ਯਿਰਮਿਯਾਹ 40:1-16
40 ਜਦੋਂ ਪਹਿਰੇਦਾਰਾਂ ਦੇ ਮੁਖੀ ਨਬੂਜ਼ਰਦਾਨ+ ਨੇ ਰਾਮਾਹ+ ਤੋਂ ਯਿਰਮਿਯਾਹ ਨੂੰ ਆਜ਼ਾਦ ਕਰ ਦਿੱਤਾ ਸੀ, ਉਸ ਤੋਂ ਬਾਅਦ ਯਿਰਮਿਯਾਹ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ। ਨਬੂਜ਼ਰਦਾਨ ਬੇੜੀਆਂ ਨਾਲ ਉਸ ਦੇ ਹੱਥ ਬੰਨ੍ਹ ਕੇ ਉਸ ਨੂੰ ਰਾਮਾਹ ਲੈ ਗਿਆ ਸੀ। ਯਿਰਮਿਯਾਹ ਯਰੂਸ਼ਲਮ ਅਤੇ ਯਹੂਦਾਹ ਦੇ ਉਨ੍ਹਾਂ ਸਾਰੇ ਲੋਕਾਂ ਵਿਚ ਸੀ ਜਿਨ੍ਹਾਂ ਨੂੰ ਬੰਦੀ ਬਣਾ ਕੇ ਬਾਬਲ ਲਿਜਾਇਆ ਜਾਣਾ ਸੀ।
2 ਫਿਰ ਪਹਿਰੇਦਾਰਾਂ ਦੇ ਮੁਖੀ ਨੇ ਯਿਰਮਿਯਾਹ ਨੂੰ ਇਕ ਪਾਸੇ ਲਿਜਾ ਕੇ ਕਿਹਾ: “ਤੇਰੇ ਪਰਮੇਸ਼ੁਰ ਯਹੋਵਾਹ ਨੇ ਪਹਿਲਾਂ ਹੀ ਦੱਸਿਆ ਸੀ ਕਿ ਇਸ ਦੇਸ਼ ਉੱਤੇ ਬਿਪਤਾ ਆਵੇਗੀ।
3 ਇਸ ਲਈ ਯਹੋਵਾਹ ਆਪਣੇ ਕਹੇ ਮੁਤਾਬਕ ਇਸ ’ਤੇ ਬਿਪਤਾ ਲਿਆਇਆ ਹੈ ਕਿਉਂਕਿ ਤੁਸੀਂ ਲੋਕਾਂ ਨੇ ਯਹੋਵਾਹ ਦੇ ਖ਼ਿਲਾਫ਼ ਪਾਪ ਕੀਤਾ ਅਤੇ ਉਸ ਦਾ ਕਹਿਣਾ ਨਹੀਂ ਮੰਨਿਆ। ਇਸੇ ਕਰਕੇ ਤੁਹਾਡਾ ਇਹ ਹਾਲ ਹੋਇਆ ਹੈ।+
4 ਅੱਜ ਮੈਂ ਤੇਰੇ ਹੱਥਾਂ ਤੋਂ ਬੇੜੀਆਂ ਖੋਲ੍ਹ ਕੇ ਤੈਨੂੰ ਆਜ਼ਾਦ ਕਰ ਰਿਹਾ ਹਾਂ। ਜੇ ਤੂੰ ਚਾਹੁੰਦਾ ਹੈਂ, ਤਾਂ ਤੂੰ ਮੇਰੇ ਨਾਲ ਬਾਬਲ ਆ ਸਕਦਾ ਹੈਂ। ਮੈਂ ਤੇਰਾ ਖ਼ਿਆਲ ਰੱਖਾਂਗਾ। ਪਰ ਜੇ ਤੂੰ ਮੇਰੇ ਨਾਲ ਬਾਬਲ ਨਹੀਂ ਆਉਣਾ ਚਾਹੁੰਦਾ, ਤਾਂ ਨਾ ਆ। ਦੇਖ! ਪੂਰਾ ਦੇਸ਼ ਤੇਰੇ ਸਾਮ੍ਹਣੇ ਹੈ। ਤੂੰ ਜਿੱਥੇ ਚਾਹੇਂ, ਜਾ ਸਕਦਾ ਹੈਂ।”+
5 ਇਸ ਤੋਂ ਪਹਿਲਾਂ ਕਿ ਯਿਰਮਿਯਾਹ ਕੋਈ ਫ਼ੈਸਲਾ ਕਰਦਾ, ਨਬੂਜ਼ਰਦਾਨ ਨੇ ਕਿਹਾ: “ਤੂੰ ਸ਼ਾਫਾਨ+ ਦੇ ਪੋਤੇ, ਅਹੀਕਾਮ ਦੇ ਪੁੱਤਰ+ ਗਦਲਯਾਹ+ ਕੋਲ ਚਲਾ ਜਾਹ। ਬਾਬਲ ਦੇ ਰਾਜੇ ਨੇ ਉਸ ਨੂੰ ਯਹੂਦਾਹ ਦੇ ਸ਼ਹਿਰਾਂ ਉੱਤੇ ਅਧਿਕਾਰੀ ਨਿਯੁਕਤ ਕੀਤਾ ਹੈ। ਉਸ ਨਾਲ ਲੋਕਾਂ ਵਿਚ ਰਹਿ; ਜੇ ਨਹੀਂ, ਤਾਂ ਜਿੱਥੇ ਤੇਰਾ ਦਿਲ ਕਰਦਾ, ਤੂੰ ਜਾ ਸਕਦਾ ਹੈਂ।”
ਫਿਰ ਪਹਿਰੇਦਾਰਾਂ ਦੇ ਮੁਖੀ ਨੇ ਯਿਰਮਿਯਾਹ ਨੂੰ ਕੁਝ ਭੋਜਨ ਅਤੇ ਤੋਹਫ਼ਾ ਦੇ ਕੇ ਵਿਦਾ ਕੀਤਾ।
6 ਇਸ ਲਈ ਯਿਰਮਿਯਾਹ ਮਿਸਪਾਹ+ ਵਿਚ ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਚਲਾ ਗਿਆ ਅਤੇ ਉੱਥੇ ਉਸ ਨਾਲ ਉਨ੍ਹਾਂ ਲੋਕਾਂ ਵਿਚ ਰਿਹਾ ਜਿਹੜੇ ਦੇਸ਼ ਵਿਚ ਬਾਕੀ ਬਚ ਗਏ ਸਨ।
7 ਫ਼ੌਜ ਦੇ ਕਈ ਮੁਖੀ ਆਪਣੇ ਆਦਮੀਆਂ ਨਾਲ ਅਜੇ ਵੀ ਬਾਹਰ ਸਨ। ਸਮੇਂ ਦੇ ਬੀਤਣ ਨਾਲ ਉਨ੍ਹਾਂ ਸਾਰਿਆਂ ਨੇ ਸੁਣਿਆ ਕਿ ਬਾਬਲ ਦੇ ਰਾਜੇ ਨੇ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਦੇਸ਼ ਦਾ ਅਧਿਕਾਰੀ ਨਿਯੁਕਤ ਕੀਤਾ ਸੀ। ਨਾਲੇ ਉਸ ਨੇ ਗਦਲਯਾਹ ਨੂੰ ਦੇਸ਼ ਦੇ ਗ਼ਰੀਬ ਆਦਮੀਆਂ, ਔਰਤਾਂ ਅਤੇ ਬੱਚਿਆਂ ਉੱਤੇ ਵੀ ਅਧਿਕਾਰੀ ਨਿਯੁਕਤ ਕੀਤਾ ਸੀ ਜਿਨ੍ਹਾਂ ਨੂੰ ਬਾਬਲ ਨਹੀਂ ਲਿਜਾਇਆ ਗਿਆ ਸੀ।+
8 ਇਸ ਲਈ ਉਹ ਆਪਣੇ ਸਾਰੇ ਆਦਮੀਆਂ ਨਾਲ ਮਿਸਪਾਹ ਵਿਚ ਗਦਲਯਾਹ ਕੋਲ ਆਏ।+ ਇਹ ਮੁਖੀ ਸਨ: ਨਥਨਯਾਹ ਦਾ ਪੁੱਤਰ ਇਸਮਾਏਲ,+ ਕਾਰੇਆਹ ਦੇ ਪੁੱਤਰ ਯੋਹਾਨਾਨ+ ਤੇ ਯੋਨਾਥਾਨ, ਤਨਹੁਮਥ ਦਾ ਪੁੱਤਰ ਸਰਾਯਾਹ, ਏਫਈ ਨਟੋਫਾਥੀ ਦੇ ਪੁੱਤਰ ਅਤੇ ਯਜ਼ਨਯਾਹ+ ਜੋ ਇਕ ਮਾਕਾਥੀ ਆਦਮੀ ਦਾ ਪੁੱਤਰ ਸੀ ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਆਦਮੀ ਸਨ।
9 ਸ਼ਾਫਾਨ ਦੇ ਪੋਤੇ, ਅਹੀਕਾਮ ਦੇ ਪੁੱਤਰ ਗਦਲਯਾਹ ਨੇ ਸਹੁੰ ਖਾ ਕੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਆਦਮੀਆਂ ਨੂੰ ਕਿਹਾ: “ਕਸਦੀਆਂ ਦੀ ਸੇਵਾ ਕਰਨ ਤੋਂ ਨਾ ਡਰੋ। ਦੇਸ਼ ਵਿਚ ਰਹੋ ਅਤੇ ਬਾਬਲ ਦੇ ਰਾਜੇ ਦੀ ਸੇਵਾ ਕਰੋ ਅਤੇ ਤੁਹਾਡਾ ਭਲਾ ਹੋਵੇਗਾ।+
10 ਮੈਂ ਮਿਸਪਾਹ ਵਿਚ ਰਹਾਂਗਾ ਅਤੇ ਤੁਹਾਡੇ ਵੱਲੋਂ ਕਸਦੀਆਂ ਨਾਲ ਗੱਲ ਕਰਾਂਗਾ* ਜਿਹੜੇ ਸਾਨੂੰ ਮਿਲਣ ਆਉਣਗੇ। ਪਰ ਤੁਸੀਂ ਦਾਖਰਸ, ਗਰਮੀਆਂ ਦੇ ਫਲ ਅਤੇ ਤੇਲ ਇਕੱਠਾ ਕਰ ਕੇ ਭਾਂਡਿਆਂ ਵਿਚ ਰੱਖੋ ਅਤੇ ਉਨ੍ਹਾਂ ਸ਼ਹਿਰਾਂ ਵਿਚ ਵੱਸੋ ਜਿਨ੍ਹਾਂ ’ਤੇ ਤੁਸੀਂ ਕਬਜ਼ਾ ਕਰ ਲਿਆ ਹੈ।”+
11 ਜਿਹੜੇ ਯਹੂਦੀ ਮੋਆਬ, ਅੰਮੋਨ, ਅਦੋਮ ਅਤੇ ਹੋਰ ਦੇਸ਼ਾਂ ਵਿਚ ਸਨ, ਉਨ੍ਹਾਂ ਸਾਰਿਆਂ ਨੇ ਵੀ ਸੁਣਿਆ ਕਿ ਬਾਬਲ ਦੇ ਰਾਜੇ ਨੇ ਬਾਕੀ ਬਚੇ ਲੋਕਾਂ ਨੂੰ ਯਹੂਦਾਹ ਵਿਚ ਰਹਿਣ ਦਿੱਤਾ ਸੀ ਅਤੇ ਉਸ ਨੇ ਸ਼ਾਫਾਨ ਦੇ ਪੋਤੇ, ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਉਨ੍ਹਾਂ ’ਤੇ ਅਧਿਕਾਰੀ ਨਿਯੁਕਤ ਕੀਤਾ ਸੀ।
12 ਇਸ ਲਈ ਸਾਰੇ ਯਹੂਦੀ ਉਨ੍ਹਾਂ ਸਾਰੀਆਂ ਥਾਵਾਂ ਤੋਂ ਵਾਪਸ ਆਉਣ ਲੱਗ ਪਏ ਜਿੱਥੇ ਉਹ ਖਿੰਡ ਗਏ ਸਨ। ਉਹ ਯਹੂਦਾਹ ਦੇ ਮਿਸਪਾਹ ਵਿਚ ਗਦਲਯਾਹ ਕੋਲ ਆਏ। ਉਨ੍ਹਾਂ ਨੇ ਵੱਡੀ ਤਾਦਾਦ ਵਿਚ ਦਾਖਰਸ ਅਤੇ ਗਰਮੀਆਂ ਦੇ ਫਲ ਇਕੱਠੇ ਕੀਤੇ।
13 ਕਾਰੇਆਹ ਦਾ ਪੁੱਤਰ ਯੋਹਾਨਾਨ ਅਤੇ ਫ਼ੌਜ ਦੇ ਬਾਕੀ ਸਾਰੇ ਮੁਖੀ ਜਿਹੜੇ ਬਾਹਰ ਸਨ, ਮਿਸਪਾਹ ਵਿਚ ਗਦਲਯਾਹ ਕੋਲ ਆਏ।
14 ਉਨ੍ਹਾਂ ਨੇ ਉਸ ਨੂੰ ਕਿਹਾ: “ਕੀ ਤੈਨੂੰ ਪਤਾ ਕਿ ਅੰਮੋਨੀਆਂ ਦੇ ਰਾਜੇ+ ਬਅਲੀਸ ਨੇ ਤੈਨੂੰ ਜਾਨੋਂ ਮਾਰਨ ਲਈ ਨਥਨਯਾਹ ਦੇ ਪੁੱਤਰ ਇਸਮਾਏਲ ਨੂੰ ਘੱਲਿਆ ਹੈ?”+ ਪਰ ਅਹੀਕਾਮ ਦੇ ਪੁੱਤਰ ਗਦਲਯਾਹ ਨੇ ਉਨ੍ਹਾਂ ਦੀ ਗੱਲ ਦਾ ਯਕੀਨ ਨਹੀਂ ਕੀਤਾ।
15 ਫਿਰ ਕਾਰੇਆਹ ਦੇ ਪੁੱਤਰ ਯੋਹਾਨਾਨ ਨੇ ਮਿਸਪਾਹ ਵਿਚ ਗਦਲਯਾਹ ਨਾਲ ਗੁਪਤ ਵਿਚ ਗੱਲ ਕਰਦੇ ਹੋਏ ਕਿਹਾ: “ਮੈਨੂੰ ਜਾਣ ਦੀ ਇਜਾਜ਼ਤ ਦੇ। ਮੈਂ ਨਥਨਯਾਹ ਦੇ ਪੁੱਤਰ ਇਸਮਾਏਲ ਨੂੰ ਜਾਨੋਂ ਮਾਰਨਾ ਚਾਹੁੰਦਾ ਹਾਂ ਅਤੇ ਕਿਸੇ ਨੂੰ ਇਸ ਬਾਰੇ ਪਤਾ ਵੀ ਨਹੀਂ ਲੱਗੇਗਾ। ਉਹ ਤੈਨੂੰ ਕਿਉਂ ਜਾਨੋਂ ਮਾਰੇ? ਅਤੇ ਕਿਉਂ ਯਹੂਦਾਹ ਦੇ ਸਾਰੇ ਲੋਕ ਜਿਹੜੇ ਤੇਰੇ ਕੋਲ ਇਕੱਠੇ ਹੋਏ ਹਨ, ਖਿੰਡ-ਪੁੰਡ ਜਾਣ ਅਤੇ ਯਹੂਦਾਹ ਦੇ ਬਾਕੀ ਬਚੇ ਲੋਕ ਨਾਸ਼ ਹੋ ਜਾਣ?”
16 ਪਰ ਅਹੀਕਾਮ ਦੇ ਪੁੱਤਰ ਗਦਲਯਾਹ+ ਨੇ ਕਾਰੇਆਹ ਦੇ ਪੁੱਤਰ ਯੋਹਾਨਾਨ ਨੂੰ ਕਿਹਾ: “ਇੱਦਾਂ ਨਾ ਕਰੀਂ ਕਿਉਂਕਿ ਤੂੰ ਇਸਮਾਏਲ ਬਾਰੇ ਜੋ ਵੀ ਕਹਿ ਰਿਹਾ ਹੈਂ, ਉਹ ਝੂਠ ਹੈ।”
ਫੁਟਨੋਟ
^ ਇਬ, “ਸਾਮ੍ਹਣੇ ਖੜ੍ਹਾ ਹੋਵਾਂਗਾ।”