦੇਖੋ! ਮਿਸਰੀ ਕਿੰਨਾ ਸੋਗ ਮਨਾ ਰਹੇ ਹਨ!” ਇਸੇ ਕਰਕੇ ਉਸ ਜਗ੍ਹਾ ਦਾ ਨਾਂ ਆਬੇਲ-ਮਿਸਰਾਇਮ* ਪੈ ਗਿਆ ਜੋ ਯਰਦਨ ਦੇ ਇਲਾਕੇ ਵਿਚ ਹੈ।
12 ਇਸ ਤਰ੍ਹਾਂ ਯਾਕੂਬ ਦੇ ਪੁੱਤਰਾਂ ਨੇ ਉਸ ਦੇ ਕਹੇ ਅਨੁਸਾਰ ਕੀਤਾ।+
13 ਉਸ ਦੇ ਪੁੱਤਰ ਉਸ ਨੂੰ ਕਨਾਨ ਲੈ ਗਏ ਅਤੇ ਉੱਥੇ ਮਕਫੇਲਾਹ ਦੀ ਜ਼ਮੀਨ ਵਿਚਲੀ ਗੁਫਾ ਵਿਚ ਦਫ਼ਨਾ ਦਿੱਤਾ। ਇਹ ਜ਼ਮੀਨ ਮਮਰੇ ਦੇ ਸਾਮ੍ਹਣੇ ਸੀ ਅਤੇ ਅਬਰਾਹਾਮ ਨੇ ਅਫਰੋਨ ਹਿੱਤੀ ਤੋਂ ਕਬਰਸਤਾਨ ਵਾਸਤੇ ਖ਼ਰੀਦੀ ਸੀ।+
14 ਆਪਣੇ ਪਿਤਾ ਨੂੰ ਦਫ਼ਨਾਉਣ ਤੋਂ ਬਾਅਦ ਯੂਸੁਫ਼ ਆਪਣੇ ਭਰਾਵਾਂ ਨਾਲ ਅਤੇ ਉਨ੍ਹਾਂ ਸਾਰੇ ਲੋਕਾਂ ਨਾਲ ਵਾਪਸ ਮਿਸਰ ਆ ਗਿਆ ਜੋ ਉਸ ਦੇ ਪਿਤਾ ਨੂੰ ਦਫ਼ਨਾਉਣ ਉਸ ਦੇ ਨਾਲ ਗਏ ਸਨ।
15 ਆਪਣੇ ਪਿਤਾ ਦੀ ਮੌਤ ਤੋਂ ਬਾਅਦ ਯੂਸੁਫ਼ ਦੇ ਭਰਾ ਇਕ-ਦੂਜੇ ਨੂੰ ਕਹਿਣ ਲੱਗੇ: “ਸ਼ਾਇਦ ਯੂਸੁਫ਼ ਆਪਣੇ ਦਿਲ ਵਿਚ ਸਾਡੇ ਨਾਲ ਵੈਰ ਰੱਖਦਾ ਹੋਵੇ ਅਤੇ ਅਸੀਂ ਉਸ ਨਾਲ ਜੋ ਵੀ ਬੁਰਾ ਕੀਤਾ, ਉਸ ਦਾ ਬਦਲਾ ਲਵੇ।”+
16 ਇਸ ਲਈ ਉਨ੍ਹਾਂ ਨੇ ਯੂਸੁਫ਼ ਨੂੰ ਇਹ ਸੁਨੇਹਾ ਘੱਲਿਆ: “ਤੇਰੇ ਪਿਤਾ ਨੇ ਮਰਨ ਤੋਂ ਪਹਿਲਾਂ ਇਹ ਹੁਕਮ ਦਿੱਤਾ ਸੀ:
17 ‘ਤੁਸੀਂ ਯੂਸੁਫ਼ ਨੂੰ ਇਹ ਕਹਿਣਾ: “ਤੇਰੇ ਭਰਾਵਾਂ ਨੇ ਤੇਰੇ ਨਾਲ ਬਹੁਤ ਬੁਰਾ ਕੀਤਾ। ਪਰ ਮੈਂ ਤੈਨੂੰ ਬੇਨਤੀ ਕਰਦਾ ਹਾਂ ਕਿ ਤੂੰ ਆਪਣੇ ਭਰਾਵਾਂ ਦੀ ਗ਼ਲਤੀ ਅਤੇ ਪਾਪ ਮਾਫ਼ ਕਰ ਦੇ।”’ ਇਸ ਲਈ ਆਪਣੇ ਪਿਤਾ ਦੇ ਪਰਮੇਸ਼ੁਰ ਦੇ ਸੇਵਕਾਂ ਦੀ ਗ਼ਲਤੀ ਮਾਫ਼ ਕਰ ਦੇ।” ਜਦੋਂ ਯੂਸੁਫ਼ ਨੇ ਇਹ ਗੱਲਾਂ ਸੁਣੀਆਂ, ਤਾਂ ਉਹ ਰੋਣ ਲੱਗ ਪਿਆ।
18 ਫਿਰ ਉਸ ਦੇ ਭਰਾ ਉੱਥੇ ਆਏ ਅਤੇ ਗੋਡਿਆਂ ਭਾਰ ਬੈਠ ਕੇ ਉਸ ਅੱਗੇ ਸਿਰ ਨਿਵਾਇਆ ਅਤੇ ਉਸ ਨੂੰ ਕਿਹਾ: “ਅਸੀਂ ਤੇਰੇ ਗ਼ੁਲਾਮ ਹਾਂ!”+
19 ਯੂਸੁਫ਼ ਨੇ ਉਨ੍ਹਾਂ ਨੂੰ ਕਿਹਾ: “ਡਰੋ ਨਾ। ਕੀ ਮੈਂ ਪਰਮੇਸ਼ੁਰ ਹਾਂ?
20 ਭਾਵੇਂ ਤੁਸੀਂ ਮੇਰੇ ਨਾਲ ਬੁਰਾ ਕਰਨ ਬਾਰੇ ਸੋਚਿਆ ਸੀ,+ ਪਰ ਤੁਸੀਂ ਜੋ ਵੀ ਮੇਰੇ ਨਾਲ ਕੀਤਾ, ਉਸ ਨੂੰ ਪਰਮੇਸ਼ੁਰ ਨੇ ਬਹੁਤ ਸਾਰੀਆਂ ਜਾਨਾਂ ਬਚਾਉਣ ਲਈ ਭਲਾਈ ਵਿਚ ਬਦਲ ਦਿੱਤਾ। ਅੱਜ ਪਰਮੇਸ਼ੁਰ ਇਸੇ ਤਰ੍ਹਾਂ ਕਰ ਰਿਹਾ ਹੈ।+
21 ਇਸ ਲਈ ਤੁਸੀਂ ਡਰੋ ਨਾ। ਮੈਂ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਭੋਜਨ ਦਿੰਦਾ ਰਹਾਂਗਾ।”+ ਇਸ ਤਰ੍ਹਾਂ ਯੂਸੁਫ਼ ਨੇ ਉਨ੍ਹਾਂ ਨੂੰ ਤਸੱਲੀ ਦਿੱਤੀ ਅਤੇ ਆਪਣੀਆਂ ਗੱਲਾਂ ਨਾਲ ਉਨ੍ਹਾਂ ਨੂੰ ਭਰੋਸਾ ਦਿਵਾਇਆ।
22 ਯੂਸੁਫ਼ ਅਤੇ ਉਸ ਦੇ ਪਿਤਾ ਦਾ ਘਰਾਣਾ ਮਿਸਰ ਵਿਚ ਰਿਹਾ ਅਤੇ ਯੂਸੁਫ਼ 110 ਸਾਲ ਜੀਉਂਦਾ ਰਿਹਾ।
23 ਯੂਸੁਫ਼ ਨੇ ਇਫ਼ਰਾਈਮ ਦੇ ਪੋਤਿਆਂ ਦਾ ਮੂੰਹ ਵੀ ਦੇਖਿਆ+ ਅਤੇ ਉਸ ਨੇ ਮਨੱਸ਼ਹ ਦੇ ਪੁੱਤਰ ਮਾਕੀਰ+ ਦੇ ਬੱਚਿਆਂ ਦੇ ਮੂੰਹ ਵੀ ਦੇਖੇ। ਉਹ ਯੂਸੁਫ਼ ਲਈ ਆਪਣੇ ਪੁੱਤਰਾਂ ਵਰਗੇ ਸਨ।*
24 ਸਮੇਂ ਦੇ ਬੀਤਣ ਨਾਲ ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਕਿਹਾ: “ਮੈਂ ਜ਼ਿਆਦਾ ਦਿਨ ਜੀਉਂਦਾ ਨਹੀਂ ਰਹਾਂਗਾ, ਪਰ ਪਰਮੇਸ਼ੁਰ ਜ਼ਰੂਰ ਤੁਹਾਡੀ ਮਦਦ ਕਰੇਗਾ+ ਅਤੇ ਉਹ ਤੁਹਾਨੂੰ ਜ਼ਰੂਰ ਇਸ ਦੇਸ਼ ਵਿੱਚੋਂ ਕੱਢ ਕੇ ਉਸ ਦੇਸ਼ ਵਿਚ ਲੈ ਜਾਵੇਗਾ ਜੋ ਉਸ ਨੇ ਅਬਰਾਹਾਮ, ਇਸਹਾਕ ਅਤੇ ਯਾਕੂਬ ਨੂੰ ਦੇਣ ਦੀ ਸਹੁੰ ਖਾਧੀ ਸੀ।”+
25 ਇਸ ਲਈ ਯੂਸੁਫ਼ ਨੇ ਇਜ਼ਰਾਈਲ ਦੇ ਪੁੱਤਰਾਂ ਨੂੰ ਸਹੁੰ ਖਿਲਾਈ: “ਪਰਮੇਸ਼ੁਰ ਜ਼ਰੂਰ ਤੁਹਾਡੀ ਮਦਦ ਕਰੇਗਾ। ਤੁਸੀਂ ਮੇਰੀਆਂ ਹੱਡੀਆਂ ਇੱਥੋਂ ਲੈ ਜਾਇਓ।”+
26 ਯੂਸੁਫ਼ 110 ਸਾਲ ਦਾ ਹੋ ਕੇ ਮਰ ਗਿਆ ਅਤੇ ਉਨ੍ਹਾਂ ਨੇ ਉਸ ਦੀ ਲਾਸ਼ ਨੂੰ ਮਸਾਲਿਆਂ ਦਾ ਲੇਪ ਲਾਇਆ+ ਅਤੇ ਉਸ ਦੀ ਲਾਸ਼ ਨੂੰ ਮਿਸਰ ਵਿਚ ਇਕ ਤਾਬੂਤ ਵਿਚ ਰੱਖਿਆ।
ਫੁਟਨੋਟ
^ ਜਾਂ, “ਘਰਾਣੇ।”
^ ਜਾਂ, “ਉਸ ਦੇ ਘਰਾਣੇ ਦੇ ਬਜ਼ੁਰਗ।”
^ ਮਤਲਬ “ਮਿਸਰੀਆਂ ਦਾ ਸੋਗ।”
^ ਇਬ, “ਯੂਸੁਫ਼ ਦੇ ਗੋਡਿਆਂ ’ਤੇ ਪੈਦਾ ਹੋਏ ਸਨ।”