ਖ਼ੁਸ਼ੀ ਦਾ ਰਾਹ
ਸੰਤੋਖ ਅਤੇ ਖੁੱਲ੍ਹ-ਦਿਲੀ
ਤੁਸੀਂ ਇਹ ਗੱਲ ਕਈ ਵਾਰ ਸੁਣੀ ਹੋਣੀ ਕਿ ਉਹੀ ਵਿਅਕਤੀ ਖ਼ੁਸ਼ ਤੇ ਕਾਮਯਾਬ ਹੁੰਦਾ ਹੈ ਜਿਸ ਕੋਲ ਧਨ-ਦੌਲਤ ਤੇ ਹੋਰ ਚੀਜ਼ਾਂ ਹੁੰਦੀਆਂ ਹਨ। ਇਸੇ ਸੋਚ ਕਰਕੇ ਲੱਖਾਂ ਹੀ ਲੋਕ ਹੋਰ ਜ਼ਿਆਦਾ ਪੈਸਾ ਕਮਾਉਣ ਲਈ ਹੱਡ-ਤੋੜ ਮਿਹਨਤ ਕਰਦੇ ਹਨ। ਪਰ ਕੀ ਪੈਸੇ ਤੇ ਚੀਜ਼ਾਂ ਨਾਲ ਅਸੀਂ ਹਮੇਸ਼ਾ ਖ਼ੁਸ਼ ਰਹਿ ਸਕਦੇ ਹਾਂ? ਆਓ ਆਪਾਂ ਹੇਠਾਂ ਦੱਸੀ ਜਾਣਕਾਰੀ ਤੋਂ ਇਸ ਸਵਾਲ ਦਾ ਜਵਾਬ ਜਾਣੀਏ।
ਇਕ ਰਸਾਲੇ ਅਨੁਸਾਰ ਜੇ ਸਾਡੇ ਕੋਲ ਰੋਟੀ, ਕੱਪੜਾ ਅਤੇ ਮਕਾਨ ਹੈ, ਤਾਂ ਹੋਰ ਪੈਸਾ ਹੋਣ ਨਾਲ ਸਾਨੂੰ ਜ਼ਿਆਦਾ ਖ਼ੁਸ਼ੀ ਜਾਂ ਸਕੂਨ ਨਹੀਂ ਮਿਲਣਾ। ਪੈਸਾ ਕੋਈ ਬੁਰੀ ਚੀਜ਼ ਨਹੀਂ ਹੈ। ਇਕ ਰਸਾਲੇ ਵਿਚ ਦੱਸਿਆ ਗਿਆ ਹੈ ਕਿ ਜੇ ਅਸੀਂ “[ਪੈਸੇ] ਪਿੱਛੇ ਭੱਜਦੇ ਹਾਂ, ਤਾਂ ਸਾਡੀ ਖ਼ੁਸ਼ੀ ਗੁਆਚ ਜਾਂਦੀ ਹੈ।” ਇਹ ਸ਼ਬਦ ਅੱਜ ਤੋਂ ਲਗਭਗ 2,000 ਸਾਲ ਪਹਿਲਾਂ ਬਾਈਬਲ ਵਿਚ ਦਿੱਤੀ ਸਲਾਹ ਨਾਲ ਮੇਲ ਖਾਂਦੇ ਹਨ: “ਪੈਸੇ ਨਾਲ ਪਿਆਰ ਤਰ੍ਹਾਂ-ਤਰ੍ਹਾਂ ਦੀਆਂ ਬੁਰਾਈਆਂ ਦੀ ਜੜ੍ਹ ਹੈ ਅਤੇ ਪੈਸੇ ਨਾਲ ਪਿਆਰ ਹੋਣ ਕਰਕੇ ਕਈਆਂ ਨੇ . . . ਆਪਣੇ ਆਪ ਨੂੰ ਬਹੁਤ ਸਾਰੇ ਦੁੱਖਾਂ ਦੇ ਤੀਰਾਂ ਨਾਲ ਵਿੰਨ੍ਹਿਆ ਹੈ।” (1 ਤਿਮੋਥਿਉਸ 6:9, 10) ਇਨ੍ਹਾਂ ਦੁੱਖਾਂ ਦੇ ਤੀਰਾਂ ਵਿਚ ਕੀ ਕੁਝ ਸ਼ਾਮਲ ਹੈ?
ਧਨ-ਦੌਲਤ ਦੀ ਸਾਂਭ-ਸੰਭਾਲ ਦੀ ਚਿੰਤਾ ਹੋਣੀ ਅਤੇ ਨੀਂਦ ਨਾ ਆਉਣੀ। “ਮਜੂਰ ਦੀ ਨੀਂਦ ਮਿੱਠੀ ਹੈ ਭਾਵੇਂ ਉਹ ਥੋੜਾ ਖਾਵੇ ਭਾਵੇਂ ਬਹੁਤ, ਪਰ ਧਨੀ ਦਾ ਡੱਫਣਾ ਉਹ ਨੂੰ ਸੌਣ ਨਹੀਂ ਦਿੰਦਾ।”—ਉਪਦੇਸ਼ਕ ਦੀ ਪੋਥੀ 5:12.
ਉਮੀਦਾਂ ਪੂਰੀਆਂ ਨਾ ਹੋਣ ਕਰਕੇ ਨਿਰਾਸ਼ਾ। ਪੈਸੇ ਦੀ ਭੁੱਖ ਕਦੇ ਨਹੀਂ ਮਿਟਦੀ ਜਿਸ ਕਰਕੇ ਨਿਰਾਸ਼ਾ ਹੱਥ ਲੱਗਦੀ ਹੈ। “ਉਹ ਜੋ ਚਾਂਦੀ ਨੂੰ ਲੋਚਦਾ ਹੈ ਸੋ ਚਾਂਦੀ ਨਾਲ ਨਾ ਰੱਜੇਗਾ, ਅਤੇ ਜਿਹੜਾ ਧਨ ਚਾਹੁੰਦਾ ਹੈ ਸੋ ਉਹ ਦੇ ਵਾਧੇ ਨਾਲ ਨਾ ਰੱਜੇਗਾ” (ਉਪਦੇਸ਼ਕ ਦੀ ਪੋਥੀ 5:10) ਨਾਲੇ ਪੈਸੇ ਦੀ ਭੁੱਖ ਹੋਣ ਕਰਕੇ ਇਕ ਵਿਅਕਤੀ ਉਨ੍ਹਾਂ ਅਹਿਮ ਚੀਜ਼ਾਂ ਨੂੰ ਦਾਅ ’ਤੇ ਲਾ ਦਿੰਦਾ ਹੈ ਜਿਨ੍ਹਾਂ ਨਾਲ ਖ਼ੁਸ਼ੀ ਮਿਲਦੀ ਹੈ, ਜਿਵੇਂ ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਉਣਾ ਜਾਂ ਭਗਤੀ ਦੇ ਕੰਮਾਂ ਵਿਚ ਹਿੱਸਾ ਲੈਣਾ।
ਉਦੋਂ ਵੀ ਦੁੱਖ ਤੇ ਨਿਰਾਸ਼ਾ ਹੁੰਦੀ ਹੈ ਜਦੋਂ ਪੈਸੇ ਜਾਂ ਸਾਡੇ ਵੱਲੋਂ ਲਗਾਈ ਪੂੰਜੀ ਦੀ ਕੀਮਤ ਘੱਟ ਜਾਂਦੀ ਹੈ ਜਾਂ ਪੈਸੇ ਡੁੱਬ ਜਾਂਦੇ ਹਨ। “ਧਨਵਾਨ ਹੋਣ ਦੀ ਖੇਚਲ ਨਾ ਕਰ, ਆਪਣੀ ਸਿਆਣਪ ਨੂੰ ਛੱਡ ਦੇਹ। ਭਲਾ, ਤੂੰ ਮਾਯਾ ਉੱਤੇ ਆਪਣੀ ਨਿਗਾਹ ਲਾਵੇਂਗਾ? ਉਹ ਨੂੰ ਜ਼ਰੂਰ ਪਰ ਲੱਗਦੇ ਅਤੇ ਉਕਾਬ ਵਾਂਙੁ ਅਕਾਸ਼ ਵੱਲ ਉੱਡ ਜਾਂਦੀ ਹੈ।”—ਕਹਾਉਤਾਂ 23:4, 5.
ਉਹ ਗੁਣ ਜਿਨ੍ਹਾਂ ਕਰਕੇ ਖ਼ੁਸ਼ੀ ਮਿਲਦੀ ਹੈ
ਸੰਤੋਖ ਰੱਖਣਾ। “ਕਿਉਂਕਿ ਅਸੀਂ ਦੁਨੀਆਂ ਵਿਚ ਕੁਝ ਨਹੀਂ ਲਿਆਂਦਾ ਅਤੇ ਨਾ ਹੀ ਅਸੀਂ ਕੁਝ ਲੈ ਕੇ ਜਾਵਾਂਗੇ। ਇਸ ਲਈ, ਜੇ ਸਾਡੇ ਕੋਲ ਰੋਟੀ, ਕੱਪੜਾ ਤੇ ਮਕਾਨ ਹੈ, ਤਾਂ ਸਾਨੂੰ ਇਸ ਵਿਚ ਸੰਤੋਖ ਰੱਖਣਾ ਚਾਹੀਦਾ ਹੈ।” (1 ਤਿਮੋਥਿਉਸ 6:7, 8) ਜਿਹੜੇ ਲੋਕ ਸੰਤੋਖ ਰੱਖਦੇ ਹਨ, ਉਹ ਨਾ ਸ਼ਿਕਾਇਤੀ ਹੁੰਦੇ ਹਨ ਤੇ ਨਾ ਹੀ ਬੁੜ-ਬੁੜ ਕਰਦੇ ਹਨ। ਨਾਲੇ ਆਪਣੇ ਇਸ ਰਵੱਈਏ ਕਰਕੇ ਉਹ ਦੂਜਿਆਂ ਨਾਲ ਈਰਖਾ ਨਹੀਂ ਕਰਦੇ। ਉਹ ਉਨ੍ਹਾਂ ਚੀਜ਼ਾਂ ਦੀ ਲਾਲਸਾ ਨਹੀਂ ਕਰਦੇ ਜੋ ਉਹ ਖ਼ਰੀਦ ਨਹੀਂ ਸਕਦੇ। ਇਸ ਕਰਕੇ ਉਹ ਬੇਲੋੜੀ ਚਿੰਤਾ ਅਤੇ ਤਣਾਅ ਤੋਂ ਬਚਦੇ ਹਨ।
ਖੁੱਲ੍ਹ-ਦਿਲੇ ਬਣਨਾ। “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।” (ਰਸੂਲਾਂ ਦੇ ਕੰਮ 20:35) ਖੁੱਲ੍ਹ-ਦਿਲੇ ਇਨਸਾਨ ਖ਼ੁਸ਼ ਰਹਿੰਦੇ ਹਨ ਕਿਉਂਕਿ ਦੂਜਿਆਂ ਲਈ ਕੁਝ ਕਰ ਕੇ ਉਨ੍ਹਾਂ ਨੂੰ ਖ਼ੁਸ਼ੀ ਮਿਲਦੀ ਹੈ। ਚਾਹੇ ਉਹ ਕਿਸੇ ਨਾਲ ਥੋੜ੍ਹਾ-ਬਹੁਤਾ ਸਮਾਂ ਬਿਤਾਉਂਦੇ ਹਨ ਜਾਂ ਉਨ੍ਹਾਂ ਦੀ ਕਿਸੇ ਕੰਮ ਵਿਚ ਮਦਦ ਕਰਦੇ ਹਨ। ਬਦਲੇ ਵਿਚ ਉਨ੍ਹਾਂ ਨੂੰ ਅਕਸਰ ਉਹ ਬਰਕਤਾਂ ਮਿਲਦੀਆਂ ਹਨ ਜੋ ਪੈਸੇ ਨਾਲ ਖ਼ਰੀਦੀਆਂ ਨਹੀਂ ਜਾ ਸਕਦੀਆਂ, ਜਿਵੇਂ ਪਿਆਰ, ਇੱਜ਼ਤ-ਮਾਣ ਅਤੇ ਸੱਚੇ ਦੋਸਤ।—ਲੂਕਾ 6:38.
ਚੀਜ਼ਾਂ ਦੀ ਬਜਾਇ ਲੋਕਾਂ ਨੂੰ ਅਹਿਮੀਅਤ ਦੇਣੀ। “ਸਾਗ ਪੱਤ ਦਾ ਖਾਣਾ ਜਿੱਥੇ ਪ੍ਰੇਮ ਹੈ, ਪਲੇ ਹੋਏ ਬਲਦ ਨਾਲੋਂ ਜਿੱਥੇ ਵੈਰ ਹੈ, ਚੰਗਾ ਹੈ।” (ਕਹਾਉਤਾਂ 15:17) ਇਸ ਆਇਤ ਦਾ ਕੀ ਮਤਲਬ ਹੈ? ਧਨ-ਦੌਲਤ ਹੋਣ ਨਾਲੋਂ ਕਿਸੇ ਨਾਲ ਵਧੀਆ ਰਿਸ਼ਤਾ ਹੋਣਾ ਕਿਤੇ ਜ਼ਿਆਦਾ ਅਨਮੋਲ ਹੈ। ਨਾਲੇ ਖ਼ੁਸ਼ੀ ਪਾਉਣ ਲਈ ਪਿਆਰ ਵੀ ਜ਼ਰੂਰੀ ਹੈ ਜਿਸ ਬਾਰੇ ਅਸੀਂ ਅੱਗੇ ਚਰਚਾ ਕਰਾਂਗੇ।
ਦੱਖਣੀ ਅਮਰੀਕਾ ਵਿਚ ਰਹਿਣ ਵਾਲੀ ਸਬੀਨਾ ਨੇ ਬਾਈਬਲ ਦੇ ਅਸੂਲਾਂ ਦੀ ਅਹਿਮੀਅਤ ਜਾਣੀ। ਸਬੀਨਾ ਦੇ ਪਤੀ ਨੇ ਉਸ ਨੂੰ ਛੱਡ ਦਿੱਤਾ ਜਿਸ ਕਰਕੇ ਉਸ ਨੇ ਆਪਣੀਆਂ ਤੇ ਆਪਣੀਆਂ ਦੋ ਧੀਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਜੱਦੋ-ਜਹਿਦ ਕੀਤੀ। ਉਹ ਦੋ ਜਗ੍ਹਾ ਕੰਮ ਕਰਦੀ ਸੀ। ਇਸ ਲਈ ਉਹ ਸਵੇਰੇ ਚਾਰ ਵਜੇ ਉੱਠਦੀ ਸੀ। ਬਹੁਤ ਰੁੱਝੀ ਹੋਣ ਦੇ ਬਾਵਜੂਦ ਵੀ ਸਬੀਨਾ ਨੇ ਬਾਈਬਲ ਅਧਿਐਨ ਕਰਨ ਦਾ ਫ਼ੈਸਲਾ ਕੀਤਾ। ਇਸ ਦਾ ਕੀ ਨਤੀਜਾ ਨਿਕਲਿਆ?
ਭਾਵੇਂ ਉਸ ਦੀ ਆਰਥਿਕ ਹਾਲਤ ਵਿਚ ਸੁਧਾਰ ਨਹੀਂ ਹੋਇਆ, ਪਰ ਜ਼ਿੰਦਗੀ ਪ੍ਰਤੀ ਉਸ ਦਾ ਨਜ਼ਰੀਆ ਬਿਲਕੁਲ ਬਦਲ ਗਿਆ! ਮਿਸਾਲ ਲਈ, ਉਸ ਨੂੰ ਉਹ ਖ਼ੁਸ਼ੀ ਮਿਲੀ ਜੋ ਪਰਮੇਸ਼ੁਰ ਦੀ ਅਗਵਾਈ ਵਿਚ ਚੱਲਣ ਕਰਕੇ ਮਿਲਦੀ ਹੈ। (ਮੱਤੀ 5:3) ਉਸ ਨੂੰ ਯਹੋਵਾਹ ਦੇ ਗਵਾਹਾਂ ਵਿਚ ਸੱਚੇ ਦੋਸਤ ਮਿਲੇ। ਨਾਲੇ ਸਿੱਖੀਆਂ ਗੱਲਾਂ ਬਾਰੇ ਦੂਜਿਆਂ ਨੂੰ ਦੱਸ ਕੇ ਵੀ ਉਸ ਨੂੰ ਖ਼ੁਸ਼ੀ ਮਿਲੀ।
ਬਾਈਬਲ ਦੱਸਦੀ ਹੈ: “ਗਿਆਨ ਉਸ ਦੇ ਨਤੀਜਿਆਂ ਤੋਂ ਸੱਚਾ ਸਿੱਧ ਹੁੰਦਾ ਹੈ।” (ਮੱਤੀ 11:19, CL) ਇਸ ਆਧਾਰ ’ਤੇ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਉਦੋਂ ਖ਼ੁਸ਼ੀ ਮਿਲੇਗੀ ਜਦੋਂ ਅਸੀਂ ਸੰਤੋਖ ਰੱਖਾਂਗੇ, ਖੁੱਲ੍ਹ-ਦਿਲੇ ਬਣਾਂਗੇ ਅਤੇ ਚੀਜ਼ਾਂ ਦੀ ਬਜਾਇ ਲੋਕਾਂ ਨੂੰ ਅਹਿਮੀਅਤ ਦੇਵਾਂਗੇ।