ਮਾਪਿਆਂ ਲਈ
8: ਮਿਸਾਲ ਬਣੋ
ਇਸ ਦਾ ਕੀ ਮਤਲਬ ਹੈ?
ਜਿਹੜੇ ਮਾਪੇ ਆਪਣੇ ਬੱਚਿਆਂ ਲਈ ਵਧੀਆ ਮਿਸਾਲ ਰੱਖਦੇ ਹਨ, ਉਹ ਉਨ੍ਹਾਂ ਗੱਲਾਂ ਮੁਤਾਬਕ ਖ਼ੁਦ ਵੀ ਚੱਲਦੇ ਹਨ ਜੋ ਉਹ ਆਪਣੇ ਬੱਚਿਆਂ ਨੂੰ ਸਿਖਾਉਂਦੇ ਹਨ। ਮਿਸਾਲ ਲਈ, ਜੇ ਤੁਹਾਡੇ ਘਰ ਕੋਈ ਆਇਆ ਹੈ ਤੇ ਤੁਸੀਂ ਉਸ ਨਾਲ ਗੱਲ ਨਹੀਂ ਕਰਨੀ ਚਾਹੁੰਦੇ ਤੇ ਤੁਹਾਡਾ ਮੁੰਡਾ ਤੁਹਾਨੂੰ ਇਹ ਕਹਿੰਦੇ ਹੋਏ ਸੁਣਦਾ ਹੈ: “ਉਸ ਨੂੰ ਕਹਿ ਦੇ ਕਿ ਮੈਂ ਘਰੇ ਨਹੀਂ।” ਕੀ ਤੁਸੀਂ ਆਪਣੇ ਮੁੰਡੇ ਤੋਂ ਸੱਚ ਬੋਲਣ ਦੀ ਉਮੀਦ ਰੱਖ ਸਕਦੇ?
“ਮਾਪੇ ਆਪਣੇ ਬੱਚਿਆਂ ਤੋਂ ਇਹ ਆਸ ਨਹੀਂ ਰੱਖ ਸਕਦੇ ਕਿ ਉਹ ਉਨ੍ਹਾਂ ਦੇ ਕਹੇ ਮੁਤਾਬਕ ਕੰਮ ਕਰਨਗੇ ਜੇ ਮਾਪੇ ਆਪ ਉਹ ਕੰਮ ਨਹੀਂ ਕਰਦੇ। ਬੱਚੇ ਸਪੰਜ ਦੀ ਤਰ੍ਹਾਂ ਹੁੰਦੇ ਹਨ। ਤੁਸੀਂ ਜੋ ਕਰਦੇ ਹੋ ਅਤੇ ਜੋ ਕਹਿੰਦੇ ਹੋ ਉਹ ਸਾਰਾ ਕੁਝ ਸੋਖ ਲੈਂਦੇ ਹਨ ਅਤੇ ਜਦੋਂ ਮਾਪੇ ਬੱਚਿਆਂ ਨੂੰ ਸਿਖਾਈਆਂ ਗੱਲਾਂ ਮੁਤਾਬਕ ਨਹੀਂ ਚੱਲਦੇ, ਤਾਂ ਬੱਚੇ ਉਨ੍ਹਾਂ ਨੂੰ ਦੱਸ ਦਿੰਦੇ ਹਨ।”—ਡੇਵਿਡ।
ਬਾਈਬਲ ਦਾ ਅਸੂਲ: “ਤੂੰ ਦੂਜਿਆਂ ਨੂੰ ਸਿੱਖਿਆ ਦਿੰਦਾ ਹੈਂ, ‘ਚੋਰੀ ਨਾ ਕਰ,’ ਪਰ ਕੀ ਤੂੰ ਆਪ ਚੋਰੀ ਕਰਦਾ ਹੈਂ?”—ਰੋਮੀਆਂ 2:21.
ਇਹ ਜ਼ਰੂਰੀ ਕਿਉਂ ਹੈ?
ਬੱਚਿਆਂ ਅਤੇ ਨੌਜਵਾਨਾਂ ਦੀ ਜ਼ਿੰਦਗੀ ਵਿਚ ਮਾਪਿਆਂ ਤੋਂ ਛੁੱਟ ਕਿਸੇ ਦਾ ਵੀ ਇੰਨਾ ਅਸਰ ਨਹੀਂ ਪੈਂਦਾ, ਫਿਰ ਗੱਲ ਚਾਹੇ ਉਨ੍ਹਾਂ ਦੇ ਦੋਸਤਾਂ ਦੀ ਹੀ ਕਿਉਂ ਨਾ ਹੋਵੇ। ਇਸ ਦਾ ਮਤਲਬ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਸਿਖਾ ਸਕਦੇ ਹੋ। ਪਰ ਸਿਰਫ਼ ਉਦੋਂ ਜਦੋਂ ਤੁਸੀਂ ਆਪਣੀ ਸਿੱਖਿਆ ਮੁਤਾਬਕ ਖ਼ੁਦ ਚੱਲਦੇ ਹੋ।
“ਕਈ ਵਾਰ ਅਸੀਂ ਆਪਣੇ ਬੱਚੇ ਨੂੰ ਕੋਈ ਗੱਲ ਸੌਂ ਵਾਰੀ ਕਹਿੰਦੇ ਹਾਂ ਤੇ ਅਸੀਂ ਸੋਚਦੇ ਹਾਂ ਕਿ ਉਹ ਸੁਣ ਵੀ ਰਿਹਾ ਕਿ ਨਹੀਂ। ਪਰ ਜੇ ਤੁਸੀਂ ਇਕ ਵਾਰੀ ਵੀ ਆਪਣੇ ਕਹੇ ਮੁਤਾਬਕ ਕੰਮ ਨਹੀਂ ਕੀਤਾ, ਤਾਂ ਉਹ ਤੁਹਾਨੂੰ ਟੋਕ ਦੇਣਗੇ। ਚਾਹੇ ਸਾਨੂੰ ਲੱਗਦਾ ਹੈ ਕਿ ਸਾਡੇ ਬੱਚੇ ਸਾਡੇ ਵੱਲ ਧਿਆਨ ਨਹੀਂ ਦੇ ਰਹੇ, ਪਰ ਉਹ ਸਾਡੀ ਹਰ ਗੱਲ ਵੱਲ ਧਿਆਨ ਦਿੰਦੇ ਹਨ।”—ਨਿਕੋਲ।
ਬਾਈਬਲ ਦਾ ਅਸੂਲ: “ਜਿਸ ਇਨਸਾਨ ਨੂੰ ਸਵਰਗੋਂ ਬੁੱਧ ਮਿਲੀ ਹੈ, ਉਹ . . . ਪਖੰਡ ਨਹੀਂ ਕਰਦਾ।”—ਯਾਕੂਬ 3:17.
ਤੁਸੀਂ ਕੀ ਕਰ ਸਕਦੇ ਹੋ?
ਆਪਣੇ ਮਿਆਰਾਂ ਦੀ ਜਾਂਚ ਕਰੋ। ਤੁਸੀਂ ਕਿਸ ਤਰ੍ਹਾਂ ਦਾ ਮਨੋਰੰਜਨ ਪਸੰਦ ਕਰਦੇ ਹੋ? ਤੁਸੀਂ ਆਪਣੇ ਜੀਵਨ-ਸਾਥੀ ਅਤੇ ਬੱਚਿਆਂ ਨਾਲ ਕਿਵੇਂ ਪੇਸ਼ ਆਉਂਦੇ ਹੋ? ਤੁਹਾਡੇ ਦੋਸਤ ਕਿਹੋ ਜਿਹੇ ਹਨ? ਕੀ ਤੁਸੀਂ ਦੂਸਰਿਆਂ ਬਾਰੇ ਸੋਚਦੇ ਹੋ? ਮੁਕਦੀ ਗੱਲ, ਕੀ ਤੁਸੀਂ ਖ਼ੁਦ ਉੱਦਾਂ ਦੇ ਇਨਸਾਨ ਹੋ ਜਿਸ ਤਰ੍ਹਾਂ ਦਾ ਤੁਸੀਂ ਆਪਣੇ ਬੱਚਿਆਂ ਨੂੰ ਬਣਾਉਣਾ ਚਾਹੁੰਦੇ ਹੋ?
“ਮੈਂ ਤੇ ਮੇਰਾ ਪਤੀ ਬੱਚਿਆਂ ਨੂੰ ਉਨ੍ਹਾਂ ਮਿਆਰਾਂ ʼਤੇ ਚੱਲਣ ਲਈ ਨਹੀਂ ਕਹਿੰਦੇ ਜਿਨ੍ਹਾਂ ʼਤੇ ਅਸੀਂ ਖ਼ੁਦ ਨਹੀਂ ਚੱਲਦੇ।”—ਕ੍ਰਿਸਟੀਨ।
ਆਪਣੀਆਂ ਗ਼ਲਤੀਆਂ ਲਈ ਮਾਫ਼ੀ ਮੰਗੋ। ਤੁਹਾਡੇ ਬੱਚਿਆਂ ਨੂੰ ਇਹ ਗੱਲ ਪਤਾ ਹੈ ਕਿ ਤੁਸੀਂ ਵੀ ਗ਼ਲਤੀਆਂ ਕਰਦੇ ਹੋ। ਪਰ ਗ਼ਲਤੀ ਹੋਣ ਤੇ ਆਪਣੇ ਜੀਵਨ-ਸਾਥੀ ਅਤੇ ਬੱਚਿਆਂ ਨੂੰ “ਮੈਨੂੰ ਮਾਫ਼ ਕਰ ਦਿਓ” ਵਰਗੇ ਸ਼ਬਦ ਕਹਿਣ ਨਾਲ ਤੁਸੀਂ ਉਨ੍ਹਾਂ ਨੂੰ ਈਮਾਨਦਾਰ ਅਤੇ ਨਿਮਰ ਬਣਨਾ ਸਿਖਾਉਂਦੇ ਹੋ।
“ਜਦੋਂ ਅਸੀਂ ਗ਼ਲਤ ਹੁੰਦੇ ਹਾਂ, ਤਾਂ ਇਹ ਜ਼ਰੂਰੀ ਹੈ ਕਿ ਸਾਡੇ ਬੱਚੇ ਸਾਨੂੰ ਗ਼ਲਤੀ ਕਬੂਲ ਕਰਦਿਆਂ ਅਤੇ ਮਾਫ਼ੀ ਮੰਗਦਿਆਂ ਸੁਣਨ। ਜੇ ਅਸੀਂ ਇੱਦਾਂ ਨਹੀਂ ਕਰਦੇ, ਤਾਂ ਉਹ ਵੀ ਗ਼ਲਤੀ ਹੋਣ ʼਤੇ ਮਾਫ਼ੀ ਮੰਗਣ ਦੀ ਬਜਾਇ ਬਹਾਨੇ ਮਾਰਨਗੇ।”—ਰੌਬਿਨ।
“ਬੱਚਿਆਂ ʼਤੇ ਸਭ ਤੋਂ ਜ਼ਿਆਦਾ ਅਸਰ ਉਨ੍ਹਾਂ ਦੇ ਮਾਪਿਆਂ ਦਾ ਪੈਂਦਾ ਹੈ। ਇਸ ਲਈ ਆਪਣੀ ਮਿਸਾਲ ਦੁਆਰਾ ਸਿਖਾਉਣਾ ਸਭ ਤੋਂ ਵਧੀਆ ਤਰੀਕਾ ਹੈ ਕਿਉਂਕਿ ਬੱਚੇ ਹਰ ਵੇਲੇ ਸਾਨੂੰ ਦੇਖਦੇ ਹਨ। ਆਪਣੀ ਮਿਸਾਲ ਦੁਆਰਾ ਸਿਖਾਉਣਾ ਇਕ ਖੁੱਲ੍ਹੀ ਕਿਤਾਬ ਵਾਂਗ ਹੈ ਜਿਸ ਤੋਂ ਤੁਸੀਂ ਹਰ ਵੇਲੇ ਸਿਖਾ ਸਕਦੇ ਹੋ।”—ਵੈੱਨਡਲ।