ਦੂਜਾ ਇਤਿਹਾਸ 14:1-15
14 ਫਿਰ ਅਬੀਯਾਹ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ+ ਵਿਚ ਦਫ਼ਨਾ ਦਿੱਤਾ; ਉਸ ਦਾ ਪੁੱਤਰ ਆਸਾ ਉਸ ਦੀ ਜਗ੍ਹਾ ਰਾਜਾ ਬਣ ਗਿਆ। ਉਸ ਦੇ ਦਿਨਾਂ ਵਿਚ ਦੇਸ਼ ਨੂੰ ਦਸ ਸਾਲ ਆਰਾਮ ਰਿਹਾ।
2 ਆਸਾ ਨੇ ਉਹੀ ਕੀਤਾ ਜੋ ਉਸ ਦੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਚੰਗਾ ਤੇ ਸਹੀ ਸੀ।
3 ਉਸ ਨੇ ਝੂਠੇ ਦੇਵਤਿਆਂ ਦੀਆਂ ਵੇਦੀਆਂ ਅਤੇ ਉੱਚੀਆਂ ਥਾਵਾਂ ਨੂੰ ਹਟਾ ਦਿੱਤਾ,+ ਪੂਜਾ-ਥੰਮ੍ਹਾਂ ਨੂੰ ਚਕਨਾਚੂਰ ਕਰ ਦਿੱਤਾ+ ਅਤੇ ਪੂਜਾ-ਖੰਭਿਆਂ* ਨੂੰ ਵੱਢ ਸੁੱਟਿਆ।+
4 ਇਸ ਤੋਂ ਇਲਾਵਾ, ਉਸ ਨੇ ਯਹੂਦਾਹ ਨੂੰ ਕਿਹਾ ਕਿ ਉਹ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਨੂੰ ਭਾਲੇ ਅਤੇ ਕਾਨੂੰਨ* ਤੇ ਹੁਕਮ ਦੀ ਪਾਲਣਾ ਕਰੇ।
5 ਉਸ ਨੇ ਯਹੂਦਾਹ ਦੇ ਸਾਰੇ ਸ਼ਹਿਰਾਂ ਵਿੱਚੋਂ ਉੱਚੀਆਂ ਥਾਵਾਂ ਅਤੇ ਧੂਪ ਧੁਖਾਉਣ ਦੀਆਂ ਵੇਦੀਆਂ ਨੂੰ ਢਾਹ ਦਿੱਤਾ+ ਅਤੇ ਉਸ ਦੇ ਅਧੀਨ ਰਾਜ ਵਿਚ ਸੁੱਖ-ਸ਼ਾਂਤੀ ਰਹੀ।
6 ਉਸ ਨੇ ਯਹੂਦਾਹ ਵਿਚ ਕਿਲੇਬੰਦ ਸ਼ਹਿਰ ਬਣਾਏ+ ਕਿਉਂਕਿ ਦੇਸ਼ ਵਿਚ ਅਮਨ-ਚੈਨ ਸੀ ਅਤੇ ਇਨ੍ਹਾਂ ਸਾਲਾਂ ਦੌਰਾਨ ਉਸ ਵਿਰੁੱਧ ਕੋਈ ਯੁੱਧ ਨਹੀਂ ਲੜਿਆ ਗਿਆ ਕਿਉਂਕਿ ਯਹੋਵਾਹ ਨੇ ਉਸ ਨੂੰ ਆਰਾਮ ਦਿੱਤਾ ਸੀ।+
7 ਉਸ ਨੇ ਯਹੂਦਾਹ ਨੂੰ ਕਿਹਾ: “ਆਓ ਅਸੀਂ ਇਨ੍ਹਾਂ ਸ਼ਹਿਰਾਂ ਨੂੰ ਉਸਾਰੀਏ ਤੇ ਇਨ੍ਹਾਂ ਦੇ ਦੁਆਲੇ ਕੰਧਾਂ ਤੇ ਬੁਰਜ ਬਣਾਈਏ,+ ਦਰਵਾਜ਼ੇ* ਅਤੇ ਹੋੜੇ ਲਾਈਏ। ਇਹ ਦੇਸ਼ ਹਾਲੇ ਵੀ ਸਾਡੇ ਕੋਲ ਹੈ ਕਿਉਂਕਿ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਭਾਲਿਆ ਹੈ। ਅਸੀਂ ਭਾਲ ਕੀਤੀ ਤੇ ਉਸ ਨੇ ਸਾਨੂੰ ਸਾਰੇ ਪਾਸਿਓਂ ਆਰਾਮ ਦਿੱਤਾ ਹੈ।” ਇਸ ਤਰ੍ਹਾਂ ਉਨ੍ਹਾਂ ਦਾ ਉਸਾਰੀ ਦਾ ਕੰਮ ਸਫ਼ਲ ਹੋਇਆ।+
8 ਆਸਾ ਦੀ ਫ਼ੌਜ ਵਿਚ 3,00,000 ਆਦਮੀ ਯਹੂਦਾਹ ਵਿੱਚੋਂ ਸਨ ਜੋ ਵੱਡੀਆਂ ਢਾਲਾਂ ਤੇ ਨੇਜ਼ਿਆਂ ਨਾਲ ਲੈਸ ਸਨ। ਅਤੇ ਬਿਨਯਾਮੀਨ ਵਿੱਚੋਂ 2,80,000 ਤਾਕਤਵਰ ਯੋਧੇ ਸਨ ਜੋ ਛੋਟੀਆਂ ਢਾਲਾਂ* ਤੇ ਤੀਰ-ਕਮਾਨਾਂ ਨਾਲ ਲੈਸ ਸਨ।*+
9 ਬਾਅਦ ਵਿਚ ਇਥੋਪੀਆ ਦਾ ਜ਼ਰਾਹ 10,00,000 ਆਦਮੀਆਂ ਦੀ ਫ਼ੌਜ ਤੇ 300 ਰਥਾਂ ਨਾਲ ਉਨ੍ਹਾਂ ਵਿਰੁੱਧ ਆਇਆ।+ ਜਦੋਂ ਉਹ ਮਾਰੇਸ਼ਾਹ ਪਹੁੰਚਿਆ,+
10 ਤਾਂ ਆਸਾ ਉਸ ਦੇ ਵਿਰੁੱਧ ਗਿਆ ਤੇ ਉਨ੍ਹਾਂ ਨੇ ਮਾਰੇਸ਼ਾਹ ਵਿਚ ਸਫਾਥਾਹ ਵਾਦੀ ਵਿਚ ਮੋਰਚਾ ਬੰਨ੍ਹਿਆ।
11 ਫਿਰ ਆਸਾ ਨੇ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਪੁਕਾਰ+ ਕੇ ਕਿਹਾ: “ਹੇ ਯਹੋਵਾਹ, ਤੇਰੇ ਲਈ ਇਹ ਗੱਲ ਮਾਅਨੇ ਨਹੀਂ ਰੱਖਦੀ ਕਿ ਜਿਨ੍ਹਾਂ ਦੀ ਤੂੰ ਮਦਦ ਕਰਦਾ ਹੈਂ, ਉਹ ਬਹੁਤੇ ਹਨ ਜਾਂ ਨਿਰਬਲ।+ ਹੇ ਸਾਡੇ ਪਰਮੇਸ਼ੁਰ ਯਹੋਵਾਹ, ਸਾਡੀ ਮਦਦ ਕਰ ਕਿਉਂਕਿ ਅਸੀਂ ਤੇਰੇ ’ਤੇ ਭਰੋਸਾ ਰੱਖਿਆ ਹੈ+ ਅਤੇ ਅਸੀਂ ਤੇਰੇ ਨਾਂ ’ਤੇ ਇਸ ਭੀੜ ਵਿਰੁੱਧ ਆਏ ਹਾਂ।+ ਹੇ ਯਹੋਵਾਹ, ਤੂੰ ਸਾਡਾ ਪਰਮੇਸ਼ੁਰ ਹੈਂ। ਮਾਮੂਲੀ ਜਿਹੇ ਇਨਸਾਨ ਨੂੰ ਆਪਣੇ ’ਤੇ ਹਾਵੀ ਨਾ ਹੋਣ ਦੇ।”+
12 ਇਸ ਲਈ ਯਹੋਵਾਹ ਨੇ ਇਥੋਪੀਆ ਦੀ ਫ਼ੌਜ ਨੂੰ ਆਸਾ ਅਤੇ ਯਹੂਦਾਹ ਦੇ ਅੱਗਿਓਂ ਹਰਾ ਦਿੱਤਾ ਅਤੇ ਇਥੋਪੀਆ ਦੀ ਫ਼ੌਜ ਭੱਜ ਗਈ।+
13 ਆਸਾ ਤੇ ਉਸ ਦੇ ਨਾਲ ਦੇ ਲੋਕਾਂ ਨੇ ਗਰਾਰ+ ਤਕ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਹ ਇਥੋਪੀਆ ਦੇ ਫ਼ੌਜੀਆਂ ਨੂੰ ਉਦੋਂ ਤਕ ਮਾਰਦੇ ਗਏ ਜਦ ਤਕ ਉਨ੍ਹਾਂ ਵਿੱਚੋਂ ਇਕ ਵੀ ਜੀਉਂਦਾ ਨਾ ਬਚਿਆ ਕਿਉਂਕਿ ਉਨ੍ਹਾਂ ਨੂੰ ਯਹੋਵਾਹ ਤੇ ਉਸ ਦੀ ਫ਼ੌਜ ਨੇ ਕੁਚਲ ਦਿੱਤਾ ਸੀ। ਉਸ ਤੋਂ ਬਾਅਦ ਉਹ ਬਹੁਤ ਸਾਰਾ ਮਾਲ ਲੁੱਟ ਕੇ ਲੈ ਗਏ।
14 ਫਿਰ ਉਨ੍ਹਾਂ ਨੇ ਗਰਾਰ ਦੇ ਆਲੇ-ਦੁਆਲੇ ਦੇ ਸਾਰੇ ਸ਼ਹਿਰਾਂ ’ਤੇ ਹਮਲਾ ਕੀਤਾ ਕਿਉਂਕਿ ਯਹੋਵਾਹ ਦਾ ਖ਼ੌਫ਼ ਉਨ੍ਹਾਂ ਸ਼ਹਿਰਾਂ ਉੱਤੇ ਛਾ ਗਿਆ ਸੀ; ਅਤੇ ਉਨ੍ਹਾਂ ਨੇ ਸਾਰੇ ਸ਼ਹਿਰਾਂ ਨੂੰ ਲੁੱਟ ਲਿਆ ਕਿਉਂਕਿ ਉਨ੍ਹਾਂ ਵਿਚ ਲੁੱਟਣ ਲਈ ਬਹੁਤ ਕੁਝ ਸੀ।
15 ਉਨ੍ਹਾਂ ਨੇ ਉਨ੍ਹਾਂ ਦੇ ਤੰਬੂਆਂ ’ਤੇ ਵੀ ਹਮਲਾ ਕੀਤਾ ਜਿਨ੍ਹਾਂ ਕੋਲ ਪਸ਼ੂ ਸਨ ਅਤੇ ਉਨ੍ਹਾਂ ਨੇ ਵੱਡੀ ਤਾਦਾਦ ਵਿਚ ਇੱਜੜ ਅਤੇ ਊਠ ਖੋਹ ਲਏ। ਉਸ ਤੋਂ ਬਾਅਦ ਉਹ ਯਰੂਸ਼ਲਮ ਵਾਪਸ ਚਲੇ ਗਏ।
ਫੁਟਨੋਟ
^ ਜਾਂ, “ਮੂਸਾ ਦਾ ਕਾਨੂੰਨ।”
^ ਇਬ, “ਦੋ ਪੱਲਿਆਂ ਵਾਲੇ ਦਰਵਾਜ਼ੇ।”
^ ਛੋਟੀ ਜਿਹੀ ਢਾਲ ਜੋ ਅਕਸਰ ਤੀਰਅੰਦਾਜ਼ ਲੈ ਕੇ ਜਾਂਦੇ ਹੁੰਦੇ ਸਨ।
^ ਇਬ, “ਤੇ ਕਮਾਨ ਕੱਸਦੇ ਸਨ।”