ਰੱਬ ਹੈ ਜਾਂ ਨਹੀਂ—ਇਹ ਜਾਣਨਾ ਜ਼ਰੂਰੀ ਕਿਉਂ ਹੈ?
ਅਸੀਂ ਸਿਰਜਣਹਾਰ ਦੀ ਹੋਂਦ ਬਾਰੇ ਕਈ ਸਬੂਤਾਂ ਦੀ ਜਾਂਚ ਕੀਤੀ ਹੈ। ਕੀ ਇਨ੍ਹਾਂ ਦੀ ਜਾਂਚ ਕਰ ਕੇ ਤੁਹਾਨੂੰ ਯਕੀਨ ਹੋ ਗਿਆ ਹੈ ਕਿ ਕੋਈ ਰੱਬ ਹੈ? ਜੇ ਹਾਂ, ਤਾਂ ਕਿਉਂ ਨਾ ਇਹ ਵੀ ਜਾਂਚ ਕਰ ਕੇ ਦੇਖੋ ਕਿ ਬਾਈਬਲ ਰੱਬ ਨੇ ਲਿਖਵਾਈ ਹੈ ਜਾਂ ਨਹੀਂ। ਇੱਦਾਂ ਕਰਨਾ ਜ਼ਰੂਰੀ ਕਿਉਂ ਹੈ? ਜੇ ਤੁਹਾਨੂੰ ਯਕੀਨ ਹੋਵੇਗਾ ਕਿ ਬਾਈਬਲ ਵਿਚ ਲਿਖੀਆਂ ਗੱਲਾਂ ਸੱਚੀਆਂ ਹਨ, ਤਾਂ ਤੁਹਾਨੂੰ ਬਹੁਤ ਸਾਰੇ ਫ਼ਾਇਦੇ ਹੋਣਗੇ। ਆਓ ਆਪਾਂ ਕੁਝ ਫ਼ਾਇਦਿਆਂ ’ਤੇ ਗੌਰ ਕਰੀਏ।
ਤੁਹਾਡੀ ਜ਼ਿੰਦਗੀ ਹੋਰ ਵੀ ਖ਼ੁਸ਼ੀਆਂ ਭਰੀ ਹੋ ਜਾਵੇਗੀ
ਬਾਈਬਲ ਕਹਿੰਦੀ ਹੈ: “[ਰੱਬ] ਤੁਹਾਡੇ ਲਈ ਆਕਾਸ਼ੋਂ ਮੀਂਹ ਵਰ੍ਹਾ ਕੇ ਤੇ ਚੰਗੀ ਪੈਦਾਵਾਰ ਵਾਲੀਆਂ ਰੁੱਤਾਂ ਦੇ ਕੇ ਤੁਹਾਨੂੰ ਖਾਣ-ਪੀਣ ਵਾਲੀਆਂ ਚੀਜ਼ਾਂ ਨਾਲ ਰਜਾਉਂਦਾ ਰਿਹਾ ਅਤੇ ਤੁਹਾਡੇ ਦਿਲਾਂ ਨੂੰ ਖ਼ੁਸ਼ੀਆਂ ਨਾਲ ਭਰਦਾ ਰਿਹਾ।”—ਰਸੂਲਾਂ ਦੇ ਕੰਮ 14:17.
ਇਸ ਦਾ ਕੀ ਮਤਲਬ ਹੈ? ਤੁਸੀਂ ਇਸ ਦੁਨੀਆਂ ਵਿਚ ਜਿਸ ਵੀ ਚੀਜ਼ ਦਾ ਆਨੰਦ ਮਾਣਦੇ ਹੋ, ਉਹ ਸਿਰਜਣਹਾਰ ਵੱਲੋਂ ਤੋਹਫ਼ਾ ਹੈ। ਜਦੋਂ ਤੁਸੀਂ ਜਾਣੋਗੇ ਕਿ ਰੱਬ ਤੁਹਾਡੀ ਕਿੰਨੀ ਪਰਵਾਹ ਕਰਦਾ ਹੈ, ਤਾਂ ਤੁਸੀਂ ਇਨ੍ਹਾਂ ਤੋਹਫ਼ਿਆਂ ਲਈ ਉਸ ਦੇ ਹੋਰ ਵੀ ਜ਼ਿਆਦਾ ਸ਼ੁਕਰਗੁਜ਼ਾਰ ਹੋਵੋਗੇ।
ਤੁਹਾਨੂੰ ਰੋਜ਼ਮੱਰਾ ਦੀ ਜ਼ਿੰਦਗੀ ਬਾਰੇ ਵਧੀਆ ਸਲਾਹਾਂ ਮਿਲਣਗੀਆਂ
ਬਾਈਬਲ ਕਹਿੰਦੀ ਹੈ: “ਤੂੰ ਸਮਝੇਂਗਾ ਕਿ ਨੇਕੀ, ਨਿਆਂ ਅਤੇ ਈਮਾਨਦਾਰੀ ਕੀ ਹੈ, ਹਾਂ, ਤੂੰ ਚੰਗੇ ਰਾਹ ਨੂੰ ਸਮਝੇਂਗਾ।”—ਕਹਾਉਤਾਂ 2:9.
ਇਸ ਦਾ ਕੀ ਮਤਲਬ ਹੈ? ਤੁਹਾਡਾ ਸਿਰਜਣਹਾਰ ਜਾਣਦਾ ਹੈ ਕਿ ਖ਼ੁਸ਼ ਰਹਿਣ ਲਈ ਤੁਹਾਨੂੰ ਸਲਾਹ ਦੀ ਲੋੜ ਹੈ। ਬਾਈਬਲ ਪੜ੍ਹ ਕੇ ਤੁਹਾਨੂੰ ਬਹੁਤ ਸਾਰੀਆਂ ਸਲਾਹਾਂ ਮਿਲਣਗੀਆਂ ਜਿਨ੍ਹਾਂ ਤੋਂ ਤੁਹਾਨੂੰ ਹੁਣ ਫ਼ਾਇਦਾ ਹੋ ਸਕਦਾ ਹੈ।
ਤੁਹਾਨੂੰ ਆਪਣੇ ਸਵਾਲਾਂ ਦੇ ਜਵਾਬ ਮਿਲਣਗੇ
ਬਾਈਬਲ ਕਹਿੰਦੀ ਹੈ: ‘ਤੂੰ ਪਰਮੇਸ਼ੁਰ ਦਾ ਗਿਆਨ ਹਾਸਲ ਕਰੇਂਗਾ।’—ਕਹਾਉਤਾਂ 2:5.
ਇਸ ਦਾ ਕੀ ਮਤਲਬ ਹੈ? ਜਦੋਂ ਤੁਸੀਂ ਜਾਣ ਲਓਗੇ ਕਿ ਕੋਈ ਸਿਰਜਣਹਾਰ ਹੈ, ਤਾਂ ਤੁਹਾਨੂੰ ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਮਿਲਣਗੇ, ਜਿਵੇਂ: ਜ਼ਿੰਦਗੀ ਦਾ ਕੀ ਮਕਸਦ ਹੈ? ਇੰਨੇ ਦੁੱਖ ਕਿਉਂ ਹਨ? ਮਰਨ ਤੋਂ ਬਾਅਦ ਕੀ ਹੁੰਦਾ ਹੈ? ਤੁਹਾਨੂੰ ਬਾਈਬਲ ਵਿੱਚੋਂ ਇਨ੍ਹਾਂ ਸਵਾਲਾਂ ਦੇ ਜਵਾਬ ਮਿਲਣਗੇ।
ਤੁਹਾਨੂੰ ਚੰਗੇ ਭਵਿੱਖ ਦੀ ਉਮੀਦ ਮਿਲੇਗੀ
ਬਾਈਬਲ ਕਹਿੰਦੀ ਹੈ: “‘ਯਹੋਵਾਹ ਕਹਿੰਦਾ ਹੈ, ‘ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਮੈਂ ਤੁਹਾਡੇ ਲਈ ਕੀ ਕਰਨ ਦਾ ਇਰਾਦਾ ਕੀਤਾ ਹੈ। ਮੈਂ ਤੁਹਾਡੇ ਉੱਤੇ ਬਿਪਤਾ ਨਹੀਂ ਲਿਆਵਾਂਗਾ, ਸਗੋਂ ਤੁਹਾਨੂੰ ਸ਼ਾਂਤੀ ਬਖ਼ਸ਼ਾਂਗਾ। ਮੈਂ ਤੁਹਾਨੂੰ ਚੰਗਾ ਭਵਿੱਖ ਅਤੇ ਉਮੀਦ ਦਿਆਂਗਾ।’”—ਯਿਰਮਿਯਾਹ 29:11.
ਇਸ ਦਾ ਕੀ ਮਤਲਬ ਹੈ? ਰੱਬ ਵਾਅਦਾ ਕਰਦਾ ਹੈ ਕਿ ਭਵਿੱਖ ਵਿਚ ਉਹ ਬੁਰਾਈ, ਦੁੱਖਾਂ ਤੇ ਇੱਥੋਂ ਤਕ ਕਿ ਮੌਤ ਨੂੰ ਵੀ ਖ਼ਤਮ ਕਰ ਦੇਵੇਗਾ। ਜੇ ਤੁਸੀਂ ਰੱਬ ਦੇ ਵਾਅਦਿਆਂ ’ਤੇ ਭਰੋਸਾ ਕਰੋਗੇ, ਤਾਂ ਤੁਸੀਂ ਮੁਸ਼ਕਲਾਂ ਦਾ ਸਾਮ੍ਹਣਾ ਕਰਦਿਆਂ ਹਾਰ ਨਹੀਂ ਮੰਨੋਗੇ।