ਯੂਹੰਨਾ ਦੀ ਪਹਿਲੀ ਚਿੱਠੀ 2:1-29
2 ਮੇਰੇ ਪਿਆਰੇ ਬੱਚਿਓ, ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਲਿਖ ਰਿਹਾ ਹਾਂ ਤਾਂਕਿ ਤੁਸੀਂ ਕੋਈ ਪਾਪ ਨਾ ਕਰੋ। ਪਰ ਜੇ ਕੋਈ ਪਾਪ ਕਰਦਾ ਹੈ, ਤਾਂ ਪਿਤਾ ਕੋਲ ਸਾਡਾ ਇਕ ਮਦਦਗਾਰ* ਹੈ ਯਾਨੀ ਯਿਸੂ ਮਸੀਹ+ ਜਿਹੜਾ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਕੰਮ ਕਰਦਾ ਹੈ।+
2 ਉਸ ਨੇ ਪਰਮੇਸ਼ੁਰ ਨਾਲ ਸਾਡੀ ਸੁਲ੍ਹਾ ਕਰਾਉਣ ਲਈ*+ ਸਾਡੇ ਪਾਪਾਂ ਦੀ ਖ਼ਾਤਰ+ ਆਪਣੀ ਕੁਰਬਾਨੀ ਦਿੱਤੀ। ਪਰ ਉਸ ਨੇ ਸਿਰਫ਼ ਸਾਡੇ ਪਾਪਾਂ ਲਈ ਹੀ ਨਹੀਂ, ਸਗੋਂ ਪੂਰੀ ਦੁਨੀਆਂ ਦੇ ਪਾਪਾਂ ਲਈ ਆਪਣੀ ਜਾਨ ਕੁਰਬਾਨ ਕੀਤੀ।+
3 ਜੇ ਅਸੀਂ ਉਸ ਦੇ ਹੁਕਮਾਂ ਨੂੰ ਮੰਨਦੇ ਰਹੀਏ, ਤਾਂ ਸਾਨੂੰ ਇਸ ਤੋਂ ਅਹਿਸਾਸ ਹੁੰਦਾ ਹੈ ਕਿ ਅਸੀਂ ਉਸ ਨੂੰ ਜਾਣਦੇ ਹਾਂ।
4 ਜਿਹੜਾ ਕਹਿੰਦਾ ਹੈ, “ਮੈਂ ਉਸ ਨੂੰ ਜਾਣਦਾ ਹਾਂ,” ਪਰ ਉਸ ਦੇ ਹੁਕਮ ਨਹੀਂ ਮੰਨਦਾ, ਤਾਂ ਉਹ ਝੂਠਾ ਹੈ ਅਤੇ ਉਸ ਵਿਚ ਸੱਚਾਈ ਨਹੀਂ ਹੈ।
5 ਪਰ ਜਿਹੜਾ ਇਨਸਾਨ ਉਸ ਦੇ ਬਚਨ ਨੂੰ ਮੰਨਦਾ ਹੈ, ਉਸ ਵਿਚ ਪਰਮੇਸ਼ੁਰ ਲਈ ਪਿਆਰ ਸੱਚ-ਮੁੱਚ ਮੁਕੰਮਲ ਹੋ ਗਿਆ ਹੈ।+ ਇਸ ਤੋਂ ਅਸੀਂ ਜਾਣਦੇ ਹਾਂ ਕਿ ਅਸੀਂ ਉਸ ਨਾਲ ਏਕਤਾ ਵਿਚ ਬੱਝੇ ਹੋਏ ਹਾਂ।+
6 ਜਿਹੜਾ ਕਹਿੰਦਾ ਹੈ ਕਿ ਉਹ ਉਸ ਨਾਲ ਏਕਤਾ ਵਿਚ ਬੱਝਾ ਹੋਇਆ ਹੈ, ਤਾਂ ਉਸ ਲਈ ਜ਼ਰੂਰੀ ਹੈ ਕਿ ਉਹ ਵੀ ਯਿਸੂ ਵਾਂਗ ਜ਼ਿੰਦਗੀ ਬਤੀਤ ਕਰੇ।*+
7 ਪਿਆਰਿਓ, ਮੈਂ ਤੁਹਾਨੂੰ ਆਪਣੀ ਚਿੱਠੀ ਵਿਚ ਕੋਈ ਨਵਾਂ ਹੁਕਮ ਨਹੀਂ, ਸਗੋਂ ਪੁਰਾਣਾ ਹੁਕਮ ਹੀ ਦੇ ਰਿਹਾ ਹਾਂ ਜਿਹੜਾ ਤੁਹਾਨੂੰ ਸ਼ੁਰੂ ਵਿਚ ਮਿਲਿਆ ਸੀ।+ ਇਹ ਪੁਰਾਣਾ ਹੁਕਮ ਉਹੀ ਬਚਨ ਹੈ ਜਿਸ ਨੂੰ ਤੁਸੀਂ ਸੁਣਿਆ ਸੀ।
8 ਮੈਂ ਤੁਹਾਨੂੰ ਇਹੀ ਹੁਕਮ ਨਵੇਂ ਹੁਕਮ ਦੇ ਤੌਰ ਤੇ ਦੁਬਾਰਾ ਦੇ ਰਿਹਾ ਹਾਂ ਜਿਸ ਉੱਤੇ ਯਿਸੂ ਚੱਲਿਆ ਸੀ ਅਤੇ ਤੁਸੀਂ ਵੀ ਚੱਲਦੇ ਹੋ ਕਿਉਂਕਿ ਹਨੇਰਾ ਦੂਰ ਹੋ ਰਿਹਾ ਹੈ ਅਤੇ ਸੱਚਾ ਚਾਨਣ ਚਮਕਣ ਲੱਗ ਪਿਆ ਹੈ।+
9 ਜਿਹੜਾ ਕਹਿੰਦਾ ਹੈ ਕਿ ਮੈਂ ਚਾਨਣ ਵਿਚ ਹਾਂ, ਪਰ ਆਪਣੇ ਭਰਾ ਨਾਲ ਨਫ਼ਰਤ ਕਰਦਾ ਹੈ,+ ਤਾਂ ਉਹ ਹਾਲੇ ਵੀ ਹਨੇਰੇ ਵਿਚ ਹੈ।+
10 ਜਿਹੜਾ ਆਪਣੇ ਭਰਾ ਨੂੰ ਪਿਆਰ ਕਰਦਾ ਹੈ, ਉਹ ਚਾਨਣ ਵਿਚ ਰਹਿੰਦਾ ਹੈ+ ਅਤੇ ਉਸ ਕੋਲ ਠੋਕਰ ਖਾਣ ਦਾ ਕੋਈ ਕਾਰਨ ਨਹੀਂ ਹੈ।
11 ਪਰ ਜਿਹੜਾ ਆਪਣੇ ਭਰਾ ਨਾਲ ਨਫ਼ਰਤ ਕਰਦਾ ਹੈ, ਉਹ ਹਨੇਰੇ ਵਿਚ ਹੈ ਅਤੇ ਹਨੇਰੇ ਵਿਚ ਚੱਲਦਾ ਹੈ।+ ਉਹ ਨਹੀਂ ਜਾਣਦਾ ਕਿ ਉਹ ਕਿੱਥੇ ਜਾ ਰਿਹਾ ਹੈ+ ਕਿਉਂਕਿ ਹਨੇਰੇ ਨੇ ਉਸ ਨੂੰ ਅੰਨ੍ਹਾ ਕੀਤਾ ਹੋਇਆ ਹੈ।
12 ਪਿਆਰੇ ਬੱਚਿਓ, ਮੈਂ ਤੁਹਾਨੂੰ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਯਿਸੂ ਦੇ ਨਾਂ ਦੀ ਖ਼ਾਤਰ ਤੁਹਾਡੇ ਪਾਪ ਮਾਫ਼ ਕਰ ਦਿੱਤੇ ਗਏ ਹਨ।+
13 ਪਿਤਾਓ, ਮੈਂ ਤੁਹਾਨੂੰ ਲਿਖ ਰਿਹਾ ਹਾਂ ਕਿਉਂਕਿ ਤੁਸੀਂ ਯਿਸੂ ਨੂੰ ਜਾਣ ਗਏ ਹੋ ਜਿਹੜਾ ਸ਼ੁਰੂ ਤੋਂ ਹੈ। ਨੌਜਵਾਨੋ, ਮੈਂ ਤੁਹਾਨੂੰ ਲਿਖ ਰਿਹਾ ਹਾਂ ਕਿਉਂਕਿ ਤੁਸੀਂ ਉਸ ਦੁਸ਼ਟ* ਨੂੰ ਜਿੱਤ ਲਿਆ ਹੈ।+ ਬੱਚਿਓ, ਮੈਂ ਤੁਹਾਨੂੰ ਲਿਖ ਰਿਹਾ ਹਾਂ ਕਿਉਂਕਿ ਤੁਸੀਂ ਆਪਣੇ ਪਿਤਾ ਪਰਮੇਸ਼ੁਰ ਨੂੰ ਜਾਣ ਗਏ ਹੋ।+
14 ਪਿਤਾਓ, ਮੈਂ ਤੁਹਾਨੂੰ ਲਿਖ ਰਿਹਾ ਹਾਂ ਕਿਉਂਕਿ ਤੁਸੀਂ ਯਿਸੂ ਨੂੰ ਜਾਣ ਗਏ ਹੋ ਜਿਹੜਾ ਸ਼ੁਰੂ ਤੋਂ ਹੈ। ਨੌਜਵਾਨੋ, ਮੈਂ ਤੁਹਾਨੂੰ ਲਿਖ ਰਿਹਾ ਹਾਂ ਕਿਉਂਕਿ ਤੁਸੀਂ ਮਜ਼ਬੂਤ ਹੋ+ ਅਤੇ ਪਰਮੇਸ਼ੁਰ ਦਾ ਬਚਨ ਤੁਹਾਡੇ ਦਿਲਾਂ ਵਿਚ ਰਹਿੰਦਾ ਹੈ+ ਅਤੇ ਤੁਸੀਂ ਉਸ ਦੁਸ਼ਟ ਨੂੰ ਜਿੱਤ ਲਿਆ ਹੈ।+
15 ਤੁਸੀਂ ਦੁਨੀਆਂ ਅਤੇ ਦੁਨੀਆਂ ਦੀਆਂ ਚੀਜ਼ਾਂ ਨੂੰ ਪਿਆਰ ਨਾ ਕਰੋ।+ ਜਿਹੜਾ ਦੁਨੀਆਂ ਨੂੰ ਪਿਆਰ ਕਰਦਾ ਹੈ, ਉਸ ਦੇ ਦਿਲ ਵਿਚ ਪਿਤਾ ਲਈ ਪਿਆਰ ਨਹੀਂ ਹੈ+
16 ਕਿਉਂਕਿ ਦੁਨੀਆਂ ਵਿਚ ਜੋ ਕੁਝ ਵੀ ਹੈ ਯਾਨੀ ਸਰੀਰ ਦੀ ਲਾਲਸਾ+ ਅਤੇ ਅੱਖਾਂ ਦੀ ਲਾਲਸਾ+ ਅਤੇ ਆਪਣੀ ਧਨ-ਦੌਲਤ ਅਤੇ ਹੈਸੀਅਤ ਦਾ ਦਿਖਾਵਾ,* ਇਹ ਸਭ ਕੁਝ ਪਿਤਾ ਤੋਂ ਨਹੀਂ, ਸਗੋਂ ਦੁਨੀਆਂ ਤੋਂ ਹੈ।
17 ਇਸ ਤੋਂ ਇਲਾਵਾ, ਇਹ ਦੁਨੀਆਂ ਅਤੇ ਇਸ ਦੀ ਹਰ ਚੀਜ਼ ਖ਼ਤਮ ਹੋ ਜਾਵੇਗੀ ਜਿਸ ਦੀ ਲਾਲਸਾ ਲੋਕ ਕਰਦੇ ਹਨ,+ ਪਰ ਜਿਹੜਾ ਪਰਮੇਸ਼ੁਰ ਦੀ ਇੱਛਾ ਪੂਰੀ ਕਰਦਾ ਹੈ, ਉਹੀ ਹਮੇਸ਼ਾ ਰਹੇਗਾ।+
18 ਪਿਆਰੇ ਬੱਚਿਓ, ਇਹ ਆਖ਼ਰੀ ਸਮਾਂ ਹੈ। ਜਿਵੇਂ ਤੁਸੀਂ ਮਸੀਹ ਦੇ ਵਿਰੋਧੀ ਦੇ ਆਉਣ ਬਾਰੇ ਸੁਣਿਆ ਸੀ,+ ਹੁਣ ਕਈ ਮਸੀਹ ਦੇ ਵਿਰੋਧੀ ਆ ਚੁੱਕੇ ਹਨ।+ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਆਖ਼ਰੀ ਸਮਾਂ ਹੈ।
19 ਉਹ ਸਾਡੇ ਵਿਚ ਸਨ, ਪਰ ਸਾਨੂੰ ਛੱਡ ਗਏ+ ਕਿਉਂਕਿ ਉਹ ਸਾਡੇ ਵਰਗੇ ਨਹੀਂ ਸਨ; ਜੇ ਉਹ ਸਾਡੇ ਵਰਗੇ ਹੁੰਦੇ, ਤਾਂ ਉਹ ਸਾਡੇ ਨਾਲ ਰਹਿੰਦੇ। ਪਰ ਉਨ੍ਹਾਂ ਦੇ ਚਲੇ ਜਾਣ ਤੋਂ ਇਹ ਜ਼ਾਹਰ ਹੋ ਗਿਆ ਹੈ ਕਿ ਸਾਰੇ ਸਾਡੇ ਵਰਗੇ ਨਹੀਂ ਹਨ।+
20 ਤੁਹਾਨੂੰ ਪਵਿੱਤਰ ਪਰਮੇਸ਼ੁਰ ਨੇ ਚੁਣਿਆ ਹੈ+ ਅਤੇ ਤੁਹਾਨੂੰ ਸਾਰਿਆਂ ਨੂੰ ਸੱਚਾਈ ਦਾ ਗਿਆਨ ਹੈ।
21 ਮੈਂ ਤੁਹਾਨੂੰ ਇਸ ਕਰਕੇ ਨਹੀਂ ਲਿਖ ਰਿਹਾ ਕਿ ਤੁਸੀਂ ਸੱਚਾਈ ਨਹੀਂ ਜਾਣਦੇ,+ ਸਗੋਂ ਇਸ ਕਰਕੇ ਲਿਖ ਰਿਹਾ ਹਾਂ ਕਿ ਤੁਸੀਂ ਸੱਚਾਈ ਜਾਣਦੇ ਹੋ ਅਤੇ ਇਸ ਕਰਕੇ ਵੀ ਕਿ ਸੱਚਾਈ ਤੋਂ ਕਿਸੇ ਝੂਠ ਦੀ ਸ਼ੁਰੂਆਤ ਨਹੀਂ ਹੁੰਦੀ।+
22 ਝੂਠਾ ਕੌਣ ਹੈ? ਕੀ ਉਹ ਨਹੀਂ ਜਿਹੜਾ ਯਿਸੂ ਨੂੰ ਮਸੀਹ ਮੰਨਣ ਤੋਂ ਇਨਕਾਰ ਕਰਦਾ ਹੈ?+ ਉਹੀ ਮਸੀਹ ਦਾ ਵਿਰੋਧੀ ਹੈ+ ਜਿਹੜਾ ਪਿਤਾ ਅਤੇ ਪੁੱਤਰ ਨੂੰ ਠੁਕਰਾਉਂਦਾ ਹੈ।
23 ਜਿਹੜਾ ਪੁੱਤਰ ਨੂੰ ਠੁਕਰਾਉਂਦਾ ਹੈ, ਉਸ ਦਾ ਪਿਤਾ ਨਾਲ ਵੀ ਕੋਈ ਰਿਸ਼ਤਾ ਨਹੀਂ ਹੈ।+ ਪਰ ਜਿਹੜਾ ਪੁੱਤਰ ਨੂੰ ਕਬੂਲ ਕਰਦਾ ਹੈ,+ ਉਸ ਦਾ ਪਿਤਾ ਨਾਲ ਵੀ ਰਿਸ਼ਤਾ ਹੈ।+
24 ਪਰ ਤੁਸੀਂ ਸ਼ੁਰੂ ਤੋਂ ਜੋ ਕੁਝ ਸੁਣਿਆ ਹੈ, ਉਹ ਤੁਹਾਡੇ ਦਿਲਾਂ ਵਿਚ ਰਹੇ।+ ਜੇ ਉਹ ਸਭ ਕੁਝ ਤੁਹਾਡੇ ਦਿਲਾਂ ਵਿਚ ਰਹੇਗਾ ਜੋ ਤੁਸੀਂ ਸ਼ੁਰੂ ਤੋਂ ਸੁਣਿਆ ਹੈ, ਤਾਂ ਤੁਸੀਂ ਪੁੱਤਰ ਅਤੇ ਪਿਤਾ ਨਾਲ ਏਕਤਾ ਵਿਚ ਵੀ ਬੱਝੇ ਰਹੋਗੇ।
25 ਇਸ ਤੋਂ ਇਲਾਵਾ, ਉਸ ਨੇ ਆਪ ਸਾਡੇ ਨਾਲ ਹਮੇਸ਼ਾ ਦੀ ਜ਼ਿੰਦਗੀ ਦਾ ਵਾਅਦਾ ਕੀਤਾ ਹੈ।+
26 ਮੈਂ ਉਨ੍ਹਾਂ ਲੋਕਾਂ ਬਾਰੇ ਤੁਹਾਨੂੰ ਇਹ ਗੱਲਾਂ ਲਿਖ ਰਿਹਾ ਹਾਂ ਜਿਹੜੇ ਤੁਹਾਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
27 ਜਿੱਥੋਂ ਤਕ ਤੁਹਾਡੀ ਗੱਲ ਹੈ, ਪਰਮੇਸ਼ੁਰ ਨੇ ਤੁਹਾਨੂੰ ਆਪਣੀ ਪਵਿੱਤਰ ਸ਼ਕਤੀ ਨਾਲ ਚੁਣਿਆ ਹੈ+ ਅਤੇ ਇਹ ਸ਼ਕਤੀ ਤੁਹਾਡੇ ਵਿਚ ਰਹਿੰਦੀ ਹੈ। ਇਹ ਲੋੜ ਨਹੀਂ ਕਿ ਕੋਈ ਤੁਹਾਨੂੰ ਸਿਖਾਵੇ ਕਿਉਂਕਿ ਇਹ ਸ਼ਕਤੀ ਤੁਹਾਨੂੰ ਸਾਰੀਆਂ ਗੱਲਾਂ ਸਿਖਾਉਂਦੀ ਹੈ।+ ਉਸ ਦੀ ਸ਼ਕਤੀ ਸੱਚੀ ਹੈ, ਝੂਠੀ ਨਹੀਂ। ਜਿਵੇਂ ਇਸ ਸ਼ਕਤੀ ਨੇ ਤੁਹਾਨੂੰ ਸਿਖਾਇਆ ਹੈ, ਉਸ ਨਾਲ ਏਕਤਾ ਵਿਚ ਬੱਝੇ ਰਹੋ।+
28 ਇਸ ਲਈ ਪਿਆਰੇ ਬੱਚਿਓ, ਹੁਣ ਉਸ ਨਾਲ ਏਕਤਾ ਵਿਚ ਬੱਝੇ ਰਹੋ ਤਾਂਕਿ ਜਦੋਂ ਉਹ ਪ੍ਰਗਟ ਹੋਵੇ, ਤਾਂ ਉਸ ਦੀ ਮੌਜੂਦਗੀ ਦੌਰਾਨ ਅਸੀਂ ਉਸ ਦੇ ਸਾਮ੍ਹਣੇ ਬੇਝਿਜਕ ਗੱਲ ਕਰ ਸਕੀਏ+ ਅਤੇ ਸਾਨੂੰ ਸ਼ਰਮਿੰਦਾ ਹੋ ਕੇ ਉਸ ਦੀਆਂ ਨਜ਼ਰਾਂ ਤੋਂ ਦੂਰ ਨਾ ਜਾਣਾ ਪਵੇ।
29 ਜੇ ਤੁਸੀਂ ਜਾਣਦੇ ਹੋ ਕਿ ਉਹ ਸਹੀ ਕੰਮ ਕਰਦਾ ਹੈ, ਤਾਂ ਤੁਸੀਂ ਇਹ ਵੀ ਜਾਣਦੇ ਹੋ ਕਿ ਜਿਹੜੇ ਇਨਸਾਨ ਸਹੀ ਕੰਮ ਕਰਦੇ ਹਨ, ਉਹ ਪਰਮੇਸ਼ੁਰ ਦੇ ਬੱਚੇ ਹਨ।+
ਫੁਟਨੋਟ
^ ਜਾਂ, “ਵਕੀਲ।”
^ ਜਾਂ, “ਨੂੰ ਖ਼ੁਸ਼ ਕਰਨ ਲਈ।”
^ ਯੂਨਾ, “ਉਸੇ ਤਰ੍ਹਾਂ ਚੱਲੇ ਜਿਵੇਂ ਉਹ ਚੱਲਿਆ ਸੀ।”
^ ਯਾਨੀ, ਸ਼ੈਤਾਨ।
^ ਜਾਂ, “ਆਪਣੀਆਂ ਚੀਜ਼ਾਂ ਬਾਰੇ ਸ਼ੇਖ਼ੀਆਂ ਮਾਰਨੀਆਂ।”