ਨੌਜਵਾਨਾਂ ਲਈ
9: ਪਛਾਣ ਬਣਾਓ
ਇਸ ਦਾ ਕੀ ਮਤਲਬ ਹੈ?
ਤੁਹਾਡੀ ਪਛਾਣ ਤੁਹਾਡੇ ਨਾਮ ਜਾਂ ਬਾਹਰੀ ਰੂਪ ਤੋਂ ਕਿਤੇ ਵੱਧ ਕੇ ਹੁੰਦੀ ਹੈ। ਤੁਹਾਡੀ ਪਛਾਣ ਵਿਚ ਤੁਹਾਡੀ ਸ਼ਖ਼ਸੀਅਤ, ਤੁਹਾਡੀਆਂ ਕਦਰਾਂ-ਕੀਮਤਾਂ, ਤੁਹਾਡੇ ਵਿਸ਼ਵਾਸ ਸ਼ਾਮਲ ਹਨ। ਤੁਹਾਡੀ ਪਛਾਣ ਤੋਂ ਸਾਰਿਆਂ ਨੂੰ ਪਤਾ ਲੱਗੇਗਾ ਕਿ “ਤੁਸੀਂ” ਅੰਦਰੋਂ ਅਤੇ ਬਾਹਰੋਂ ਕਿਹੋ ਜਿਹੇ ਇਨਸਾਨ ਹੋ।
ਇਹ ਜ਼ਰੂਰੀ ਕਿਉਂ ਹੈ?
ਜਦੋਂ ਤੁਹਾਡੀ ਆਪਣੀ ਪਛਾਣ ਹੁੰਦੀ ਹੈ, ਤਾਂ ਤੁਸੀਂ ਆਪਣੇ ਦੋਸਤਾਂ ਦੇ ਦਬਾਅ ਹੇਠ ਆ ਕੇ ਆਪਣੇ ਵਿਸ਼ਵਾਸਾਂ ਨਾਲ ਸਮਝੌਤਾ ਨਹੀਂ ਕਰਦੇ।
“ਅੱਜ ਬਹੁਤ ਸਾਰੇ ਲੋਕ ਦੁਕਾਨਾਂ ਵਿਚ ਪਏ ਪੁਤਲਿਆਂ ਵਰਗੇ ਹੁੰਦੇ ਹਨ। ਦੂਸਰੇ ਉਨ੍ਹਾਂ ਲਈ ਫ਼ੈਸਲਾ ਕਰਦੇ ਹਨ ਕਿ ਉਹ ਕਿਹੋ ਜਿਹੇ ਕੱਪੜੇ ਪਾਉਣਗੇ ਨਾ ਕਿ ਉਹ ਆਪ।”—ਏਡਰੀਅਨ।
“ਮੈਂ ਸਹੀ ਗੱਲ ਦਾ ਸਾਥ ਦੇਣਾ ਸਿੱਖਿਆ ਹੈ ਭਾਵੇਂ ਇੱਦਾਂ ਕਰਨਾ ਮੇਰੇ ਲਈ ਕਦੀ-ਕਦੀ ਔਖਾ ਹੁੰਦਾ ਹੈ। ਮੇਰੇ ਸੱਚੇ ਦੋਸਤ ਉਹੀ ਹਨ ਜਿਨ੍ਹਾਂ ਸਾਮ੍ਹਣੇ ਮੈਂ ਖੁੱਲ੍ਹ ਕੇ ਗੱਲ ਕਰ ਸਕਦਾ ਹਾਂ ਕਿਉਂਕਿ ਉਹ ਮੇਰੇ ਮਿਆਰਾਂ ਦੀ ਇੱਜ਼ਤ ਕਰਦੇ ਹਨ।”—ਕੋਰਟਨੀ।
ਬਾਈਬਲ ਦਾ ਅਸੂਲ: “ਇਸ ਦੁਨੀਆਂ ਦੇ ਲੋਕਾਂ ਦੀ ਨਕਲ ਕਰਨੀ ਛੱਡ ਦਿਓ, ਸਗੋਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਣ ਲਈ ਆਪਣੀ ਸੋਚ ਨੂੰ ਬਦਲੋ।”—ਰੋਮੀਆਂ 12:2.
ਤੁਸੀਂ ਕੀ ਕਰ ਸਕਦੇ ਹੋ?
ਆਪਣੀਆਂ ਖੂਬੀਆਂ, ਕਮਜ਼ੋਰੀਆਂ ਤੇ ਵਿਸ਼ਵਾਸਾਂ ਦੇ ਜ਼ਰੀਏ ਆਪਣੀ ਜਾਂਚ ਕਰ ਕੇ ਦੇਖੋ ਕਿ ਤੁਸੀਂ ਹੁਣ ਕਿੱਦਾਂ ਦੇ ਇਨਸਾਨ ਹੋ ਤੇ ਤੁਸੀਂ ਕਿੱਦਾਂ ਦੇ ਇਨਸਾਨ ਬਣਨਾ ਚਾਹੁੰਦੇ ਹੋ। ਹੇਠਾਂ ਦਿੱਤੇ ਸਵਾਲਾਂ ਦੀ ਮਦਦ ਨਾਲ ਤੁਸੀਂ ਆਪਣੀ ਜਾਂਚ ਕਰ ਸਕਦੇ ਹੋ।
ਖੂਬੀਆਂ: ਮੇਰੇ ਵਿਚ ਕਿਹੜੇ ਹੁਨਰ ਅਤੇ ਕਾਬਲੀਅਤਾਂ ਹਨ? ਕਿਹੜੇ ਕੰਮ ਮੈਂ ਸਭ ਤੋਂ ਵਧੀਆ ਤਰੀਕੇ ਨਾਲ ਕਰ ਸਕਦਾ ਹਾਂ? (ਮਿਸਾਲ ਲਈ: ਕੀ ਮੈਂ ਸਮੇਂ ਸਿਰ ਕੰਮ ਕਰਦਾ ਹਾਂ? ਕੀ ਮੈਂ ਸੰਜਮੀ, ਮਿਹਨਤੀ ਤੇ ਖੁੱਲ੍ਹੇ ਦਿਲ ਵਾਲਾ ਹਾਂ?) ਮੈਂ ਹੋਰ ਕਿਹੜੇ ਚੰਗੇ ਕੰਮ ਕਰਦਾ ਹਾਂ?
ਸੁਝਾਅ: ਕੀ ਤੁਹਾਨੂੰ ਆਪਣੇ ਵਿਚ ਚੰਗੇ ਗੁਣ ਦੇਖਣੇ ਔਖੇ ਲੱਗਦੇ? ਕਿਉਂ ਨਾ ਆਪਣੇ ਮਾਤਾ-ਪਿਤਾ ਜਾਂ ਕਿਸੇ ਭਰੋਸੇਮੰਦ ਦੋਸਤ ਤੋਂ ਪੁੱਛੋ ਕਿ ਤੁਹਾਡੇ ਵਿਚ ਕਿਹੜੀਆਂ ਖੂਬੀਆਂ ਹਨ ਤੇ ਉਨ੍ਹਾਂ ਨੂੰ ਇਹ ਖੂਬੀਆਂ ਕਿਉਂ ਪਸੰਦ ਹਨ?
ਬਾਈਬਲ ਦਾ ਅਸੂਲ: “ਹਰ ਇਨਸਾਨ ਖ਼ੁਦ ਆਪਣੇ ਕੰਮ ਦੀ ਜਾਂਚ ਕਰੇ। ਇਸ ਤਰ੍ਹਾਂ ਕਰਨ ਨਾਲ ਉਹ ਆਪਣੇ ਕੰਮ ਤੋਂ ਖ਼ੁਸ਼ ਹੋਵੇਗਾ। ਉਹ ਆਪਣੀ ਤੁਲਨਾ ਕਿਸੇ ਹੋਰ ਨਾਲ ਨਾ ਕਰੇ।”—ਗਲਾਤੀਆਂ 6:4.
ਕਮਜ਼ੋਰੀਆਂ: ਮੈਨੂੰ ਆਪਣੇ ਵਿਚ ਕਿਹੜੀਆਂ ਗੱਲਾਂ ਵਿਚ ਸਭ ਤੋਂ ਜ਼ਿਆਦਾ ਸੁਧਾਰ ਕਰਨ ਦੀ ਲੋੜ ਹੈ? ਮੇਰਾ ਮਨ ਕਦੋਂ ਮੈਨੂੰ ਕੋਈ ਗ਼ਲਤ ਕੰਮ ਕਰਨ ਲਈ ਸਭ ਤੋਂ ਜ਼ਿਆਦਾ ਉਕਸਾਉਂਦਾ ਹੈ? ਕਿਹੜੀਆਂ ਗੱਲਾਂ ਵਿਚ ਮੈਨੂੰ ਹੋਰ ਜ਼ਿਆਦਾ ਸੰਜਮ ਦਿਖਾਉਣ ਦੀ ਲੋੜ ਹੈ?
ਬਾਈਬਲ ਦਾ ਅਸੂਲ: “ਜੇ ਅਸੀਂ ਕਹਿੰਦੇ ਹਾਂ: ‘ਸਾਡੇ ਵਿਚ ਪਾਪ ਨਹੀਂ ਹੈ,’ ਤਾਂ ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ।”—1 ਯੂਹੰਨਾ 1:8.
ਵਿਸ਼ਵਾਸ: ਮੇਰੇ ਨੈਤਿਕ ਮਿਆਰ ਕੀ ਹਨ ਤੇ ਮੈਨੂੰ ਇਹ ਕਿਉਂ ਪਸੰਦ ਹਨ? ਕੀ ਮੈਂ ਰੱਬ ਵਿਚ ਵਿਸ਼ਵਾਸ ਕਰਦਾ ਹਾਂ? ਕਿਹੜੇ ਸਬੂਤਾਂ ਤੋਂ ਮੈਨੂੰ ਯਕੀਨ ਹੋਇਆ ਹੈ ਕਿ ਰੱਬ ਹੈ? ਭਵਿੱਖ ਬਾਰੇ ਮੇਰੀ ਕੀ ਰਾਇ ਹੈ?
ਬਾਈਬਲ ਦਾ ਅਸੂਲ: “ਮੱਤ ਤੇਰੀ ਪਾਲਨਾ ਕਰੇਗੀ, ਅਤੇ ਸਮਝ ਤੇਰੀ ਰਾਖੀ ਕਰੇਗੀ।”—ਕਹਾਉਤਾਂ 2:11.