ਸਮੱਸਿਆ ਹੈ ਕੀ?
ਸਾਡੀ ਸੁਰੱਖਿਆ ਨੂੰ ਖ਼ਤਰੇ
“ਭਾਵੇਂ ਅੱਜ ਦੀ ਪੀੜ੍ਹੀ ਕੋਲ ਵਧੀਆ ਜ਼ਿੰਦਗੀ ਜੀਉਣ ਲਈ ਕਿਸੇ ਚੀਜ਼ ਦੀ ਘਾਟ ਨਹੀਂ ਹੈ ਅਤੇ ਤਕਨਾਲੋਜੀ ਤੇ ਵਿਗਿਆਨ ਦੇ ਖੇਤਰ ਵਿਚ ਬਹੁਤ ਤਰੱਕੀ ਹੋਈ ਹੈ। ਪਰ ਪੂਰੇ ਇਤਿਹਾਸ ਦੌਰਾਨ ਇਹ ਪਹਿਲੀ ਵਾਰ ਹੈ ਜਦੋਂ ਇਨਸਾਨ [ਰਾਜਨੀਤੀ, ਅਰਥ-ਵਿਵਸਥਾ ਅਤੇ ਵਾਤਾਵਰਣ ਸੰਬੰਧੀ] ਦੁਨੀਆਂ ਨੂੰ ਤਬਾਹੀ ਦੇ ਕਿਨਾਰੇ ʼਤੇ ਲੈ ਆਏ ਹਨ।”—The Global Risks Report 2018, World Economic Forum.
ਅੱਜ ਬਹੁਤ ਸਾਰੇ ਸਮਝਦਾਰ ਲੋਕ ਇਨਸਾਨਾਂ ਅਤੇ ਧਰਤੀ ਦੇ ਭਵਿੱਖ ਨੂੰ ਲੈ ਕੇ ਕਿਉਂ ਚਿੰਤਿਤ ਹਨ? ਆਓ ਆਪਾਂ ਗੌਰ ਕਰੀਏ ਕਿ ਅਸੀਂ ਕਿਨ੍ਹਾਂ ਚੁਣੌਤੀਆਂ ਦਾ ਸਾਮ੍ਹਣਾ ਕਰ ਰਹੇ ਹਾਂ।
-
ਇੰਟਰਨੈੱਟ ʼਤੇ ਹੁੰਦੇ ਅਪਰਾਧ: ਇਕ ਅਖ਼ਬਾਰ ਕਹਿੰਦੀ ਹੈ: “ਅੱਜ-ਕੱਲ੍ਹ ਇੰਟਰਨੈੱਟ ਚਲਾਉਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਇੰਟਰਨੈੱਟ ʼਤੇ ਗੁੰਡਿਆਂ, ਹੈਕਰਾਂ, ਗ਼ਲਤ ਗੱਲਾਂ ਫੈਲਾਉਣ ਵਾਲਿਆਂ ਅਤੇ ਬੱਚਿਆਂ ਨਾਲ ਬਦਫ਼ੈਲੀ ਕਰਨ ਵਾਲੇ ਲੋਕਾਂ ਨੂੰ ਸ਼ਹਿ ਮਿਲਦੀ ਹੈ। ਨਿੱਜੀ ਜਾਣਕਾਰੀ ਦੀ ਚੋਰੀ ਹੋਣੀ ਦੁਨੀਆਂ ਵਿਚ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਅਪਰਾਧ ਹੈ। . . . ਅੱਜ-ਕੱਲ੍ਹ ਇੰਟਰਨੈੱਟ ਰਾਹੀਂ ਗ਼ਲਤ ਸੋਚ ਨੂੰ ਹਕੀਕਤ ਵਿਚ ਬਦਲਣਾ ਬਹੁਤ ਆਸਾਨ ਹੈ। ਇਸ ਕਰਕੇ ਲੋਕ ਸੌਖਿਆਂ ਹੀ ਵਹਿਸ਼ੀ ਤੇ ਬੇਰਹਿਮੀ ਭਰੇ ਕੰਮ ਕਰਦੇ ਹਨ।”—The Australian.
-
ਅਮੀਰ-ਗ਼ਰੀਬ ਵਿਚ ਜ਼ਮੀਨ-ਆਸਮਾਨ ਦਾ ਫ਼ਰਕ: ਇਕ ਰਿਪੋਰਟ ਮੁਤਾਬਕ ਦੁਨੀਆਂ ਦੇ ਸਭ ਤੋਂ ਅਮੀਰ ਅੱਠ ਲੋਕਾਂ ਕੋਲ ਉੱਨਾ ਪੈਸਾ ਹੈ ਜਿੰਨਾ ਦੁਨੀਆਂ ਭਰ ਦੇ 3 ਅਰਬ 60 ਕਰੋੜ ਗ਼ਰੀਬ ਲੋਕਾਂ ਕੋਲ ਹੈ। “ਸਾਡੀ ਮਾੜੀ ਅਰਥ-ਵਿਵਸਥਾ ਕਰਕੇ ਅਮੀਰ ਦਿਨ-ਬਦਿਨ ਅਮੀਰ ਹੁੰਦਾ ਜਾ ਰਿਹਾ ਹੈ ਅਤੇ ਗ਼ਰੀਬ ਦਿਨ-ਬਦਿਨ ਗ਼ਰੀਬ। ਇਨ੍ਹਾਂ ਗ਼ਰੀਬ ਲੋਕਾਂ ਵਿਚ ਜ਼ਿਆਦਾਤਰ ਔਰਤਾਂ ਹਨ।” (Oxfam International) ਕੁਝ ਲੋਕਾਂ ਨੂੰ ਡਰ ਹੈ ਕਿ ਇਸ ਫ਼ਾਸਲੇ ਕਰਕੇ ਦੰਗੇ-ਫ਼ਸਾਦ ਹੋ ਸਕਦੇ ਹਨ।
-
ਯੁੱਧ ਅਤੇ ਅਤਿਆਚਾਰ: 2018 ਦੀ ਇਕ ਰਿਪੋਰਟ ਮੁਤਾਬਕ: “ਅੱਜ ਦੇ ਜ਼ਮਾਨੇ ਵਿਚ ਪੂਰੇ ਮਨੁੱਖੀ ਇਤਿਹਾਸ ਨਾਲੋਂ ਕਿਤੇ ਜ਼ਿਆਦਾ ਲੋਕਾਂ ਨੂੰ ਸ਼ਰਨਾਰਥੀ ਬਣਨਾ ਪਿਆ ਹੈ। ਹਰ 2 ਸੈਕਿੰਡ ਵਿਚ 1 ਵਿਅਕਤੀ ਨੂੰ ਮਜਬੂਰਨ ਆਪਣਾ ਘਰ-ਬਾਰ ਛੱਡਣਾ ਪੈਂਦਾ ਹੈ।” (United Nations Refugee Agency) 6 ਕਰੋੜ 80 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਆਪਣੇ ਘਰ-ਬਾਰ ਮੁੱਖ ਤੌਰ ʼਤੇ ਯੁੱਧਾਂ ਅਤੇ ਅਤਿਆਚਾਰਾਂ ਕਰਕੇ ਛੱਡਣੇ ਪਏ।
-
ਵਾਤਾਵਰਣ ਨੂੰ ਖ਼ਤਰੇ: 2018 ਦੀ ਇਕ ਰਿਪੋਰਟ ਮੁਤਾਬਕ: “ਜੀਵ-ਜੰਤੂ ਅਤੇ ਪੇੜ-ਪੌਦੇ ਵੱਡੀ ਤਾਦਾਦ ਵਿਚ ਅਲੋਪ ਹੋ ਰਹੇ ਹਨ। ਹਵਾ ਅਤੇ ਸਮੁੰਦਰਾਂ ਵਿਚ ਵਧ ਰਿਹਾ ਪ੍ਰਦੂਸ਼ਣ ਦਿਨ-ਬਦਿਨ ਇਨਸਾਨਾਂ ਲਈ ਵੱਡਾ ਖ਼ਤਰਾ ਬਣ ਰਿਹਾ ਹੈ।” (The Global Risks Report 2018) ਕਈ ਦੇਸ਼ਾਂ ਵਿਚ ਕੀੜੇ-ਮਕੌੜਿਆਂ ਦੀ ਤਾਦਾਦ ਲਗਾਤਾਰ ਘੱਟ ਰਹੀ ਹੈ। ਕੀੜੇ-ਮਕੌੜਿਆਂ ਤੋਂ ਬਿਨਾਂ ਪੌਦਿਆਂ ਤੇ ਦਰਖ਼ਤਾਂ ਦਾ ਪਰਾਗਣ ਨਹੀਂ ਹੋ ਸਕਦਾ, ਇਸ ਲਈ ਵਿਗਿਆਨੀ ਚੇਤਾਵਨੀ ਦਿੰਦੇ ਹਨ ਕਿ ਸਾਡਾ ਵਾਤਾਵਰਣ ਪੂਰੀ ਤਰ੍ਹਾਂ ਤਬਾਹ ਹੋ ਸਕਦਾ ਹੈ। ਮੂੰਗਾ ਚਟਾਨਾਂ (coral reefs) ਵੀ ਖ਼ਤਰੇ ਵਿਚ ਹਨ। ਵਿਗਿਆਨੀ ਅੰਦਾਜ਼ਾ ਲਾਉਂਦੇ ਹਨ ਕਿ ਪਿਛਲੇ 30 ਸਾਲਾਂ ਦੌਰਾਨ ਦੁਨੀਆਂ ਦੀਆਂ ਲਗਭਗ ਅੱਧੀਆਂ ਮੂੰਗਾ ਚਟਾਨਾਂ ਖ਼ਤਮ ਹੋ ਚੁੱਕੀਆਂ ਹਨ।
ਕੀ ਅਸੀਂ ਦੁਨੀਆਂ ਨੂੰ ਤਬਾਹੀ ਤੋਂ ਬਚਾਉਣ ਅਤੇ ਸੁਰੱਖਿਆ ਕਾਇਮ ਕਰਨ ਲਈ ਜ਼ਰੂਰੀ ਬਦਲਾਅ ਕਰ ਸਕਦੇ ਹਾਂ? ਕੁਝ ਲੋਕਾਂ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਕਰਨ ਦਾ ਇਕ ਤਰੀਕਾ ਹੈ ਕਿ ਲੋਕਾਂ ਨੂੰ ਸਿੱਖਿਆ ਮਿਲੇ। ਪਰ ਕਿਹੜੀ ਸਿੱਖਿਆ ਲੋਕਾਂ ਦੀ ਸੋਚ ਬਦਲ ਸਕਦੀ ਹੈ? ਅਗਲੇ ਲੇਖਾਂ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ।