ਵਿਗਿਆਨੀਆਂ ਨੂੰ ਕੀ ਨਹੀਂ ਪਤਾ ਹੈ?
ਵਿਗਿਆਨੀਆਂ ਨੇ ਬ੍ਰਹਿਮੰਡ ਬਾਰੇ ਖੋਜ ਕਰ ਕੇ ਬਹੁਤ ਕੁਝ ਪਤਾ ਲਗਾਇਆ ਹੈ। ਪਰ ਫਿਰ ਵੀ ਅਜੇ ਉਹ ਬਹੁਤ ਸਾਰੇ ਅਹਿਮ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ।
ਕੀ ਵਿਗਿਆਨ ਨੇ ਪਤਾ ਲਗਾ ਲਿਆ ਹੈ ਕਿ ਬ੍ਰਹਿਮੰਡ ਅਤੇ ਜ਼ਿੰਦਗੀ ਦੀ ਸ਼ੁਰੂਆਤ ਕਿਵੇਂ ਹੋਈ? ਨਹੀਂ। ਕੁਝ ਲੋਕ ਕਹਿੰਦੇ ਹਨ ਕਿ ਬ੍ਰਹਿਮੰਡ ਬਾਰੇ ਖੋਜ ਕਰਨ ਵਾਲੇ ਵਿਗਿਆਨੀ ਬ੍ਰਹਿਮੰਡ ਦੀ ਸ਼ੁਰੂਆਤ ਬਾਰੇ ਦੱਸ ਸਕਦੇ ਹਨ। ਪਰ ਧਿਆਨ ਦਿਓ ਕਿ ਇਸ ਬਾਰੇ ਮਾਰਸਲੂ ਗਲੇਜ਼ੀਰ ਕੀ ਕਹਿੰਦਾ ਹੈ ਜੋ ਖਗੋਲ-ਵਿਗਿਆਨ ਦਾ ਪ੍ਰੋਫ਼ੈਸਰ ਹੈ ਅਤੇ ਰੱਬ ਦੀ ਹੋਂਦ ’ਤੇ ਸ਼ੱਕ ਕਰਦਾ ਹੈ। ਉਹ ਦੱਸਦਾ ਹੈ: “ਅਸੀਂ ਅਜੇ ਤਕ ਇਹ ਨਹੀਂ ਸਮਝਾ ਸਕੇ ਕਿ ਬ੍ਰਹਿਮੰਡ ਦੀ ਸ਼ੁਰੂਆਤ ਕਿਵੇਂ ਹੋਈ।”
ਇਸੇ ਤਰ੍ਹਾਂ ਜ਼ਿੰਦਗੀ ਦੀ ਸ਼ੁਰੂਆਤ ਬਾਰੇ ਸਾਇੰਸ ਨਿਊਜ਼ ਨਾਂ ਦਾ ਰਸਾਲਾ ਦੱਸਦਾ ਹੈ: “ਸ਼ਾਇਦ ਇਹ ਦੱਸਣਾ ਨਾਮੁਮਕਿਨ ਹੈ ਕਿ ਧਰਤੀ ’ਤੇ ਜ਼ਿੰਦਗੀ ਦੀ ਸ਼ੁਰੂਆਤ ਕਿਵੇਂ ਹੋਈ ਸੀ। ਇਹ ਇਸ ਲਈ ਹੈ ਕਿਉਂਕਿ ਅਜਿਹੀਆਂ ਜ਼ਿਆਦਾਤਰ ਚਟਾਨਾਂ ਅਤੇ ਪਥਰਾਟ (ਫਾਸਿਲ ਰਿਕਾਰਡ) ਖ਼ਤਮ ਹੋ ਚੁੱਕੇ ਹਨ ਜਿਨ੍ਹਾਂ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਧਰਤੀ ਦੀ ਸ਼ੁਰੂਆਤ ਦੇ ਸਮੇਂ ਅਸਲ ਵਿਚ ਹੋਇਆ ਕੀ ਸੀ।” ਸੋ ਇਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਵਿਗਿਆਨ ਨੂੰ ਅਜੇ ਤਕ ਇਸ ਸਵਾਲ ਦਾ ਜਵਾਬ ਨਹੀਂ ਮਿਲਿਆ ਹੈ: ਬ੍ਰਹਿਮੰਡ ਅਤੇ ਜ਼ਿੰਦਗੀ ਦੀ ਸ਼ੁਰੂਆਤ ਕਿਵੇਂ ਹੋਈ?
ਪਰ ਤੁਸੀਂ ਸ਼ਾਇਦ ਸੋਚੋ, ‘ਜੇ ਸਾਨੂੰ ਕਿਸੇ ਨੇ ਬਣਾਇਆ ਹੈ, ਤਾਂ ਉਹ ਕੌਣ ਹੈ?’ ਨਾਲੇ ਸ਼ਾਇਦ ਤੁਹਾਡੇ ਮਨ ਵਿਚ ਇਹ ਵੀ ਸਵਾਲ ਆਏ ਹੋਣ, ‘ਜੇ ਕੋਈ ਬੁੱਧੀਮਾਨ ਤੇ ਪਿਆਰ ਕਰਨ ਵਾਲਾ ਸਿਰਜਣਹਾਰ ਹੈ, ਤਾਂ ਉਹ ਇਨਸਾਨਾਂ ’ਤੇ ਦੁੱਖ ਕਿਉਂ ਆਉਣ ਦਿੰਦਾ ਹੈ? ਇੰਨੇ ਸਾਰੇ ਧਰਮ ਕਿਉਂ ਹਨ? ਉਹ ਆਪਣੇ ਸੇਵਕਾਂ ਨੂੰ ਇੰਨੇ ਬੁਰੇ ਕੰਮ ਕਰਨ ਤੋਂ ਕਿਉਂ ਨਹੀਂ ਰੋਕਦਾ?’
ਵਿਗਿਆਨ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਦੇ ਸਕਦਾ। ਪਰ ਕੀ ਇਸ ਦਾ ਇਹ ਮਤਲਬ ਹੈ ਕਿ ਤੁਹਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਮਿਲ ਹੀ ਨਹੀਂ ਸਕਦੇ? ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬਹੁਤ ਸਾਰੇ ਲੋਕਾਂ ਨੂੰ ਬਾਈਬਲ ਤੋਂ ਇਨ੍ਹਾਂ ਸਵਾਲਾਂ ਦੇ ਜਵਾਬ ਮਿਲੇ ਹਨ।
ਜੇ ਤੁਸੀਂ ਜਾਣਨਾ ਚਾਹੁੰਦੇ ਕਿ ਕੁਝ ਵਿਗਿਆਨੀ ਕਿਉਂ ਯਕੀਨ ਕਰਦੇ ਹਨ ਕਿ ਸਿਰਜਣਹਾਰ ਹੈ, ਤਾਂ ਸਾਡੀ ਵੈੱਬਸਾਈਟ jw.org ’ਤੇ ਜਾ ਕੇ “ਜ਼ਿੰਦਗੀ ਦੀ ਸ਼ੁਰੂਆਤ ਬਾਰੇ ਵਿਚਾਰ” ਦੇਖੋ। ਇਨ੍ਹਾਂ ਵਿਗਿਆਨੀਆਂ ਨੇ ਸਮਾਂ ਕੱਢ ਕੇ ਬਾਈਬਲ ਤੋਂ ਖੋਜਬੀਨ ਕੀਤੀ ਕਿ ਇਹ ਸਿਰਜਣਹਾਰ ਬਾਰੇ ਕੀ ਕਹਿੰਦੀ ਹੈ।