Skip to content

Skip to table of contents

ਪਰਿਵਾਰ ਦੀ ਮਦਦ ਲਈ | ਮਾਪੇ

ਆਪਣੇ ਬੱਚਿਆਂ ਨੂੰ ਸੈਕਸ ਬਾਰੇ ਸਿੱਖਿਆ ਦਿਓ

ਆਪਣੇ ਬੱਚਿਆਂ ਨੂੰ ਸੈਕਸ ਬਾਰੇ ਸਿੱਖਿਆ ਦਿਓ

ਚੁਣੌਤੀ

ਕੁਝ ਦਹਾਕੇ ਪਹਿਲਾਂ ਮਾਪੇ ਹੀ ਆਪਣੇ ਪੁੱਤਰ ਜਾਂ ਧੀ ਨੂੰ ਸੈਕਸ ਬਾਰੇ ਸਿੱਖਿਆ ਦਿੰਦੇ ਸਨ। ਉਹ ਬੱਚੇ ਦੀ ਉਮਰ ਅਤੇ ਲੋੜ ਅਨੁਸਾਰ ਹੌਲੀ-ਹੌਲੀ ਗੱਲਾਂ ਸਮਝਾ ਦਿੰਦੇ ਸਨ।

ਉਹ ਸਮਾਂ ਬੀਤ ਚੁੱਕਾ ਹੈ। ਇਕ ਕਿਤਾਬ ਕਹਿੰਦੀ ਹੈ: “ਛੋਟੀ ਉਮਰ ਤੋਂ ਹੀ ਬੱਚੇ ਇਕ-ਦੂਜੇ ਨੂੰ ਅਸ਼ਲੀਲ ਮੈਸਿਜ ਭੇਜਣ ਲੱਗ ਪੈਂਦੇ ਹਨ ਅਤੇ ਟੀ. ਵੀ., ਮੋਬਾਇਲਾਂ ਵਗੈਰਾ ’ਤੇ ਬੱਚੇ ਖੁੱਲ੍ਹਮ-ਖੁੱਲ੍ਹਾ ਅਸ਼ਲੀਲ ਕੰਮ ਹੁੰਦੇ ਦੇਖਦੇ ਹਨ।” ਕੀ ਇਹ ਸਭ ਕੁਝ ਜੋ ਹੋ ਰਿਹਾ ਹੈ, ਇਸ ਨਾਲ ਬੱਚਿਆਂ ਦੀ ਮਦਦ ਹੁੰਦੀ ਹੈ ਜਾਂ ਨੁਕਸਾਨ?The Lolita Effect.

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ

ਹਰ ਪਾਸੇ ਜਾਣਕਾਰੀ ਦੀ ਭਰਮਾਰ। ਡੈਬਰਾ ਰੋਫਮਨ ਆਪਣੀ ਕਿਤਾਬ ਵਿਚ ਲਿਖਦੀ ਹੈ: “ਗੱਲਾਂ-ਬਾਤਾਂ, ਮਸ਼ਹੂਰੀਆਂ, ਫ਼ਿਲਮਾਂ, ਕਿਤਾਬਾਂ, ਗਾਣਿਆਂ ਦੇ ਬੋਲਾਂ, ਟੀ. ਵੀ. ਪ੍ਰੋਗ੍ਰਾਮਾਂ, ਮੈਸਿਜਾਂ, ਗੇਮਾਂ ਵਿਚ ਅਤੇ ਇਸ਼ਤਿਹਾਰ ਬੋਰਡਾਂ, ਫ਼ੋਨਾਂ, ਕੰਪਿਊਟਰਾਂ ’ਤੇ ਅਸ਼ਲੀਲ ਤਸਵੀਰਾਂ, ਗੰਦੀ ਬੋਲੀ ਅਤੇ ਦੋਹਰੇ ਮਤਲਬ ਵਾਲੇ ਮਜ਼ਾਕਾਂ ਦੀ ਭਰਮਾਰ ਹੈ। ਇਸ ਕਰਕੇ ਬਹੁਤ ਸਾਰੇ [ਅੱਲ੍ਹੜ ਉਮਰ ਦੇ ਬੱਚੇ, 10-12 ਸਾਲ ਦੇ ਬੱਚੇ ਤੇ ਉਨ੍ਹਾਂ ਤੋਂ ਵੀ ਛੋਟੇ ਬੱਚੇ] ਅਣਜਾਣੇ ਵਿਚ ਇਸ ਨਤੀਜੇ ’ਤੇ ਪਹੁੰਚਦੇ ਹਨ ਕਿ ਸੈਕਸ ਹੀ . . . ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਚੀਜ਼ ਹੈ।”Talk to Me First.

ਦੁਕਾਨਦਾਰ ਕੁਝ ਹੱਦ ਤਕ ਜ਼ਿੰਮੇਵਾਰ। ਮਸ਼ਹੂਰੀਆਂ ਕਰਨ ਵਾਲੇ ਅਤੇ ਦੁਕਾਨਦਾਰ ਬੱਚਿਆਂ ਵਾਸਤੇ ਅਸ਼ਲੀਲ ਕੱਪੜੇ ਵੇਚਦੇ ਹਨ। ਇਸ ਤਰ੍ਹਾਂ ਉਹ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਆਪਣੀ ਸ਼ਕਲ-ਸੂਰਤ ਵੱਲ ਹੱਦੋਂ ਵੱਧ ਧਿਆਨ ਦੇਣਾ ਸਿਖਾਉਂਦੇ ਹਨ। ਇਕ ਕਿਤਾਬ ਕਹਿੰਦੀ ਹੈ: “ਦੁਕਾਨਦਾਰ ਬੱਚਿਆਂ ਦੀ ਇਸ ਇੱਛਾ ਦਾ ਫ਼ਾਇਦਾ ਉਠਾਉਂਦੇ ਹਨ ਕਿ ਉਹ ਦੂਜੇ ਮੁੰਡੇ-ਕੁੜੀਆਂ ਵਰਗੇ ਦਿਸਣ। ਉਨ੍ਹਾਂ ਦਾ ਮਕਸਦ ਬੱਚਿਆਂ ਨੂੰ ਸੈਕਸ ਦੇ ਨਾਂ ’ਤੇ ਇਹ ਸਾਰੀਆਂ ਅਸ਼ਲੀਲ ਤਸਵੀਰਾਂ ਅਤੇ ਚੀਜ਼ਾਂ ਵੇਚਣਾ ਨਹੀਂ ਹੈ, ਪਰ ਬੱਚਿਆਂ ਵਿਚ ਨਵੀਆਂ ਤੋਂ ਨਵੀਆਂ ਚੀਜ਼ਾਂ ਖ਼ਰੀਦਣ ਦੀ ਚਾਹਤ ਪੈਦਾ ਕਰਨਾ ਹੈ।”So Sexy So Soon.

ਸਿਰਫ਼ ਜਾਣਕਾਰੀ ਦੇਣੀ ਕਾਫ਼ੀ ਨਹੀਂ। ਜਿਵੇਂ ਇਹ ਜਾਣਕਾਰੀ ਹੋਣੀ ਕਿ ਕਾਰ ਕਿਵੇਂ ਚੱਲਦੀ ਹੈ ਅਤੇ ਆਪ ਕਾਰ ਚਲਾਉਣ ਵਿਚ ਫ਼ਰਕ ਹੁੰਦਾ ਹੈ, ਉਸੇ ਤਰ੍ਹਾਂ ਸੈਕਸ ਬਾਰੇ ਸਿਰਫ਼ ਜਾਣਕਾਰੀ ਹੋਣੀ ਕਾਫ਼ੀ ਨਹੀਂ ਹੈ। ਤੁਹਾਨੂੰ ਉਸ ਜਾਣਕਾਰੀ ਮੁਤਾਬਕ ਚੰਗੇ ਫ਼ੈਸਲੇ ਵੀ ਕਰਨੇ ਆਉਣੇ ਚਾਹੀਦੇ ਹਨ।

ਮੁੱਖ ਗੱਲ: ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤੁਹਾਨੂੰ ਆਪਣੇ ਬੱਚਿਆਂ ਨੂੰ “ਸੋਚਣ-ਸਮਝਣ ਦੀ ਕਾਬਲੀਅਤ” ਦਾ ਇਸਤੇਮਾਲ ਕਰਨਾ ਸਿਖਾਉਣ ਦੀ ਲੋੜ ਹੈ ਤਾਂਕਿ ਉਹ “ਸਹੀ ਤੇ ਗ਼ਲਤ ਵਿਚ ਫ਼ਰਕ” ਦੇਖ ਸਕਣ।ਇਬਰਾਨੀਆਂ 5:14.

ਤੁਸੀਂ ਕੀ ਕਰ ਸਕਦੇ ਹੋ

ਗੱਲ ਕਰੋ। ਬੱਚਿਆਂ ਨਾਲ ਸੈਕਸ ਬਾਰੇ ਗੱਲ ਕਰਨੀ ਤੁਹਾਨੂੰ ਜਿੰਨੀ ਮਰਜ਼ੀ ਔਖੀ ਲੱਗੇ, ਫਿਰ ਵੀ ਇਹ ਤੁਹਾਡੀ ਜ਼ਿੰਮੇਵਾਰੀ ਹੈ। ਇਹ ਜ਼ਿੰਮੇਵਾਰੀ ਪੂਰੀ ਕਰੋ।ਬਾਈਬਲ ਦਾ ਅਸੂਲ: ਕਹਾਉਤਾਂ 22:6.

ਥੋੜ੍ਹੀ-ਥੋੜ੍ਹੀ ਜਾਣਕਾਰੀ ਦਿਓ। ਸੈਕਸ ਬਾਰੇ ਇੱਕੋ ਵਾਰ ਸਾਰੀ ਜਾਣਕਾਰੀ ਦੇਣ ਦੀ ਬਜਾਇ ਕਿਉਂ ਨਾ ਤੁਸੀਂ ਕਦੇ-ਕਦੇ ਥੋੜ੍ਹੀ-ਥੋੜ੍ਹੀ ਜਾਣਕਾਰੀ ਦਿਓ ਜਿਵੇਂ ਕਿ ਜਦੋਂ ਤੁਸੀਂ ਕਾਰ ਵਿਚ ਸਫ਼ਰ ਕਰਦੇ ਹੋ ਜਾਂ ਕੋਈ ਕੰਮ ਕਰਦੇ ਹੋ। ਬੱਚੇ ਦੀ ਰਾਇ ਜਾਣਨ ਲਈ ਉਸ ਤੋਂ ਸਵਾਲ ਪੁੱਛੋ ਤਾਂਕਿ ਉਹ ਖੁੱਲ੍ਹ ਕੇ ਦਿਲ ਦੀ ਗੱਲ ਦੱਸ ਸਕੇ। ਮਿਸਾਲ ਲਈ, ਇਹ ਕਹਿਣ ਦੀ ਬਜਾਇ, “ਕੀ ਤੈਨੂੰ ਇੱਦਾਂ ਦੀਆਂ ਮਸ਼ਹੂਰੀਆਂ ਵਧੀਆ ਲੱਗਦੀਆਂ?” ਤੁਸੀਂ ਕਹਿ ਸਕਦੇ ਹੋ: “ਤੇਰੇ ਖ਼ਿਆਲ ਨਾਲ ਮਸ਼ਹੂਰੀਆਂ ਕਰਨ ਵਾਲੇ ਚੀਜ਼ਾਂ ਵੇਚਣ ਲਈ ਇੱਦਾਂ ਦੀਆਂ ਫੋਟੋਆਂ ਕਿਉਂ ਵਰਤਦੇ ਹਨ?” ਬੱਚੇ ਦੇ ਜਵਾਬ ਦੇਣ ਤੋਂ ਬਾਅਦ ਤੁਸੀਂ ਪੁੱਛ ਸਕਦੇ ਹੋ: “ਤੈਨੂੰ ਇਸ ਬਾਰੇ ਕਿੱਦਾਂ ਲੱਗਦਾ?”ਬਾਈਬਲ ਦਾ ਅਸੂਲ: ਬਿਵਸਥਾ ਸਾਰ 6:6, 7.

ਉਮਰ ਨੂੰ ਧਿਆਨ ਵਿਚ ਰੱਖੋ। ਜਿਨ੍ਹਾਂ ਬੱਚਿਆਂ ਦੀ ਉਮਰ ਹਾਲੇ ਸਕੂਲ ਜਾਣ ਦੀ ਨਹੀਂ ਹੈ, ਉਨ੍ਹਾਂ ਨੂੰ ਗੁਪਤ ਅੰਗਾਂ ਦੇ ਨਾਂ ਸਿਖਾਉਣ ਦੇ ਨਾਲ-ਨਾਲ ਇਹ ਵੀ ਸਿਖਾਇਆ ਜਾ ਸਕਦਾ ਹੈ ਕਿ ਉਹ ਅਸ਼ਲੀਲ ਛੇੜਖਾਨੀ ਕਰਨ ਵਾਲਿਆਂ ਤੋਂ ਆਪਣਾ ਬਚਾਅ ਕਿਵੇਂ ਕਰ ਸਕਦੇ ਹਨ। ਜਿੱਦਾਂ-ਜਿੱਦਾਂ ਬੱਚੇ ਵੱਡੇ ਹੁੰਦੇ ਹਨ, ਉਨ੍ਹਾਂ ਨੂੰ ਬੁਨਿਆਦੀ ਗੱਲਾਂ ਸਿਖਾਈਆਂ ਜਾ ਸਕਦੀਆਂ ਹਨ ਕਿ ਬੱਚੇ ਕਿਵੇਂ ਪੈਦਾ ਹੁੰਦੇ ਹਨ। ਅੱਲ੍ਹੜ ਉਮਰ ਦੇ ਹੋਣ ਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਸੈਕਸ ਦਾ ਸਿਹਤ ਅਤੇ ਸੋਚ ’ਤੇ ਕੀ ਅਸਰ ਪੈਂਦਾ ਹੈ।

ਕਦਰਾਂ-ਕੀਮਤਾਂ ਸਮਝਾਓ। ਤੁਸੀਂ ਛੋਟੀ ਉਮਰ ਤੋਂ ਹੀ ਆਪਣੇ ਬੱਚੇ ਨੂੰ ਈਮਾਨਦਾਰੀ, ਵਫ਼ਾਦਾਰੀ ਅਤੇ ਆਦਰ ਕਰਨ ਬਾਰੇ ਸਿਖਾਉਂਦੇ ਹੋ। ਜਦੋਂ ਤੁਸੀਂ ਸੈਕਸ ਬਾਰੇ ਗੱਲ ਕਰਦੇ ਹੋ, ਤਾਂ ਤੁਸੀਂ ਹੋਰ ਗੱਲਬਾਤ ਕਰਨ ਲਈ ਨੀਂਹ ਧਰਦੇ ਹੋ। ਨਾਲੇ ਸਾਫ਼-ਸਾਫ਼ ਦੱਸੋ ਕਿ ਸੈਕਸ ਬਾਰੇ ਤੁਹਾਡੀਆਂ ਕੀ ਕਦਰਾਂ-ਕੀਮਤਾਂ ਹਨ। ਮਿਸਾਲ ਲਈ, ਜੇ ਤੁਸੀਂ ਵਿਆਹ ਤੋਂ ਪਹਿਲਾਂ ਸੈਕਸ ਕਰਨ ਨੂੰ ਗ਼ਲਤ ਮੰਨਦੇ ਹੋ, ਤਾਂ ਇਸ ਬਾਰੇ ਦੱਸੋ। ਸਮਝਾਓ ਕਿ ਇਸ ਤਰ੍ਹਾਂ ਕਰਨਾ ਕਿਉਂ ਗ਼ਲਤ ਅਤੇ ਨੁਕਸਾਨਦੇਹ ਹੈ। ਇਕ ਕਿਤਾਬ ਕਹਿੰਦੀ ਹੈ: “ਜਿਹੜੇ ਨੌਜਵਾਨ ਕਹਿੰਦੇ ਹਨ ਕਿ ਉਨ੍ਹਾਂ ਦੇ ਮਾਪਿਆਂ ਨੂੰ ਸੈਕਸ ਕਰਨ ਵਾਲੇ ਅੱਲ੍ਹੜ ਉਮਰ ਦੇ ਬੱਚੇ ਪਸੰਦ ਨਹੀਂ ਹਨ, ਉਹ ਇੱਦਾਂ ਦੇ ਗ਼ਲਤ ਕੰਮਾਂ ਵਿਚ ਨਹੀਂ ਫਸਦੇ।”Beyond the Big Talk.

ਮਿਸਾਲੀ ਬਣੋ। ਜਿਹੜੀਆਂ ਕਦਰਾਂ-ਕੀਮਤਾਂ ਤੁਸੀਂ ਸਿਖਾਉਂਦੇ ਹੋ, ਉਨ੍ਹਾਂ ਅਨੁਸਾਰ ਆਪ ਵੀ ਜੀਓ। ਮਿਸਾਲ ਲਈ, ਕੀ ਤੁਸੀਂ ਗੰਦੇ ਚੁਟਕਲੇ ਸੁਣ ਕੇ ਹੱਸਦੇ ਹੋ? ਤੰਗ ਜਾਂ ਬੇਢੰਗੇ ਕੱਪੜੇ ਪਾਉਂਦੇ ਹੋ? ਫਲਰਟ ਕਰਦੇ ਹੋ? ਇੱਦਾਂ ਦੇ ਕੰਮ ਕਰ ਕੇ ਤੁਸੀਂ ਉਨ੍ਹਾਂ ਨੈਤਿਕ ਕਦਰਾਂ-ਕੀਮਤਾਂ ਅਨੁਸਾਰ ਨਹੀਂ ਜੀ ਰਹੇ ਹੋਵੋਗੇ ਜੋ ਤੁਸੀਂ ਆਪਣੇ ਬੱਚਿਆਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ।—ਬਾਈਬਲ ਦਾ ਅਸੂਲ: ਰੋਮੀਆਂ 2:21.

ਸਹੀ ਨਜ਼ਰੀਆ ਰੱਖੋ। ਸੈਕਸ ਰੱਬ ਵੱਲੋਂ ਦਾਤ ਹੈ ਅਤੇ ਸਹੀ ਸਮਾਂ ਆਉਣ ਤੇ ਯਾਨੀ ਵਿਆਹ ਤੋਂ ਬਾਅਦ ਇਸ ਦਾਤ ਦਾ ਆਨੰਦ ਮਾਣਿਆ ਜਾ ਸਕਦਾ ਹੈ। (ਕਹਾਉਤਾਂ 5:18, 19) ਆਪਣੇ ਬੱਚੇ ਨੂੰ ਦੱਸੋ ਕਿ ਵਿਆਹ ਤੋਂ ਬਾਅਦ ਇਸ ਦਾਤ ਦਾ ਆਨੰਦ ਮਾਣਨ ਨਾਲ ਉਨ੍ਹਾਂ ਚਿੰਤਾਵਾਂ ਅਤੇ ਦੁੱਖਾਂ ਤੋਂ ਬਚਿਆ ਜਾ ਸਕਦਾ ਹੈ ਜੋ ਵਿਆਹ ਤੋਂ ਪਹਿਲਾਂ ਸੈਕਸ ਕਰਨ ਨਾਲ ਆਉਂਦੇ ਹਨ।1 ਤਿਮੋਥਿਉਸ 1:18, 19. ▪ (g16-E No. 5)