ਲੇਵੀਆਂ 6:1-30
6 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ:
2 “ਜੇ ਕੋਈ ਆਪਣੇ ਗੁਆਂਢੀ ਨੂੰ ਧੋਖਾ ਦੇ ਕੇ ਉਸ ਦੀ ਅਮਾਨਤ ਵਜੋਂ ਜਾਂ ਗਹਿਣੇ ਰੱਖੀ ਚੀਜ਼ ਮਾਰ ਲੈਂਦਾ ਹੈ+ ਜਾਂ ਉਸ ਦੀ ਕੋਈ ਚੀਜ਼ ਚੋਰੀ ਕਰਦਾ ਹੈ ਜਾਂ ਉਸ ਨਾਲ ਠੱਗੀ ਮਾਰਦਾ ਹੈ, ਤਾਂ ਉਹ ਪਾਪ ਕਰਦਾ ਹੈ ਅਤੇ ਯਹੋਵਾਹ ਨਾਲ ਵਿਸ਼ਵਾਸਘਾਤ ਕਰਦਾ ਹੈ।+
3 ਜਾਂ ਫਿਰ ਜੇ ਉਸ ਨੂੰ ਕੋਈ ਗੁਆਚੀ ਚੀਜ਼ ਲੱਭਦੀ ਹੈ ਅਤੇ ਉਹ ਇਸ ਬਾਰੇ ਝੂਠ ਬੋਲਦਾ ਹੈ ਜਾਂ ਫਿਰ ਉਹ ਇਨ੍ਹਾਂ ਵਿੱਚੋਂ ਕੋਈ ਵੀ ਪਾਪ ਕਰ ਕੇ ਝੂਠੀ ਸਹੁੰ ਖਾਂਦਾ ਹੈ,+ ਤਾਂ ਉਹ ਪਰਮੇਸ਼ੁਰ ਨਾਲ ਵਿਸ਼ਵਾਸਘਾਤ ਕਰਦਾ ਹੈ। ਇਸ ਲਈ ਉਸ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ:
4 ਜੇ ਉਸ ਨੇ ਪਾਪ ਕੀਤਾ ਹੈ ਅਤੇ ਉਹ ਦੋਸ਼ੀ ਹੈ, ਤਾਂ ਉਹ ਚੋਰੀ ਕੀਤੀ ਚੀਜ਼ ਜਾਂ ਜ਼ਬਰਦਸਤੀ ਲਈ ਚੀਜ਼ ਜਾਂ ਠੱਗੀ ਮਾਰ ਕੇ ਲਈ ਚੀਜ਼ ਜਾਂ ਅਮਾਨਤ ਵਜੋਂ ਰੱਖੀ ਚੀਜ਼ ਜਾਂ ਲੱਭੀ ਚੀਜ਼
5 ਜਾਂ ਫਿਰ ਕੋਈ ਵੀ ਚੀਜ਼ ਮੋੜ ਦੇਵੇ ਜਿਸ ਬਾਰੇ ਉਸ ਨੇ ਝੂਠੀ ਸਹੁੰ ਖਾਧੀ ਸੀ। ਜਿਸ ਦਿਨ ਉਸ ਦਾ ਦੋਸ਼ ਸਾਬਤ ਹੁੰਦਾ ਹੈ, ਉਹ ਉਸ ਚੀਜ਼ ਦਾ ਪੂਰਾ ਹਰਜਾਨਾ ਭਰੇ+ ਅਤੇ ਉਸ ਦੀ ਕੀਮਤ ਦਾ ਪੰਜਵਾਂ ਹਿੱਸਾ ਹੋਰ ਮਿਲਾ ਕੇ ਉਸ ਦੇ ਮਾਲਕ ਨੂੰ ਦੇਵੇ।
6 ਨਾਲੇ ਉਹ ਆਪਣੇ ਇੱਜੜ ਵਿੱਚੋਂ ਬਿਨਾਂ ਨੁਕਸ ਵਾਲਾ ਇਕ ਭੇਡੂ ਯਹੋਵਾਹ ਅੱਗੇ ਦੋਸ਼-ਬਲ਼ੀ ਵਜੋਂ ਚੜ੍ਹਾਉਣ ਲਈ ਪੁਜਾਰੀ ਕੋਲ ਲਿਆਵੇ। ਭੇਡੂ ਦੀ ਕੀਮਤ ਦੋਸ਼-ਬਲ਼ੀ ਦੇ ਜਾਨਵਰ ਦੀ ਤੈਅ ਕੀਤੀ ਗਈ ਕੀਮਤ ਜਿੰਨੀ ਹੋਣੀ ਚਾਹੀਦੀ ਹੈ।+
7 ਪੁਜਾਰੀ ਯਹੋਵਾਹ ਅੱਗੇ ਉਸ ਦੇ ਪਾਪ ਨੂੰ ਮਿਟਾਉਣ ਲਈ ਬਲ਼ੀ ਚੜ੍ਹਾਵੇ ਅਤੇ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।”+
8 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ:
9 “ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਇਹ ਹੁਕਮ ਦੇ, ‘ਹੋਮ-ਬਲ਼ੀ ਦੇ ਸੰਬੰਧ ਵਿਚ ਇਹ ਨਿਯਮ ਹੈ:+ ਹੋਮ-ਬਲ਼ੀ ਸਵੇਰ ਹੋਣ ਤਕ ਪੂਰੀ ਰਾਤ ਵੇਦੀ ਉੱਤੇ ਅੱਗ ਵਿਚ ਪਈ ਰਹੇ ਅਤੇ ਵੇਦੀ ’ਤੇ ਅੱਗ ਬਲ਼ਦੀ ਰੱਖੀ ਜਾਵੇ।
10 ਪੁਜਾਰੀ ਆਪਣਾ ਮਲਮਲ ਦਾ ਲਿਬਾਸ+ ਅਤੇ ਮਲਮਲ ਦਾ ਕਛਹਿਰਾ+ ਪਾਵੇ। ਫਿਰ ਉਹ ਵੇਦੀ ਉੱਤੇ ਸੜੀ ਹੋਮ-ਬਲ਼ੀ ਦੀ ਸੁਆਹ* ਕੱਢ ਕੇ+ ਵੇਦੀ ਦੇ ਇਕ ਪਾਸੇ ਰੱਖ ਦੇਵੇ।
11 ਫਿਰ ਉਹ ਆਪਣਾ ਲਿਬਾਸ ਲਾਹ ਕੇ+ ਹੋਰ ਕੱਪੜੇ ਪਾਵੇ ਅਤੇ ਸੁਆਹ ਚੁੱਕ ਕੇ ਛਾਉਣੀ ਤੋਂ ਬਾਹਰ ਸਾਫ਼-ਸੁਥਰੀ ਥਾਂ ’ਤੇ ਸੁੱਟ ਦੇਵੇ।+
12 ਵੇਦੀ ਉੱਤੇ ਅੱਗ ਬਲ਼ਦੀ ਰੱਖੀ ਜਾਵੇ। ਇਹ ਬੁਝਣੀ ਨਹੀਂ ਚਾਹੀਦੀ। ਪੁਜਾਰੀ ਇਸ ਉੱਤੇ ਰੋਜ਼ ਸਵੇਰੇ ਲੱਕੜਾਂ ਬਾਲ਼ੇ+ ਅਤੇ ਇਸ ਉੱਤੇ ਹੋਮ-ਬਲ਼ੀ ਦੇ ਜਾਨਵਰ ਦੇ ਟੋਟੇ ਤਰਤੀਬਵਾਰ ਰੱਖੇ। ਉਹ ਇਸ ਉੱਤੇ ਸ਼ਾਂਤੀ-ਬਲ਼ੀਆਂ ਦੀ ਚਰਬੀ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ।+
13 ਵੇਦੀ ਉੱਤੇ ਹਮੇਸ਼ਾ ਅੱਗ ਬਲ਼ਦੀ ਰੱਖੀ ਜਾਵੇ। ਇਹ ਬੁਝਣੀ ਨਹੀਂ ਚਾਹੀਦੀ।
14 “‘ਅਨਾਜ ਦੇ ਚੜ੍ਹਾਵੇ ਦੇ ਸੰਬੰਧ ਵਿਚ ਇਹ ਨਿਯਮ ਹੈ:+ ਹਾਰੂਨ ਦੇ ਪੁੱਤਰ ਵੇਦੀ ਦੇ ਸਾਮ੍ਹਣੇ ਯਹੋਵਾਹ ਅੱਗੇ ਇਹ ਚੜ੍ਹਾਵਾ ਪੇਸ਼ ਕਰਨ।
15 ਉਨ੍ਹਾਂ ਵਿੱਚੋਂ ਇਕ ਜਣਾ ਅਨਾਜ ਦੇ ਚੜ੍ਹਾਵੇ ਵਿੱਚੋਂ ਮੁੱਠੀ ਭਰ ਤੇਲ ਵਾਲਾ ਮੈਦਾ ਅਤੇ ਅਨਾਜ ਦੇ ਚੜ੍ਹਾਵੇ ਉੱਤੇ ਰੱਖਿਆ ਸਾਰਾ ਲੋਬਾਨ ਲੈ ਕੇ ਨਿਸ਼ਾਨੀ* ਦੇ ਤੌਰ ਤੇ ਵੇਦੀ ’ਤੇ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ। ਇਹ ਭੇਟ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈ ਜਾਵੇ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ।+
16 ਅਨਾਜ ਦੇ ਚੜ੍ਹਾਵੇ ਵਿੱਚੋਂ ਜੋ ਕੁਝ ਬਚ ਜਾਵੇ, ਉਹ ਹਾਰੂਨ ਅਤੇ ਉਸ ਦੇ ਪੁੱਤਰ ਪਵਿੱਤਰ ਜਗ੍ਹਾ ’ਤੇ ਖਾਣ।+ ਉਹ ਇਸ ਦੀਆਂ ਬੇਖਮੀਰੀਆਂ ਰੋਟੀਆਂ ਬਣਾ ਕੇ ਮੰਡਲੀ ਦੇ ਤੰਬੂ ਦੇ ਵਿਹੜੇ ਵਿਚ ਖਾਣ।+
17 ਰੋਟੀਆਂ ਬਣਾਉਣ ਲਈ ਇਸ ਵਿਚ ਖਮੀਰ ਨਾ ਰਲ਼ਾਇਆ ਜਾਵੇ।+ ਮੈਂ ਇਹ ਬਚਿਆ ਚੜ੍ਹਾਵਾ ਉਨ੍ਹਾਂ ਨੂੰ ਆਪਣੇ ਚੜ੍ਹਾਵਿਆਂ ਵਿੱਚੋਂ ਹਿੱਸੇ ਦੇ ਤੌਰ ਤੇ ਦਿੱਤਾ ਹੈ ਜੋ ਅੱਗ ਵਿਚ ਸਾੜ ਕੇ ਚੜ੍ਹਾਏ ਜਾਂਦੇ ਹਨ।+ ਪਾਪ-ਬਲ਼ੀ ਅਤੇ ਦੋਸ਼-ਬਲ਼ੀ ਵਾਂਗ ਇਹ ਵੀ ਅੱਤ ਪਵਿੱਤਰ+ ਹੈ।
18 ਹਾਰੂਨ ਦੀ ਪੀੜ੍ਹੀ ਦੇ ਸਾਰੇ ਆਦਮੀ ਇਹ ਰੋਟੀਆਂ ਖਾਣਗੇ।+ ਅੱਗ ਵਿਚ ਸਾੜ ਕੇ ਚੜ੍ਹਾਏ ਜਾਂਦੇ ਯਹੋਵਾਹ ਦੇ ਚੜ੍ਹਾਵਿਆਂ ਵਿੱਚੋਂ ਇਹ ਹਿੱਸਾ ਉਨ੍ਹਾਂ ਨੂੰ ਪੀੜ੍ਹੀਓ-ਪੀੜ੍ਹੀ ਦਿੱਤਾ ਜਾਵੇਗਾ।+ ਉਨ੍ਹਾਂ* ਨੂੰ ਛੂਹਣ ਵਾਲੀ ਹਰ ਚੀਜ਼ ਪਵਿੱਤਰ ਹੋਵੇਗੀ।’”
19 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ:
20 “ਹਾਰੂਨ ਦੀ ਨਿਯੁਕਤੀ ਦੇ ਦਿਨ+ ਉਹ ਅਤੇ ਉਸ ਦੇ ਪੁੱਤਰ ਯਹੋਵਾਹ ਅੱਗੇ ਅਨਾਜ ਦੇ ਚੜ੍ਹਾਵੇ+ ਵਜੋਂ ਇਕ ਏਫਾ ਮੈਦੇ ਦਾ ਦਸਵਾਂ ਹਿੱਸਾ*+ ਚੜ੍ਹਾਉਣ, ਅੱਧਾ ਸਵੇਰੇ ਅਤੇ ਅੱਧਾ ਸ਼ਾਮ ਨੂੰ।
21 ਇਸ ਨੂੰ ਤੇਲ ਵਿਚ ਗੁੰਨ੍ਹ ਕੇ ਤਵੇ ਉੱਤੇ ਪਕਾਇਆ ਜਾਵੇ।+ ਇਸ ਦੀਆਂ ਰੋਟੀਆਂ ਤੇਲ ਨਾਲ ਤਰ ਕੀਤੀਆਂ ਜਾਣ ਅਤੇ ਇਨ੍ਹਾਂ ਦੇ ਟੁਕੜੇ ਕਰ ਕੇ ਅਨਾਜ ਦੇ ਚੜ੍ਹਾਵੇ ਵਜੋਂ ਯਹੋਵਾਹ ਨੂੰ ਚੜ੍ਹਾਏ ਜਾਣ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ।
22 ਉਸ ਦੇ ਪੁੱਤਰਾਂ ਵਿੱਚੋਂ ਜਿਹੜਾ ਵੀ ਉਸ ਦੀ ਜਗ੍ਹਾ ਪੁਜਾਰੀ ਨਿਯੁਕਤ ਹੋਵੇਗਾ,+ ਉਹ ਇਹ ਚੜ੍ਹਾਵਾ ਚੜ੍ਹਾਵੇਗਾ। ਇਸ ਨਿਯਮ ਦੀ ਹਮੇਸ਼ਾ ਪਾਲਣਾ ਕੀਤੀ ਜਾਵੇ: ਇਸ ਨੂੰ ਯਹੋਵਾਹ ਅੱਗੇ ਪੂਰੇ ਦਾ ਪੂਰਾ ਸਾੜਿਆ ਜਾਵੇ ਤਾਂਕਿ ਇਸ ਦਾ ਧੂੰਆਂ ਉੱਠੇ।
23 ਪੁਜਾਰੀ ਜੋ ਵੀ ਅਨਾਜ ਦਾ ਚੜ੍ਹਾਵਾ ਚੜ੍ਹਾਉਂਦਾ ਹੈ, ਉਹ ਪੂਰੇ ਦਾ ਪੂਰਾ ਅੱਗ ਵਿਚ ਸਾੜਿਆ ਜਾਵੇ। ਇਸ ਨੂੰ ਖਾਧਾ ਨਾ ਜਾਵੇ।”
24 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ:
25 “ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਕਹਿ, ‘ਪਾਪ-ਬਲ਼ੀ ਦੇ ਸੰਬੰਧ ਵਿਚ ਇਹ ਨਿਯਮ ਹੈ:+ ਜਿੱਥੇ ਹੋਮ-ਬਲ਼ੀ ਦਾ ਜਾਨਵਰ ਵੱਢਿਆ ਜਾਂਦਾ ਹੈ,+ ਉੱਥੇ ਹੀ ਯਹੋਵਾਹ ਅੱਗੇ ਪਾਪ-ਬਲ਼ੀ ਦਾ ਜਾਨਵਰ ਵੱਢਿਆ ਜਾਵੇ। ਇਹ ਭੇਟ ਅੱਤ ਪਵਿੱਤਰ ਹੈ।
26 ਜਿਹੜਾ ਪੁਜਾਰੀ ਇਹ ਪਾਪ-ਬਲ਼ੀ ਚੜ੍ਹਾਉਂਦਾ ਹੈ, ਉਹ ਇਸ ਨੂੰ ਖਾਵੇਗਾ।+ ਉਹ ਪਵਿੱਤਰ ਜਗ੍ਹਾ ਯਾਨੀ ਮੰਡਲੀ ਦੇ ਤੰਬੂ ਦੇ ਵਿਹੜੇ ਵਿਚ ਇਸ ਨੂੰ ਖਾਵੇ।+
27 “‘ਇਸ ਬਲ਼ੀ ਦੇ ਜਾਨਵਰ ਦੇ ਮਾਸ ਨੂੰ ਜੋ ਵੀ ਚੀਜ਼ ਛੂਹੇਗੀ, ਉਹ ਪਵਿੱਤਰ ਹੋ ਜਾਵੇਗੀ। ਜਦੋਂ ਕਿਸੇ ਦੇ ਕੱਪੜਿਆਂ ’ਤੇ ਇਸ ਦੇ ਖ਼ੂਨ ਦੇ ਛਿੱਟੇ ਪੈ ਜਾਣ, ਤਾਂ ਉਹ ਉਨ੍ਹਾਂ ਕੱਪੜਿਆਂ ਨੂੰ ਪਵਿੱਤਰ ਜਗ੍ਹਾ ’ਤੇ ਧੋਵੇ।
28 ਜੇ ਮਿੱਟੀ ਦੇ ਭਾਂਡੇ ਵਿਚ ਮਾਸ ਉਬਾਲਿਆ ਜਾਂਦਾ ਹੈ, ਤਾਂ ਉਸ ਨੂੰ ਤੋੜ ਦਿੱਤਾ ਜਾਵੇ। ਪਰ ਜੇ ਇਸ ਨੂੰ ਤਾਂਬੇ ਦੇ ਭਾਂਡੇ ਵਿਚ ਉਬਾਲਿਆ ਜਾਂਦਾ ਹੈ, ਤਾਂ ਉਸ ਭਾਂਡੇ ਨੂੰ ਚੰਗੀ ਤਰ੍ਹਾਂ ਮਾਂਜਿਆ ਜਾਵੇ ਅਤੇ ਪਾਣੀ ਨਾਲ ਧੋਤਾ ਜਾਵੇ।
29 “‘ਹਰ ਆਦਮੀ ਜੋ ਪੁਜਾਰੀ ਹੈ, ਇਸ ਨੂੰ ਖਾਵੇ।+ ਇਹ ਅੱਤ ਪਵਿੱਤਰ ਹੈ।+
30 ਪਰ ਜੇ ਪਾਪ-ਬਲ਼ੀ ਦਾ ਥੋੜ੍ਹਾ ਜਿਹਾ ਖ਼ੂਨ ਪਾਪਾਂ ਦੀ ਮਾਫ਼ੀ ਲਈ ਮੰਡਲੀ ਦੇ ਤੰਬੂ ਅੰਦਰ ਪਵਿੱਤਰ ਜਗ੍ਹਾ ਵਿਚ ਲਿਆਂਦਾ ਜਾਂਦਾ ਹੈ, ਤਾਂ ਇਸ ਦਾ ਮਾਸ ਹਰਗਿਜ਼ ਨਾ ਖਾਧਾ ਜਾਵੇ।+ ਇਸ ਨੂੰ ਅੱਗ ਵਿਚ ਸਾੜ ਦਿੱਤਾ ਜਾਵੇ।
ਫੁਟਨੋਟ
^ ਜਾਂ, “ਚਰਬੀ ਵਾਲੀ ਸੁਆਹ,” ਯਾਨੀ ਚੜ੍ਹਾਏ ਗਏ ਜਾਨਵਰਾਂ ਦੀ ਚਰਬੀ ਨਾਲ ਗਿੱਲੀ ਹੋਈ ਸੁਆਹ।
^ ਜਾਂ, “ਯਾਦਗਾਰੀ ਹਿੱਸੇ।”
^ ਜਾਂ, “ਚੜ੍ਹਾਵਿਆਂ।”
^ ਇਕ ਏਫਾ ਦਾ ਦਸਵਾਂ ਹਿੱਸਾ 2.2 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।