ਮੁੱਖ ਪੰਨੇ ਤੋਂ | ਕੀ ਦੁਨੀਆਂ ਨੂੰ ਬਚਾਇਆ ਜਾ ਸਕਦਾ ਹੈ?
ਕੀ ਦੁਨੀਆਂ ਨੂੰ ਬਚਾਇਆ ਜਾ ਸਕਦਾ ਹੈ ਜਾਂ ਨਹੀਂ?
2017 ਦੇ ਸ਼ੁਰੂ ਵਿਚ ਕੁਝ ਵਿਗਿਆਨੀਆਂ ਨੇ ਬੇਹੱਦ ਨਿਰਾਸ਼ ਕਰਨ ਵਾਲੀ ਘੋਸ਼ਣਾ ਕੀਤੀ। ਜਨਵਰੀ ਵਿਚ ਕੁਝ ਵਿਗਿਆਨੀਆਂ ਨੇ ਘੋਸ਼ਣਾ ਕੀਤੀ ਕਿ ਦੁਨੀਆਂ ਦਾ ਅੰਤ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਨੇੜੇ ਆ ਗਿਆ ਹੈ। ਉਨ੍ਹਾਂ ਨੇ ਕਿਆਮਤ ਦੀ ਘੜੀ, ਜੋ ਨਾਸ਼ ਦੇ ਦਿਨ ਨੂੰ ਦਰਸਾਉਂਦੀ ਹੈ, ਨਾਲ ਸਮਝਾਇਆ ਕਿ ਦੁਨੀਆਂ ਤਬਾਹੀ ਦੇ ਕਿੰਨੇ ਨੇੜੇ ਹੈ। ਇਸ ਲਈ ਵਿਗਿਆਨੀਆਂ ਨੇ ਘੜੀ ਨੂੰ 30 ਸਕਿੰਟ ਅੱਗੇ ਕਰ ਦਿੱਤਾ। ਇਸ ਘੜੀ ਦਾ ਸਮਾਂ ਇਸ ਤਰ੍ਹਾਂ ਸੈੱਟ ਕੀਤਾ ਗਿਆ ਕਿ 12 ਵੱਜਣ ਵਿਚ ਸਿਰਫ਼ ਢਾਈ ਮਿੰਟ ਰਹਿੰਦੇ ਹਨ। ਪਿਛਲੇ 60 ਤੋਂ ਜ਼ਿਆਦਾ ਸਾਲਾਂ ਵਿਚ ਇਹ ਪਹਿਲੀ ਵਾਰ ਹੈ ਜਦੋਂ ਦੁਨੀਆਂ ਦੇ ਨਾਸ਼ ਹੋਣ ਵਿਚ ਇੰਨਾ ਘੱਟ ਸਮਾਂ ਰਿਹਾ ਹੋਵੇ।
2018 ਵਿਚ ਵਿਗਿਆਨੀ ਦੁਬਾਰਾ ਅਨੁਮਾਨ ਲਾਉਣਗੇ ਕਿ ਅਸੀਂ ਅੰਤ ਦੇ ਕਿੰਨੇ ਨੇੜੇ ਹਾਂ। ਕੀ ਕਿਆਮਤ ਦੀ ਘੜੀ ਉਦੋਂ ਵੀ ਦੁਨੀਆਂ ਦੇ ਨਾਸ਼ ਵੱਲ ਇਸ਼ਾਰਾ ਕਰੇਗੀ? ਤੁਸੀਂ ਕੀ ਸੋਚਦੇ ਹੋ? ਕੀ ਦੁਨੀਆਂ ਨੂੰ ਬਚਾਇਆ ਜਾ ਸਕਦਾ ਹੈ? ਤੁਹਾਨੂੰ ਸ਼ਾਇਦ ਲੱਗੇ ਕਿ ਇਸ ਸਵਾਲ ਦਾ ਜਵਾਬ ਜਾਣਨਾ ਮੁਸ਼ਕਲ ਹੈ। ਦਰਅਸਲ ਇਸ ਮਾਮਲੇ ਬਾਰੇ ਮਾਹਰਾਂ ਦੀ ਵੀ ਵੱਖੋ-ਵੱਖਰੀ ਰਾਇ ਹੈ। ਸਾਰੇ ਲੋਕ ਇਸ ਗੱਲ ’ਤੇ ਯਕੀਨ ਨਹੀਂ ਕਰਦੇ ਕਿ ਦੁਨੀਆਂ ਦਾ ਅੰਤ ਹੋ ਜਾਵੇਗਾ।
ਅਸਲ ਵਿਚ, ਲੱਖਾਂ ਹੀ ਲੋਕ ਸੁਨਹਿਰੇ ਭਵਿੱਖ ਦੀ ਆਸ ਰੱਖਦੇ ਹਨ। ਉਹ ਦਾਅਵਾ ਕਰਦੇ ਹਨ ਕਿ ਇਸ ਗੱਲ ਦੇ ਪੱਕੇ ਸਬੂਤ ਹਨ ਕਿ ਇਨਸਾਨਾਂ ਅਤੇ ਧਰਤੀ ਦਾ ਕਦੇ ਵੀ ਨਾਸ਼ ਨਹੀਂ ਹੋਵੇਗਾ ਅਤੇ ਸਾਡੀ ਜ਼ਿੰਦਗੀ ਬਿਹਤਰ ਹੋਵੇਗੀ। ਕੀ ਇਨ੍ਹਾਂ ਸਬੂਤਾਂ ’ਤੇ ਭਰੋਸਾ ਕੀਤਾ ਜਾ ਸਕਦਾ ਹੈ? ਕੀ ਦੁਨੀਆਂ ਨੂੰ ਬਚਾਇਆ ਜਾ ਸਕਦਾ ਹੈ ਜਾਂ ਨਹੀਂ?