ਕੂਚ 29:1-46
29 “ਤੂੰ ਉਨ੍ਹਾਂ ਨੂੰ ਪੁਜਾਰੀਆਂ ਵਜੋਂ ਮੇਰੀ ਸੇਵਾ ਕਰਨ ਲਈ ਇਸ ਤਰ੍ਹਾਂ ਪਵਿੱਤਰ ਕਰੀਂ: ਇਕ ਜਵਾਨ ਬਲਦ ਅਤੇ ਦੋ ਭੇਡੂ ਲਈਂ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ।+
2 ਨਾਲੇ ਬੇਖਮੀਰੀਆਂ ਰੋਟੀਆਂ, ਛੱਲੇ ਵਰਗੀਆਂ ਬੇਖਮੀਰੀਆਂ ਰੋਟੀਆਂ ਲਈਂ ਜੋ ਤੇਲ ਵਿਚ ਗੁੰਨ੍ਹ ਕੇ ਬਣਾਈਆਂ ਗਈਆਂ ਹੋਣ ਅਤੇ ਕੜਕ ਪਤਲੀਆਂ ਰੋਟੀਆਂ ਵੀ ਲਈਂ ਜੋ ਬੇਖਮੀਰੀਆਂ ਅਤੇ ਤੇਲ ਨਾਲ ਚੋਪੜੀਆਂ ਹੋਣ।+ ਤੂੰ ਇਹ ਰੋਟੀਆਂ ਮੈਦੇ ਦੀਆਂ ਬਣਾਈਂ
3 ਅਤੇ ਇਹ ਸਾਰੀਆਂ ਰੋਟੀਆਂ ਟੋਕਰੀ ਵਿਚ ਪਾ ਕੇ ਮੇਰੇ ਸਾਮ੍ਹਣੇ ਲਿਆਈਂ।+ ਨਾਲੇ ਬਲਦ ਤੇ ਦੋਵੇਂ ਭੇਡੂ ਵੀ ਲਿਆਈਂ।
4 “ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ+ ਕੋਲ ਲਿਆਈਂ ਅਤੇ ਉਨ੍ਹਾਂ ਨੂੰ ਨਹਾਉਣ ਦਾ ਹੁਕਮ ਦੇਈਂ।+
5 ਫਿਰ ਤੂੰ ਹਾਰੂਨ ਦੇ ਚੋਗਾ, ਬਿਨਾਂ ਬਾਹਾਂ ਵਾਲਾ ਕੁੜਤਾ, ਏਫ਼ੋਦ ਤੇ ਸੀਨਾਬੰਦ ਪਾਈਂ ਅਤੇ ਏਫ਼ੋਦ ਲਈ ਬੁਣੀਆਂ ਹੋਈਆਂ ਵੱਧਰੀਆਂ ਉਸ ਦੇ ਲੱਕ ਦੁਆਲੇ ਕੱਸ ਕੇ ਬੰਨ੍ਹੀਂ।+
6 ਤੂੰ ਉਸ ਦੇ ਸਿਰ ਉੱਤੇ ਪਗੜੀ ਰੱਖੀਂ ਅਤੇ ਪਗੜੀ ਉੱਤੇ ਸਮਰਪਣ ਦੀ ਪਵਿੱਤਰ ਨਿਸ਼ਾਨੀ* ਬੰਨ੍ਹੀਂ;+
7 ਅਤੇ ਤੂੰ ਪਵਿੱਤਰ ਤੇਲ+ ਲਈਂ ਅਤੇ ਉਸ ਦੇ ਸਿਰ ਉੱਤੇ ਪਾ ਕੇ ਉਸ ਨੂੰ ਨਿਯੁਕਤ ਕਰੀਂ।+
8 “ਫਿਰ ਹਾਰੂਨ ਦੇ ਪੁੱਤਰਾਂ ਨੂੰ ਅੱਗੇ ਲਿਆਈਂ ਅਤੇ ਉਨ੍ਹਾਂ ਦੇ ਵੀ ਚੋਗੇ ਪਾਈਂ+
9 ਅਤੇ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਲੱਕ ਦੁਆਲੇ ਪਟਕੇ ਅਤੇ ਸਿਰ ਉੱਤੇ ਪਗੜੀਆਂ ਬੰਨ੍ਹੀਂ। ਸਿਰਫ਼ ਹਾਰੂਨ ਦੇ ਪੁੱਤਰ ਹੀ ਪੁਜਾਰੀਆਂ ਵਜੋਂ ਮੇਰੀ ਸੇਵਾ ਕਰਨਗੇ। ਇਸ ਨਿਯਮ ਦੀ ਸਦਾ ਪਾਲਣਾ ਕੀਤੀ ਜਾਵੇ।+ ਇਸ ਤਰ੍ਹਾਂ ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਪੁਜਾਰੀਆਂ ਵਜੋਂ ਸੇਵਾ ਕਰਨ ਲਈ ਨਿਯੁਕਤ ਕਰੀਂ।*+
10 “ਫਿਰ ਤੂੰ ਬਲਦ ਨੂੰ ਮੰਡਲੀ ਦੇ ਤੰਬੂ ਦੇ ਸਾਮ੍ਹਣੇ ਲਿਆਈਂ ਅਤੇ ਹਾਰੂਨ ਅਤੇ ਉਸ ਦੇ ਪੁੱਤਰ ਬਲਦ ਦੇ ਸਿਰ ਉੱਤੇ ਆਪਣੇ ਹੱਥ ਰੱਖਣ।+
11 ਤੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਯਹੋਵਾਹ ਦੇ ਸਾਮ੍ਹਣੇ ਬਲਦ ਨੂੰ ਵੱਢੀਂ।+
12 ਬਲਦ ਦਾ ਥੋੜ੍ਹਾ ਜਿਹਾ ਖ਼ੂਨ ਆਪਣੀ ਉਂਗਲ ਉੱਤੇ ਲਾ ਕੇ ਵੇਦੀ ਦੇ ਚਾਰੇ ਸਿੰਗਾਂ ’ਤੇ ਲਾਈਂ+ ਅਤੇ ਬਾਕੀ ਖ਼ੂਨ ਵੇਦੀ ਕੋਲ ਡੋਲ੍ਹ ਦੇਈਂ।+
13 ਫਿਰ ਸਾਰੀ ਚਰਬੀ+ ਜਿਹੜੀ ਬਲਦ ਦੀਆਂ ਆਂਦਰਾਂ ਨੂੰ ਢਕਦੀ ਹੈ ਅਤੇ ਕਲੇਜੀ ਉੱਪਰਲੀ ਚਰਬੀ ਅਤੇ ਦੋਵੇਂ ਗੁਰਦਿਆਂ ਉੱਪਰਲੀ ਚਰਬੀ ਤੇ ਦੋਵੇਂ ਗੁਰਦੇ ਵੇਦੀ ’ਤੇ ਸਾੜ ਦੇਈਂ ਤਾਂਕਿ ਇਨ੍ਹਾਂ ਦਾ ਧੂੰਆਂ ਉੱਠੇ।+
14 ਪਰ ਬਲਦ ਦਾ ਮਾਸ, ਚਮੜੀ ਅਤੇ ਗੋਹੇ ਨੂੰ ਡੇਰੇ ਤੋਂ ਬਾਹਰ ਲਿਜਾ ਕੇ ਅੱਗ ਵਿਚ ਸਾੜ ਦੇਈਂ। ਇਹ ਪਾਪ-ਬਲ਼ੀ ਹੈ।
15 “ਇਸ ਤੋਂ ਬਾਅਦ ਤੂੰ ਇਕ ਭੇਡੂ ਲਈਂ ਅਤੇ ਉਸ ਭੇਡੂ ਦੇ ਸਿਰ ਉੱਤੇ ਹਾਰੂਨ ਤੇ ਉਸ ਦੇ ਪੁੱਤਰ ਆਪਣੇ ਹੱਥ ਰੱਖਣ।+
16 ਫਿਰ ਭੇਡੂ ਨੂੰ ਵੱਢ ਕੇ ਉਸ ਦਾ ਖ਼ੂਨ ਵੇਦੀ ਦੇ ਚਾਰੇ ਪਾਸਿਆਂ ਉੱਤੇ ਛਿੜਕੀਂ।+
17 ਉਸ ਭੇਡੂ ਦੇ ਟੋਟੇ ਕਰੀਂ, ਉਸ ਦੀਆਂ ਆਂਦਰਾਂ+ ਤੇ ਲੱਤਾਂ ਨੂੰ ਧੋ ਕੇ ਸਾਫ਼ ਕਰੀਂ ਅਤੇ ਫਿਰ ਸਿਰ ਅਤੇ ਸਾਰੇ ਟੋਟਿਆਂ ਨੂੰ ਤਰਤੀਬਵਾਰ ਆਮ੍ਹੋ-ਸਾਮ੍ਹਣੇ ਵੇਦੀ ਉੱਤੇ ਰੱਖੀਂ।
18 ਤੂੰ ਪੂਰੇ ਭੇਡੂ ਨੂੰ ਵੇਦੀ ’ਤੇ ਸਾੜ ਦੇਈਂ ਤਾਂਕਿ ਇਸ ਦਾ ਧੂੰਆਂ ਉੱਠੇ। ਇਹ ਯਹੋਵਾਹ ਲਈ ਹੋਮ-ਬਲ਼ੀ ਹੈ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ।+ ਇਹ ਭੇਟ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈ ਜਾਵੇ।
19 “ਇਸ ਤੋਂ ਬਾਅਦ ਤੂੰ ਦੂਸਰਾ ਭੇਡੂ ਲਈਂ ਅਤੇ ਉਸ ਭੇਡੂ ਦੇ ਸਿਰ ਉੱਤੇ ਹਾਰੂਨ ਤੇ ਉਸ ਦੇ ਪੁੱਤਰ ਆਪਣੇ ਹੱਥ ਰੱਖਣ।+
20 ਫਿਰ ਭੇਡੂ ਨੂੰ ਵੱਢ ਕੇ ਉਸ ਦਾ ਥੋੜ੍ਹਾ ਜਿਹਾ ਖ਼ੂਨ ਹਾਰੂਨ ਦੇ ਸੱਜੇ ਕੰਨ ਦੇ ਹੇਠਲੇ ਸਿਰੇ ਅਤੇ ਉਸ ਦੇ ਪੁੱਤਰਾਂ ਦੇ ਸੱਜੇ ਕੰਨਾਂ ਦੇ ਹੇਠਲੇ ਸਿਰੇ ਅਤੇ ਉਨ੍ਹਾਂ ਦੇ ਸੱਜੇ ਹੱਥਾਂ ਦੇ ਅੰਗੂਠਿਆਂ ਅਤੇ ਉਨ੍ਹਾਂ ਦੇ ਸੱਜੇ ਪੈਰਾਂ ਦੇ ਅੰਗੂਠਿਆਂ ’ਤੇ ਲਾਈਂ ਅਤੇ ਵੇਦੀ ਦੇ ਚਾਰੇ ਪਾਸਿਆਂ ਉੱਤੇ ਛਿੜਕੀਂ।
21 ਫਿਰ ਤੂੰ ਵੇਦੀ ਤੋਂ ਥੋੜ੍ਹਾ ਜਿਹਾ ਖ਼ੂਨ ਅਤੇ ਥੋੜ੍ਹਾ ਜਿਹਾ ਪਵਿੱਤਰ ਤੇਲ+ ਲੈ ਕੇ ਹਾਰੂਨ ਅਤੇ ਉਸ ਦੇ ਕੱਪੜਿਆਂ ’ਤੇ ਅਤੇ ਉਸ ਦੇ ਪੁੱਤਰਾਂ ਅਤੇ ਉਨ੍ਹਾਂ ਦੇ ਕੱਪੜਿਆਂ ਉੱਤੇ ਛਿੜਕੀਂ ਤਾਂਕਿ ਹਾਰੂਨ ਤੇ ਉਸ ਦੇ ਕੱਪੜੇ ਅਤੇ ਉਸ ਦੇ ਪੁੱਤਰ ਤੇ ਉਨ੍ਹਾਂ ਦੇ ਕੱਪੜੇ ਪਵਿੱਤਰ ਹੋ ਜਾਣ।+
22 “ਫਿਰ ਪੁਜਾਰੀਆਂ ਦੀ ਨਿਯੁਕਤੀ ਵੇਲੇ ਕੁਰਬਾਨ ਕੀਤੇ ਗਏ ਇਸ ਭੇਡੂ+ ਦੀ ਚਰਬੀ ਵਾਲੀ ਮੋਟੀ ਪੂਛ, ਉਹ ਸਾਰੀ ਚਰਬੀ ਜਿਹੜੀ ਆਂਦਰਾਂ ਨੂੰ ਢਕਦੀ ਹੈ, ਕਲੇਜੀ ਉੱਪਰਲੀ ਚਰਬੀ ਅਤੇ ਦੋਵੇਂ ਗੁਰਦੇ ਤੇ ਉਨ੍ਹਾਂ ਉੱਪਰਲੀ ਚਰਬੀ+ ਅਤੇ ਸੱਜੀ ਲੱਤ ਲਈਂ।
23 ਨਾਲੇ ਤੂੰ ਯਹੋਵਾਹ ਦੇ ਸਾਮ੍ਹਣੇ ਰੱਖੀ ਬੇਖਮੀਰੀ ਰੋਟੀਆਂ ਦੀ ਟੋਕਰੀ ਵਿੱਚੋਂ ਇਕ ਗੋਲ ਰੋਟੀ, ਇਕ ਛੱਲੇ ਵਰਗੀ ਰੋਟੀ ਜੋ ਤੇਲ ਵਿਚ ਗੁੰਨ੍ਹ ਕੇ ਬਣਾਈ ਗਈ ਹੋਵੇ ਅਤੇ ਇਕ ਪਤਲੀ ਤੇ ਕੜਕ ਰੋਟੀ ਲਈਂ।
24 ਤੂੰ ਸਾਰੀਆਂ ਚੀਜ਼ਾਂ ਹਾਰੂਨ ਤੇ ਉਸ ਦੇ ਪੁੱਤਰਾਂ ਦੇ ਹੱਥਾਂ ’ਤੇ ਰੱਖੀਂ ਅਤੇ ਤੂੰ ਉਨ੍ਹਾਂ ਚੀਜ਼ਾਂ ਨੂੰ ਹਿਲਾਉਣ ਦੀ ਭੇਟ ਵਜੋਂ ਯਹੋਵਾਹ ਸਾਮ੍ਹਣੇ ਅੱਗੇ-ਪਿੱਛੇ ਹਿਲਾਈਂ।
25 ਫਿਰ ਤੂੰ ਉਨ੍ਹਾਂ ਦੇ ਹੱਥਾਂ ਤੋਂ ਉਹ ਚੀਜ਼ਾਂ ਲਈਂ ਅਤੇ ਹੋਮ-ਬਲ਼ੀ ਵਜੋਂ ਕੁਰਬਾਨ ਕੀਤੇ ਪਹਿਲੇ ਭੇਡੂ ਦੇ ਉੱਪਰ ਰੱਖ ਕੇ ਵੇਦੀ ਉੱਤੇ ਸਾੜ ਦੇਈਂ ਜਿਸ ਦੀ ਖ਼ੁਸ਼ਬੂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇਗੀ। ਇਹ ਭੇਟ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈ ਜਾਵੇ।
26 “ਫਿਰ ਤੂੰ ਹਾਰੂਨ ਦੀ ਨਿਯੁਕਤੀ ਵੇਲੇ ਕੁਰਬਾਨ ਕੀਤੇ ਭੇਡੂ ਦਾ ਸੀਨਾ+ ਲੈ ਕੇ ਹਿਲਾਉਣ ਦੀ ਭੇਟ ਵਜੋਂ ਯਹੋਵਾਹ ਦੇ ਸਾਮ੍ਹਣੇ ਅੱਗੇ-ਪਿੱਛੇ ਹਿਲਾਈਂ ਅਤੇ ਇਹ ਹਿੱਸਾ ਤੇਰਾ ਹੋਵੇਗਾ।
27 ਹਾਰੂਨ ਅਤੇ ਉਸ ਦੇ ਪੁੱਤਰਾਂ ਦੀ ਨਿਯੁਕਤੀ ਵੇਲੇ ਕੁਰਬਾਨ ਕੀਤੇ ਗਏ ਭੇਡੂ ਦੇ ਇਹ ਹਿੱਸੇ ਪਵਿੱਤਰ ਕਰੀਂ: ਹਿਲਾਉਣ ਦੀ ਭੇਟ ਵਜੋਂ ਚੜ੍ਹਾਇਆ ਗਿਆ ਸੀਨਾ ਅਤੇ ਭੇਟ ਕੀਤੇ ਗਏ ਪਵਿੱਤਰ ਹਿੱਸੇ ਵਿੱਚੋਂ ਲਈ ਗਈ ਲੱਤ।+
28 ਇਹ ਚੜ੍ਹਾਵੇ ਦਾ ਪਵਿੱਤਰ ਹਿੱਸਾ ਹੈ, ਇਸ ਲਈ ਇਹ ਹਾਰੂਨ ਅਤੇ ਉਸ ਦੇ ਪੁੱਤਰਾਂ ਦਾ ਹੋਵੇਗਾ। ਇਜ਼ਰਾਈਲੀ ਉਨ੍ਹਾਂ ਨੂੰ ਇਹ ਹਿੱਸਾ ਦੇਣਗੇ। ਇਜ਼ਰਾਈਲੀਆਂ ਦੁਆਰਾ ਚੜ੍ਹਾਈਆਂ ਸ਼ਾਂਤੀ-ਬਲ਼ੀਆਂ ਵਿੱਚੋਂ ਇਹ ਪਵਿੱਤਰ ਹਿੱਸਾ ਯਹੋਵਾਹ ਨੂੰ ਦਿੱਤਾ ਜਾਵੇਗਾ। ਇਜ਼ਰਾਈਲੀ ਹਮੇਸ਼ਾ ਇਸ ਨਿਯਮ ਦੀ ਪਾਲਣਾ ਕਰਨ।+
29 “ਹਾਰੂਨ ਦਾ ਪਵਿੱਤਰ ਲਿਬਾਸ+ ਉਸ ਤੋਂ ਬਾਅਦ ਉਸ ਦੇ ਪੁੱਤਰਾਂ ਨੂੰ ਦਿੱਤਾ ਜਾਵੇਗਾ+ ਜਦੋਂ ਉਨ੍ਹਾਂ ਦੇ ਸਿਰਾਂ ’ਤੇ ਤੇਲ ਪਾ ਕੇ ਉਨ੍ਹਾਂ ਨੂੰ ਪੁਜਾਰੀਆਂ ਵਜੋਂ ਨਿਯੁਕਤ ਕੀਤਾ ਜਾਵੇਗਾ।
30 ਉਸ ਦੇ ਪੁੱਤਰਾਂ ਵਿੱਚੋਂ ਜਿਹੜਾ ਵੀ ਉਸ ਤੋਂ ਬਾਅਦ ਪੁਜਾਰੀ ਬਣੇਗਾ ਅਤੇ ਪਵਿੱਤਰ ਸਥਾਨ ਵਿਚ ਆ ਕੇ ਮੰਡਲੀ ਦੇ ਤੰਬੂ ਵਿਚ ਸੇਵਾ ਕਰੇਗਾ, ਉਹ ਸੱਤ ਦਿਨਾਂ ਤਕ ਇਹ ਲਿਬਾਸ ਪਾਵੇਗਾ।+
31 “ਤੂੰ ਪੁਜਾਰੀਆਂ ਦੀ ਨਿਯੁਕਤੀ ਵੇਲੇ ਕੁਰਬਾਨ ਕੀਤਾ ਭੇਡੂ ਲਈਂ ਅਤੇ ਇਕ ਪਵਿੱਤਰ ਜਗ੍ਹਾ* ’ਤੇ ਉਸ ਦਾ ਮਾਸ ਉਬਾਲੀਂ।+
32 ਹਾਰੂਨ ਅਤੇ ਉਸ ਦੇ ਪੁੱਤਰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਬੈਠ ਕੇ ਭੇਡੂ ਦਾ ਮਾਸ ਅਤੇ ਟੋਕਰੀ ਵਿੱਚੋਂ ਰੋਟੀਆਂ ਲੈ ਕੇ ਖਾਣਗੇ।+
33 ਉਹ ਇਹ ਚੀਜ਼ਾਂ ਖਾਣ ਜੋ ਉਨ੍ਹਾਂ ਦੇ ਪਾਪਾਂ ਦੀ ਮਾਫ਼ੀ ਵਾਸਤੇ ਚੜ੍ਹਾਈਆਂ ਗਈਆਂ ਸਨ ਤਾਂਕਿ ਉਨ੍ਹਾਂ ਨੂੰ ਪੁਜਾਰੀਆਂ ਵਜੋਂ ਨਿਯੁਕਤ* ਕੀਤਾ ਜਾਵੇ ਅਤੇ ਪਵਿੱਤਰ ਕੀਤਾ ਜਾਵੇ। ਉਨ੍ਹਾਂ ਤੋਂ ਸਿਵਾਇ ਹੋਰ ਕਿਸੇ* ਨੂੰ ਇਹ ਚੀਜ਼ਾਂ ਖਾਣ ਦਾ ਅਧਿਕਾਰ ਨਹੀਂ ਹੈ ਕਿਉਂਕਿ ਇਹ ਪਵਿੱਤਰ ਹਨ।+
34 ਜੇ ਪੁਜਾਰੀਆਂ ਦੀ ਨਿਯੁਕਤੀ ਵੇਲੇ ਕੁਰਬਾਨ ਕੀਤੇ ਗਏ ਭੇਡੂ ਦੇ ਮਾਸ ਅਤੇ ਰੋਟੀਆਂ ਵਿੱਚੋਂ ਸਵੇਰ ਤਕ ਕੁਝ ਬਚ ਜਾਵੇ, ਤਾਂ ਉਸ ਨੂੰ ਅੱਗ ਵਿਚ ਸਾੜ ਦੇਈਂ।+ ਉਹ ਖਾਧਾ ਨਾ ਜਾਵੇ ਕਿਉਂਕਿ ਉਹ ਪਵਿੱਤਰ ਹੈ।
35 “ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਦੀ ਪੁਜਾਰੀਆਂ ਵਜੋਂ ਨਿਯੁਕਤੀ ਉਸੇ ਤਰ੍ਹਾਂ ਕਰੀਂ* ਜਿਵੇਂ ਮੈਂ ਤੈਨੂੰ ਹੁਕਮ ਦਿੱਤਾ ਹੈ। ਨਿਯੁਕਤੀ ਦੀ ਰਸਮ ਸੱਤ ਦਿਨ ਚੱਲੇ।+
36 ਤੂੰ ਹਰ ਦਿਨ ਪਾਪਾਂ ਦੀ ਮਾਫ਼ੀ ਲਈ ਇਕ ਬਲਦ ਚੜ੍ਹਾਈਂ ਅਤੇ ਤੂੰ ਪਾਪਾਂ ਦੀ ਮਾਫ਼ੀ ਲਈ ਇਹ ਬਲ਼ੀ ਚੜ੍ਹਾ ਕੇ ਵੇਦੀ ਨੂੰ ਪਾਪ ਤੋਂ ਸ਼ੁੱਧ ਕਰੀਂ। ਨਾਲੇ ਤੂੰ ਵੇਦੀ ’ਤੇ ਤੇਲ ਪਾ ਕੇ ਇਸ ਨੂੰ ਪਵਿੱਤਰ ਕਰੀਂ।+
37 ਤੂੰ ਸੱਤ ਦਿਨ ਵੇਦੀ ਨੂੰ ਪਾਪ ਤੋਂ ਸ਼ੁੱਧ ਕਰੀਂ ਅਤੇ ਇਸ ਨੂੰ ਪਵਿੱਤਰ ਕਰੀਂ ਤਾਂਕਿ ਇਹ ਅੱਤ ਪਵਿੱਤਰ ਹੋ ਜਾਵੇ।+ ਜਿਹੜਾ ਇਸ ਨੂੰ ਛੂੰਹਦਾ ਵੀ ਹੈ, ਉਹ ਪਵਿੱਤਰ ਹੋਣਾ ਚਾਹੀਦਾ ਹੈ।
38 “ਤੂੰ ਵੇਦੀ ’ਤੇ ਇਹ ਭੇਟਾਂ ਚੜ੍ਹਾਈਂ: ਰੋਜ਼ ਇਕ-ਇਕ ਸਾਲ ਦੇ ਦੋ ਭੇਡੂ।+
39 ਤੂੰ ਸਵੇਰੇ ਇਕ ਭੇਡੂ ਅਤੇ ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾਂ* ਇਕ ਹੋਰ ਭੇਡੂ ਚੜ੍ਹਾਈਂ।+
40 ਪਹਿਲੇ ਭੇਡੂ ਨਾਲ ਇਕ ਏਫਾ* ਮੈਦੇ ਦਾ ਦਸਵਾਂ ਹਿੱਸਾ ਜਿਸ ਵਿਚ ਇਕ-ਚੌਥਾਈ ਹੀਨ* ਜ਼ੈਤੂਨ ਦਾ ਸ਼ੁੱਧ ਤੇਲ ਮਿਲਿਆ ਹੋਵੇ ਅਤੇ ਪੀਣ ਦੀ ਭੇਟ ਵਜੋਂ ਇਕ ਚੌਥਾਈ ਹੀਨ ਦਾਖਰਸ ਚੜ੍ਹਾਈਂ।
41 ਤੂੰ ਸਵੇਰ ਵਾਂਗ ਸ਼ਾਮ* ਨੂੰ ਵੀ ਦੂਜੇ ਭੇਡੂ ਨਾਲ ਇਹੀ ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀ ਭੇਟ ਚੜ੍ਹਾਈਂ। ਇਹ ਭੇਟ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈ ਜਾਵੇ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ।
42 ਤੁਹਾਡੀਆਂ ਪੀੜ੍ਹੀਆਂ ਸਦਾ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਇਹ ਹੋਮ-ਬਲ਼ੀ ਯਹੋਵਾਹ ਸਾਮ੍ਹਣੇ ਚੜ੍ਹਾਉਣ ਜਿੱਥੇ ਮੈਂ ਤੇਰੇ ਸਾਮ੍ਹਣੇ ਪ੍ਰਗਟ ਹੋ ਕੇ ਤੇਰੇ ਨਾਲ ਗੱਲ ਕਰਾਂਗਾ।+
43 “ਉੱਥੇ ਮੈਂ ਇਜ਼ਰਾਈਲੀਆਂ ਸਾਮ੍ਹਣੇ ਪ੍ਰਗਟ ਹੋਵਾਂਗਾ ਅਤੇ ਉਹ ਜਗ੍ਹਾ ਮੇਰੀ ਮਹਿਮਾ ਨਾਲ ਪਵਿੱਤਰ ਹੋ ਜਾਵੇਗੀ।+
44 ਮੈਂ ਮੰਡਲੀ ਦੇ ਤੰਬੂ ਅਤੇ ਵੇਦੀ ਨੂੰ ਪਵਿੱਤਰ ਕਰਾਂਗਾ। ਮੈਂ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਵੀ ਪਵਿੱਤਰ ਕਰਾਂਗਾ+ ਤਾਂਕਿ ਉਹ ਪੁਜਾਰੀਆਂ ਵਜੋਂ ਮੇਰੀ ਸੇਵਾ ਕਰਨ।
45 ਮੈਂ ਇਜ਼ਰਾਈਲ ਦੇ ਲੋਕਾਂ ਵਿਚਕਾਰ ਵੱਸਾਂਗਾ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ।+
46 ਅਤੇ ਉਹ ਜਾਣਨਗੇ ਕਿ ਮੈਂ ਉਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹਾਂ ਜੋ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ ਤਾਂਕਿ ਮੈਂ ਉਨ੍ਹਾਂ ਵਿਚ ਵੱਸਾਂ।+ ਹਾਂ, ਮੈਂ ਉਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹਾਂ।
ਫੁਟਨੋਟ
^ ਜਾਂ, “ਪਵਿੱਤਰ ਤਾਜ।”
^ ਇਬ, “ਹਾਰੂਨ ਦੇ ਹੱਥ ਅਤੇ ਉਸ ਦੇ ਪੁੱਤਰਾਂ ਦੇ ਹੱਥ ਭਰ ਦੇਈਂ।”
^ ਸ਼ਾਇਦ ਪਵਿੱਤਰ ਤੰਬੂ ਦੇ ਵਿਹੜੇ ਵਿਚ।
^ ਇਬ, “ਉਨ੍ਹਾਂ ਦੇ ਹੱਥ ਭਰੇ ਜਾਣ।”
^ ਇਬ, “ਕਿਸੇ ਅਜਨਬੀ,” ਯਾਨੀ ਜੋ ਹਾਰੂਨ ਦੇ ਪਰਿਵਾਰ ਵਿੱਚੋਂ ਨਹੀਂ ਹੁੰਦਾ ਸੀ।
^ ਇਬ, “ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਹੱਥ ਉਸੇ ਤਰ੍ਹਾਂ ਭਰ ਦੇਈਂ।”
^ ਇਕ ਏਫਾ 22 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
^ ਇਕ ਹੀਨ 3.67 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।