ਪਰਿਵਾਰ ਦੀ ਮਦਦ ਲਈ | ਵਿਆਹੁਤਾ ਜੀਵਨ
ਜਦੋਂ ਬੱਚੇ ਘਰੋਂ ਚਲੇ ਜਾਣ
ਚੁਣੌਤੀ
ਜਦੋਂ ਬੱਚੇ ਵੱਡੇ ਹੋ ਕੇ ਘਰੋਂ ਚਲੇ ਜਾਂਦੇ ਹਨ, ਤਾਂ ਮਾਪਿਆਂ ਲਈ ਅਕਸਰ ਇਹ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ। ਉਹ ਖਾਲੀ ਘਰ ਵਿਚ ਸ਼ਾਇਦ ਅਜਨਬੀਆਂ ਵਾਂਗ ਮਹਿਸੂਸ ਕਰਨ। ਪਰਿਵਾਰਾਂ ਦਾ ਮਾਹਰ ਐੱਮ. ਗੈਰੀ ਨੋਈਮਨ ਲਿਖਦਾ ਹੈ: “ਮੈਂ ਉਨ੍ਹਾਂ ਲੋਕਾਂ ਨੂੰ ਸਲਾਹ ਦਿੰਦਾ ਹਾਂ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਆਪਣੇ ਜੀਵਨ-ਸਾਥੀ ਨਾਲ ਦੁਬਾਰਾ ਤੋਂ ਰਿਸ਼ਤਾ ਕਿਵੇਂ ਜੋੜਨ। ਹੁਣ ਜਦੋਂ ਬੱਚੇ ਘਰੋਂ ਚਲੇ ਗਏ ਹਨ, ਤਾਂ [ਮਾਪਿਆਂ] ਕੋਲ ਗੱਲਬਾਤ ਕਰਨ ਲਈ ਕੋਈ ਵਿਸ਼ਾ ਹੀ ਨਹੀਂ ਹੁੰਦਾ।” *
ਕੀ ਤੁਹਾਡੇ ਘਰ ਦੀ ਵੀ ਇਹੀ ਕਹਾਣੀ ਹੈ? ਜੇ ਹਾਂ, ਤਾਂ ਤੁਸੀਂ ਆਪਣੇ ਰਿਸ਼ਤੇ ਵਿਚ ਸੁਧਾਰ ਕਰ ਸਕਦੇ ਹੋ। ਪਰ ਪਹਿਲਾਂ ਆਓ ਆਪਾਂ ਦੇਖੀਏ ਕਿ ਕਿਹੜੀਆਂ ਗੱਲਾਂ ਕਰਕੇ ਤੁਹਾਡੇ ਤੇ ਤੁਹਾਡੇ ਸਾਥੀ ਵਿਚਕਾਰ ਦੂਰੀਆਂ ਵਧੀਆਂ ਹਨ।
ਇਵੇਂ ਕਿਉਂ ਹੁੰਦਾ ਹੈ?
ਸਾਲਾਂ ਬੱਧੀ ਬੱਚਿਆਂ ਨੂੰ ਪਹਿਲ ਦਿੱਤੀ। ਬਹੁਤ ਸਾਰੇ ਮਾਪੇ ਨੇਕ ਇਰਾਦਿਆਂ ਨਾਲ ਆਪਣੀ ਵਿਆਹੁਤਾ ਜ਼ਿੰਦਗੀ ਨਾਲੋਂ ਆਪਣੇ ਬੱਚਿਆਂ ਦੀਆਂ ਲੋੜਾਂ ਨੂੰ ਪਹਿਲ ਦਿੰਦੇ ਹਨ। ਨਤੀਜੇ ਵਜੋਂ, ਉਹ ਮਾਂ-ਬਾਪ ਦੀ ਭੂਮਿਕਾ ਨਿਭਾਉਣ ਵਿਚ ਇੰਨੇ ਰੁੱਝ ਜਾਂਦੇ ਹਨ ਕਿ ਪਤੀ-ਪਤਨੀ ਦੇ ਰਿਸ਼ਤੇ ਵਿਚ ਦੂਰੀਆਂ ਆ ਜਾਂਦੀਆਂ ਹਨ। ਇਹ ਸੱਚਾਈ ਉਦੋਂ ਸਾਮ੍ਹਣੇ ਆਉਂਦੀ ਹੈ ਜਦੋਂ ਬੱਚੇ ਘਰੋਂ ਚਲੇ ਜਾਂਦੇ ਹਨ। 59 ਸਾਲਾਂ ਦੀ ਪਤਨੀ ਦੱਸਦੀ ਹੈ: “ਜਦੋਂ ਬੱਚੇ ਘਰ ਸਨ, ਤਾਂ ਘੱਟੋ-ਘੱਟ ਅਸੀਂ ਇਕੱਠੇ ਮਿਲ ਕੇ ਕੰਮ ਕਰਦੇ ਸੀ।” ਉਹ ਦੱਸਦੀ ਹੈ ਕਿ ਜਦੋਂ ਬੱਚੇ ਘਰੋਂ ਚਲੇ ਗਏ, ਤਾਂ “ਅਸੀਂ ਆਪਣੀ ਜ਼ਿੰਦਗੀ ਵਿਚ ਅਲੱਗ-ਅਲੱਗ ਚੀਜ਼ਾਂ ਨੂੰ ਪਹਿਲ ਦਿੰਦੇ ਸੀ।” ਇਕ ਵਾਰ ਤਾਂ ਮੈਂ ਆਪਣੇ ਪਤੀ ਨੂੰ ਇੱਥੋਂ ਤਕ ਕਹਿ ਦਿੱਤਾ: “ਅਸੀਂ ਇਕ-ਦੂਜੇ ਦੇ ਰਸਤੇ ਵਿਚ ਆਉਂਦੇ ਹਾਂ।”
ਕੁਝ ਜੋੜੇ ਜ਼ਿੰਦਗੀ ਦੇ ਇਸ ਨਵੇਂ ਮੋੜ ਲਈ ਤਿਆਰ ਨਹੀਂ ਹੁੰਦੇ। ਖਾਲੀ ਆਲ੍ਹਣਾ ਨਾਂ ਦੀ ਇਕ ਕਿਤਾਬ ਦੱਸਦੀ ਹੈ: “ਕਈ ਜੋੜਿਆਂ ਨੂੰ ਤਾਂ ਇੱਦਾਂ ਲੱਗਦਾ ਹੈ ਕਿ ਉਨ੍ਹਾਂ ਦਾ ਨਵਾਂ-ਨਵਾਂ ਵਿਆਹ ਹੋਇਆ ਹੈ।” ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਆਪਸ ਵਿਚ ਬਿਲਕੁਲ ਨਹੀਂ ਬਣਦੀ। ਇਸ ਕਰਕੇ ਬਹੁਤ ਸਾਰੇ ਪਤੀ-ਪਤਨੀ ਇਕੱਲੇ ਹੀ ਆਪਣੇ ਕੰਮ-ਧੰਦੇ ਕਰਦੇ ਰਹਿੰਦੇ ਹਨ ਅਤੇ ਪਤੀ-ਪਤਨੀਆਂ ਵਜੋਂ ਰਹਿਣ ਦੀ ਬਜਾਇ ਉਹ ਇਕ ਕਮਰੇ ਵਿਚ ਸਿਰਫ਼ ਅਜਨਬੀਆਂ ਵਜੋਂ ਰਹਿੰਦੇ ਹਨ।
ਪਰ ਵਧੀਆ ਗੱਲ ਇਹ ਹੈ ਕਿ ਤੁਸੀਂ ਇਨ੍ਹਾਂ ਗੱਲਾਂ ਤੋਂ ਬਚ ਸਕਦੇ ਹੋ ਅਤੇ ਆਪਣੀ ਜ਼ਿੰਦਗੀ ਦੇ ਇਸ ਨਵੇਂ ਮੋੜ ਦਾ ਮਜ਼ਾ ਲੈ ਸਕਦੇ ਹੋ। ਇੱਦਾਂ ਕਰਨ ਵਿਚ ਬਾਈਬਲ ਤੁਹਾਡੀ ਮਦਦ ਕਰ ਸਕਦੀ ਹੈ। ਆਓ ਦੇਖੀਏ ਕਿਵੇਂ।
ਤੁਸੀਂ ਕੀ ਕਰ ਸਕਦੇ ਹੋ?
ਤਬਦੀਲੀ ਕਬੂਲ ਕਰੋ। ਬੱਚਿਆਂ ਦੇ ਵੱਡੇ ਹੋਣ ਬਾਰੇ ਬਾਈਬਲ ਦੱਸਦੀ ਹੈ: “ਮਰਦ ਆਪਣੇ ਮਾਪੇ ਛੱਡਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ।” (ਉਤਪਤ 2:24) ਮਾਪਿਆਂ ਵਜੋਂ, ਤੁਹਾਡੀ ਜ਼ਿੰਮੇਵਾਰੀ ਸੀ ਕਿ ਤੁਸੀਂ ਆਪਣੇ ਬੱਚਿਆਂ ਨੂੰ ਵਿਆਹੁਤਾ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਦੀ ਸਿਖਲਾਈ ਦੇਵੋ। ਨਾਲੇ ਉਨ੍ਹਾਂ ਵਿਚ ਉਹ ਹੁਨਰ ਪੈਦਾ ਕਰੋ ਜਿਨ੍ਹਾਂ ਦੀ ਮਦਦ ਨਾਲ ਉਹ ਵੱਡੇ ਹੋ ਕੇ ਸਹੀ ਫ਼ੈਸਲੇ ਕਰ ਸਕਣ। ਜਦੋਂ ਤੁਸੀਂ ਇਸ ਤਰੀਕੇ ਨਾਲ ਸੋਚੋਗੇ, ਤਾਂ ਤੁਹਾਨੂੰ ਬੱਚਿਆਂ ਦੇ ਘਰ ਛੱਡ ਕੇ ਜਾਣ ’ਤੇ ਮਾਣ ਹੋਵੇਗਾ।—ਬਾਈਬਲ ਦਾ ਅਸੂਲ: ਮਰਕੁਸ 10:7.
ਇਹ ਸੱਚ ਹੈ ਕਿ ਤੁਸੀਂ ਹਮੇਸ਼ਾ ਆਪਣੇ ਬੱਚਿਆਂ ਦੇ ਮਾਂ-ਬਾਪ ਹੀ ਰਹੋਗੇ। ਪਰ ਹੁਣ ਤੁਸੀਂ ਆਪਣੇ ਬੱਚਿਆਂ ਨੂੰ ਇਹ ਨਹੀਂ ਦੱਸੋਗੇ ਕਿ ਉਨ੍ਹਾਂ ਨੇ ਕੀ ਕਰਨਾ ਹੈ ਤੇ ਕੀ ਨਹੀਂ, ਸਗੋਂ ਉਨ੍ਹਾਂ ਨੂੰ ਸਲਾਹ ਦੇਵੋਗੇ। ਜੇ ਤੁਸੀਂ ਇੱਦਾਂ ਕਰੋਗੇ, ਤਾਂ ਤੁਹਾਡਾ ਆਪਣੇ ਬੱਚਿਆਂ ਨਾਲ ਵਧੀਆ ਰਿਸ਼ਤਾ ਬਣਿਆ ਰਹੇਗਾ ਅਤੇ ਹੁਣ ਤੁਸੀਂ ਆਪਣੇ ਜੀਵਨ ਸਾਥੀ ਨੂੰ ਪਹਿਲ ਦਿਓਗੇ। *—ਬਾਈਬਲ ਦਾ ਅਸੂਲ: ਮੱਤੀ 19:6.
ਆਪਣੇ ਦਿਲ ਦੀਆਂ ਗੱਲਾਂ ਦੱਸੋ। ਆਪਣੇ ਸਾਥੀ ਨੂੰ ਦੱਸੋ ਕਿ ਇਸ ਤਬਦੀਲੀ ਕਰਕੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਅਤੇ ਆਪਣੇ ਸਾਥੀ ਦੀ ਗੱਲ ਸੁਣੋ। ਧੀਰਜ ਰੱਖੋ ਅਤੇ ਆਪਣੇ ਸਾਥੀ ਨੂੰ ਸਮਝੋ। ਪਤੀ-ਪਤਨੀ ਵਜੋਂ ਆਪਣੇ ਰਿਸ਼ਤੇ ਨੂੰ ਦੁਬਾਰਾ ਮਜ਼ਬੂਤ ਕਰਨ ਵਿਚ ਸ਼ਾਇਦ ਸਮਾਂ ਲੱਗੇ, ਪਰ ਇੱਦਾਂ ਕਰਨ ਨਾਲ ਫ਼ਾਇਦਾ ਹੋਵੇਗਾ।—ਬਾਈਬਲ ਦਾ ਅਸੂਲ: 1 ਕੁਰਿੰਥੀਆਂ 13:4.
ਇਕੱਠੇ ਮਿਲ ਕੇ ਕੰਮ ਕਰੋ। ਉਨ੍ਹਾਂ ਕੰਮਾਂ ਬਾਰੇ ਗੱਲ ਕਰੋ ਜੋ ਤੁਸੀਂ ਇਕੱਠੇ ਮਿਲ ਕੇ ਕਰਨਾ ਚਾਹੁੰਦੇ ਹੋ। ਬੱਚਿਆਂ ਦੀ ਪਰਵਰਿਸ਼ ਕਰਦਿਆਂ ਤੁਸੀਂ ਕਾਫ਼ੀ ਸਮਝ ਹਾਸਲ ਕੀਤੀ ਹੈ। ਕਿਉਂ ਨਾ ਇਸ ਨੂੰ ਦੂਜਿਆਂ ਦੀ ਮਦਦ ਕਰਨ ਲਈ ਵਰਤੋ?—ਬਾਈਬਲ ਦਾ ਅਸੂਲ: ਅੱਯੂਬ 12:12.
ਆਪਣੇ ਵਾਅਦੇ ’ਤੇ ਮੁੜ ਵਿਚਾਰ ਕਰੋ। ਉਨ੍ਹਾਂ ਗੁਣਾਂ ਬਾਰੇ ਸੋਚੋ ਜਿਨ੍ਹਾਂ ਕਰਕੇ ਤੁਸੀਂ ਇਕ-ਦੂਜੇ ਨੂੰ ਪਸੰਦ ਕੀਤਾ ਸੀ। ਪਤੀ-ਪਤਨੀ ਵਜੋਂ, ਉਨ੍ਹਾਂ ਸਮਿਆਂ ਬਾਰੇ ਸੋਚੋ ਜੋ ਤੁਸੀਂ ਇਕੱਠੇ ਬਿਤਾਏ ਅਤੇ ਉਨ੍ਹਾਂ ਮੁਸ਼ਕਲਾਂ ਬਾਰੇ ਜਿਨ੍ਹਾਂ ਦਾ ਤੁਸੀਂ ਸਾਮ੍ਹਣਾ ਕੀਤਾ ਸੀ। ਜ਼ਿੰਦਗੀ ਦਾ ਇਹ ਨਵਾਂ ਮੋੜ ਖ਼ੁਸ਼ੀਆਂ ਭਰਿਆ ਹੋ ਸਕਦਾ ਹੈ। ਦਰਅਸਲ ਹੁਣ ਤੁਹਾਡੇ ਕੋਲ ਮੌਕਾ ਹੈ ਕਿ ਤੁਸੀਂ ਮਿਲ ਕੇ ਆਪਣੇ ਰਿਸ਼ਤੇ ਨੂੰ ਦੁਬਾਰਾ ਮਜ਼ਬੂਤ ਕਰੋ ਅਤੇ ਉਸ ਪਿਆਰ ਨੂੰ ਜਗਾਓ ਜਿਸ ਕਰਕੇ ਤੁਸੀਂ ਇਕ-ਦੂਜੇ ਦੇ ਨੇੜੇ ਆਏ ਸੀ।
^ ਪੈਰਾ 4 ਦਿਲ ਤੋਂ ਬੇਵਫ਼ਾਈ ਨਾਂ ਦੀ ਕਿਤਾਬ ਵਿੱਚੋਂ।
^ ਪੈਰਾ 12 ਜੇ ਤੁਸੀਂ ਅਜੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਰਹੇ ਹੋ, ਤਾਂ ਯਾਦ ਰੱਖੋ ਕਿ ਤੁਸੀਂ ਤੇ ਤੁਹਾਡਾ ਜੀਵਨ ਸਾਥੀ “ਇਕ ਸਰੀਰ” ਹਨ। (ਮਰਕੁਸ 10:8) ਬੱਚੇ ਉਦੋਂ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਦੇ ਹਨ ਜਦੋਂ ਉਨ੍ਹਾਂ ਦੇ ਮਾਪਿਆਂ ਦਾ ਰਿਸ਼ਤਾ ਮਜ਼ਬੂਤ ਹੁੰਦਾ ਹੈ।