ਯੂਹੰਨਾ ਦੀ ਪਹਿਲੀ ਚਿੱਠੀ 4:1-21
4 ਪਿਆਰਿਓ, ਤੁਸੀਂ ਸਾਰੇ ਸੰਦੇਸ਼ਾਂ ਉੱਤੇ ਵਿਸ਼ਵਾਸ ਨਾ ਕਰੋ+ ਜਿਨ੍ਹਾਂ ਬਾਰੇ ਲੱਗਦਾ ਹੈ ਕਿ ਉਹ ਪਰਮੇਸ਼ੁਰ ਤੋਂ ਆਏ ਹਨ।* ਇਸ ਦੀ ਬਜਾਇ, ਉਨ੍ਹਾਂ ਨੂੰ ਪਰਖ ਕੇ ਦੇਖੋ ਕਿ ਉਹ ਸੱਚੀਂ ਪਰਮੇਸ਼ੁਰ ਤੋਂ ਹਨ ਜਾਂ ਨਹੀਂ+ ਕਿਉਂਕਿ ਬਹੁਤ ਸਾਰੇ ਝੂਠੇ ਨਬੀ ਦੁਨੀਆਂ ਵਿਚ ਆ ਚੁੱਕੇ ਹਨ।+
2 ਤੁਸੀਂ ਇਸ ਤੋਂ ਜਾਣ ਸਕਦੇ ਹੋ ਕਿ ਕਿਹੜਾ ਸੰਦੇਸ਼ ਪਰਮੇਸ਼ੁਰ ਤੋਂ ਹੈ: ਜਿਸ ਸੰਦੇਸ਼ ਵਿਚ ਇਹ ਕਬੂਲ ਕੀਤਾ ਜਾਂਦਾ ਹੈ ਕਿ ਯਿਸੂ ਮਸੀਹ ਇਨਸਾਨ ਦੇ ਰੂਪ ਵਿਚ ਆਇਆ ਸੀ, ਉਹ ਸੰਦੇਸ਼ ਪਰਮੇਸ਼ੁਰ ਤੋਂ ਹੈ।+
3 ਪਰ ਜਿਸ ਸੰਦੇਸ਼ ਵਿਚ ਯਿਸੂ ਨੂੰ ਕਬੂਲ ਨਹੀਂ ਕੀਤਾ ਜਾਂਦਾ, ਉਹ ਪਰਮੇਸ਼ੁਰ ਤੋਂ ਨਹੀਂ ਹੈ।+ ਇਸ ਦੀ ਬਜਾਇ, ਉਹ ਸੰਦੇਸ਼ ਮਸੀਹ ਦੇ ਵਿਰੋਧੀ ਤੋਂ ਹੈ। ਤੁਸੀਂ ਸੁਣਿਆ ਸੀ ਕਿ ਮਸੀਹ ਦਾ ਵਿਰੋਧੀ ਇਹ ਸੰਦੇਸ਼ ਸੁਣਾਵੇਗਾ।+ ਵਾਕਈ ਇਹ ਸੰਦੇਸ਼ ਹੁਣ ਦੁਨੀਆਂ ਵਿਚ ਸੁਣਾਇਆ ਜਾ ਰਿਹਾ ਹੈ।+
4 ਪਿਆਰੇ ਬੱਚਿਓ, ਤੁਸੀਂ ਪਰਮੇਸ਼ੁਰ ਵੱਲੋਂ ਹੋ ਅਤੇ ਤੁਸੀਂ ਝੂਠੇ ਨਬੀਆਂ ਨੂੰ ਜਿੱਤ ਲਿਆ ਹੈ+ ਕਿਉਂਕਿ ਪਰਮੇਸ਼ੁਰ ਜਿਹੜਾ ਤੁਹਾਡੇ ਨਾਲ ਹੈ,+ ਸ਼ੈਤਾਨ ਨਾਲੋਂ ਤਾਕਤਵਰ ਹੈ ਜਿਹੜਾ ਦੁਨੀਆਂ ਨਾਲ ਹੈ।+
5 ਝੂਠੇ ਨਬੀ ਦੁਨੀਆਂ ਵੱਲੋਂ ਹਨ;+ ਇਸ ਕਰਕੇ ਉਹ ਦੁਨਿਆਵੀ ਗੱਲਾਂ ਹੀ ਕਰਦੇ ਹਨ ਅਤੇ ਦੁਨੀਆਂ ਉਨ੍ਹਾਂ ਦੀਆਂ ਗੱਲਾਂ ਸੁਣਦੀ ਹੈ।+
6 ਅਸੀਂ ਪਰਮੇਸ਼ੁਰ ਵੱਲੋਂ ਹਾਂ। ਜਿਹੜਾ ਇਨਸਾਨ ਪਰਮੇਸ਼ੁਰ ਨੂੰ ਜਾਣ ਲੈਂਦਾ ਹੈ, ਉਹ ਸਾਡੀ ਗੱਲ ਸੁਣਦਾ ਹੈ।+ ਪਰ ਜਿਹੜਾ ਪਰਮੇਸ਼ੁਰ ਵੱਲੋਂ ਨਹੀਂ ਹੈ, ਉਹ ਸਾਡੀ ਗੱਲ ਨਹੀਂ ਸੁਣਦਾ।+ ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਕਿਹੜਾ ਸੰਦੇਸ਼ ਸੱਚਾ ਹੈ ਅਤੇ ਕਿਹੜਾ ਝੂਠਾ।+
7 ਪਿਆਰਿਓ, ਆਓ ਆਪਾਂ ਇਕ-ਦੂਸਰੇ ਨੂੰ ਪਿਆਰ ਕਰਦੇ ਰਹੀਏ+ ਕਿਉਂਕਿ ਪਿਆਰ ਪਰਮੇਸ਼ੁਰ ਤੋਂ ਹੈ ਅਤੇ ਜਿਹੜੇ ਪਿਆਰ ਕਰਦੇ ਹਨ, ਉਹ ਪਰਮੇਸ਼ੁਰ ਦੇ ਬੱਚੇ ਹਨ ਅਤੇ ਪਰਮੇਸ਼ੁਰ ਨੂੰ ਜਾਣਦੇ ਹਨ।+
8 ਪਰ ਜਿਹੜੇ ਪਿਆਰ ਨਹੀਂ ਕਰਦੇ, ਉਹ ਪਰਮੇਸ਼ੁਰ ਨੂੰ ਨਹੀਂ ਜਾਣਦੇ ਕਿਉਂਕਿ ਪਰਮੇਸ਼ੁਰ ਪਿਆਰ ਹੈ।+
9 ਸਾਡੇ ਲਈ ਪਰਮੇਸ਼ੁਰ ਦਾ ਪਿਆਰ ਇਸ ਤਰ੍ਹਾਂ ਜ਼ਾਹਰ ਹੋਇਆ ਸੀ ਕਿ ਪਰਮੇਸ਼ੁਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਦੁਨੀਆਂ ਵਿਚ ਘੱਲਿਆ+ ਤਾਂਕਿ ਉਸ ਰਾਹੀਂ ਸਾਨੂੰ ਜ਼ਿੰਦਗੀ ਮਿਲੇ।+
10 ਪਿਆਰ ਇਹ ਨਹੀਂ ਕਿ ਅਸੀਂ ਉਸ ਨੂੰ ਪਿਆਰ ਕੀਤਾ, ਸਗੋਂ ਉਸ ਨੇ ਸਾਡੇ ਨਾਲ ਪਿਆਰ ਕੀਤਾ ਅਤੇ ਸਾਡੇ ਪਾਪਾਂ ਲਈ ਕੁਰਬਾਨੀ ਦੇਣ ਵਾਸਤੇ ਆਪਣੇ ਪੁੱਤਰ ਨੂੰ ਘੱਲਿਆ ਤਾਂਕਿ ਸਾਡੀ ਉਸ ਨਾਲ ਸੁਲ੍ਹਾ ਹੋ ਸਕੇ।*+
11 ਪਿਆਰਿਓ, ਜੇ ਪਰਮੇਸ਼ੁਰ ਨੇ ਇਸ ਤਰ੍ਹਾਂ ਸਾਡੇ ਨਾਲ ਪਿਆਰ ਕੀਤਾ, ਤਾਂ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਇਕ-ਦੂਸਰੇ ਨਾਲ ਪਿਆਰ ਕਰੀਏ।+
12 ਕਿਸੇ ਨੇ ਪਰਮੇਸ਼ੁਰ ਨੂੰ ਕਦੇ ਨਹੀਂ ਦੇਖਿਆ।+ ਜੇ ਅਸੀਂ ਇਕ-ਦੂਸਰੇ ਨੂੰ ਪਿਆਰ ਕਰਦੇ ਰਹਿੰਦੇ ਹਾਂ, ਤਾਂ ਪਰਮੇਸ਼ੁਰ ਸਾਡੇ ਨਾਲ ਰਹਿੰਦਾ ਹੈ ਅਤੇ ਸਾਡੇ ਵਿਚ ਉਸ ਦਾ ਪਿਆਰ ਮੁਕੰਮਲ ਤਰੀਕੇ ਨਾਲ ਦਿਖਾਈ ਦਿੰਦਾ ਹੈ।+
13 ਉਸ ਨੇ ਸਾਨੂੰ ਆਪਣੀ ਪਵਿੱਤਰ ਸ਼ਕਤੀ ਦਿੱਤੀ ਹੈ ਜਿਸ ਕਰਕੇ ਅਸੀਂ ਜਾਣਦੇ ਹਾਂ ਕਿ ਅਸੀਂ ਉਸ ਨਾਲ ਅਤੇ ਉਹ ਸਾਡੇ ਨਾਲ ਏਕਤਾ ਵਿਚ ਬੱਝਾ ਰਹਿੰਦਾ ਹੈ।
14 ਇਸ ਤੋਂ ਇਲਾਵਾ, ਅਸੀਂ ਆਪ ਦੇਖਿਆ ਹੈ ਅਤੇ ਇਸ ਗੱਲ ਦੀ ਗਵਾਹੀ ਦਿੰਦੇ ਹਾਂ ਕਿ ਪਿਤਾ ਨੇ ਆਪਣੇ ਪੁੱਤਰ ਨੂੰ ਦੁਨੀਆਂ ਦੇ ਮੁਕਤੀਦਾਤੇ ਵਜੋਂ ਘੱਲਿਆ ਸੀ।+
15 ਜਿਹੜਾ ਵੀ ਇਹ ਕਬੂਲ ਕਰਦਾ ਹੈ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ,+ ਪਰਮੇਸ਼ੁਰ ਉਸ ਨਾਲ ਅਤੇ ਉਹ ਪਰਮੇਸ਼ੁਰ ਨਾਲ ਏਕਤਾ ਵਿਚ ਬੱਝਾ ਰਹਿੰਦਾ ਹੈ।+
16 ਨਾਲੇ ਅਸੀਂ ਜਾਣ ਗਏ ਹਾਂ ਕਿ ਪਰਮੇਸ਼ੁਰ ਸਾਡੇ ਨਾਲ ਪਿਆਰ ਕਰਦਾ ਹੈ ਅਤੇ ਸਾਨੂੰ ਉਸ ਦੇ ਪਿਆਰ ਉੱਤੇ ਭਰੋਸਾ ਹੈ।+
ਪਰਮੇਸ਼ੁਰ ਪਿਆਰ ਹੈ+ ਅਤੇ ਜਿਹੜਾ ਪਿਆਰ ਕਰਦਾ ਰਹਿੰਦਾ ਹੈ, ਉਹ ਪਰਮੇਸ਼ੁਰ ਨਾਲ ਅਤੇ ਪਰਮੇਸ਼ੁਰ ਉਸ ਨਾਲ ਏਕਤਾ ਵਿਚ ਬੱਝਾ ਰਹਿੰਦਾ ਹੈ।+
17 ਇਸ ਤਰ੍ਹਾਂ ਸਾਡੇ ਵਿਚ ਪਿਆਰ ਮੁਕੰਮਲ ਹੁੰਦਾ ਹੈ ਜਿਸ ਕਰਕੇ ਅਸੀਂ ਨਿਆਂ ਦੇ ਦਿਨ ਬੇਝਿਜਕ ਹੋ ਕੇ ਗੱਲ ਕਰ* ਸਕਾਂਗੇ+ ਕਿਉਂਕਿ ਇਸ ਦੁਨੀਆਂ ਵਿਚ ਅਸੀਂ ਮਸੀਹ ਵਰਗੇ ਹਾਂ।
18 ਪਿਆਰ ਵਿਚ ਡਰ ਨਹੀਂ ਹੁੰਦਾ,+ ਸਗੋਂ ਮੁਕੰਮਲ ਪਿਆਰ ਡਰ ਨੂੰ ਦੂਰ ਕਰ* ਦਿੰਦਾ ਹੈ ਕਿਉਂਕਿ ਡਰ ਸਾਨੂੰ ਰੋਕਦਾ ਹੈ। ਅਸਲ ਵਿਚ, ਜਿਹੜਾ ਇਨਸਾਨ ਡਰਦਾ ਹੈ, ਉਸ ਦੇ ਪਿਆਰ ਵਿਚ ਕਮੀ ਹੁੰਦੀ ਹੈ।+
19 ਅਸੀਂ ਇਸ ਕਰਕੇ ਪਿਆਰ ਕਰਦੇ ਹਾਂ ਕਿਉਂਕਿ ਪਹਿਲਾਂ ਪਰਮੇਸ਼ੁਰ ਨੇ ਸਾਡੇ ਨਾਲ ਪਿਆਰ ਕੀਤਾ।+
20 ਜੇ ਕੋਈ ਕਹਿੰਦਾ ਹੈ: “ਮੈਂ ਪਰਮੇਸ਼ੁਰ ਨਾਲ ਪਿਆਰ ਕਰਦਾ ਹਾਂ,” ਪਰ ਆਪਣੇ ਭਰਾ ਨਾਲ ਨਫ਼ਰਤ ਕਰਦਾ ਹੈ, ਤਾਂ ਉਹ ਝੂਠਾ ਹੈ+ ਕਿਉਂਕਿ ਜਿਹੜਾ ਆਪਣੇ ਭਰਾ ਨਾਲ ਪਿਆਰ ਨਹੀਂ ਕਰਦਾ+ ਜਿਸ ਨੂੰ ਉਸ ਨੇ ਦੇਖਿਆ ਹੈ, ਉਹ ਪਰਮੇਸ਼ੁਰ ਨਾਲ ਪਿਆਰ ਨਹੀਂ ਕਰ ਸਕਦਾ ਜਿਸ ਨੂੰ ਉਸ ਨੇ ਕਦੇ ਦੇਖਿਆ ਹੀ ਨਹੀਂ।+
21 ਸਾਨੂੰ ਉਸ ਤੋਂ ਇਹ ਹੁਕਮ ਮਿਲਿਆ ਹੈ ਕਿ ਜਿਹੜਾ ਪਰਮੇਸ਼ੁਰ ਨਾਲ ਪਿਆਰ ਕਰਦਾ ਹੈ, ਉਹ ਆਪਣੇ ਭਰਾ ਨਾਲ ਵੀ ਪਿਆਰ ਕਰੇ।+