ਤਣਾਅ ਤੋਂ ਰਾਹਤ
ਤਣਾਅ ਤੋਂ ਬਗੈਰ ਜ਼ਿੰਦਗੀ
ਬਾਈਬਲ ਵਿਚ ਪਾਈ ਜਾਂਦੀ ਬੁੱਧ ਦੀ ਮਦਦ ਨਾਲ ਅਸੀਂ ਬਿਨਾਂ ਵਜ੍ਹਾ ਹੋਣ ਵਾਲੇ ਤਣਾਅ ਤੋਂ ਬਚ ਸਕਦੇ ਹਾਂ। ਅਸੀਂ ਆਪਣੇ ਆਪ ਪੂਰੀ ਤਰ੍ਹਾਂ ਤਣਾਅ ਤੋਂ ਮੁਕਤ ਨਹੀਂ ਹੋ ਸਕਦੇ। ਪਰ ਸਾਡਾ ਸਿਰਜਣਹਾਰ ਸਾਡੀ ਮਦਦ ਕਰ ਸਕਦਾ ਹੈ। ਉਸ ਨੇ ਤਾਂ ਸਾਡੀ ਮਦਦ ਕਰਨ ਲਈ ਕਿਸੇ ਨੂੰ ਚੁਣਿਆ ਵੀ ਹੈ। ਉਹ ਹੈ, ਯਿਸੂ ਮਸੀਹ। ਜਲਦ ਹੀ ਯਿਸੂ ਪੂਰੀ ਧਰਤੀ ʼਤੇ ਉਨ੍ਹਾਂ ਚਮਤਕਾਰਾਂ ਨਾਲੋਂ ਵੀ ਵੱਡੇ-ਵੱਡੇ ਚਮਤਕਾਰ ਕਰੇਗਾ ਜੋ ਉਸ ਨੇ ਇਨਸਾਨ ਵਜੋਂ ਧਰਤੀ ʼਤੇ ਹੁੰਦਿਆਂ ਕੀਤੇ ਸਨ। ਮਿਸਾਲ ਲਈ:
ਯਿਸੂ ਬੀਮਾਰਾਂ ਨੂੰ ਠੀਕ ਕਰੇਗਾ ਜਿੱਦਾਂ ਉਸ ਨੇ ਪਹਿਲਾਂ ਕੀਤਾ ਸੀ।
‘ਲੋਕ ਉਨ੍ਹਾਂ ਸਾਰੇ ਲੋਕਾਂ ਨੂੰ ਉਸ ਕੋਲ ਲੈ ਕੇ ਆਏ ਜਿਹੜੇ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਤੋਂ ਦੁਖੀ ਸਨ ਅਤੇ ਉਸ ਨੇ ਉਨ੍ਹਾਂ ਸਾਰਿਆਂ ਨੂੰ ਠੀਕ ਕੀਤਾ।’—ਮੱਤੀ 4:24.
ਯਿਸੂ ਸਾਰਿਆਂ ਲਈ ਘਰ ਅਤੇ ਖਾਣੇ ਦਾ ਪ੍ਰਬੰਧ ਕਰੇਗਾ।
“ਓਹ [ਯਾਨੀ ਮਸੀਹ ਦੀ ਪਰਜਾ] ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ। ਓਹ ਨਾ ਬਣਾਉਣਗੇ ਭਈ ਦੂਜਾ ਵੱਸੇ, ਓਹ ਨਾ ਲਾਉਣਗੇ ਭਈ ਦੂਜਾ ਖਾਵੇ।”—ਯਸਾਯਾਹ 65:21, 22.
ਯਿਸੂ ਦਾ ਰਾਜ ਪੂਰੀ ਦੁਨੀਆਂ ʼਤੇ ਸ਼ਾਂਤੀ ਅਤੇ ਸੁਰੱਖਿਆ ਲਿਆਵੇਗਾ।
“ਉਹ ਦੇ ਦਿਨੀਂ ਧਰਮੀ ਲਹਿ ਲਹਾਉਣਗੇ, ਅਤੇ ਜਿੰਨਾ ਚਿਰ ਚੰਦਰਮਾ ਜਾਂਦਾ ਨਾ ਰਹੇ ਬਾਹਲਾ ਸੁਖ ਹੋਵੇਗਾ। ਉਹ ਸਮੁੰਦਰੋਂ ਲੈ ਕੇ ਸਮੁੰਦਰ ਤੀਕ ਅਤੇ ਦਰਿਆ ਤੋਂ ਲੈ ਕੇ ਧਰਤੀ ਦੇ ਬੰਨੇ ਤੀਕ ਰਾਜ ਕਰੇਗਾ। . . . ਉਹ ਦੇ ਵੈਰੀ ਖ਼ਾਕ ਚੱਟਣਗੇ!”—ਜ਼ਬੂਰਾਂ ਦੀ ਪੋਥੀ 72:7-9.
ਯਿਸੂ ਬੇਇਨਸਾਫ਼ੀ ਦਾ ਖ਼ਾਤਮਾ ਕਰੇਗਾ।
“ਉਹ ਗਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ, ਅਤੇ ਕੰਗਾਲ ਦੀਆਂ ਜਾਨਾਂ ਨੂੰ ਬਚਾਵੇਗਾ। ਉਹ ਉਨ੍ਹਾਂ ਦੀ ਜਾਨ ਨੂੰ ਛਲ ਤੇ ਅਨ੍ਹੇਰ ਤੋਂ ਨਿਸਤਾਰਾ ਦੇਵੇਗਾ।”—ਜ਼ਬੂਰਾਂ ਦੀ ਪੋਥੀ 72:13, 14.
ਯਿਸੂ ਦੁੱਖ ਅਤੇ ਮੌਤ ਵੀ ਖ਼ਤਮ ਕਰੇਗਾ।
“ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ।”—ਪ੍ਰਕਾਸ਼ ਦੀ ਕਿਤਾਬ 21:4.