ਦੂਜਾ ਸਮੂਏਲ 20:1-26

  • ਸ਼ਬਾ ਦੀ ਬਗਾਵਤ; ਯੋਆਬ ਨੇ ਅਮਾਸਾ ਨੂੰ ਮਾਰਿਆ (1-13)

  • ਸ਼ਬਾ ਦਾ ਪਿੱਛਾ ਕੀਤਾ ਗਿਆ ਤੇ ਸਿਰ ਵੱਢਿਆ ਗਿਆ (14-22)

  • ਦਾਊਦ ਦਾ ਪ੍ਰਸ਼ਾਸਨ (23-26)

20  ਸ਼ਬਾ ਨਾਂ ਦਾ ਇਕ ਫ਼ਸਾਦੀ ਆਦਮੀ ਸੀ+ ਜੋ ਬਿਨਯਾਮੀਨੀ ਬਿਕਰੀ ਦਾ ਪੁੱਤਰ ਸੀ। ਉਸ ਨੇ ਨਰਸਿੰਗਾ ਵਜਾਇਆ+ ਅਤੇ ਕਿਹਾ: “ਦਾਊਦ ਨਾਲ ਸਾਡਾ ਕੋਈ ਹਿੱਸਾ ਨਹੀਂ ਅਤੇ ਯੱਸੀ ਦੇ ਪੁੱਤਰ ਦੀ ਵਿਰਾਸਤ ਵਿਚ ਸਾਡੀ ਕੋਈ ਸਾਂਝ ਨਹੀਂ।+ ਹੇ ਇਜ਼ਰਾਈਲ, ਹਰ ਕੋਈ ਆਪੋ-ਆਪਣੇ ਦੇਵਤਿਆਂ ਕੋਲ* ਮੁੜ ਜਾਵੇ!”+  ਇਹ ਸੁਣ ਕੇ ਇਜ਼ਰਾਈਲ ਦੇ ਸਾਰੇ ਆਦਮੀ ਦਾਊਦ ਦੇ ਪਿੱਛੇ ਚੱਲਣਾ ਛੱਡ ਕੇ ਬਿਕਰੀ ਦੇ ਪੁੱਤਰ ਸ਼ਬਾ ਦੇ ਮਗਰ ਹੋ ਤੁਰੇ;+ ਪਰ ਯਹੂਦਾਹ ਦੇ ਆਦਮੀ ਯਰਦਨ ਤੋਂ ਯਰੂਸ਼ਲਮ ਤਕ ਆਪਣੇ ਰਾਜੇ ਦੇ ਨਾਲ ਰਹੇ।+  ਜਦੋਂ ਦਾਊਦ ਯਰੂਸ਼ਲਮ ਵਿਚ ਆਪਣੇ ਘਰ* ਆਇਆ,+ ਤਾਂ ਰਾਜੇ ਨੇ ਉਨ੍ਹਾਂ ਦਸ ਰਖੇਲਾਂ ਨੂੰ ਲਿਆ ਜਿਨ੍ਹਾਂ ਨੂੰ ਉਹ ਘਰ ਦੀ ਦੇਖ-ਰੇਖ ਲਈ ਛੱਡ ਗਿਆ ਸੀ+ ਅਤੇ ਉਨ੍ਹਾਂ ਨੂੰ ਇਕ ਘਰ ਵਿਚ ਰੱਖਿਆ ਅਤੇ ਉੱਥੇ ਪਹਿਰਾ ਲਾ ਦਿੱਤਾ। ਉਹ ਉਨ੍ਹਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦਿੰਦਾ ਰਿਹਾ, ਪਰ ਉਸ ਨੇ ਉਨ੍ਹਾਂ ਨਾਲ ਸੰਬੰਧ ਨਹੀਂ ਬਣਾਏ।+ ਉਹ ਆਪਣੀ ਮੌਤ ਤਕ ਕੈਦ ਵਿਚ ਰਹੀਆਂ ਅਤੇ ਆਪਣੇ ਪਤੀ ਦੇ ਜੀਉਂਦਾ ਹੋਣ ਦੇ ਬਾਵਜੂਦ ਵਿਧਵਾਵਾਂ ਵਰਗੀ ਜ਼ਿੰਦਗੀ ਜੀਉਂਦੀਆਂ ਸਨ।  ਫਿਰ ਰਾਜੇ ਨੇ ਅਮਾਸਾ+ ਨੂੰ ਕਿਹਾ: “ਯਹੂਦਾਹ ਦੇ ਆਦਮੀਆਂ ਨੂੰ ਤਿੰਨ ਦਿਨ ਦੇ ਅੰਦਰ-ਅੰਦਰ ਮੇਰੇ ਕੋਲ ਇਕੱਠਾ ਕਰ ਅਤੇ ਤੂੰ ਵੀ ਇੱਥੇ ਹਾਜ਼ਰ ਰਹੀਂ।”  ਇਸ ਲਈ ਅਮਾਸਾ ਯਹੂਦਾਹ ਨੂੰ ਇਕੱਠਾ ਕਰਨ ਗਿਆ, ਪਰ ਉਹ ਉਸ ਸਮੇਂ ਤੋਂ ਬਾਅਦ ਆਇਆ ਜੋ ਉਸ ਲਈ ਤੈਅ ਕੀਤਾ ਗਿਆ ਸੀ।  ਫਿਰ ਦਾਊਦ ਨੇ ਅਬੀਸ਼ਈ+ ਨੂੰ ਕਿਹਾ: “ਬਿਕਰੀ ਦਾ ਪੁੱਤਰ ਸ਼ਬਾ+ ਸਾਡਾ ਉਸ ਤੋਂ ਵੀ ਜ਼ਿਆਦਾ ਨੁਕਸਾਨ ਕਰ ਸਕਦਾ ਹੈ ਜਿੰਨਾ ਅਬਸ਼ਾਲੋਮ ਨੇ ਕੀਤਾ ਸੀ।+ ਮੇਰੇ ਸੇਵਕਾਂ* ਨੂੰ ਨਾਲ ਲਿਜਾ ਕੇ ਉਸ ਦਾ ਪਿੱਛਾ ਕਰ ਤਾਂਕਿ ਉਹ ਕਿਲੇਬੰਦ ਸ਼ਹਿਰਾਂ ਵਿਚ ਜਾ ਕੇ ਸਾਡੇ ਹੱਥੋਂ ਬਚ ਨਾ ਨਿਕਲੇ।”  ਇਸ ਲਈ ਯੋਆਬ ਦੇ ਆਦਮੀ,+ ਕਰੇਤੀ, ਪਲੇਤੀ+ ਅਤੇ ਸਾਰੇ ਤਾਕਤਵਰ ਆਦਮੀ ਉਸ ਦੇ ਪਿੱਛੇ ਗਏ; ਉਹ ਬਿਕਰੀ ਦੇ ਪੁੱਤਰ ਸ਼ਬਾ ਦਾ ਪਿੱਛਾ ਕਰਨ ਲਈ ਯਰੂਸ਼ਲਮ ਤੋਂ ਨਿਕਲ ਪਏ।  ਜਦੋਂ ਉਹ ਗਿਬਓਨ+ ਵਿਚ ਵੱਡੇ ਪੱਥਰ ਦੇ ਕੋਲ ਪਹੁੰਚੇ, ਤਾਂ ਅਮਾਸਾ+ ਉਨ੍ਹਾਂ ਨੂੰ ਮਿਲਣ ਲਈ ਆਇਆ। ਯੋਆਬ ਨੇ ਆਪਣੇ ਯੁੱਧ ਦੇ ਬਸਤਰ ਪਾਏ ਹੋਏ ਸਨ ਅਤੇ ਉਸ ਦੀ ਤਲਵਾਰ ਉਸ ਦੇ ਲੱਕ ਨਾਲ ਬੰਨ੍ਹੀ ਮਿਆਨ ਵਿਚ ਸੀ। ਜਦੋਂ ਉਹ ਅੱਗੇ ਵਧਿਆ, ਤਾਂ ਤਲਵਾਰ ਡਿਗ ਪਈ।  ਯੋਆਬ ਨੇ ਅਮਾਸਾ ਨੂੰ ਕਿਹਾ: “ਮੇਰੇ ਭਰਾ, ਕੀ ਤੂੰ ਠੀਕ ਹੈਂ?” ਫਿਰ ਯੋਆਬ ਨੇ ਆਪਣੇ ਸੱਜੇ ਹੱਥ ਨਾਲ ਅਮਾਸਾ ਦੀ ਦਾੜ੍ਹੀ ਇਸ ਤਰ੍ਹਾਂ ਫੜੀ ਜਿਵੇਂ ਉਹ ਉਸ ਨੂੰ ਚੁੰਮਣ ਲੱਗਾ ਹੋਵੇ। 10  ਅਮਾਸਾ ਨੇ ਧਿਆਨ ਨਹੀਂ ਦਿੱਤਾ ਕਿ ਯੋਆਬ ਦੇ ਹੱਥ ਵਿਚ ਤਲਵਾਰ ਸੀ। ਯੋਆਬ ਨੇ ਤਲਵਾਰ ਉਸ ਦੇ ਢਿੱਡ ਵਿਚ ਖੋਭ ਦਿੱਤੀ+ ਅਤੇ ਉਸ ਦੀਆਂ ਆਂਦਰਾਂ ਬਾਹਰ ਜ਼ਮੀਨ ’ਤੇ ਡਿਗ ਪਈਆਂ। ਉਸ ਨੂੰ ਉਸ ਉੱਤੇ ਦੁਬਾਰਾ ਵਾਰ ਕਰਨ ਦੀ ਲੋੜ ਨਹੀਂ ਪਈ; ਉਸ ਨੂੰ ਮਾਰਨ ਲਈ ਇਕ ਹੀ ਵਾਰ ਕਾਫ਼ੀ ਸੀ। ਫਿਰ ਯੋਆਬ ਅਤੇ ਉਸ ਦੇ ਭਰਾ ਅਬੀਸ਼ਈ ਨੇ ਬਿਕਰੀ ਦੇ ਪੁੱਤਰ ਸ਼ਬਾ ਦਾ ਪਿੱਛਾ ਕੀਤਾ। 11  ਯੋਆਬ ਦਾ ਇਕ ਨੌਜਵਾਨ ਉਸ ਕੋਲ ਖੜ੍ਹ ਗਿਆ ਅਤੇ ਕਹਿਣ ਲੱਗਾ: “ਜੋ ਯੋਆਬ ਅਤੇ ਦਾਊਦ ਵੱਲ ਹੈ, ਉਹ ਯੋਆਬ ਦੇ ਮਗਰ ਚੱਲੇ!” 12  ਇਸ ਦੌਰਾਨ ਅਮਾਸਾ ਰਾਹ ਦੇ ਵਿਚਕਾਰ ਖ਼ੂਨ ਨਾਲ ਲੱਥ-ਪੱਥ ਪਿਆ ਸੀ। ਜਦੋਂ ਉਸ ਨੌਜਵਾਨ ਨੇ ਦੇਖਿਆ ਕਿ ਸਾਰੇ ਲੋਕ ਰੁਕ ਰਹੇ ਸਨ, ਤਾਂ ਉਹ ਅਮਾਸਾ ਨੂੰ ਰਾਹ ਵਿੱਚੋਂ ਘੜੀਸ ਕੇ ਖੇਤ ਵਿਚ ਲੈ ਆਇਆ। ਫਿਰ ਉਸ ਨੇ ਉਸ ਉੱਤੇ ਇਕ ਕੱਪੜਾ ਪਾ ਦਿੱਤਾ ਕਿਉਂਕਿ ਉਸ ਨੇ ਦੇਖਿਆ ਕਿ ਹਰ ਕੋਈ ਉਸ ਕੋਲ ਆ ਕੇ ਰੁਕ ਰਿਹਾ ਸੀ। 13  ਜਦੋਂ ਉਸ ਨੇ ਉਸ ਨੂੰ ਰਾਹ ਵਿੱਚੋਂ ਹਟਾ ਦਿੱਤਾ, ਤਾਂ ਸਾਰੇ ਆਦਮੀ ਬਿਕਰੀ ਦੇ ਪੁੱਤਰ ਸ਼ਬਾ+ ਦਾ ਪਿੱਛਾ ਕਰਨ ਲਈ ਯੋਆਬ ਦੇ ਮਗਰ ਗਏ। 14  ਸ਼ਬਾ ਇਜ਼ਰਾਈਲ ਦੇ ਸਾਰੇ ਗੋਤਾਂ ਵਿੱਚੋਂ ਦੀ ਹੁੰਦਾ ਹੋਇਆ ਬੈਤ-ਮਾਕਾਹ ਦੇ ਸ਼ਹਿਰ ਆਬੇਲ+ ਪਹੁੰਚਿਆ। ਸਾਰੇ ਬਿਕਰੀ ਲੋਕ ਇਕੱਠੇ ਹੋਏ ਅਤੇ ਉਹ ਵੀ ਉਸ ਦੇ ਪਿੱਛੇ-ਪਿੱਛੇ ਸ਼ਹਿਰ ਵਿਚ ਚਲੇ ਗਏ। 15  ਯੋਆਬ ਅਤੇ ਉਸ ਦੇ ਆਦਮੀ* ਆਏ ਤੇ ਉਨ੍ਹਾਂ ਨੇ ਬੈਤ-ਮਾਕਾਹ ਦੇ ਆਬੇਲ ਵਿਚ ਸ਼ਬਾ ਨੂੰ ਘੇਰ ਲਿਆ ਅਤੇ ਟਿੱਲਾ ਬਣਾ ਕੇ ਸ਼ਹਿਰ ਦੀ ਘੇਰਾਬੰਦੀ ਕੀਤੀ ਕਿਉਂਕਿ ਸ਼ਹਿਰ ਦੇ ਆਲੇ-ਦੁਆਲੇ ਮਜ਼ਬੂਤ ਕੰਧ ਸੀ। ਯੋਆਬ ਦੇ ਸਾਰੇ ਆਦਮੀ ਕੰਧ ਨੂੰ ਢਾਹੁਣ ਲਈ ਨੀਂਹ ਨੂੰ ਪੁੱਟ ਰਹੇ ਸਨ। 16  ਇਕ ਸਮਝਦਾਰ ਔਰਤ ਨੇ ਸ਼ਹਿਰ ਵਿੱਚੋਂ ਪੁਕਾਰ ਕੇ ਕਿਹਾ: “ਸੁਣੋ, ਹੇ ਆਦਮੀਓ ਸੁਣੋ! ਕਿਰਪਾ ਕਰ ਕੇ ਯੋਆਬ ਨੂੰ ਕਹੋ, ‘ਇੱਥੇ ਆ ਤਾਂਕਿ ਮੈਂ ਤੇਰੇ ਨਾਲ ਗੱਲ ਕਰਾਂ।’” 17  ਇਸ ਲਈ ਉਹ ਉਸ ਔਰਤ ਕੋਲ ਗਿਆ ਅਤੇ ਉਸ ਔਰਤ ਨੇ ਪੁੱਛਿਆ: “ਕੀ ਤੂੰ ਯੋਆਬ ਹੈਂ?” ਉਸ ਨੇ ਜਵਾਬ ਦਿੱਤਾ: “ਹਾਂ।” ਫਿਰ ਉਹ ਬੋਲੀ: “ਆਪਣੀ ਦਾਸੀ ਦੀ ਗੱਲ ਸੁਣ।” ਉਸ ਨੇ ਕਿਹਾ: “ਮੈਂ ਸੁਣ ਰਿਹਾ ਹਾਂ।” 18  ਉਹ ਅੱਗੇ ਬੋਲੀ: “ਪੁਰਾਣੇ ਜ਼ਮਾਨੇ ਵਿਚ ਉਹ ਹਮੇਸ਼ਾ ਇਹ ਕਿਹਾ ਕਰਦੇ ਸਨ, ‘ਉਹ ਆਬੇਲ ਵਿਚ ਆ ਕੇ ਸਲਾਹ ਲੈਣ ਅਤੇ ਮਸਲਾ ਹੱਲ ਹੋ ਜਾਵੇਗਾ।’ 19  ਮੈਂ ਇਜ਼ਰਾਈਲ ਦੇ ਸ਼ਾਂਤੀ-ਪਸੰਦ ਅਤੇ ਵਫ਼ਾਦਾਰ ਲੋਕਾਂ ਵੱਲੋਂ ਗੱਲ ਕਰ ਰਹੀ ਹਾਂ। ਤੂੰ ਉਸ ਸ਼ਹਿਰ ਨੂੰ ਨਾਸ਼ ਕਰਨਾ ਚਾਹੁੰਦਾ ਹੈਂ ਜੋ ਇਜ਼ਰਾਈਲ ਵਿਚ ਇਕ ਮਾਂ ਵਾਂਗ ਹੈ। ਤੂੰ ਯਹੋਵਾਹ ਦੀ ਵਿਰਾਸਤ ਨੂੰ ਕਿਉਂ ਖ਼ਤਮ ਕਰਨਾ* ਚਾਹੁੰਦਾ ਹੈਂ?”+ 20  ਯੋਆਬ ਨੇ ਜਵਾਬ ਦਿੱਤਾ: “ਮੈਂ ਇਸ ਨੂੰ ਖ਼ਤਮ ਕਰਨ ਅਤੇ ਇਸ ਦਾ ਨਾਸ਼ ਕਰਨ ਬਾਰੇ ਸੋਚ ਵੀ ਨਹੀਂ ਸਕਦਾ। 21  ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਗੱਲ ਇਹ ਹੈ ਕਿ ਇਫ਼ਰਾਈਮ ਦੇ ਪਹਾੜੀ ਇਲਾਕੇ+ ਤੋਂ ਸ਼ਬਾ+ ਨਾਂ ਦਾ ਇਕ ਬੰਦਾ ਹੈ ਜੋ ਬਿਕਰੀ ਦਾ ਪੁੱਤਰ ਹੈ ਅਤੇ ਉਸ ਨੇ ਰਾਜਾ ਦਾਊਦ ਖ਼ਿਲਾਫ਼ ਬਗਾਵਤ ਕੀਤੀ ਹੈ।* ਜੇ ਤੁਸੀਂ ਇਸ ਇਕ ਆਦਮੀ ਨੂੰ ਮੇਰੇ ਹਵਾਲੇ ਕਰ ਦਿਓ, ਤਾਂ ਮੈਂ ਸ਼ਹਿਰ ਤੋਂ ਚਲਾ ਜਾਵਾਂਗਾ।” ਫਿਰ ਉਸ ਔਰਤ ਨੇ ਯੋਆਬ ਨੂੰ ਕਿਹਾ: “ਠੀਕ ਹੈ, ਉਸ ਦਾ ਸਿਰ ਕੰਧ ਉੱਤੋਂ ਤੇਰੇ ਵੱਲ ਸੁੱਟ ਦਿੱਤਾ ਜਾਵੇਗਾ!” 22  ਉਹ ਸਮਝਦਾਰ ਔਰਤ ਤੁਰੰਤ ਸਾਰੇ ਲੋਕਾਂ ਕੋਲ ਅੰਦਰ ਗਈ ਅਤੇ ਉਨ੍ਹਾਂ ਨੇ ਬਿਕਰੀ ਦੇ ਪੁੱਤਰ ਸ਼ਬਾ ਦਾ ਸਿਰ ਵੱਢ ਕੇ ਯੋਆਬ ਵੱਲ ਸੁੱਟ ਦਿੱਤਾ। ਫਿਰ ਯੋਆਬ ਨੇ ਨਰਸਿੰਗਾ ਵਜਾਇਆ ਅਤੇ ਉਹ ਸਾਰੇ ਸ਼ਹਿਰ ਨੂੰ ਛੱਡ ਕੇ ਆਪੋ-ਆਪਣੇ ਘਰ ਚਲੇ ਗਏ;+ ਅਤੇ ਯੋਆਬ ਯਰੂਸ਼ਲਮ ਵਿਚ ਰਾਜੇ ਕੋਲ ਵਾਪਸ ਆ ਗਿਆ। 23  ਯੋਆਬ ਇਜ਼ਰਾਈਲ ਦੀ ਸਾਰੀ ਫ਼ੌਜ ਦਾ ਸੈਨਾਪਤੀ ਸੀ;+ ਯਹੋਯਾਦਾ+ ਦਾ ਪੁੱਤਰ ਬਨਾਯਾਹ+ ਕਰੇਤੀਆਂ ਅਤੇ ਪਲੇਤੀਆਂ ਉੱਤੇ ਅਧਿਕਾਰੀ ਸੀ।+ 24  ਅਦੋਰਾਮ+ ਉਨ੍ਹਾਂ ਉੱਤੇ ਅਧਿਕਾਰੀ ਸੀ ਜਿਨ੍ਹਾਂ ਤੋਂ ਜਬਰੀ ਮਜ਼ਦੂਰੀ ਕਰਵਾਈ ਜਾਂਦੀ ਸੀ; ਅਹੀਲੂਦ ਦਾ ਪੁੱਤਰ ਯਹੋਸ਼ਾਫ਼ਾਟ+ ਇਤਿਹਾਸ ਦਾ ਲਿਖਾਰੀ ਸੀ। 25  ਸ਼ੀਵਾ ਸਕੱਤਰ ਸੀ; ਸਾਦੋਕ+ ਅਤੇ ਅਬਯਾਥਾਰ+ ਪੁਜਾਰੀ ਸਨ। 26  ਅਤੇ ਯਾਇਰੀ ਈਰਾ ਵੀ ਦਾਊਦ ਦਾ ਖ਼ਾਸ ਮੰਤਰੀ ਬਣ ਗਿਆ ਸੀ।*

ਫੁਟਨੋਟ

ਜਾਂ ਸੰਭਵ ਹੈ, “ਤੰਬੂਆਂ ਵਿਚ।”
ਜਾਂ, “ਮਹਿਲ।”
ਇਬ, “ਆਪਣੇ ਮਾਲਕ ਦੇ ਸੇਵਕਾਂ।”
ਇਬ, “ਉਹ।”
ਇਬ, “ਨਿਗਲ਼ਣਾ।”
ਇਬ, “ਆਪਣਾ ਹੱਥ ਚੁੱਕਿਆ ਹੈ।”
ਇਬ, “ਇਕ ਪੁਜਾਰੀ ਬਣ ਗਿਆ ਸੀ।”