ਗਿਣਤੀ 5:1-31
5 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ:
2 “ਇਜ਼ਰਾਈਲੀਆਂ ਨੂੰ ਹੁਕਮ ਦੇ ਕਿ ਉਹ ਹਰ ਉਸ ਇਨਸਾਨ ਨੂੰ ਛਾਉਣੀ ਤੋਂ ਬਾਹਰ ਭੇਜ ਦੇਣ ਜਿਸ ਨੂੰ ਕੋੜ੍ਹ ਹੈ+ ਅਤੇ ਜਿਸ ਦੇ ਗੁਪਤ ਅੰਗ ਵਿੱਚੋਂ ਤਰਲ ਪਦਾਰਥ ਵਗਦਾ ਹੈ+ ਜਾਂ ਜਿਹੜਾ ਕਿਸੇ ਇਨਸਾਨ ਦੀ ਲਾਸ਼ ਨੂੰ ਛੂਹਣ ਕਰਕੇ ਅਸ਼ੁੱਧ ਹੋ ਗਿਆ ਹੈ।+
3 ਭਾਵੇਂ ਉਹ ਆਦਮੀ ਹੋਵੇ ਜਾ ਔਰਤ, ਤੂੰ ਉਸ ਨੂੰ ਜ਼ਰੂਰ ਛਾਉਣੀ ਤੋਂ ਬਾਹਰ ਭੇਜ ਦੇ ਤਾਂਕਿ ਉਹ ਪੂਰੀ ਛਾਉਣੀ ਨੂੰ ਭ੍ਰਿਸ਼ਟ ਨਾ ਕਰੇ+ ਜਿੱਥੇ ਮੈਂ ਇਜ਼ਰਾਈਲੀਆਂ ਵਿਚ ਵੱਸਦਾ ਹਾਂ।”+
4 ਇਸ ਲਈ ਇਜ਼ਰਾਈਲੀਆਂ ਨੇ ਕਹਿਣਾ ਮੰਨਦੇ ਹੋਏ ਉਨ੍ਹਾਂ ਲੋਕਾਂ ਨੂੰ ਛਾਉਣੀ ਤੋਂ ਬਾਹਰ ਭੇਜ ਦਿੱਤਾ। ਇਜ਼ਰਾਈਲੀਆਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਕਿਹਾ ਸੀ।
5 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ:
6 “ਇਜ਼ਰਾਈਲੀਆਂ ਨੂੰ ਕਹਿ, ‘ਜੇ ਕੋਈ ਆਦਮੀ ਜਾਂ ਔਰਤ ਪਾਪ ਕਰ ਕੇ ਯਹੋਵਾਹ ਨਾਲ ਵਿਸ਼ਵਾਸਘਾਤ ਕਰਦਾ ਹੈ, ਤਾਂ ਉਹ ਦੋਸ਼ੀ ਹੈ।+
7 ਉਹ ਆਪਣਾ ਪਾਪ ਕਬੂਲ ਕਰੇ।+ ਨਾਲੇ ਉਹ ਆਪਣੇ ਪਾਪ ਦਾ ਪੂਰਾ ਹਰਜਾਨਾ ਅਤੇ ਇਸ ਦੀ ਕੀਮਤ ਦਾ ਪੰਜਵਾਂ ਹਿੱਸਾ ਹੋਰ ਮਿਲਾ ਕੇ+ ਉਸ ਇਨਸਾਨ ਨੂੰ ਦੇਵੇ ਜਿਸ ਦੇ ਖ਼ਿਲਾਫ਼ ਉਸ ਨੇ ਪਾਪ ਕੀਤਾ ਹੈ।
8 ਪਰ ਜੇ ਉਹ ਇਨਸਾਨ ਮਰ ਗਿਆ ਹੈ ਅਤੇ ਉਸ ਦਾ ਕੋਈ ਕਰੀਬੀ ਰਿਸ਼ਤੇਦਾਰ ਨਹੀਂ ਹੈ ਜਿਸ ਨੂੰ ਹਰਜਾਨਾ ਦਿੱਤਾ ਜਾ ਸਕੇ, ਤਾਂ ਉਹ ਹਰਜਾਨਾ ਯਹੋਵਾਹ ਨੂੰ ਦਿੱਤਾ ਜਾਵੇ। ਉਹ ਪੈਸਾ ਅਤੇ ਉਸ ਦਾ ਪਾਪ ਮਿਟਾਉਣ ਲਈ ਚੜ੍ਹਾਇਆ ਗਿਆ ਭੇਡੂ ਪੁਜਾਰੀ ਦਾ ਹੋਵੇਗਾ।+
9 “‘ਇਜ਼ਰਾਈਲੀ ਜਿਹੜਾ ਵੀ ਪਵਿੱਤਰ ਦਾਨ+ ਪੁਜਾਰੀ ਨੂੰ ਦਿੰਦੇ ਹਨ, ਉਹ ਪੁਜਾਰੀ ਦਾ ਹੋਵੇਗਾ।+
10 ਹਰ ਇਨਸਾਨ ਵੱਲੋਂ ਦਾਨ ਕੀਤੀ ਪਵਿੱਤਰ ਚੀਜ਼ ਪੁਜਾਰੀ ਦੀ ਹੋਵੇਗੀ। ਪੁਜਾਰੀ ਨੂੰ ਜੋ ਕੁਝ ਦਿੱਤਾ ਜਾਂਦਾ ਹੈ, ਉਹ ਉਸੇ ਦਾ ਹੋਵੇਗਾ।’”
11 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ:
12 “ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਉਸ ਔਰਤ ਨਾਲ ਇਸ ਤਰ੍ਹਾਂ ਕੀਤਾ ਜਾਵੇ ਜਿਹੜੀ ਕੁਰਾਹੇ ਪੈ ਕੇ ਆਪਣੇ ਪਤੀ ਨਾਲ ਬੇਵਫ਼ਾਈ ਕਰਦੀ ਹੈ
13 ਅਤੇ ਕਿਸੇ ਹੋਰ ਆਦਮੀ ਨਾਲ ਸਰੀਰਕ ਸੰਬੰਧ ਬਣਾ ਕੇ+ ਆਪਣੇ ਆਪ ਨੂੰ ਭ੍ਰਿਸ਼ਟ ਕਰਦੀ ਹੈ, ਪਰ ਇਹ ਗੱਲ ਉਸ ਦੇ ਪਤੀ ਨੂੰ ਪਤਾ ਨਹੀਂ ਲੱਗਦੀ ਅਤੇ ਲੁਕੀ ਰਹਿੰਦੀ ਹੈ ਅਤੇ ਇਸ ਗੱਲ ਦਾ ਕੋਈ ਗਵਾਹ ਨਹੀਂ ਹੈ ਅਤੇ ਨਾ ਹੀ ਉਸ ਨੂੰ ਰੰਗੇ ਹੱਥੀਂ ਫੜਿਆ ਗਿਆ:
14 ਜੇ ਉਸ ਔਰਤ ਦੇ ਪਤੀ ਦੇ ਮਨ ਵਿਚ ਈਰਖਾ ਪੈਦਾ ਹੁੰਦੀ ਹੈ ਅਤੇ ਉਹ ਆਪਣੀ ਪਤਨੀ ਦੀ ਵਫ਼ਾਦਾਰੀ ’ਤੇ ਸ਼ੱਕ ਕਰਦਾ ਹੈ, ਭਾਵੇਂ ਉਸ ਔਰਤ ਨੇ ਖ਼ੁਦ ਨੂੰ ਭ੍ਰਿਸ਼ਟ ਕੀਤਾ ਹੈ ਜਾਂ ਨਹੀਂ,
15 ਤਾਂ ਉਹ ਆਦਮੀ ਆਪਣੀ ਪਤਨੀ ਨੂੰ ਪੁਜਾਰੀ ਕੋਲ ਲਿਆਵੇ। ਨਾਲੇ ਉਹ ਆਪਣੀ ਪਤਨੀ ਵੱਲੋਂ ਚੜ੍ਹਾਉਣ ਲਈ ਇਕ ਏਫਾ* ਜੌਆਂ ਦੇ ਆਟੇ ਦਾ ਦਸਵਾਂ ਹਿੱਸਾ ਲਿਆਵੇ। ਉਹ ਇਸ ਉੱਤੇ ਨਾ ਤਾਂ ਤੇਲ ਪਾਵੇ ਅਤੇ ਨਾ ਹੀ ਲੋਬਾਨ ਰੱਖੇ ਕਿਉਂਕਿ ਇਹ ਅਨਾਜ ਦਾ ਚੜ੍ਹਾਵਾ ਈਰਖਾ ਦੇ ਮਾਮਲੇ ਵਿਚ ਚੜ੍ਹਾਇਆ ਜਾਣ ਵਾਲਾ ਚੜ੍ਹਾਵਾ ਹੈ ਜੋ ਉਸ ਔਰਤ ਦੇ ਪਾਪ ਵੱਲ ਧਿਆਨ ਦਿਵਾਉਂਦਾ ਹੈ।
16 “‘ਪੁਜਾਰੀ ਉਸ ਔਰਤ ਨੂੰ ਅੱਗੇ ਲਿਆਵੇਗਾ ਅਤੇ ਉਸ ਨੂੰ ਯਹੋਵਾਹ ਸਾਮ੍ਹਣੇ ਖੜ੍ਹਾ ਕਰੇਗਾ।+
17 ਪੁਜਾਰੀ ਮਿੱਟੀ ਦੇ ਭਾਂਡੇ ਵਿਚ ਪਵਿੱਤਰ ਪਾਣੀ ਲਵੇਗਾ ਅਤੇ ਉਸ ਵਿਚ ਡੇਰੇ ਦੇ ਵਿਹੜੇ ਦੀ ਥੋੜ੍ਹੀ ਜਿਹੀ ਮਿੱਟੀ ਪਾਵੇਗਾ।
18 ਅਤੇ ਪੁਜਾਰੀ ਉਸ ਔਰਤ ਨੂੰ ਯਹੋਵਾਹ ਸਾਮ੍ਹਣੇ ਖੜ੍ਹਾ ਕਰੇਗਾ ਅਤੇ ਉਸ ਦੇ ਵਾਲ਼ ਖੋਲ੍ਹੇ ਜਾਣਗੇ ਅਤੇ ਪੁਜਾਰੀ ਉਸ ਦੇ ਹੱਥਾਂ ਉੱਤੇ ਈਰਖਾ ਦੇ ਮਾਮਲੇ ਵਿਚ ਚੜ੍ਹਾਇਆ ਜਾਣ ਵਾਲਾ ਅਨਾਜ ਦਾ ਚੜ੍ਹਾਵਾ ਰੱਖੇਗਾ ਜੋ ਪਾਪ ਵੱਲ ਧਿਆਨ ਦਿਵਾਉਣ ਲਈ ਹੈ।+ ਫਿਰ ਪੁਜਾਰੀ ਆਪਣੇ ਹੱਥ ਵਿਚ ਸਰਾਪ ਲਿਆਉਣ ਵਾਲਾ ਕੌੜਾ ਪਾਣੀ ਲਵੇਗਾ।+
19 “‘ਪੁਜਾਰੀ ਉਸ ਔਰਤ ਨੂੰ ਸਹੁੰ ਚੁਕਾਉਂਦੇ ਹੋਏ ਕਹੇਗਾ: “ਜੇ ਤੂੰ ਕੁਰਾਹੇ ਨਹੀਂ ਪਈ ਅਤੇ ਆਪਣੇ ਪਤੀ ਦੇ ਅਧਿਕਾਰ ਹੇਠ ਹੁੰਦਿਆਂ+ ਕਿਸੇ ਹੋਰ ਨਾਲ ਸਰੀਰਕ ਸੰਬੰਧ ਬਣਾ ਕੇ ਆਪਣੇ ਆਪ ਨੂੰ ਭ੍ਰਿਸ਼ਟ ਨਹੀਂ ਕੀਤਾ, ਤਾਂ ਸਰਾਪ ਲਿਆਉਣ ਵਾਲੇ ਇਸ ਕੌੜੇ ਪਾਣੀ ਦਾ ਤੇਰੇ ’ਤੇ ਕੋਈ ਅਸਰ ਨਹੀਂ ਹੋਵੇਗਾ।
20 ਪਰ ਜੇ ਤੂੰ ਕੁਰਾਹੇ ਪੈ ਗਈ ਹੈਂ ਅਤੇ ਆਪਣੇ ਪਤੀ ਦੇ ਅਧਿਕਾਰ ਹੇਠ ਹੁੰਦਿਆਂ ਕਿਸੇ ਹੋਰ ਨਾਲ ਸਰੀਰਕ ਸੰਬੰਧ ਬਣਾ ਕੇ+ ਆਪਣੇ ਆਪ ਨੂੰ ਭ੍ਰਿਸ਼ਟ ਕੀਤਾ ਹੈ—”
21 ਪੁਜਾਰੀ ਉਸ ਔਰਤ ਨੂੰ ਸਹੁੰ ਚੁਕਾਵੇਗਾ ਕਿ ਜੇ ਉਸ ਨੇ ਪਾਪ ਕੀਤਾ ਹੈ, ਤਾਂ ਉਸ ਨੂੰ ਸਰਾਪ ਲੱਗੇਗਾ। ਪੁਜਾਰੀ ਉਸ ਨੂੰ ਕਹੇਗਾ: “ਯਹੋਵਾਹ ਤੇਰਾ ਪੱਟ* ਨਕਾਰਾ* ਕਰ ਦੇਵੇ ਅਤੇ ਤੇਰਾ ਢਿੱਡ ਸੁਜਾ ਦੇਵੇ। ਲੋਕ ਸਰਾਪ ਦੇਣ ਵੇਲੇ ਅਤੇ ਸਹੁੰ ਚੁਕਾਉਣ ਵੇਲੇ ਤੇਰੀ ਮਿਸਾਲ ਦੇਣ। ਯਹੋਵਾਹ ਤੇਰੇ ਨਾਲ ਇਸ ਤਰ੍ਹਾਂ ਕਰੇ।
22 ਸਰਾਪ ਲਿਆਉਣ ਵਾਲਾ ਇਹ ਪਾਣੀ ਤੇਰੀਆਂ ਆਂਦਰਾਂ ਵਿਚ ਜਾਵੇਗਾ ਅਤੇ ਤੇਰਾ ਢਿੱਡ ਸੁਜਾ ਦੇਵੇਗਾ ਅਤੇ ਤੇਰੇ ਪੱਟ* ਨੂੰ ਨਕਾਰਾ* ਕਰ ਦੇਵੇਗਾ।” ਫਿਰ ਉਸ ਵੇਲੇ ਔਰਤ ਕਹੇਗੀ: “ਆਮੀਨ! ਆਮੀਨ!”*
23 “‘ਫਿਰ ਪੁਜਾਰੀ ਇਨ੍ਹਾਂ ਸਰਾਪਾਂ ਨੂੰ ਕਿਤਾਬ ਵਿਚ ਲਿਖੇ ਅਤੇ ਸਰਾਪਾਂ ਨੂੰ ਕੌੜੇ ਪਾਣੀ ਵਿਚ ਧੋ ਦੇਵੇ।
24 ਇਸ ਤੋਂ ਬਾਅਦ ਪੁਜਾਰੀ ਸਰਾਪ ਲਿਆਉਣ ਵਾਲਾ ਕੌੜਾ ਪਾਣੀ ਉਸ ਔਰਤ ਨੂੰ ਪਿਲਾਵੇਗਾ ਅਤੇ ਪਾਣੀ ਔਰਤ ਦੇ ਅੰਦਰ ਜਾਵੇਗਾ ਅਤੇ ਉਸ ਦੇ ਢਿੱਡ ਵਿਚ ਬਹੁਤ ਪੀੜ ਹੋਵੇਗੀ।
25 ਪੁਜਾਰੀ ਔਰਤ ਦੇ ਹੱਥਾਂ ਵਿੱਚੋਂ ਈਰਖਾ ਦੇ ਮਾਮਲੇ ਵਿਚ ਚੜ੍ਹਾਇਆ ਜਾਂਦਾ ਅਨਾਜ ਦਾ ਚੜ੍ਹਾਵਾ+ ਲਵੇਗਾ ਅਤੇ ਉਸ ਨੂੰ ਯਹੋਵਾਹ ਸਾਮ੍ਹਣੇ ਅੱਗੇ-ਪਿੱਛੇ ਹਿਲਾਵੇਗਾ ਅਤੇ ਉਸ ਚੜ੍ਹਾਵੇ ਨੂੰ ਵੇਦੀ ਦੇ ਨੇੜੇ ਲਿਆਵੇਗਾ।
26 ਪੁਜਾਰੀ ਅਨਾਜ ਦੇ ਚੜ੍ਹਾਵੇ ਵਿੱਚੋਂ ਮੁੱਠੀ ਭਰ ਆਟਾ ਲੈ ਕੇ ਨਿਸ਼ਾਨੀ ਦੇ ਤੌਰ ਤੇ ਵੇਦੀ ਉੱਤੇ ਸਾੜੇਗਾ ਤਾਂਕਿ ਇਸ ਦਾ ਧੂੰਆਂ ਉੱਠੇ।+ ਇਸ ਤੋਂ ਬਾਅਦ ਪੁਜਾਰੀ ਉਹ ਪਾਣੀ ਉਸ ਔਰਤ ਨੂੰ ਪਿਲਾਵੇਗਾ।
27 ਜਦ ਪੁਜਾਰੀ ਉਸ ਨੂੰ ਪਾਣੀ ਪਿਲਾਵੇਗਾ, ਤਾਂ ਜੇ ਉਸ ਔਰਤ ਨੇ ਖ਼ੁਦ ਨੂੰ ਭ੍ਰਿਸ਼ਟ ਕੀਤਾ ਹੈ ਅਤੇ ਆਪਣੇ ਪਤੀ ਨਾਲ ਬੇਵਫ਼ਾਈ ਕੀਤੀ ਹੈ, ਤਾਂ ਸਰਾਪ ਲਿਆਉਣ ਵਾਲਾ ਇਹ ਪਾਣੀ ਔਰਤ ਦੇ ਅੰਦਰ ਜਾਵੇਗਾ ਅਤੇ ਉਸ ਦੇ ਢਿੱਡ ਵਿਚ ਬਹੁਤ ਪੀੜ ਹੋਵੇਗੀ। ਉਸ ਦਾ ਢਿੱਡ ਸੁੱਜ ਜਾਵੇਗਾ ਅਤੇ ਉਸ ਦਾ ਪੱਟ* ਨਕਾਰਾ* ਹੋ ਜਾਵੇਗਾ ਅਤੇ ਲੋਕ ਸਰਾਪ ਦੇਣ ਵੇਲੇ ਉਸ ਔਰਤ ਦੀ ਮਿਸਾਲ ਦੇਣਗੇ।
28 ਪਰ ਜੇ ਉਸ ਔਰਤ ਨੇ ਖ਼ੁਦ ਨੂੰ ਭ੍ਰਿਸ਼ਟ ਨਹੀਂ ਕੀਤਾ ਅਤੇ ਉਹ ਸ਼ੁੱਧ ਹੈ, ਤਾਂ ਉਸ ਨੂੰ ਸਜ਼ਾ ਨਹੀਂ ਮਿਲੇਗੀ ਅਤੇ ਉਹ ਗਰਭਵਤੀ ਹੋ ਕੇ ਔਲਾਦ ਪੈਦਾ ਕਰ ਸਕੇਗੀ।
29 “‘ਇਹ ਕਾਨੂੰਨ ਈਰਖਾ ਦੇ ਮਾਮਲੇ ਬਾਰੇ ਹੈ+ ਜਦ ਕੋਈ ਔਰਤ ਕੁਰਾਹੇ ਪੈ ਜਾਂਦੀ ਹੈ ਅਤੇ ਆਪਣੇ ਪਤੀ ਦੇ ਅਧਿਕਾਰ ਹੇਠ ਹੁੰਦਿਆਂ ਆਪਣੇ ਆਪ ਨੂੰ ਭ੍ਰਿਸ਼ਟ ਕਰਦੀ ਹੈ
30 ਜਾਂ ਜੇ ਆਦਮੀ ਆਪਣੀ ਪਤਨੀ ਦੀ ਵਫ਼ਾਦਾਰੀ ’ਤੇ ਸ਼ੱਕ ਕਰਦਾ ਹੈ ਅਤੇ ਉਸ ਦੇ ਮਨ ਵਿਚ ਈਰਖਾ ਹੁੰਦੀ ਹੈ। ਇਸ ਤਰ੍ਹਾਂ ਹੋਣ ਤੇ ਉਹ ਆਪਣੀ ਪਤਨੀ ਨੂੰ ਯਹੋਵਾਹ ਸਾਮ੍ਹਣੇ ਖੜ੍ਹਾ ਕਰੇ ਅਤੇ ਪੁਜਾਰੀ ਇਸ ਕਾਨੂੰਨ ਮੁਤਾਬਕ ਇਹ ਮਾਮਲਾ ਨਜਿੱਠੇ।
31 ਆਦਮੀ ਦੋਸ਼ੀ ਨਹੀਂ ਠਹਿਰੇਗਾ, ਪਰ ਜੇ ਉਸ ਦੀ ਪਤਨੀ ਨੇ ਪਾਪ ਕੀਤਾ ਹੈ, ਤਾਂ ਉਸ ਨੂੰ ਇਸ ਦਾ ਅੰਜਾਮ ਭੁਗਤਣਾ ਪਵੇਗਾ।’”
ਫੁਟਨੋਟ
^ ਇਕ ਏਫਾ ਦਾ ਦਸਵਾਂ ਹਿੱਸਾ 2.2 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
^ ਜ਼ਾਹਰ ਹੈ ਕਿ ਇੱਥੇ ਪੱਟ ਜਣਨ-ਅੰਗਾਂ ਨੂੰ ਦਰਸਾਉਂਦਾ ਹੈ।
^ ਇਸ ਦਾ ਮਤਲਬ ਹੈ ਔਰਤ ਬੱਚੇ ਪੈਦਾ ਨਹੀਂ ਕਰ ਸਕੇਗੀ।
^ ਜ਼ਾਹਰ ਹੈ ਕਿ ਇੱਥੇ ਪੱਟ ਜਣਨ-ਅੰਗਾਂ ਨੂੰ ਦਰਸਾਉਂਦਾ ਹੈ।
^ ਇਸ ਦਾ ਮਤਲਬ ਹੈ ਔਰਤ ਬੱਚੇ ਪੈਦਾ ਨਹੀਂ ਕਰ ਸਕੇਗੀ।
^ ਜਾਂ, “ਇਸੇ ਤਰ੍ਹਾਂ ਹੋਵੇ! ਇਸੇ ਤਰ੍ਹਾਂ ਹੋਵੇ!”
^ ਜ਼ਾਹਰ ਹੈ ਕਿ ਇੱਥੇ ਪੱਟ ਜਣਨ-ਅੰਗਾਂ ਨੂੰ ਦਰਸਾਉਂਦਾ ਹੈ।
^ ਇਸ ਦਾ ਮਤਲਬ ਹੈ ਔਰਤ ਬੱਚੇ ਪੈਦਾ ਨਹੀਂ ਕਰ ਸਕੇਗੀ।