ਸੰਸਾਰ ਉੱਤੇ ਨਜ਼ਰ | ਰਿਸ਼ਤੇ
ਰਿਸ਼ਤਿਆਂ ’ਤੇ ਇਕ ਨਜ਼ਰ
ਜਦੋਂ ਰਿਸ਼ਤਿਆਂ ਦੀ ਗੱਲ ਆਉਂਦੀ ਹੈ, ਤਾਂ ਕੀ ਤੁਸੀਂ ਬਾਈਬਲ ਵਿੱਚੋਂ ਸਭ ਤੋਂ ਪਹਿਲਾਂ ਸਲਾਹ ਲਓਗੇ ਜਾਂ ਅਖ਼ੀਰ ਵਿਚ? ਦੇਖੋ ਕਿ ਇਸ ਵਿਚ ਦਿੱਤੀ ਪੁਰਾਣੇ ਜ਼ਮਾਨੇ ਦੀ ਸਲਾਹ ਨਵੀਂ ਖੋਜ ਨਾਲ ਕਿਵੇਂ ਮੇਲ ਖਾਂਦੀ ਹੈ।
ਭਾਰਤ
2014 ਵਿਚ ਹੋਏ ਇਕ ਸਰਵੇਖਣ ਦੇ ਮੁਤਾਬਕ 18-25 ਸਾਲ ਦੇ 61 ਪ੍ਰਤਿਸ਼ਤ ਨੌਜਵਾਨ ਸੋਚਦੇ ਹਨ ਕਿ ਵਿਆਹ ਤੋਂ ਪਹਿਲਾਂ ਸੈਕਸ ਕਰਨਾ “ਹੁਣ ਭਾਰਤ ਵਿਚ ਕੋਈ ਵੱਡੀ ਗੱਲ ਨਹੀਂ ਰਹੀ।” ਮੁੰਬਈ ਦੇ ਇਕ ਡਾਕਟਰ ਨੇ ਹਿੰਦੁਸਤਾਨ ਟਾਈਮਜ਼ ਅਖ਼ਬਾਰ ਵਿਚ ਕਿਹਾ ਕਿ ਮੇਰੇ ਖ਼ਿਆਲ ਨਾਲ “ਕਿਸੇ ਨਾਲ ਰਿਸ਼ਤਾ ਜੋੜਨ ਦਾ ਇਹ ਮਤਲਬ ਨਹੀਂ ਕਿ ਨੌਜਵਾਨ ਵਿਆਹ ਕਰਾਉਣ ਦੇ ਇਰਾਦੇ ਨਾਲ ਇਸ ਤਰ੍ਹਾਂ ਕਰਦੇ ਹਨ। ਭਾਵੇਂ ਇਹ ਇਕ ਰਾਤ ਦਾ ਰਿਸ਼ਤਾ ਹੋਵੇ ਜਾਂ ਉਹ ਵਿਆਹ ਤੋਂ ਪਹਿਲਾਂ ਇਕੱਠੇ ਰਹਿੰਦੇ ਹੋਣ, ਪਰ ਜੀਵਨ ਭਰ ਸਾਥ ਨਿਭਾਉਣ ਦੀ ਗੱਲ ਉਨ੍ਹਾਂ ਦੇ ਦਿਮਾਗ਼ ਵਿਚ ਨਹੀਂ ਹੁੰਦੀ।”
ਇਸ ਬਾਰੇ ਸੋਚੋ: ਕੀ ਜ਼ਿਆਦਾਤਰ ਜਿਨਸੀ ਬੀਮਾਰੀਆਂ ਅਤੇ ਸਦਮਾ ਲੱਗਣ ਦਾ ਕਾਰਨ ਵਿਆਹ ਤੋਂ ਪਹਿਲਾਂ ਸੈਕਸ ਕਰਨਾ ਹੁੰਦਾ ਹੈ ਜਾਂ ਵਿਆਹ ਤੋਂ ਬਾਅਦ?
ਡੈਨਮਾਰਕ
ਪਰਿਵਾਰ ਦੇ ਮੈਂਬਰਾਂ ਨਾਲ ਅਕਸਰ ਝਗੜਾ ਕਰਨ ਨਾਲ ਅਧਖੜ ਉਮਰ ਵਿਚ ਮਰਨ ਦਾ ਖ਼ਤਰਾ ਦੁਗਣਾ ਹੁੰਦਾ ਹੈ। ਕੋਪਨਹੇਗਨ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਤਕਰੀਬਨ 10,000 ਅਧਖੜ ਉਮਰ ਦੇ ਲੋਕਾਂ ਉੱਤੇ 11 ਸਾਲਾਂ ਤਕ ਅਧਿਐਨ ਕੀਤਾ। ਉਨ੍ਹਾਂ ਨੇ ਦੇਖਿਆ ਕਿ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਅਕਸਰ ਝਗੜਾ ਕਰਨ ਵਾਲਿਆਂ ਦੇ ਸਮੇਂ ਤੋਂ ਪਹਿਲਾਂ ਮਰਨ ਦਾ ਖ਼ਤਰਾ ਉਨ੍ਹਾਂ ਲੋਕਾਂ ਦੇ ਮੁਕਾਬਲੇ ਜ਼ਿਆਦਾ ਹੁੰਦਾ ਸੀ ਜਿਨ੍ਹਾਂ ਦਾ ਕਦੇ-ਕਦੇ ਝਗੜਾ ਹੁੰਦਾ ਸੀ। ਇਸ ਅਧਿਐਨ ਦੀ ਲੇਖਕਾ ਕਹਿੰਦੀ ਹੈ ਕਿ ਚਿੰਤਾਵਾਂ ਦੂਰ ਕਰਨੀਆਂ, ਮੰਗਾਂ ਪੂਰੀਆਂ ਕਰਨੀਆਂ ਅਤੇ ਝਗੜੇ ਸੁਲਝਾਉਣੇ “ਜ਼ਰੂਰੀ ਤਰੀਕੇ ਹੋ ਸਕਦੇ ਹਨ ਜਿਨ੍ਹਾਂ ਨਾਲ ਸਮੇਂ ਤੋਂ ਪਹਿਲਾਂ ਹੁੰਦੀਆਂ ਮੌਤਾਂ ਨੂੰ ਘਟਾਇਆ ਜਾ ਸਕਦਾ ਹੈ।”
ਬਾਈਬਲ ਕਹਿੰਦੀ ਹੈ: “ਗਿਆਨਵਾਨ ਘੱਟ ਬੋਲਦਾ ਹੈ, ਅਤੇ ਸਮਝ ਵਾਲਾ ਸ਼ੀਲ ਸੁਭਾਉ ਹੁੰਦਾ ਹੈ।”
ਅਮਰੀਕਾ
ਲੁਜ਼ੀਆਨਾ ਵਿਚ 564 ਨਵੇਂ ਵਿਆਹੇ ਜੋੜਿਆਂ ’ਤੇ ਹਾਲ ਹੀ ਵਿਚ ਇਕ ਅਧਿਐਨ ਕੀਤਾ ਗਿਆ। ਇਸ ਅਧਿਐਨ ਮੁਤਾਬਕ ਜਿਹੜੇ ਮੁੰਡੇ-ਕੁੜੀਆਂ ਡੇਟਿੰਗ ਦੌਰਾਨ ਇਕ-ਦੂਜੇ ਤੋਂ ਅਲੱਗ ਹੋ ਜਾਂਦੇ ਹਨ ਤੇ ਦੁਬਾਰਾ ਇਕ-ਦੂਜੇ ਨਾਲ ਰੋਮਾਂਟਿਕ ਰਿਸ਼ਤਾ ਜੋੜ ਲੈਂਦੇ ਹਨ, ਉਹ ਸ਼ਾਇਦ ਵਿਆਹ ਦੇ ਪਹਿਲੇ ਪੰਜ ਸਾਲਾਂ ਵਿਚ ਕੁਝ ਸਮੇਂ ਲਈ ਅੱਡ ਹੋ ਜਾਣ। ਸ਼ਾਇਦ ਉਹ ਦੇਖਣ ਕਿ ਉਹ ਇਕ-ਦੂਜੇ ਤੋਂ ਬਗੈਰ ਰਹਿ ਸਕਦੇ ਹਨ ਕਿ ਨਹੀਂ। ਉਨ੍ਹਾਂ ਵਿਚ ਲੜਾਈ-ਝਗੜੇ ਜ਼ਿਆਦਾ ਹੁੰਦੇ ਹਨ ਤੇ ਉਹ ਵਿਆਹੁਤਾ ਜੀਵਨ ਤੋਂ ਵੀ ਘੱਟ ਹੀ ਖ਼ੁਸ਼ ਹੁੰਦੇ ਹਨ।
ਬਾਈਬਲ ਕਹਿੰਦੀ ਹੈ: “ਜਿਨ੍ਹਾਂ ਨੂੰ ਪਰਮੇਸ਼ੁਰ ਨੇ [ਵਿਆਹ ਦੇ] ਬੰਧਨ ਵਿਚ ਬੰਨ੍ਹਿਆ ਹੈ, ਕੋਈ ਵੀ ਇਨਸਾਨ ਉਨ੍ਹਾਂ ਨੂੰ ਅੱਡ ਨਾ ਕਰੇ।”